ਗੁੱਗਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਗਲ (ਨਾਂ,ਪੁ) ਧੁਖਾ ਕੇ ਸੁਗੰਧੀ ਫੈਲਾਉਣ ਵਾਲੀ ਇੱਕ ਕੰਡੇਦਾਰ ਰੁੱਖ ਦੀ ਗੂੰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਗਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਗਲ. ਸੰ. गुग्गुल. ਸੰਗ੍ਯਾ—ਇੱਕ ਕੰਡੇਦਾਰ ਦਰਖ਼ਤ, ਜੋ ਕਾਠੀਆਵਾੜ, ਰਾਜਪੂਤਾਨਾ ਅਤੇ ਖ਼ਾਨਦੇਸ਼ ਵਿੱਚ ਬਹੁਤ ਹੁੰਦਾ ਹੈ। ੨ ਗੁੱਗਲ ਬਿਰਛ ਦੀ ਗੂੰਦ , ਜੋ ਬਹੁਤ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਧੂਪ ਦੇਵ ਮੰਦਿਰਾਂ ਅਤੇ ਘਰਾਂ ਵਿੱਚ ਦਿੱਤਾ ਜਾਂਦਾ ਹੈ. ਇਸੇ ਲਈ ਦੇਵੇ ਦੇਵ ਧੂਪ ਅਤੇ ਭੂਤਹਰ ਆਦਿ ਨਾਉ. ਹਨ. ਗੁੱਗਲ ਗਠੀਏ ਆਦਿਕ ਅਨੇਕ ਰੋਗਾਂ ਵਿੱਚ ਭੀ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. L. Balsamodendron mukul. ਦੇਖੋ, ਯੋਗਰਾਜ ਗੁੱਗਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੱਗਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁੱਗਲ : ਇਹ ਇਕ ਛੋਟੇ ਆਕਾਰ ਦੇ (1.3 ਤੋਂ 2 ਮੀ. ਉਚਾਈ ਵਾਲੇ) ਰੁੱਖ ਦੀ ਗੂੰਦ ਦਾ ਨਾਂ ਹੈ। ਇਸ ਰੁੱਖ ਦੇ ਫੁੱਲ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ। ਇਹ ਰੁੱਖ ਮੈਸੂਰ, ਕਾਠੀਆਵਾੜ, ਰਾਜਪੂਤਾਨਾ ਮਾਰੂਥਲ, ਸਿੰਧ ਅਤੇ ਬਲੋਚਿਸਤਾਨ, ਪੂਰਬੀ ਬੰਗਾਲ ਅਤੇ ਆਸਾਮ ਵਿਚ ਮਿਲਦਾ ਹੈ। ਇਸ ਰੁੱਖ ਦਾ ਬਨਸਪਤੀ-ਵਿਗਿਆਨਕ ਨਾਂ ਕੋਮਿਫੋਰਾ ਮੁਕਲ ਹੈ। ਇਸ ਦਾ ਇਕ ਨਾਂ ਬਾਲਸਾਮੋਡੈਂਡਰੋਨ ਵੀ ਹੈ। ਇਹ ਰੁੱਖ ਬਰਸੇਰੇਸੀ ਕੁਲ ਨਾਲ ਸਬੰਧਤ ਹੈ। ਇਸ ਦੀ ਧੂਪ ਦੇਵ ਮੰਦਰਾਂ ਅਤੇ ਘਰਾਂ ਵਿਚ ਦਿੱਤੀ ਜਾਂਦੀ ਹੈ।
ਧੂਪ ਤੋਂ ਇਲਾਵਾ ਇਸ ਦੀ ਵਰਤੋਂ ਅਨੇਕ ਪ੍ਰਕਾਰ ਨਾਲ ਕੀਤੀ ਜਾਂਦੀ ਹੈ। ਇਹ ਬਾਧਕ, ਕੀਟ-ਨਾਸ਼ਕ ਅਤੇ ਉਤੇਜਕ ਹੈ। ਇਹ ਖੰਘ ਦਾ ਦੌਰਾ ਘਟ ਕਰਨ, ਬੈ ਜਾਂ ਬਾਦੀ ਦੂਰ ਕਰਨ ਅਤੇ ਖ਼ਾਰਸ਼ ਘਟਾਉਣ ਲਈ ਵੀ ਵਰਤੀ ਜਾਂਦੀ ਹੈ। ਜੁਲਾਬ ਵਜੋਂ ਅਤੇ ਨਾੜਾਂ ਦੇ ਤਣਾਉ ਘਟ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਗਠੀਏ ਵਰਗੇ ਰੋਗਾਂ ਅਤੇ ਇਸਤਰੀਆਂ ਵਿਚ ਮਾਹਵਾਰੀ ਠੀਕ ਕਰਨ ਲਈ ਲਾਹੇਵੰਦ ਸਿੱਧ ਹੁੰਦੀ ਹੈ।
ਉਪਰੋਕਤ ਤੋਂ ਇਲਾਵਾ ਇਸ ਗੂੰਦ ਦੀ ਵਰਤੋਂ ਕੋੜ੍ਹ, ਜੋੜਾਂ ਦੇ ਦਰਦ, ਆਤਸ਼ਕ ਵਿਗਾੜਾਂ, ਹੰਜੀਰਾਂ ਰੋਗ, ਦਿਮਾਗ਼ੀ ਅਤੇ ਚਮੜੀ ਦੇ ਰੋਗਾਂ ਲਈ ਵੀ ਕੀਤੀ ਜਾਂਦੀ ਹੈ। ਇਸ ਗੂੰਦ ਤੋਂ ਬਣਾਈ ਗਈ ਲੇਵੀ ਪੁਰਾਣੇ ਨਾਸੂਰਾਂ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ।
ਦਵਾਈ ਵਰਗੇ ਗੁਣ ਇਸ ਵਿਚ ਮੌਜੂਦ ਓਲੀਉ-ਰੇਜ਼ਿਨ ਕਾਰਨ ਪੈਦਾ ਹੁੰਦੇ ਹਨ ਜਿਨ੍ਹਾਂ ਵਿਚ ਐਰੋਮੈਟਿਕ ਪਦਾਰਥ ਸ਼ਾਮਲ ਹੁੰਦੇ ਹਨ।
ਹ. ਪੁ.––ਮ. ਕੋ. : 411 ; ਗ. ਇੰ. ਮੈ. ਪ. 75
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First