ਗੋਪਾਲ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਪਾਲ ਸਿੰਘ. ਦੇਖੋ, ਸੁਧਾਸਰ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਪਾਲ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੋਪਾਲ ਸਿੰਘ (1883-1941 ਈ.): ਇਕ ਸਰਗਰਮ ਅਕਾਲੀ ਨੇਤਾ, ਜਿਸ ਦਾ ਜਨਮ ਪੱਛਮੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਸਾਗਰੀ ਪਿੰਡ ਵਿਚ ਸ. ਸੁੰਦਰ ਸਿੰਘ ਦੁਕਾਨਦਾਰ ਦੇ ਘਰ ਸੰਨ 1883 ਈ. ਵਿਚ ਹੋਇਆ। ਇਹ ਅਜੇ 12 ਵਰ੍ਹਿਆਂ ਦਾ ਸੀ , ਤਾਂ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਦ ਤਿੰਨ ਸਾਲਾਂ ਦੇ ਵਿਚ ਵਿਚ ਦੋ ਵੱਡੇ ਭਰਾ ਵੀ ਚਲਾਣਾ ਕਰ ਗਏ। ਘਰ-ਬਾਹਰ ਦੀ ਸਾਰੀ ਜ਼ਿੰਮੇਵਾਰੀ ਇਸ ਦੇ ਸਿਰ ਉਤੇ ਆ ਪਈ। ਇਸ ਨੇ ਇਕ ਪਾਸੇ ਆਪਣੇ ਕਾਰ-ਵਪਾਰ ਨੂੰ ਚੰਗੀ ਤਰ੍ਹਾਂ ਚਲਾਇਆ ਅਤੇ ਦੂਜੇ ਪਾਸੇ ਸਿੰਘ ਸਭਾ ਦੇ ਪ੍ਰਭਾਵ ਅਧੀਨ ਸਿੱਖੀ ਦੇ ਪ੍ਰਚਾਰ ਵਿਚ ਰੁਚੀ ਲਈ। ਗੁਰਦੁਆਰਾ ਸੁਧਾਰ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਣ ਸੰਨ 1920 ਈ. ਵਿਚ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਪੰਜਾ ਸਾਹਿਬ ਗੁਰੂ-ਧਾਮ ਆਜ਼ਾਦ ਕਰਾਉਣ ਵਾਲੇ ਜੱਥੇ ਵਿਚ ਭਾਗ ਲੈਣ ਤੋਂ ਬਾਦ ਇਸ ਨੇ ‘ਗੁਰੂ ਕਾ ਬਾਗ਼ ’ ਮੋਰਚੇ ਲਈ ਪ੍ਰਚਾਰ ਸ਼ੁਰੂ ਕੀਤਾ ਅਤੇ ਪਕੜਿਆ ਗਿਆ। ਸੰਨ 1923 ਈ. ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤੇ ਜਾਣ ਕਾਰਣ ਇਸ ਨੂੰ ਪਕੜ ਲਿਆ ਗਿਆ। ਸੰਨ 1925 ਈ. ਵਿਚ ਗੁਰਦੁਆਰਾ ਐਕਟ ਅਨੁਸਾਰ ਚਲਣ ਅਥਵਾ ਨ ਚਲਣ’ਤੇ ਅਕਾਲੀ ਦਲ ਵਿਚੋਂ ਹੋਈ ਦੋ-ਫਾੜ ਵੇਲੇ ਇਹ ਬਾਬਾ ਖੜਕ ਸਿੰਘ ਦੇ ਧੜੇ ਵਿਚ ਸ਼ਾਮਲ ਹੋ ਗਿਆ। ਇਸ ਨੇ ਵਖ ਵਖ ਮੋਰਚਿਆਂ ਵਿਚ ਭਾਗ ਲੈਣ ਕਰਕੇ ਲਗਭਗ 13 ਵਰ੍ਹੇ ਕੈਦ ਕਟੀ ਜਿਸ ਦੇ ਫਲਸਰੂਪ ਸਿਹਤ ਖ਼ਰਾਬ ਹੋ ਗਈ ਅਤੇ ਅਕਤੂਬਰ 1941 ਈ. ਵਿਚ ਸੰਸਾਰ ਤਿਆਗ ਦਿੱਤਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੋਪਾਲ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਪਾਲ ਸਿੰਘ (1883-1941): ਇਕ ਅਕਾਲੀ ਸੁਧਾਰਕ ਜਿਸਦਾ ਜਨਮ ਨਵੰਬਰ 1883 ਵਿਚ ਰਾਵਲਪਿੰਡੀ ਜ਼ਿਲੇ ਦੇ ਪਿੰਡ ਸਾਗਰੀ ਵਿਚ ਹੋਇਆ ਸੀ ਜੋ ਅੱਜ-ਕਲ੍ਹ ਪਾਕਿਸਤਾਨ ਵਿਚ ਹੈ। ਇਸਦਾ ਪਿਤਾ , ਸੁੰਦਰ ਸਿੰਘ (ਅ.ਚ. 1895) ਇਕ ਛੋਟਾ ਦੁਕਾਨਦਾਰ ਸੀ। ਪਿਤਾ ਦੀ ਮੌਤ ਹੋਣ ਤੋਂ ਤਿੰਨ ਸਾਲ ਦੇ ਅੰਦਰ ਹੀ ਗੋਪਾਲ ਸਿੰਘ ਦੇ ਦੋ ਭਰਾ ਵੀ ਅਕਾਲ ਚਲਾਣਾ ਕਰ ਗਏ ਅਤੇ ਪਰਵਾਰ ਦੀ ਦੇਖ -ਭਾਲ ਦੀ ਜ਼ੁੰਮੇਵਾਰੀ ਇਸ `ਤੇ ਆਣ ਪਈ। ਇਸਨੇ ਪਰਵਾਰਿਕ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਨਾਲ ਹੀ ਇਸਨੇ ਜ਼ਿਲਾ ਪੱਧਰ ਦੀਆਂ ਸਿੰਘ ਸਭਾ ਦੁਆਰਾ ਕੀਤੀਆਂ ਜਾ ਰਹੀਆਂ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਇਸਦੇ ਜੀਵਨ ਦਾ ਜ਼ਿਆਦਾ ਸਰਗਰਮ ਹਿੱਸਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਗੁਰਦੁਆਰਾ ਪ੍ਰਬੰਧ ਦੀ ਸੁਧਾਰ ਲਹਿਰ ਪੂਰੇ ਜ਼ੋਰਾਂ’ਤੇ ਸੀ। ਇਸਨੂੰ 1920 ਵਿਚ ਬਣੀ ਪਹਿਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਉਸ ਜਥੇ ਦਾ ਮੈਂਬਰ ਸੀ ਜਿਸਨੂੰ ‘ਗੁਰਦੁਆਰਾ ਪੰਜਾ ਸਾਹਿਬ` ਦਾ ਮਹੰਤਾਂ ਤੋਂ ਕਬਜ਼ਾ ਲੈਣ ਲਈ ਭੇਜਿਆ ਗਿਆ ਸੀ, ਜੋ ਆਮ ਲੋਕਾਂ ਦੀ ਨਿੰਦਿਆ ਦਾ ਨਿਸ਼ਾਨਾ ਬਣੇ ਹੋਏ ਸਨ। ਗੁਰੂ ਕਾ ਬਾਗ਼ ਮੋਰਚੇ ਲਈ ਲੋਕ- ਰਾਏ ਬਣਾਉਂਦੇ ਸਮੇਂ, ਇਹ 1922 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲੋਕਾਂ ਨੂੰ ਭੜਕਾਉਣ ਅਤੇ ਬਰਤਾਨਵੀ ਸਰਕਾਰ ਵਿਰੁੱਧ ਨਫ਼ਰਤ ਫੈਲਾਉਣ ਦੇ ਇਲਜ਼ਾਮ ਅਧੀਨ ਇਸ’ਤੇ ਮੁਕੱਦਮਾ ਚਲਾਇਆ ਗਿਆ। 1923 ਵਿਚ, ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਉੱਤੇ ਸਰਕਾਰ ਦੁਆਰਾ ਰੋਕ ਲਗਾ ਦਿੱਤੀ ਗਈ ਸੀ ਤਾਂ ਇਸਨੂੰ ਦੁਬਾਰਾ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਇਸਨੇ ਆਪਣੇ ਜੀਵਨ ਦੇ 13 ਸਾਲ ਪੂਰੀ ਤਰ੍ਹਾਂ ਜੇਲ੍ਹ ਵਿਚ ਬਤੀਤ ਕੀਤੇ ਸਨ। 1925 ਵਿਚ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਦੁਫਾੜ ਹੋਇਆ ਤਾਂ ਗੋਪਾਲ ਸਿੰਘ, ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਵਾਲੇ ਧੜੇ ਵਿਚ ਸ਼ਾਮਲ ਹੋ ਗਿਆ। 1941 ਵਿਚ, ਇਹ ਅਕਾਲ ਚਲਾਣਾ ਕਰ ਗਿਆ ਅਤੇ 26 ਅਕਤੂਬਰ 1941 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਮਾਗਮ ਵਿਚ ਇਸਦੇ ਚਲਾਣੇ ‘ਤੇ ਸ਼ੋਕ ਅਤੇ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ।
ਲੇਖਕ : ਗ.ਸ.ਗ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First