ਗੋਰਕੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੋਰਕੀ (1868–1936): ਗੋਰਕੀ ਬਨਾਮ ਮੈਕਸਿਮ (Maxim Gorky) ਬਨਾਮ ਅਲੈਕਸੀ ਮੈਕਸਿਮੋਵਿਚ ਪੈਸ਼ਕੋਵ ਰੂਸ ਦਾ ਇੱਕ ਪ੍ਰਸਿੱਧ ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਸੀ। ਭਾਵੇਂ ਉਸ ਨੂੰ ਇੱਕ ਲੇਖਕ ਦੇ ਤੌਰ `ਤੇ ਜਾਣਿਆ ਜਾਂਦਾ ਹੈ, ਪਰੰਤੂ ਉਸ ਦਾ ਨਾਂ ਰੂਸ ਦੀ ਕ੍ਰਾਂਤੀਕਾਰੀ ਲਹਿਰ ਕਰ ਕੇ ਵੀ ਪ੍ਰਸਿੱਧ ਹੈ।
ਗੋਰਕੀ ਦਾ ਜਨਮ ਨਿਜ਼ਨੀਨੋਵਗੋਰਡ ਵਿਖੇ ਇੱਕ ਕਿਰਸਾਣ ਪਰਿਵਾਰ ਵਿੱਚ ਹੋਇਆ। ਉਸ ਨੇ ਆਪਣੇ ਬਚਪਨ ਦਾ ਅਰੰਭਲਾ ਸਮਾਂ ਐਸਟ੍ਰਾਖਾਨ ਵਿੱਚ ਬਿਤਾਇਆ, ਜਿੱਥੇ ਉਸ ਦਾ ਪਿਤਾ ਸਮੁੰਦਰੀ ਜਹਾਜ਼ਾਂ ਦੇ ਏਜੰਟ ਦੇ ਤੌਰ `ਤੇ ਕੰਮ ਕਰਦਾ ਸੀ। ਗੋਰਕੀ ਪੰਜ ਸਾਲਾਂ ਦਾ ਹੀ ਸੀ, ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਸੋ ਉਸ ਨੂੰ ਆਪਣੇ ਨਾਨਕੇ ਰਹਿਣ ਲਈ ਭੇਜ ਦਿੱਤਾ ਗਿਆ। ਉਸ ਦੇ ਨਾਨੇ ਨੇ ਉਸ ਨੂੰ ਕੁਝ ਮਹੀਨਿਆਂ ਲਈ ਹੀ ਰਵਾਇਤੀ ਵਿੱਦਿਆ ਦੀ ਪੇਸ਼ਕਸ਼ ਦਿੱਤੀ। ਸਿਰਫ਼ ਅੱਠ ਸਾਲਾਂ ਦੀ ਉਮਰ ਵਿੱਚ ਹੀ ਉਸ ਨੂੰ ਆਪ ਕਮਾ ਕੇ ਖਾਣ ਲਈ ਘਰੋਂ ਰਵਾਨਾ ਕਰ ਦਿੱਤਾ। ਇਸ ਦੌਰਾਨ ਉਸ ਨੇ ਇੱਕ ਮੋਚੀ ਅਤੇ ਮੂਰਤੀ ਰੰਗ-ਸਾਜ਼ ਤੋਂ ਲੈ ਕੇ ਕਈ ਕਾਰੀਗਰਾਂ ਕੋਲ ਕੰਮ ਕੀਤਾ। ਕਿਸਮਤ ਨਾਲ ਗੋਰਕੀ ਨੂੰ ਭਾਫ਼ ਨਾਲ ਚੱਲਣ ਵਾਲੇ ਜਹਾਜ਼ ਉੱਤੇ ਭਾਂਡੇ ਧੋਣ ਦਾ ਕੰਮ ਮਿਲ ਗਿਆ, ਜਿੱਥੇ ਉਸ ਦੇ ਬਾਵਰਚੀ ਮਿੱਤਰ ਨੇ ਉਸ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਆ। ਛੇਤੀ ਹੀ ਸਾਹਿਤ ਪੜ੍ਹਨਾ ਉਸ ਦਾ ਜਨੂੰਨ ਬਣ ਗਿਆ।
ਬਾਰਾਂ ਸਾਲਾਂ ਦੀ ਉਮਰ ਵਿੱਚ ਹੀ ਗੋਰਕੀ ਘਰੋਂ ਭੱਜ ਗਿਆ ਸੀ। ਭੁੱਖਣਭਾਣੇ, ਛੋਟੇ-ਛੋਟੇ ਕੰਮਾਂ ਲਈ ਇੱਕ ਤੋਂ ਦੂਜੀ ਥਾਂ ਭਟਕਦਿਆਂ ਅਤਿ ਦੀਆਂ ਮੁਸ਼ਕਲਾਂ ਵਿੱਚ ਉਸ ਨੇ ਗੁਜ਼ਾਰਾ ਕੀਤਾ। ਉਸ ਦੇ ਮਾਲਕ ਅਕਸਰ ਉਸ ਨੂੰ ਮਾਰਦੇ-ਕੁੱਟਦੇ ਸਨ ਅਤੇ ਖਾਣ ਲਈ ਵੀ ਉਸ ਨੂੰ ਪੂਰਾ ਨਹੀਂ ਸਨ ਦਿੰਦੇ। ਮੁਢਲੇ ਕੁੜੱਤਣ ਭਰੇ ਅਨੁਭਵਾਂ ਕਰ ਕੇ ਉਸ ਨੇ ਬਾਅਦ ਵਿੱਚ ਆਪਣਾ ਨਾਂ ਗੋਰਕੀ, ਮੈਕਸਿਮ (ਕੌੜੇ ਅਨੁਭਵਾਂ ਵਾਲਾ ਆਦਮੀ) ਤਖ਼ੱਲਸ ਵਜੋਂ ਰੱਖ ਲਿਆ।
ਗੋਰਕੀ ਨੇ ਆਪਣੀ ਗਭਰੇਟ ਉਮਰ ਕਜ਼ਾਨ ਵਿੱਚ ਬਿਤਾਈ, ਜਿੱਥੇ ਉਸ ਨੇ ਜਹਾਜ਼ਾਂ ਦੇ ਘਾਟ `ਤੇ ਚੌਕੀਦਾਰਾ ਜਿਹੇ ਨਿੱਕੇ-ਨਿੱਕੇ ਕੰਮ ਕੀਤੇ। ਇੱਥੇ ਹੀ ਉਸ ਨੇ ਪਹਿਲੀ ਵਾਰ ਲੋਕ ਲਹਿਰ ਦੇ ਪ੍ਰਤਿਨਿਧਾਂ ਪਾਸੋਂ ਰੂਸ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਬਾਰੇ ਜਾਣਿਆ। ਆਪਣੇ ਆਲੇ-ਦੁਆਲੇ ਦੇ ਜ਼ੁਲਮਾਂ ਤੋਂ ਤੰਗ ਆ ਕੇ ਉਸ ਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ। ਭਾਵੇਂ ਉਹ ਬਚ ਗਿਆ ਪਰ ਉਸ ਦੇ ਫੇਫੜੇ ਸਦਾ ਲਈ ਨਕਾਰਾ ਹੋ ਗਏ ਅਤੇ ਸਿੱਟੇ ਵਜੋਂ ਉਸ ਨੂੰ ਤਪਦਿਕ ਦੀ ਬਿਮਾਰੀ ਚਿੰਮੜ ਗਈ। ਇਸ ਸਥਿਤੀ ਵਿੱਚੋਂ ਉੱਭਰਨ ਤੋਂ ਬਾਅਦ ਉਸ ਨੇ ਕਜ਼ਾਨ ਛੱਡ ਦਿੱਤਾ ਅਤੇ ਆਪਣੀ ਜਨਨ ਭੂਮੀ ਨਿਜ਼ਨੀਨੋਵਗੋਰਡ ਤੋਂ ਲੈ ਕੇ ਦੱਖਣੀ ਕੋਕਾਸਸ ਦੇ ਸਾਰੇ ਇਲਾਕੇ ਦਾ ਭ੍ਰਮਣ ਕੀਤਾ। ਦੇਸ਼ ਦੇ ਕੋਨੇ-ਕੋਨੇ ਵਿੱਚ ਘੁੰਮਣ ਤੋਂ ਬਾਅਦ ਉਹ ਵਾਪਸ ਪਰਤ ਆਇਆ। ਇਹਨਾਂ ਦੋ ਸਾਲਾਂ ਦੀ ਘਮੁੱਕੜੀ ਦੌਰਾਨ ਉਹ ਲਾਵਾਰਿਸਾਂ, ਚੋਰਾਂ-ਉਚੱਕਿਆਂ, ਵਿਭਚਾਰੀਆਂ ਅਤੇ ਸਮਾਜ ਦੇ ਅਤਿ ਨੀਵੇਂ ਦਰਜੇ ਵਾਲੇ ਲੋਕਾਂ ਦੀ ਜ਼ਿੰਦਗੀ ਪ੍ਰਤਿ ਜਾਣੂ ਹੋ ਗਿਆ। ਚੌਵੀ ਸਾਲਾਂ ਦੀ ਉਮਰ ਵਿੱਚ ਉਸ ਨੇ ਮੁੜ ਸਮਾਜਿਕ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨ ਦਾ ਨਿਰਣਾ ਲਿਆ ਅਤੇ ਉਹ ਇੱਕ ਖੇਤਰੀ ਅਖ਼ਬਾਰ ਲਈ ਰਿਪੋਰਟਰ ਦੀ ਨੌਕਰੀ ਕਰਨ ਲੱਗ ਪਿਆ।
ਕ੍ਰਾਂਤੀਕਾਰੀਆਂ ਨਾਲ ਸੰਬੰਧਾਂ ਕਰ ਕੇ ਅਤੇ ਸਥਾਪਿਤ ਸਮਾਜਿਕ ਵਿਵਸਥਾ ਵਿਰੁੱਧ ਬੇਬਾਕ ਵਿਚਾਰਾਂ ਕਾਰਨ ਉਸ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਇਸ ਦੌਰਾਨ ਉਸ ਨੇ ਪ੍ਰਾਪਤ ਅਨੁਭਵ ਵਿੱਚੋਂ ਅਤੇ ਸਫ਼ਰ ਦੌਰਾਨ ਮਿਲੇ ਆਵਾਰਾਗਰਦ ਅਤੇ ਲਾਵਾਰਿਸ ਲੋਕਾਂ ਬਾਰੇ ਕੁਝ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ। ਗੋਰਕੀ ਪਹਿਲਾ ਰੂਸੀ ਲੇਖਕ ਸੀ, ਜਿਸਨੇ ਸੂਝ-ਬੂਝ ਅਤੇ ਹਮਦਰਦੀ ਨਾਲ ਕਿਰਤੀ ਕਾਮਿਆਂ, ਚੋਰ-ਉਚੱਕਿਆਂ ਤੇ ਆਵਾਰਾਗਰਦ ਲੋਕਾਂ ਬਾਰੇ ਲਿਖਿਆ। ਇਸ ਕਰ ਕੇ ਪੂਰੇ ਰੂਸ ਵਿੱਚ ਉਸ ਦੀ ਪ੍ਰਸਿੱਧੀ ਹੋ ਗਈ। 26 ਮੈਨ ਐਂਡ ਏ ਗਰਲ (1896) ਉਸ ਦੀ ਬਿਹਤਰੀਨ ਕਹਾਣੀ ਮੰਨੀ ਗਈ, ਜਿਸ ਵਿੱਚ ਬੇਕਰੀ ਵਿੱਚ ਸਖ਼ਤ ਮੁਸ਼ੱਕਤ ਭਰੀ ਜ਼ਿੰਦਗੀ ਦਾ ਚਿਤਰਨ ਹੋਇਆ ਹੈ। ਉਸ ਨੇ ਆਪਣੀ ਲੇਖਣੀ ਵਿੱਚ, ਸਾਧਨ-ਸੰਪੰਨ ਵਰਗ ਦੇ ਖ਼ਿਲਾਫ਼, ਸਾਧਨਹੀਣ ਜਮਾਤ ਦੀ ਜੱਦੋ-ਜਹਿਦ ਦੀ ਵਕਾਲਤ ਕੀਤੀ।
ਗੋਰਕੀ ਦੇ ਨਾਵਲ ਥ੍ਰੀ ਆਫ਼ ਦੈੱਮ (1900), ਏ ਕੰਨਫੈਸ਼ਨ (1908), ਓਕੂਰੋਵ ਸਿਟੀ (1909), ਦਾ ਲਾਈਫ ਆਫ਼ ਮੈੱਟਵੀ ਕੋਜੀਮਿਆਕਿਨ (1910) ਉਸ ਦੀਆਂ ਪਹਿਲੀਆਂ ਲਿਖੀਆਂ ਚੰਗੀਆਂ ਕਹਾਣੀਆਂ ਦੇ ਮੁਕਾਬਲੇ ਕਮਜ਼ੋਰ ਹਨ। ਗੋਰਕੀ ਦੀਆਂ ਰਚਨਾਵਾਂ ਵਿੱਚ ਗ਼ੈਰ- ਪ੍ਰਸੰਗਿਕ ਬਹਿਸ-ਮੁਬਾਹਸਿਆਂ ਸਿਧਾਂਤਿਕ ਚਰਚਾ ਦੀ ਪ੍ਰਵਿਰਤੀ ਭਾਰੂ ਹੋਣ ਕਾਰਨ ਉਹ ਇੱਕ ਪ੍ਰਭਾਵਸ਼ਾਲੀ ਬਿਰਤਾਂਤਕਾਰ ਦੀ ਯੋਗਤਾ ਬਣਾਈ ਰੱਖਣ ਵਿੱਚ ਸਫਲ ਨਾ ਰਿਹਾ। ਇਸੇ ਕਰ ਕੇ ਉਸ ਦਾ ਨਾਵਲ ਮਦਰ (ਮਾਂ 1906) ਵਿਚਾਰਧਾਰਾ ਕਰ ਕੇ ਵੱਧ ਪ੍ਰਸਿੱਧ ਰਿਹਾ ਪਰ ਕਲਾ ਦੇ ਪੱਖੋਂ ਸਫਲ ਘੱਟ ਹੋਇਆ। ਇਸ ਨਾਵਲ ਦੀ ਪ੍ਰਸਿੱਧੀ ਦਾ ਕਾਰਨ ਇਹ ਸੀ ਕਿ ਇਹ ਇੱਕ ਪ੍ਰੌੜ ਕਿਰਸਾਣ ਵਿਚਲੀ ਕ੍ਰਾਂਤੀਕਾਰੀ ਚਿਣਗ ਦਾ ਪ੍ਰਤੀਕ ਹੈ। ਇਹ ਵਰਣਨ ਰੂਸ ਦੀ ਕ੍ਰਾਂਤੀਕਾਰੀ ਚਿਣਗ ਦਾ ਵਰਣਨ ਹੋਣ ਕਰ ਕੇ ਰੂਸ ਦੀ ਕ੍ਰਾਂਤੀਕਾਰੀ ਲਹਿਰ ਦਾ ਪ੍ਰਚਾਰ ਬਣ ਜਾਂਦਾ ਹੈ।
ਗੋਰਕੀ ਨੇ ਲੜੀਬੱਧ ਨਾਟਕਾਂ ਦੀ ਰਚਨਾ ਵੀ ਕੀਤੀ, ਜਿਨ੍ਹਾਂ ਵਿੱਚੋਂ ਦਾ ਲੋਅਰ ਡੈਪਥ (1902) ਨਾਟਕ ਸਭ ਨਾਲੋਂ ਵੱਧ ਪ੍ਰਸਿੱਧ ਹੋਇਆ। ਇਹ ਨਾਟਕ ਸਮਾਜ ਵਿੱਚੋਂ ਛੇਕੇ ਹੋਏ ਪ੍ਰਭਾਵਸ਼ਾਲੀ ਕਿਰਦਾਰਾਂ ਉੱਤੇ ਆਧਾਰਿਤ ਹੈ, ਜਿਸਦਾ ਅਨੁਭਵ ਉਸ ਨੂੰ ਆਪਣੀਆਂ ਯਾਤਰਾਵਾਂ ਦੌਰਾਨ ਹੋਇਆ ਸੀ। ਇਹ ਚਿਤਰਨ ਉਸ ਸਮਾਜ ਦੇ ਪ੍ਰਤਿ ਵਿਦਰੋਹ ਸੀ, ਜਿਸਨੇ ਆਮ ਆਦਮੀ ਨੂੰ ਅਣਮਨੁੱਖੀ ਬਣਾ ਦਿੱਤਾ ਸੀ।
1899 ਅਤੇ 1906 ਦੇ ਦਰਮਿਆਨ ਗੋਰਕੀ ਜ਼ਿਆਦਾ ਤਰ ਸੇਂਟ ਪੀਟਰਸਬਰਗ ਵਿਖੇ ਰਿਹਾ, ਜਿੱਥੇ ਉਹ ਇੱਕ ਮਾਰਕਸਵਾਦੀ ਅਤੇ ਸਮਾਜਿਕ ਜਮਹੂਰੀ ਦਲ ਦਾ ਹਮਾਇਤੀ ਬਣਿਆ ਰਿਹਾ। 1903 ਵਿੱਚ ਪਾਰਟੀ ਵਿੱਚ ਦੁਫੇੜ ਤੋਂ ਬਾਅਦ ਗੋਰਕੀ ਬਾਲਸ਼ਵਿਕ ਦਲ ਵਿੱਚ ਸ਼ਾਮਲ ਹੋ ਗਿਆ। ਅਕਸਰ ਹੀ ਉਸ ਦਾ ਬਾਲਸ਼ਵਿਕਾਂ ਦੇ ਆਗੂ ਵੀ.ਆਈ. ਲੈਨਿਨ ਨਾਲ ਮੱਤ-ਭੇਦ ਰਿਹਾ। ਇਸ ਦੇ ਬਾਵਜੂਦ ਵੀ ਗੋਰਕੀ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਪਾਰਟੀ ਨੂੰ ਫੰਡ ਵਜੋਂ ਦਿੰਦਾ ਰਿਹਾ। ਗੋਰਕੀ ਦੀਆਂ ਬੇਬਾਕ ਟਿੱਪਣੀਆਂ ਕਾਰਨ ਅਧਿਕਾਰੀਆਂ ਨੇ ਰੂਸੀ ਅਕੈਡਮੀ ਆਫ਼ ਸਾਇੰਸਿਜ ਦੇ ਮੈਂਬਰ ਲਈ ਉਸ ਦੇ ਨਾਂ ਦੀ ਚੋਣ ਨੂੰ ਵਾਪਸ ਲੈ ਲਿਆ। ਇਸ ਘਟਨਾ ਨਾਲ ਵਿਰੋਧ ਦਾ ਤੂਫ਼ਾਨ ਖੜ੍ਹਾ ਹੋ ਗਿਆ ਅਤੇ ਇੱਥੋਂ ਤੱਕ ਕਿ ਉਦਾਰਵਾਦੀ ਮੰਨੇ ਜਾਂਦੇ ਚੈਖ਼ੋਵ ਨੇ ਵਿਰੋਧ ਵਜੋਂ ਅਕੈਡਮੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ। ਰਾਜਨੀਤਿਕ ਗਤੀਵਿਧੀਆ ਦੇ ਕਾਰਨ ਗੋਰਕੀ ਦਾ ਜੇਲ੍ਹ ਦੇ ਅੰਦਰ- ਬਾਹਰ ਆਉਣਾ-ਜਾਣਾ ਲੱਗਿਆ ਰਿਹਾ।
ਇੱਕ ਜੇਲ੍ਹ ਦੀ ਸਜ਼ਾ ਦੌਰਾਨ ਉਸ ਨੇ ਦਾ ਚਿਲਡਰਨ ਆਫ਼ ਦਾ ਸਨ (1905) ਨਾਟਕ ਲਿਖਿਆ। 1905 ਦੇ ਰੂਸੀ ਇਨਕਲਾਬ ਵਿੱਚ ਭਾਗ ਲੈਣ ਕਰ ਕੇ 1906 ਵਿੱਚ ਉਸ ਨੂੰ ਗਰਿਫ਼ਤਾਰ ਕਰ ਲਿਆ ਗਿਆ, ਪਰੰਤੂ ਕੁਝ ਬਾਹਰਲੇ ਮੁਲਕਾਂ ਦੇ ਰੋਹ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ ਗਿਆ। 1906 ਵਿੱਚ ਉਹ ਮਾਰਕਸਵਾਦੀਆਂ ਲਈ ਫੰਡ ਇਕੱਠਾ ਕਰਨ ਲਈ ਵਿਦੇਸ਼ ਚਲਾ ਗਿਆ। ਇਸ ਸਮੇਂ ਦੌਰਾਨ ਉਸ ਨੇ ਸਮਰ ਫੋਕ (1903), ਬਾਰ ਬੇਰੀਅਨਜ਼ (1906), ਐਨੀਮੀਜ਼ (1906), ਦਾ ਲਾਸਟ ਵਨਜ਼ (1908), ਕਵੀਵਰ ਪੀਪਲ (1910) ਲਿਖੇ। ਅਧਿਕਾਰੀਆਂ ਵੱਲੋਂ ਰੂਸੀ ਰੰਗ-ਮੰਚ ਨੂੰ ਐਨੀਮੀਜ਼ ਅਤੇ ਦਾ ਲਾਸਟ ਵਨਜ਼ ਨਾਟਕ ਖੇਡਣ ਦੀ ਮਨਾਹੀ ਸੀ। 1913 ਵਿੱਚ ਗੋਰਕੀ ਰੂਸ ਪਰਤ ਆਇਆ ਅਤੇ ਉਸ ਨੇ ਪਹਿਲੀ ਸੰਸਾਰ ਜੰਗ ਵਿੱਚ ਰੂਸ ਦੀ ਸ਼ਮੂਲੀਅਤ ਦੇ ਖ਼ਿਲਾਫ਼ ਬਾਲਸ਼ਵਿਕਾਂ ਦੇ ਜੰਗ ਵਿਰੋਧੀ ਪੈਂਤੜੇ ਦੀ ਹਿਮਾਇਤ ਕੀਤੀ। ਉਸ ਨੇ ਨਵੰਬਰ 1917 ਵਿੱਚ ਬਾਲਸ਼ਵਿਕਾਂ ਦੇ ਸੱਤਾ `ਤੇ ਕਬਜ਼ੇ ਅਤੇ ਬਾਅਦ ਵਿੱਚ ਜੇਤੂਆਂ ਦੇ ਰੂਪ ਵਿੱਚ ਬਾਲਸ਼ਵਿਕਾਂ ਦੀ ਹਮਲਾਵਰ ਨੀਤੀ ਲਈ ਲੈਨਿਨ ਦੇ ਤਾਨਾਸ਼ਾਹੀ ਢੰਗ ਦਾ ਵਿਰੋਧ ਕੀਤਾ। ਸਮਾਜਵਾਦੀ ਇਨਕਲਾਬ ਤੋਂ ਬਾਅਦ ਵਾਲੇ ਜੀਵਨ ਦੇ ਭਰਮ ਟੁੱਟਣ ਕਾਰਨ ਉਹ ਫਿਰ ਇਟਲੀ ਚਲਾ ਗਿਆ, ਜਿੱਥੇ ਉਹ 1922 ਤੋਂ 1930 ਤੱਕ ਰਿਹਾ।
ਅੰਤਲੇ ਸਮੇਂ ਦੌਰਾਨ ਗੋਰਕੀ ਦੀਆਂ ਦੋ ਸ਼ਾਹਕਾਰ ਰਚਨਾਵਾਂ ਹੋਂਦ ਵਿੱਚ ਆਈਆਂ। ਇਹਨਾਂ ਵਿੱਚੋਂ ਇੱਕ ਤ੍ਰੈਲੜੀ ਰੂਸੀ ਸ੍ਵੈਜੀਵਨੀ ਮਾਈ ਚਾਈਲਡ ਹੁੱਡ (1913- 1914), ਇਨ ਦਾ ਵਲਡ (1915-16) ਅਤੇ ਮਾਈ ਯੂਨੀਵਰਸਿਟੀਜ਼ (1923) ਹੈ। ਇਹ ਤ੍ਰੈਲੜੀ ਰੂਸੀ ਰਚਨਾ ਸ੍ਵੈਜੀਵਨੀ ਸਾਹਿਤ ਦੀ ਇੱਕ ਬਿਹਤਰੀਨ ਕੜੀ ਹੈ। ਇਸ ਰਚਨਾ ਵਿੱਚ ਗੋਰਕੀ ਦੇ ਬਚਪਨ ਅਤੇ ਅੱਲ੍ਹੜ ਉਮਰ ਦੇ ਜੀਵਨ ਦਾ ਵਰਣਨ ਹੈ, ਜਿਸ ਵਿੱਚ ਆਪਣੇ ਪਰਿਵਾਰਿਕ ਜੀਵਨ ਦਾ ਖੁੱਲ੍ਹਾ ਵਰਣਨ, ਧਨਵਾਨ ਮਾਲਕਾਂ ਅਤੇ ਨਿੱਕੇ ਤੋਂ ਨਿੱਕੇ ਤੇ ਖ਼ਾਸ ਯਾਦਗਾਰੀ ਵਿਅਕਤੀਆਂ ਦੇ ਚਿਤਰਨ ਕਰ ਕੇ ਗੋਰਕੀ ਵਸਤੂ- ਸਥਿਤੀ ਪ੍ਰਤਿ ਤਿੱਖੀ ਸੂਝ ਰੱਖਣ ਵਾਲੇ ਲੇਖਕ ਦੇ ਤੌਰ `ਤੇ ਸਿੱਧ ਹੁੰਦਾ ਹੈ। ਇਹ ਤ੍ਰੈਲੜੀ ਜ਼ੁਲਮ ਦੇ ਖ਼ਿਲਾਫ਼ ਵਿਦਰੋਹ ਦੀ ਲੋੜ, ਕਠੋਰ ਜੀਵਨ ਪਰਿਸਥਿਤੀਆਂ ਦੀ ਅਹਿਮੀਅਤ, ਸਵੈ- ਨਿਰਭਰਤਾ ਅਤੇ ਸਖ਼ਤ ਮਿਹਨਤ ਦੀ ਮਹੱਤਤਾ ਵਰਗੇ ਕਈ ਮਹੱਤਵਪੂਰਨ ਪਹਿਲੂਆਂ ਵੱਲ ਇਸ਼ਾਰਾ ਕਰਦੀ ਹੈ।
ਰੂਸ ਪਰਤ ਆਉਣ ਲਈ ਗੋਰਕੀ ਉੱਤੇ ਜਨਤਕ ਦਬਾਅ ਪਾਇਆ ਗਿਆ, ਜਿਸ ਦੇ ਸਿੱਟੇ ਵਜੋਂ ਅਤੇ ਲੋਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਉਹ 1928 ਵਿੱਚ ਰੂਸ ਪਰਤ ਆਇਆ। ਉਸ ਦੀ ਆਮਦ ਉੱਤੇ ਵੱਡੇ-ਵੱਡੇ ਸਮਾਗਮਾਂ ਵਿੱਚ ਉਸ ਨੂੰ ਸਨਮਾਨਿਤ ਕੀਤਾ ਗਿਆ। ਮਿਤੀ 14 ਜੂਨ 1936 ਨੂੰ 68 ਸਾਲਾਂ ਦੀ ਉਮਰ ਵਿੱਚ ਉਹ ਇਸ ਸੰਸਾਰ ਤੋਂ ਵਿਦਾ ਹੋ ਗਿਆ। ਉਸ ਦੀ ਮੌਤ ਸੰਬੰਧੀ ਕੁਝ ਰਹੱਸਮਈ ਵਿਚਾਰ ਵੀ ਉਤਪੰਨ ਹੁੰਦੇ ਰਹੇ ਹਨ, ਕਿਉਂਕਿ ਇਸ ਵੇਲੇ ਉਸ ਦੀ ਤਪਦਿਕ ਦੀ ਉਸ ਬਿਮਾਰੀ ਦਾ ਸਫਲ ਇਲਾਜ ਚੱਲ ਰਿਹਾ ਸੀ, ਜਿਹੜੀ 21 ਸਾਲਾਂ ਦੀ ਉਮਰ ਵਿੱਚ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਕਰ ਕੇ ਉਸ ਨੂੰ ਚਿੰਮੜੀ ਸੀ। ਉਸ ਦਾ ਇਲਾਜ ਵੀ ਵਧੀਆ ਤਰੀਕੇ ਦਾ ਸੀ ਅਤੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਸੀ। ਇੱਕ ਪੁਲਿਸ ਮੁਖੀ ਗੈਨਰਿਖ ਯਗੋਦਾ ਨੇ ਬਾਅਦ ਵਿੱਚ ਇਹ ਮੰਨਿਆ ਕਿ ਉਸ ਨੂੰ ਗੋਰਕੀ ਨੂੰ ਮਾਰ ਦੇਣ ਦਾ ਹੁਕਮ ਮਿਲਿਆ ਸੀ। ਭਾਵੇਂ ਇਸ ਦਾ ਕੋਈ ਪੱਕਾ ਸਬੂਤ ਨਹੀਂ, ਪਰ ਕੁਝ ਇਤਿਹਾਸਕਾਰਾਂ ਨੇ ਮੰਨਿਆ ਹੈ ਕਿ ਯਗੋਦਾ ਸਟਾਲਿਨ ਦੇ ਹੁਕਮ ਅਧੀਨ ਕੰਮ ਕਰਦਾ ਸੀ, ਪਰੰਤੂ ਆਪਣੇ ਖ਼ਿਲਾਫ਼ ਮੁਕੱਦਮੇ ਵਿੱਚ ਉਸ ਨੇ ਆਪਣੇ-ਆਪ ਨੂੰ ਉਦਾਰਵਾਦੀ ਨੇਤਾ ਟ੍ਰਾਟਸਕੀ ਦਾ ਹਿਮਾਇਤੀ ਮੰਨਿਆ ਸੀ।
ਗੋਰਕੀ ਦੀਆਂ ਜੀਵਨ ਪਰਿਸਥਿਤੀਆਂ ਦੀ ਤੁਲਨਾ ਵਿੱਚ ਇੱਕ ਸਾਹਿਤਕਾਰ ਵਜੋਂ ਉਸ ਨੂੰ ਘੱਟ ਸ਼ੁਹਰਤ ਮਿਲੀ। ਉਸ ਦੀਆਂ ਰਚਨਾਵਾਂ ਵਿੱਚ ਬਚਪਨ ਅਤੇ ਜਵਾਨੀ ਦੇ ਗੁਰਬਤ ਭਰੇ ਚਿਤਰਨ ਕਰ ਕੇ ਉਸ ਨੂੰ ਰੂਸੀ ਸਾਹਿਤ ਵਿੱਚ ਮਹਾਨ ਪ੍ਰੋਲੇਤਾਰੀ ਲੇਖਕ ਮੰਨਿਆ ਜਾਂਦਾ ਹੈ। ਉਸ ਦੀਆਂ ਰਚਨਾਵਾਂ ਵਿੱਚ ਕਲਾਤਮਿਕ ਊਣ- ਤਾਈਆਂ ਦੇ ਬਾਵਜੂਦ ਵੀ ਉਹ ਇੱਕ ਮਹੱਤਵਪੂਰਨ ਸਾਹਿਤਿਕ ਸ਼ਖ਼ਸੀਅਤ ਹੈ। ਵਸਤੂ-ਯਥਾਰਥ ਪ੍ਰਤਿ ਉਸ ਦੀ ਦ੍ਰਿਸ਼ਟੀ, ਪਾਤਰਾਂ ਦੇ ਸਜੀਵ ਚਿਤਰਨ ਵਾਲੀ ਉਸ ਦੀ ਪ੍ਰਤਿਭਾ ਅਤੇ ਰੂਸੀ ਨਿਮਨ ਕਿਰਤੀ ਸ਼੍ਰੇਣੀ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਉਸ ਦੀ ਸਾਹਿਤਿਕ ਕਲਾਤਮਿਕਤਾ ਦੇ ਵੱਡੇ ਹਾਂ-ਪੱਖੀ ਸਰੋਕਾਰ ਬਣਦੇ ਹਨ। ਗੋਰਕੀ ਨੂੰ ਰੂਸ ਦਾ ਹੀ ਨਹੀਂ ਵਿਸ਼ਵ ਸਾਹਿਤ ਦਾ ਵੀ ਇੱਕ ਸਤਿਕਾਰਯੋਗ ਸਾਹਿਤਕਾਰ ਮੰਨਿਆ ਜਾਂਦਾ ਹੈ।
ਲੇਖਕ : ਮਨਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਗੋਰਕੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੋਰਕੀ : ਆੱਬਲਸਤ––ਰੂਸ ਦੀ ਇਕ ਆਬਲਸਤ ਹੈ ਜਿਹੜੀ ਵੋਲਗਾ ਬੇਸਿਨ ਦੇ ਕੰਢੇ ਵਸੀ ਹੋਈ ਹੈ। ਇਹ ਆੱਬਲਸਤ 1936 ਵਿਚ ਬਣੀ। ਇਸ ਆਬਲਸਤ ਦਾ ਖੇਤਰਫਲ ਲਗਭਗ 74,800 ਵ. ਕਿ. ਮੀ. ਹੈ ਅਤੇ ਆਬਾਦੀ 3,680,000 (1983 ਅੰਦਾ.) ਹੈ। ਵੋਲਗਾ ਬੇਸਿਨ ਇਸ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਉੱਤਰੀ ਹਿੱਸਾ ਨੀਵਾਂ ਮੈਦਾਨੀ ਇਲਾਕਾ ਹੈ ਜਿਸ ਵਿਚ ਚੀੜ੍ਹ ਅਤੇ ਫਰ ਦੇ ਕੋਨਧਾਰੀ ਪੱਤਿਆਂ ਵਾਲੇ ਜੰਗਲ ਹਨ। ਦੱਖਣੀ ਹਿੱਸਾ ਉੱਚਾ ਪਹਾੜੀ ਇਲਾਕਾ ਹੈ ਜਿਸ ਵਿਚ ਬਲੂਤ ਆਦਿ ਦੇ ਪਤਝੜੀ ਜੰਗਲ ਹਨ। ਇਥੇ ਮੌਸਮ ਵਿਸ਼ੇਸ਼ ਤੌਰ ਤੇ ਮਹਾਂਦੀਪੀ ਹੈ ਤੇ ਜਨਵਰੀ ਦਾ ਔਸਤ ਤਾਪਮਾਨ 20° ਸੈਂ. ਹੈ। ਬਾਰਸ਼ ਲਗਭਗ 50 ਸੈਂ. ਮੀ. ਹੈ। ਵੋਲਗਾ ਅਤੇ ਹੇਠਲੇ ਓਕਾ ਦੇ ਨਾਲ ਨਾਲ ਉਦਯੋਗਿਕ ਖੇਤਰ ਵਿਚ ਗੋਰਕੀ ਮੈਟਰੋਪਾਲਿਟਨ ਵਸਿਆ ਹੋਇਆ ਹੈ। ਇਹ ਸ਼ਹਿਰ ਆੱਬਲਸਤ ਦਾ ਸਦਰ-ਮੁਕਾਮ ਹੈ। ਇਥੇ ਕਈ ਕਿਸਮਾਂ ਦੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਥੋਂ ਦੇ ਸ਼ਹਿਰਾਂ ਕੁਲੇਬਾਕੀ ਅਤੇ ਵਯਕਸਾ ਵਿਚ ਲੋਹੇ ਦੇ ਕਾਰਖ਼ਾਨੇ ਹਨ।
ਹ. ਪੁ.––ਐਨ. ਬ੍ਰਿ. ਮਾ. 4 : 638
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੋਰਕੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੋਰਕੀ : ਸ਼ਹਿਰ––ਪ੍ਰਾਚੀਨ ਸਮਿਆਂ ਦਾ ਨਿਜ਼ਨੀ ਨੋਵਗ੍ਰਾਦ ਸ਼ਹਿਰ ਜਿਸ ਨੂੰ ਅੱਜਕਲ੍ਹ ਗੋਰਕੀ ਕਿਹਾ ਜਾਂਦਾ ਹੈ। ਪੱਛਮੀ ਰੂਸ ਦਾ ਇਕ ਉਦਯੋਗਿਕ ਸ਼ਹਿਰ ਹੈ। ਇਸ ਨੂੰ 1221 ਵਿਚ ਯੂਰੀ ਵਸੀ ਵਲੋਦੋਵਿਚ ਨੇ ਵਸਾਇਆ ਸੀ ਕਿਉਂਕਿ ਉਸ ਸਮੇਂ ਰੂਸ ਦਾ ਵੋਲਗਾ ਦਰਿਆ ਵੱਲ ਦਾ ਹਿੱਸਾ ਆਬਾਦ ਹੋ ਰਿਹਾ ਸੀ। ਬਾਲਟਿਕ ਸਾਗਰ ਤੋਂ ਮੱਧ ਏਸ਼ੀਆ ਵੱਲ ਨੂੰ ਜਾਣ ਵਾਲੇ ਪ੍ਰਸਿੱਧ ਵੋਲਗਾ ਮਾਰਗ ਤੇ ਸਥਿਤ ਹੋਣ ਕਰਕੇ ਇਸ ਨੇ ਬਹੁਤ ਜਲਦੀ ਤਰੱਕੀ ਕੀਤੀ ਅਤੇ ਹੁਣ ਇਹ ਇਸੇ ਕਰਕੇ ਰੂਸ ਦਾ ਲੈਨਿਨਗ੍ਰਾਦ ਅਤੇ ਮਾਸਕੋ ਤੋਂ ਬਾਅਦ ਤੀਜਾ ਵੱਡਾ ਉਦਯੋਗਿਕ ਕੇਂਦਰ ਬਣ ਗਿਆ ਹੈ। ਸੰਨ 1300 ਦੇ ਅੱਧ ਵਿਚ ਇਥੋਂ ਦੇ ਓਕਾ ਦਰਿਆ ਰਾਹੀਂ ਆਵਾਜਾਈ ਵਲਾਦੀਮੀਰ ਮਾਸਕੋ ਖੇਤਰਾਂ ਤੱਕ ਅਤੇ ਕਾਮਾ ਦਰਿਆ ਰਾਹੀਂ ਯੂਰਾਨ ਅਤੇ ਸਾਇਬੇਰੀਆ ਤੱਕ ਹੋਣ ਲੱਗ ਪਈ। ਸੰਨ 1392 ਵਿਚ ਇਸ ਨੂੰ ਮਾਸਕੋ ਪ੍ਰਿੰਸੀਪੈਲਿਟੀ ਵਿਚ ਮਿਲਾ ਲਿਆ ਗਿਆ। ਇਸੇ ਪ੍ਰਿੰਸੀਪੈਲਿਟੀ ਦੇ ਸਰਹੱਦੀ ਖੇਤਰ ਵਿਚ ਵਾਕਿਆ ਹੋਣ ਕਰਕੇ ਇਸਦੀ ਜਬਰਦਸਤ ਕਿਲਾਬੰਦੀ ਵੀ ਕਰ ਦਿੱਤੀ ਗਈ ਅਤੇ ਇਹੋ ਹੀ ਵੋਲਗਾ ਤਾਤਾਰਾਂ ਦੇ ਵਿਰੁੱਧ ਮੁਢਲੀ ਛਾਉਣੀ ਬਣੀ ਅਤੇ ਮਾਸਕੋ ਦੇ ਸ਼ਹਿਜ਼ਾਦਿਆਂ ਨੇ ਵੋਲਗਾ ਤਾਤਾਰਾਂ ਨਾਲ ਇਥੇ ਟੱਕਰ ਲਈ। ਇਸ ਸ਼ਹਿਰ ਨੂੰ ਪ੍ਰਸਿੱਧ ਲੇਖਕ ਮੈਕਸਿਮ ਗੋਰਕੀ ਦੇ ਜਨਮ ਸਥਾਨ ਹੋਣ ਦਾ ਵੀ ਮਾਣ ਹੈ। ਸੰਨ 1932 ਵਿਚ ਇਸੇ ਮਹਾਨ ਵਿਅਕਤੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸ਼ਹਿਰ ਦਾ ਨਾਂ ਗੋਰਕੀ ਰੱਖ ਦਿੱਤਾ ਗਿਆ। ਸੰਨ 1817 ਤੋਂ ਮਗਰੋਂ ਇਥੇ ਸਾਲਾਨਾ ਵਪਾਰਿਕ ਮੇਲੇ ਵੀ ਲਗਦੇ ਰਹੇ ਜਿਨ੍ਹਾਂ ਵਿਚ ਯੂਰਪ ਅਤੇ ਏਸ਼ੀਆਈ ਮੁਲਕਾਂ ਦੇ ਵਪਾਰੀ ਬਰਾਬਰ ਹਿੱਸਾ ਲੈਂਦੇ ਰਹੇ। ਇਹ ਮੇਲੇ ਅਕਤੂਬਰ, 1917 ਦੇ ਅੰਦੋਲਨਾਂ ਤੱਕ ਹਰ ਸਾਲ ਲਗਦੇ ਰਹੇ। ਇਨ੍ਹਾਂ ਕਰਕੇ ਇਥੋਂ ਦੇ ਵਪਾਰ ਵਿਚ ਬਹੁਤ ਵਾਧਾ ਹੋਇਆ।
ਅੱਜਕੱਲ੍ਹ ਇਹ ਵੋਲਗਾ ਅਤੇ ਹੇਠਲੇ ਓਕਾ ਦਰਿਆਵਾਂ ਦੇ ਨਾਲ ਨਾਲ ਫੈਲਿਆ ਹੋਇਆ ਕਈ ਸ਼ਹਿਰਾਂ ਦਾ ਸਮੂਹ ਹੈ ਅਤੇ ਇਹ ਵੱਡੀਆਂ ਇੰਜੀਨੀਅਰਿੰਗ ਸਨੱਅਤਾਂ ਕਰਕੇ ਪ੍ਰਸਿੱਧ ਹੈ। ਇਥੋਂ ਦੀ ਉਦਯੋਗਿਕ ਉੱਨਤੀ ਪਹਿਲੇ ਅਤੇ ਦੂਜੇ ਮਹਾਂਯੁੱਧ ਦੌਰਾਨ ਪੱਛਮੀ ਖੇਤਰਾਂ ਤੇ ਭਾਰੀ ਬੰਬਾਰੀ ਕਰਕੇ ਹੋਈ ਸੀ। ਅੱਜਕੱਲ੍ਹ ਇਥੇ ਸਮੁੰਦਰੀ ਜਹਾਜ਼, ਸਟੀਅਰ ਕਾਰਾਂ, ਡੀਜ਼ਲ ਇੰਜਨ, ਮਸ਼ੀਨਰੀ, ਰਸਾਇਣਿਕ ਵਸਤੂਆਂ ਆਦਿ ਬਣਾਉਣ ਦੇ ਕਾਰਖ਼ਾਨੇ ਲੱਗੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਵੋਲਗਾ ਦਰਿਆ ਤੋਂ ਪਾਰ ਬੋਰ ਸ਼ਹਿਰ ਵਿਚ ਕਾਰਾਂ ਦੇ ਸ਼ੀਸ਼ੇ ਬਣਾਏ ਜਾਂਦੇ ਹਨ। ਜੁੱਤੀਆਂ ਅਤੇ ਚਮੜੇ ਦਾ ਸਾਮਾਨ ਬੋਗੋਰੋਡਸਕ ਵਿਖੇ ਬਣਦਾ ਹੈ।
ਗੋਰਕੀ ਰੇਲਾਂ, ਸੜਕਾਂ ਅਤੇ ਦਰਿਆਈ ਮਾਰਗਾਂ ਰਾਹੀਂ ਦੂਜੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਹ ਟਰਾਂਸ ਸਾਇਬੇਰੀਅਨ ਰੇਲ ਮਾਰਗ ਉਪਰ ਸਥਿਤ ਹੈ।
ਸੰਨ 1918 ਵਿਚ ਐਨ. ਆਈ. ਲੋਬਸ਼ੇਵਸਕੀ ਵਿਸ਼ਵ-ਵਿਦਿਆਲਾ ਬਣਾਇਆ ਗਿਆ। ਇਥੇ ਹੋਰ ਉੱਚ ਵਿੱਦਿਅਕ ਸੰਸਥਾਵਾਂ ਵੀ ਹਨ ਜਿਹੜੀਆਂ ਡਾਕਟਰੀ, ਜ਼ਰਾਇਤੀ, ਇੰਜੀਨੀਅਰਿੰਗ ਆਦਿ ਦੀ ਸਿੱਖਿਆ ਮੁਹੱਈਆ ਕਰਦੀਆਂ ਹਨ।
ਇਥੋਂ ਦੀਆਂ ਪੁਰਾਣੀਆਂ ਦਿਲਖਿੱਚ ਇਮਾਰਤਾਂ ਵਿਚ 16ਵੀਂ ਸਦੀ ਦਾ ਬਣਿਆ ਕ੍ਰੈਮਲਿਨ ਭਵਨ ਅਤੇ ਘੰਟਾਘਰ ਮੌਜੂਦ ਹਨ।
ਆਬਾਦੀ––1,445,000 (1991)
56° 20' ਉ. ਵਿਥ.; 44° 00' ਪੂ. ਲੰਬ.
ਹ. ਪੁ.––ਐਨ. ਬ੍ਰਿ. ਮਾ. 4 : 638
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First