ਗੋਪਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਪਾਲ. ਸੰਗ੍ਯਾ—ਗੋ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ । ੨ ਪਾਰਬ੍ਰਹਮ. ਜਗਤਪਾਲਕ ਵਾਹਗੁਰੂ. “ਹੇ ਗੋਬਿੰਦ ਹੇ ਗੋਪਾਲ!” (ਮਲਾ ਮ: ੫) “ਜਗੰਨਾਥ ਗੋਪਾਲ ਮੁਖਿ ਭਣੀ.” (ਮਾਰੂ ਸੋਲਹੇ ਮ: ੫) ੩ ਗਵਾਲਾ. ਗੋਪ. ਅਹੀਰ। ੪ ਤਲਵੰਡੀ ਦਾ ਪਾਧਾ , ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗੁਰੂ ਨੂੰ ਸੰਸਕ੍ਰਿਤ ਅਤੇ ਹਿਸਾਬ ਪੜ੍ਹਨ ਬੈਠਾਇਆ ਸੀ. “ਜਾਲਿ ਮੋਹ ਘਸਿਮਸਿ ਕਰਿ.” (ਸ੍ਰੀ ਮ: ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। ੫ ਗੁਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ, ਗੋਪਲਾ। ੬ ਫ਼ਾ ਗਦਾ. ਧਾਤੁ ਦਾ ਮੂਸਲ. “ਹਮਹ ਖੰਜਰੋ ਗੁਰਜ ਗੋਪਾਲ ਨਾਮ.” (ਹਕਾਯਤ ੧੦)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਪਾਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੋਪਾਲ: ਗੁਰਬਾਣੀ ਵਿਚ ਇਸ ਸ਼ਬਦ ਦੀ ਵਰਤੋਂ ਪਰਮਾਤਮਾ ਲਈ ਹੋਈ ਹੈ। ਇਸ ਦੇ ਦੋ ਤਰ੍ਹਾਂ ਨਾਲ ਅਰਥ ਕੀਤੇ ਜਾਂਦੇ ਹਨ। ਇਕ ਗੋ (ਪ੍ਰਿਥਵੀ) ਦੀ ਪਾਲਨਾ ਕਰਨ ਵਾਲਾ ਪਰਮਾਤਮਾ। ਦੂਜਾ ਅਰਥ ਹੈ ਗੋ (ਗਊਆਂ) ਦੀ ਪਾਲਨਾ ਕਰਨ ਵਾਲਾ, ਗਵਾਲਾ। ਸ੍ਰੀ ਕ੍ਰਿਸ਼ਣ ਨੇ ਚੂੰਕਿ ਬਚਪਨ ਵਿਚ ਗਊਆਂ ਚਰਾਈਆਂ ਸਨ , ਇਸ ਲਈ ਇਹ ਸ਼ਬਦ ਉਨ੍ਹਾਂ ਲਈ ਰੂੜ੍ਹ ਹੁੰਦਾ ਗਿਆ ਅਤੇ ਕ੍ਰਿਸ਼ਣ ਵਾਚਕ ਹੋ ਗਿਆ। ਜਦੋਂ ਸ੍ਰੀ ਕ੍ਰਿਸ਼ਣ ਵਿਚ ਵਿਸ਼ਣੂ ਦੇ ਅਵਤਾਰ ਦੀ ਕਲਪਨਾ ਹੋਣ ਲਗ ਗਈ , ਤਾਂ ਇਹ ਸ਼ਬਦ ਵੀ ਵਿਸ਼ਣੂ ਅਥਵਾ ਪਰਮ-ਸੱਤਾ ਦਾ ਵਾਚਕ ਹੋ ਗਿਆ। ਇਸ ਤਰ੍ਹਾਂ ਇਹ ਦੋਵੇਂ ਸ਼ਬਦ ਪਰਮਾਤਮਾ ਦੇ ਵਾਚਕ ਬਣ ਗਏ।
ਨਿਰਗੁਣ ਭ-ਗਤਾਂ/ਸੰਤਾਂ/ਗੁਰੂਆਂ ਨੇ ਆਪਣੀਆਂ ਬਾਣੀਆਂ ਵਿਚ ਇਸ ਦੀ ਵਰਤੋਂ ਬ੍ਰਹਮਵਾਚਕ ਅਰਥਾਂ ਵਿਚ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਗੋਪਾਲ (ਪਰਮਾਤਮਾ) ਦੀ ਭਾਉ-ਭਗਤੀ ਨਾਲ ਜਨਮ-ਮਰਨ ਦਾ ਭੈ ਖ਼ਤਮ ਹੋ ਗਿਆ ਹੈ— ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ। (ਗੁ.ਗ੍ਰੰ.45)। ਇਕ ਹੋਰ ਥਾਂ’ਤੇ ਕਿਹਾ ਹੈ— ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤਿ ਨਿਧਿ ਮਾਨਿਆ। (ਗੁ.ਗ੍ਰੰ.81)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੋਪਾਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਪਾਲ: ਬ੍ਰਾਹਮਣ ਅਧਿਆਪਕ ਦਾ ਨਾਂ ਸੀ , ਜਿਸ ਨੇ ਗੁਰੂ ਨਾਨਕ ਜੀ (1469-1539) ਨੂੰ ਬਚਪਨ ਵਿਚ ਸਿੱਖਿਆ ਦਿੱਤੀ ਸੀ। ਇਹ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਵਜੋਂ ਜਾਣੇ ਜਾਂਦੇ ਪਿੰਡ ਤਲਵੰਡੀ ਰਾਇ ਭੋਇ ਦਾ ਪਾਂਧਾ ਸੀ। ਗੁਰੂ ਨਾਨਕ ਜੀ ਦੇ ਪਿਤਾ ਬਾਬਾ ਕਾਲੂ ਦੀਆਂ ਆਪਣੇ ਇਕਲੋਤੇ ਸੁਪੁੱਤਰ ਲਈ ਦੁਨਿਆਵੀ ਅਭਿਲਾਸ਼ਾਵਾਂ ਸਨ ਅਤੇ ਉਹਨਾਂ ਦੀ ਇੱਛਾ ਸੀ ਕਿ ਉਹ ਪੜ੍ਹਨਾ ਅਤੇ ਲਿਖਣਾ ਸਿੱਖੇ ਅਤੇ ਇਕ ਦਿਨ ਉਹ ਉਹਨਾਂ ਦੀ ਆਪਣੀ ਜਗ੍ਹਾ `ਤੇ ਪਿੰਡ ਦੇ ਪਟਵਾਰੀ ਦਾ ਅਹੁਦਾ ਸੰਭਾਲੇ। ਇਸ ਲਈ ਜਦੋਂ ਨਾਨਕ ਸੱਤ ਸਾਲ ਦੇ ਸਨ ਇਹਨਾਂ ਨੂੰ ਪਾਂਧਾ ਗੋਪਾਲ ਕੋਲ ਭੇਜਿਆ ਗਿਆ, ਅਤੇ ਇਹ ਪਿੰਡ ਵਿਚੋਂ ਮਿੱਠਬੋਲੜੇ ਸੁਭਾਅ ਵਾਲੇ ਬੱਚੇ ਦੇ ਆਪਣੇ ਕੋਲ ਸ਼ਾਗਿਰਦ ਵਜੋਂ ਆਉਣ `ਤੇ ਬਹੁਤ ਖ਼ੁਸ਼ ਹੋਇਆ। ਇਸਨੇ ਸਤਿਕਾਰ ਸਹਿਤ ਕਤਾਰ ਵਿਚ ਬੈਠੇ ਆਪਣੇ ਹੋਰ ਵਿਦਿਆਰਥੀਆਂ ਨਾਲ ਨਾਨਕ ਨੂੰ ਜ਼ਮੀਨ ਉੱਤੇ ਬੈਠਣ ਦੀ ਜਗ੍ਹਾ ਦਿੱਤੀ। ਲੱਕੜ ਦੀ ਫੱਟੀ ਉੱਪਰ ਇਸਨੇ ਉਸ ਸਮੇਂ ਵਪਾਰੀ ਤਬਕੇ ਵਿਚ ਪ੍ਰਚਲਿਤ ਸਿਧੋਂਗਾਇਆ ਜਾਂ ਸਿੰਧਗਾਇਆ ਲਿਪੀ ਦੀ ਵਰਣਮਾਲਾ ਵਿਚ ਉਸਦੇ ਪਹਿਲੇ ਕੁਝ ਅੱਖਰ ਲਿਖੇ ਅਤੇ ਨਾਨਕ ਜੀ ਨੂੰ ਇਸ ਵਿਚੋਂ ਯਾਦ ਕਰਨ ਲਈ ਦੇ ਦਿੱਤੇ। ਇਕ ਦਿਨ, ਜਿਵੇਂ ਕਿ ਦੰਦ-ਕਥਾ ਪ੍ਰਚਲਿਤ ਹੈ, ਨਾਨਕ ਜੀ ਨੇ ਤਖ਼ਤੀ ਦੇ ਦੋਵੇਂ ਪਾਸੇ ਆਪਣੇ ਹੱਥ ਨਾਲ ਲਿਖੀਆਂ ਹੋਈਆਂ ਕਾਵਿ- ਪੰਕਤੀਆਂ ਨਾਲ ਭਰ ਦਿੱਤੇ। ਅਧਿਆਪਕ ਉਸ ਤਖ਼ਤੀ ਨੂੰ ਦੇਖ ਕੇ ਹੈਰਾਨ ਹੋ ਗਿਆ ਅਤੇ ਇਹ ਜਾਣਨ ਲਈ ਉਤਸੁਕ ਹੋ ਗਿਆ ਕਿ ਬੱਚੇ ਨੇ ਕੀ ਲਿਖਿਆ ਹੈ, ਉਸਨੇ ਨਾਨਕ ਨੂੰ ਉੱਚੀ ਅਵਾਜ਼ ਵਿਚ ਪੜ੍ਹਨ ਲਈ ਆਖਿਆ। ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੇ ਦੇਖਿਆ ਕਿ ਇਹ ਪੰਜਾਬੀ ਵਿਚ ਲਿਖੀ ਹੋਈ ਕਵਿਤਾ ਸੀ; ਇਹ ਪੈਂਤੀ ਅੱਖਰੀ ਸੀ ਜਿਸਨੂੰ ਨਾਨਕ ਜੀ ਨੇ ਸਹਿਜ ਰੂਪ ਵਿਚ ਹੀ ਕਾਵਿ ਬੱਧ ਕੀਤਾ ਸੀ ਅਤੇ ਇਸਦੇ ਅੱਖਰ ਵਰਣਮਾਲਾ ਨਾਲ ਸੰਪੂਰਨ ਮੇਲ ਖਾ ਰਹੇ ਸਨ। ਇਸ ਵਿਚ ਉਹਨਾਂ ਨੇ ਆਪਣੀ ਉਮਰ ਨਾਲੋਂ ਕਿਤੇ ਜ਼ਿਆਦਾ ਵੱਡੇ ਸਵਾਲਾਂ ਉੱਪਰ ਵਿਚਾਰ ਕੀਤਾ ਸੀ। ਉੁਹਨਾਂ ਦੇ ਮਨ ਵਿਚ ਇਕ ਮੁੱਖ ਸਵਾਲ ਇਹ ਸੀ ਕਿ, “ਅਸਲ ਰੂਪ ਵਿਚ ਵਿਦਵਾਨ ਕੌਣ ਹੈ” ਯਕੀਨਨ ਉਹ ਨਹੀਂ ਜੋ ਵਰਣਮਾਲਾ ਦੇ ਅੱਖਰ ਜਾਣਦਾ ਹੈ। “ਪਰੰਤੂ ਉਹ, ਜੋ ਇਹਨਾਂ ਰਾਹੀਂ ਸੱਚੇ ਗਿਆਨ ਦੀ ਮੰਜ਼ਲ ਤਕ ਪਹੁੰਚਦਾ ਹੈ।” ਚਾਹੇ ਇਹ ਗੱਲ ਹਮੇਸ਼ਾ ਹੀ ਵਿਵਾਦਯੋਗ ਰਹੇਗੀ ਕਿ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ਕਿਸ ਮੁਕਾਮ ਜਾਂ ਪੜਾਅ `ਤੇ ਇਸ ਸ਼ਬਦ ਦੀ ਸਿਰਜਣਾ ਕੀਤੀ ਸੀ, ਇਹ ਗੁਰੂ ਗ੍ਰੰਥ ਸਾਹਿਬ ਵਿਚ ਵਿਆਖਿਆਤਮਿਕ ਨੋਟ ‘ਪੱਟੀ ਲਿਖੀ` ਦੇ ਨਾਂ ਨਾਲ ਦਰਜ ਹੈ, ਅਰਥਾਤ , “ਇਸ ਤਰ੍ਹਾਂ ਤਖ਼ਤੀ ਲਿਖੀ ਗਈ ।” ਪਾਂਧਾ ਗੋਪਾਲ ਨੇ ਗੁਰੂ ਨਾਨਕ ਜੀ ਦੁਆਰਾ ਆਪਣੀ ਉਮਰ ਤੋਂ ਵਧ ਦਿਖਾਈ ਕਾਵਿ ਪ੍ਰਤਿਭਾ ਅਤੇ ਇਲਹਾਮ ਨੂੰ ਸਵੀਕਾਰ ਕਰ ਲਿਆ ਸੀ ਅਤੇ ਉਹ ਇਸ ਪ੍ਰਕਾਰ ਦੇ ਅਨੋਖੇ ਢੰਗ ਦੇ ਪ੍ਰਤਿਭਾਵਾਨ ਵਿਦਿਆਰਥੀ ਤੋਂ ਸਿੱਖਿਆ ਪ੍ਰਾਪਤ ਕੀਤੇ ਜਾਣ `ਤੇ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਣ ਲੱਗ ਪਿਆ ਸੀ।
ਲੇਖਕ : ਗ.ਨ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੋਪਾਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੋਪਾਲ (ਸੰ.। ਸੰਸਕ੍ਰਿਤ ਗੋ=ਪ੍ਰਿਥ੍ਵੀ, ਪਾਲ=ਪਾਲਨ ਹਾਰ) ਈਸ਼੍ਵਰ ਦਾ ਕ੍ਰਿਤਮ ਨਾਮ ਹੈ, ਪ੍ਰਿਥਵੀ ਦਾ ਪਾਲਕ। ਯਥਾ-‘ਜਗੰਨਾਥੁ ਗੋਪਾਲੁ ਮੁਖਿ ਭਣੀ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First