ਗੂਜਰੀ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੂਜਰੀ ਰਾਗ(ਬਾਣੀ) :ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 48 ਚਉਪਦੇ , ਨੌਂ ਅਸ਼ਟਪਦੀਆਂ ਅਤੇ ਦੋ ਵਾਰਾਂ (ਇਕ ਮਹਲੇ ੩ ਦੀ, ਇਕ ਮਹਲੇ ੫ ਦੀ) ਹਨ। ਇਨ੍ਹਾਂ ਤੋਂ ਇਲਾਵਾ 8 ਸ਼ਬਦ ਭਗਤ-ਬਾਣੀ ਦੇ ਹਨ।
ਚਉਪਦੇ ਪ੍ਰਕਰਣ ਦੇ ਕੁਲ 48 ਚਉਪਦਿਆਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ। ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਦੀ ਆਰਾਧਨਾ ਮੂਰਤੀ-ਪੂਜਾ ਰਾਹੀਂ ਨਹੀਂ , ਨਾਮ-ਸਿਮਰਨ ਰਾਹੀਂ ਹੁੰਦੀ ਹੈ। ਗੁਰੂ ਅਮਰਦਾਸ ਜੀ ਦੇ ਸੱਤ ਚਉਪਦਿਆਂ ਵਿਚੋਂ ਪੰਜਾਂ ਵਿਚ ਚਾਰ ਚਾਰ ਪਦਿਆਂ ਦੇ ਜੁੱਟ ਹਨ ਅਤੇ ਦੋ ਵਿਚ ਪੰਜ ਪੰਜ ਦੇ। ਗੁਰੂ ਜੀ ਅਨੁਸਾਰ ਸਭ ਤੋਂ ਉੱਤਮ ਪ੍ਰੇਮ ਪਰਮਾਤਮਾ ਦੀ ਪ੍ਰੀਤ ਹੈ। ਗੁਰੂ ਰਾਮਦਾਸ ਜੀ ਦੇ ਰਚੇ ਸੱਤ ਚਉਪਦਿਆਂ ਵਿਚੋਂ ਛੇ ਚਾਰ ਚਾਰ ਪਦਿਆਂ ਦੇ ਜੁੱਟ ਹਨ ਅਤੇ ਇਕ ਵਿਚ ਪੰਜ ਪਦੇ ਹਨ। ਪਹਿਲਾ ਚਉਪਦਾ ‘ਸੋਦਰ ’ ਦੇ ਪ੍ਰਕਰਣ ਵਿਚ ਵੀ ਆਇਆ ਹੈ। ਇਹ ਗੁਰੂ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਸੰਬੋਧਿਤ ਦਸਿਆ ਜਾਂਦਾ ਹੈ। ਕਿਤਨੀ ਨਿਮਰਤਾ ਹੈ ਇਸ ਸ਼ਬਦ ਵਿਚ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ। ਇਸ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ 32 ਚਉਪਦਿਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚ ਦੁਪਦੇ, ਤ੍ਰਿਪਦੇ, ਚਉਪਦੇ ਅਤੇ ਪੰਚਪਦੇ ਸ਼ਾਮਲ ਹਨ ਜਿਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ।
ਕੁਲ ਨੌਂ ਅਸ਼ਟਪਦੀਆਂ ਵਿਚੋਂ ਪੰਜ ਗੁਰੂ ਨਾਨਕ ਦੇਵ ਜੀ ਦੀਆਂ ਹਨ। ਇਨ੍ਹਾਂ ਵਿਚ ਸਗੁਣ, ਸਾਕਾਰ ਬ੍ਰਹਮ ਦੇ ਮੁਕਾਬਲੇ ਨਿਰਗੁਣ, ਨਿਰਾਕਾਰ, ਨਿਰੰਜਨ ਦੇ ਸਰੂਪ ਨੂੰ ਸਪੱਸ਼ਟ ਕੀਤਾ ਗਿਆ ਹੈ। ਇਕ ਅਸ਼ਟਪਦੀ ਗੁਰੂ ਅਮਰਦਾਸ ਜੀ ਦੀ ਲਿਖੀ ਹੈ ਜਿਸ ਵਿਚ ਦਸ ਪਦੀਆ ਦਾ ਸਮੁੱਚ ਹੈ। ਗੁਰੂ ਰਾਮਦਾਸ ਜੀ ਨੇ ਵੀ ਇਸ ਰਾਗ ਵਿਚ ਕੇਵਲ ਇਕ ਅਸ਼ਟਪਦੀ ਲਿਖੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੀਆਂ ਦੋਹਾਂ ਅਸ਼ਟਪਦੀਆਂ ਵਿਚ ਪਰਮਾਤਮਾ ਦੇ ਬਾਹਰਲੇ ਅਤੇ ਅੰਦਰਲੇ ਗੁਣਾਂ ਉਤੇ ਝਾਤ ਪਾਈ ਹੈ।
ਇਸ ਤੋਂ ਅਗੇ ‘ਗੂਜਰੀ ਕੀ ਵਾਰ ਮ. ੩’ ਅਤੇ ‘ਗੂਜਰੀ ਕੀ ਵਾਰ ਮ.੫’ ਦਰਜ ਹਨ ਜਿਨ੍ਹਾਂ ਬਾਰੇ ਸੁਤੰਤਰ ਇੰਦਰਾਜ ਹਨ।
ਭਗਤ-ਬਾਣੀ ਪ੍ਰਕਰਣ ਦੇ ਕੁਲ ਅੱਠ ਸ਼ਬਦਾਂ ਵਿਚੋਂ ਕਬੀਰ ਜੀ ਨੇ ਆਪਣੇ ਦੋ ਸ਼ਬਦਾਂ ਵਿਚ ਦੋ ਨੁਕਤੇ ਸਪੱਸ਼ਟ ਕੀਤੇ ਹਨ। ਇਕ ਇਹ ਕਿ ਹਰਿ-ਨਾਮ ਸਿਮਰਨ ਦਾ ਕੇਵਲ ਇਕੋ-ਇਕ ਮੌਕਾ ਹੈ ਮਨੁੱਖ-ਜਨਮ। ਦੂਜਾ ਇਹ ਕਿ ਸਭ ਦਾ ਰਖਵਾਲਾ ਪਰਮਾਤਮਾ ਖ਼ੁਦ ਹੈ। ਭਗਤ ਨਾਮਦੇਵ ਨੇ ਆਪਣੇ ਦੋ ਸ਼ਬਦਾਂ ਵਿਚ ਦਸਿਆ ਹੈ ਕਿ ਪਰਮਾਤਮਾ ਨਿਰਾਕਾਰ ਹੈ, ਉਸ ਦੀ ਪੂਜਾ ਮੂਰਤੀ ਵਜੋਂ ਕਰਨਾ ਅਨੁਚਿਤ ਹੈ। ਰਵਿਦਾਸ ਜੀ ਨੇ ਆਪਣੇ ਇਕ ਸ਼ਬਦ ਵਿਚ ਕਿਹਾ ਹੈ ਕ ਹਰਿ ਦੀ ਪੂਜਾ ਲਈ ਤਨ-ਮਨ ਅਰਪਿਤ ਕਰਨਾ ਚਾਹੀਦਾ ਹੈ, ਫੁਲ-ਪਤੀਆਂ ਜਾਂ ਦੁੱਧ ਨਾਲ ਕੀਤੀ ਪੂਜਾ ਵਿਅਰਥ ਹੈ।
ਭਗਤ ਤ੍ਰਿਲੋਚਨ ਨੇ ਆਪਣੇ ਦੋ ਸ਼ਬਦਾਂ ਵਿਚ ਸਥਾਪਿਤ ਕੀਤਾ ਹੈ ਕਿ ਉਸ ਨਿਰਲੇਪ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਬਾਹਰਲੇ ਭੇਖਾਂ ਦੀ ਲੋੜ ਨਹੀ। ਭਗਤ ਜੈਦੇਵ ਨੇ ਆਪਣੇ ਇਕ ਸ਼ਬਦ ਵਿਚ ਉਪਦੇਸ਼ ਦਿੱਤਾ ਹੈ ਕਿ ਹਰਿ-ਨਾਮ ਦੇ ਸਿਮਰਨ ਨਾਲ ਸੰਸਾਰ ਦੀਆਂ ਸਾਰੀਆਂ ਔਕੜਾਂ ਦੂਰ ਹੋ ਜਾਂਦੀਆਂ ਹਨ ਅਤੇ ਮਨੁੱਖ ਦਾ ਉੱਧਾਰ ਹੋ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First