ਗੁੰਬਦ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cupola (ਕਯੂਪਅਲਅ) ਗੁੰਬਦ: ਧਰਤੀ ਦੇ ਅੰਦਰ ਬੈਥੋਲਿਥ (batholith) ਤੋਂ ਵੱਖਰੀ ਇਕ ਛੋਟੀ ਬੇਢੰਗੀ ਗੁੰਬਦ ਵਰਗੀ ਅਗਨੀ ਚਟਾਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਗੁੰਬਦ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dome (ਡਅਉਮ) ਗੁੰਬਦ: ਇਕ ਗੁੰਬਦ-ਨੁਮਾ ਅਰਧ-ਗੋਲਾਕਾਰ ਆਕ੍ਰਿਤੀ ਜਿਸ ਦਾ ਆਲਾ-ਦੁਆਲਾ ਨੀਵਾਂ ਹੁੰਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਗੁੰਬਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੰਬਦ [ਨਾਂਪੁ] ਮੰਦਰ ਮਸੀਤ ਜਾਂ ਕਿਲ੍ਹੇ ਆਦਿ ਦੀ ਛੱਤ ਦਾ ਉੱਪਰਲਾ ਗੋਲ਼ ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੰਬਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੰਬਦ ਫ਼ਾ
ਸੰਗ੍ਯਾ—ਬੁਰਜ। ੩ ਮੇਹਰਾਬ। ੪ ਸ਼ਗੂਫ਼ਾ। ੫ ਪਿਆਲਾ। ੬ ਆਸਮਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੰਬਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁੰਬਦ : ਉੱਚੀ, ਅੰਡਾਕਾਰ ਗੋਲ ਛੱਤ (ਮਹਿਰਾਬ) ਜਾਂ ਡਾਟਾਂ ਵਾਲੀ ਛੱਤ ਜੋ ਗੋਲ ਗੁੰਬਦ ਦੀ ਸ਼ਕਲ ਅਖ਼ਤਿਆਰ ਕਰ ਲੈਂਦੀ ਹੋਵੇ, ਗੁੰਬਦ ਅਖਵਾਉਂਦੀ ਹੈ। ਇਹ ਸ਼ਬਦ 18ਵੀਂ ਸਦੀ ਦੇ ਸ਼ੁਰੂ ਤੋਂ ਹੀ ਵਰਤੀਂਦਾ ਆ ਰਿਹਾ ਹੈ। ਇਹ ਲਾਤੀਨੀ ਸ਼ਬਦ domus ਅਰਥਾਤ ‘ਪੂਜਣ ਯੋਗ ਘਰ’ ਜਾਂ ‘ਉਪਾਸਨਾ ਸਥਾਨ’; ਇਤਾਲਵੀ ਭਾਸ਼ਾ ਦੇ ਸ਼ਬਦ duomo ਭਾਵ ‘ਗਿਰਜਾ ਘਰ’ ਤੋਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਸ਼ਬਦ 17ਵੀਂ ਸਦੀ ਵਿਚ ਸੰਘ, ਰਾਜ ਘਰਾਂ ਆਦਿ ਲਈ ਵੀ ਵਰਤਿਆ ਜਾਂਦਾ ਸੀ। ਇੱਟਾਂ ਅਤੇ ਪੱਥਰਾਂ ਨਾਲ ਅਜਿਹੀ ਗੋਲ ਛੱਤ ਬਣਾਉਣ ਦਾ ਇਤਿਹਾਸ ਕੋਈ ਬਹੁਤ ਪੁਰਾਣੀ ਗੱਲ ਨਹੀਂ।
ਇਰਾਕ ਦੇ ਇਕ ਸ਼ਹਿਰ ਨਿਨੇਵੇ ਦਿਆਂ ਸ਼ਿਲਾਲੇਖਾਂ ਤੋਂ ਪਤਾ ਚਲਦਾ ਹੈ ਕਿ ਸ਼ਾਇਦ ਅਸੀਰੀਆ ਦੇ ਪ੍ਰਾਚੀਨ ਵਾਸੀਆਂ ਨੇ ਅਜਿਹੀ ਛੱਤ ਬਣਾਉਣ ਵਿਚ ਕੁਝ ਕੋਸ਼ਿਸ਼ਾਂ ਕੀਤੀਆਂ ਹੋਣ ਪ੍ਰੰਤੂ ਉਨ੍ਹਾਂ ਦੇ ਕੋਈ ਖੰਡਰਾਤ ਨਹੀਂ ਮਿਲਦੇ। ਰੋਮ ਵਿਚ ਸਭ ਤੋਂ ਵੱਡਾ ਅਤੇ ਸੁੰਦਰ ਗੁੰਬਦ ਮਿਲਿਆ ਹੈ। ਇਹ ਸੰਨ 112 ਦਾ ਬਣਿਆ ਹੈ। ਇਸ ਤੋਂ ਮਗਰੋਂ ਚੌਥੀ ਜਾਂ ਪੰਜਵੀਂ ਸਦੀ ਈਸਵੀ ਦੇ ਕਈ ਨਮੂਨੇ ਈਰਾਨ ਦੇ ਸਾਰਵਿਸਤਾਨ ਅਤੇ ਫ਼ਿਰੋਜ਼ਾਬਾਦ ਵਿਚ ਮਿਲਦੇ ਹਨ। ਸਾਰਵਿਸਤਾਨ ਦੇ ਮਹਿਲਾਂ ਦੀ ਗੁੰਬਦ ਹੀ ਸ਼ਾਇਦ ਚਾਰ ਕੋਨੇ ਕਮਰੇ ਉੱਤੇ ਬਣੇ ਹੋਏ ਅਸਲ ਗੁੰਬਦ ਦਾ ਸਭ ਤੋਂ ਵੱਧੀਆ ਨਮੂਨਾ ਹੈ। ਮੁਸਲਿਮ ਇਮਾਰਤਕਾਰ ਜੋ ਖ਼ਾਸ ਕਰਕੇ ਮਕਬਰੇ, ਮਸੀਤਾਂ ਜਾਂ ਮਜ਼ਾਰਾਂ ਆਦਿ ਬਣਾਉਣ ਵਿਚ ਲੱਗੇ ਹੋਏ ਸਨ, ਉਹ ਬਹੁਤ ਜ਼ਿਆਦਾ ਬਾਜ਼ਨਤੀਨੀ ਪ੍ਰਭਾਵ ਹੇਠ ਸਨ। ਇਨ੍ਹਾਂ ਨੇ ਗੁੰਬਦ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ। ਸਪੇਨ ਅਤੇ ਉੱਤਰੀ ਅਫ਼ਰੀਕਾ ਦੀ ਗੁੰਬਦ ਸ਼ੈਲੀ ਬਾਜ਼ਨਤੀਨੀ ਲੀਹਾਂ ਤੇ ਮਿਸਰ, ਪਰਸ਼ੀਆ (ਈਰਾਨ), ਭਾਰਤ ਅਤੇ ਖ਼ਾਸ ਕਰਕੇ ਤੁਰਕੀ ਵਿਚ ਬਹੁਤ ਵਿਕਸਿਤ ਹੋਈ। ਆਗਰੇ ਦੇ ਨਫ਼ੀਸ ਤਾਜ ਮਹਿਲ (1632-50) ਉੱਪਰ ਇਕ ਗੰਢਲ ਜਾਂ ਗੰਢੇ ਦੀ ਸ਼ਕਲ ਦਾ ਗੁੰਬਦ ਬਣਿਆ ਹੋਇਆ ਹੈ ਜਿਸ ਦੀ ਉਤਪਤੀ ਸ਼ਾਇਦ ਇਸਲਾਮੀ ਪਰਸ਼ੀਆਂ ਤੋਂ ਹੋਈ ਹੋਵੇ। ਖੁਸਰੋ ਪਹਿਲੇ ਦੇ ਮਹਿਲ ਦੇ ਖੰਡਰ ਵੀ ਮਿਲਦੇ ਹਨ ਜਿਨ੍ਹਾਂ ਦੀਆਂ ਡਾਟਾਂ ਵਾਲੀਆਂ ਛੱਤਾਂ 29 ਮੀ. ਲਗਭਗ (95 ਫੁੱਟ) ਉੱਚੀਆਂ ਅਤੇ 25 ਮੀ. ਲਗਭਗ (83 ਫੁੱਟ) ਚੌੜੀਆਂ ਮਿਲਦੀਆਂ ਹਨ। ਬੀਜਾਪੁਰ ਵਿਚ ਮੁਹੰਮਦ ਅਲੀਸ਼ਾਹ ਦੇ ਮਕਬਰੇ ਉੱਤੇ ਦੁਨੀਆ ਦਾ ਸਭ ਤੋਂ ਵਿਸ਼ਾਲ ਗੁੰਬਦ ਬਣਿਆ ਹੋਇਆ ਹੈ। ਇਸ ਦੀ ਅੰਦਰਲੀ ਚੌੜਾਈ (41 ਮੀ. ਲਗਭਗ) 135 ਫੁੱਟ ਅਤੇ ਉਚਾਈ (54 ਮੀ. ਲਗਭਗ) 178 ਫੁੱਟ ਹੈ। ਇੱਟਾਂ ਦੇ ਰਦਿਆਂ ਅਤੇ ਮਸਾਲੇ ਵਿਚ ਜਮਾਕੇ ਬਣੇ ਇਸ ਗੁੰਬਦ ਦੀ ਮੋਟਾਈ ਲਗਭਗ (3 ਮੀ. ਲਗਭਗ) 10 ਫੁੱਟ ਹੈ।
ਭਿੰਨ ਭਿੰਨ ਸ਼ੈਲੀ ਦੇ ਗੁੰਬਦ ਚਿੱਤਰ ਵਿਚ ਵਿਖਾਏ ਗਏ ਹਨ।

1. ਯੋਰੋਸ਼ੂਲਮ ਦੀ ਚਟਾਨ ਦਾ ਗੁੰਬਦ, 7ਵੀਂ ਸਦੀ ਈਸਵੀ; 2. ਕੈਸਰੀਯ, ਅਨਾਤੋਲਿਆ 12ਵੀਂ ਸਦੀ ਈਸਵੀ; 3. ਸਮਰਕੰਦ, 14ਵੀਂ ਸਦੀ ਈਸਵੀ; 4. ਨਾਸਿਰੂਦੀਨ ਮੁਹੰਮਦ ਦਾ ਮਕਬਰਾ, ਦਿੱਲੀ, 1231 ਈਸਵੀ; 5. ਅਲਾਈ ਦਰਵਾਜਾ, ਦਿੱਲੀ, 1310 ਈਸਵੀ; 6. ਗਿਆਸੂਦੀਨ ਤੁਗ਼ਲਕ ਦਾ ਮਕਬਰਾ ਦਿੱਲੀ, 1325 ਈਸਵੀ; 7. ਮੁਹੰਮਦ ਸ਼ਾਹ ਸੱਯਦ ਦਾ ਮਕਬਰਾ, ਦਿੱਲੀ, 1444 ਈਸਵੀ; 8. ਲੋਧੀਆਂ ਦੇ ਮਕਬਰੇ, ਦਿੱਲੀ, 1500 ਈਸਵੀ; 9. ਰੁਕਨੇ ਆਲਮ ਦਾ ਮਕਬਰਾ, ਮੁਲਤਾਨ 1325 ਈਸਵੀ; 10. ਜਾਮਾ ਮਸਜਿਦ, ਜੌਨਪੁਰ, 1470 ਈਸਵੀ; 11. ਹੋਸ਼ੰਗ ਦਾ ਮਕਬਰਾ, ਮਾਂਡੂ, 1440 ਈਸਵੀ; 12. ਜਾਮਾ ਮਸਜਿਦ, ਗ਼ੁਲਬਰਗ, 1367 ਈਸਵੀ; 13. ਬੀਜਾਪੁਰੀ ਗੁੰਬਦ, 16ਵੀਂ ਸਦੀ ਈਸਵੀ; 14. ਹਮਾਯੂੰ ਦਾ ਮਕਬਰਾ, ਦਿੱਲੀ, 1564 ਈਸਵੀ; 15. ਖ਼ਾਨਖ਼ਾਨਾ ਦਾ ਮਕਬਰਾ ਦਿੱਲੀ, 1627 ਈਸਵੀ; 16. ਤਾਜ ਮਹਿਲ, ਆਗਰਾ, 1634 ਈਸਵੀਂ ਅਤੇ 17. ਸਫ਼ਦਰਜੰਗ ਦਾ ਮਕਬਰਾ, ਦਿੱਲੀ, 1853 ਈਸਵੀ।
ਹੌਲੀ ਹੌਲੀ ਮਸਜਿਦਾਂ ਅਤੇ ਮਕਬਰਿਆਂ ਦੇ ਰੂਪ ਵਿਚ ਸਾਰੇ ਭਾਰਤ ਵਿਚ ਗੁੰਬਦ ਫ਼ੈਲ ਗਏ ਅਤੇ ਉੱਤਰੀ ਭਾਰਤ ਵਿਚ ਤਾਂ ਮੰਦਰਾਂ ਵਿਚ ਵੀ ਇਨ੍ਹਾਂ ਦੀ ਰਚਨਾ ਸ਼ੁਰੂ ਹੋ ਗਈ। ਅੰਗਰੇਜ਼ਾਂ ਦੇ ਸਮੇਂ ਵਿਚ ਵੀ ਅਨੇਕਾਂ ਇਤਿਹਾਸਕ ਭਵਨਾਂ ਵਿਚ ਗੁੰਬਦ ਬਣਾਏ ਗਏ। ਪੱਛਮੀ ਦੇਸ਼ਾਂ ਵਿਚ ਵੀ ਗੁੰਬਦਾਂ ਦਾ ਉਪਯੋਗ ਅਨੇਕ ਪ੍ਰਮੁੱਖ ਗਿਰਜਾਘਰਾਂ ਦੀਆਂ ਛੱਤਾਂ ਵਿਚ ਹੋਇਆ ਹੈ। ਪੁਰਾਤਨ ਸਮੇਂ ਵਿਚ ਗੁੰਬਦਕਾਰ ਵਿਚਾਰਧਾਰਾਵਾਂ ਪੂਰਬ ਅਤੇ ਪੱਛਮ ਵਿਚ ਵਿਕਸਿਤ ਹੋਈਆਂ। ਪ੍ਰਾਚੀਨ ਰੋਮਨ ਸਲਤਨਤ ਵਿਚ ਗੁੰਬਦਾਂ ਦੀ ਵਰਤੋਂ ਸ਼ਹਿਨਸ਼ਾਹੀ ਤਾਕਤ ਅਤੇ ਧਰਮ ਪ੍ਰਚਾਰ ਵਿਚ ਪ੍ਰਤੀਕਾਂ ਵਜੋਂ ਵਧੇਰੇ ਕੀਤੀ ਜਾਂਦੀ ਸੀ। ਮੁਢਲੇ ਈਸਾਈ-ਕਾਲ ਵਿਚ ਇਨ੍ਹਾਂ ਦੀਆਂ ਬੇਸ਼ੁਮਾਰ ਮਿਸਾਲਾਂ ਮਿਲਦੀਆਂ ਹਨ। ਬੈਸਿਲਕਾ ਦੇ ਅਰਧ-ਗੋਲਾਕਾਰ ਮਹਿਰਾਬਦਾਰ ਉਪਰ ਇਕ ਅਰਧ ਗੁੰਬਦ ਜਾਂ ਬੁਰਜ ਹੁੰਦਾ ਸੀ ਜੋ ਕਿ ਅਰਸ਼ੀ ਸ਼ਕਤੀ ਅਤੇ ਇਕ ਪਾਦਰੀ ਦਾ ਮਕਬਰਾ ਵੀ ਸੀ। ਇਹ ਪੂਜਣਯੋਗ ਫ਼ਰਸ਼ ਹੇਠ ਦਬਿਆ ਹੁੰਦਾ ਸੀ। ਪਹਿਲੇ ਈਸਾਈ ਕਾਲ ਦੀ ਸਭ ਤੋਂ ਸੁੰਦਰ ਮਿਸਾਲ ਸ਼ਾਇਦ ਕਾਨਸਟੈਂਟੀਪੋਲ (ਕੁਸਤੁਨਤੁਨੀਆ) ਵਿਚਲੇ ‘ਹੋਲੀ ਵਿਜ਼ਡਮ’ ਦੇ ਗਿਰਜੇ ਉੱਪਰ ਹੈ। ਪੱਛਮ ਦੇ ਮਗਰਲੇ ਮੱਧਕਾਲ ਭਵਨ ਨਿਰਮਾਣ ਵਿਚ ਗੁੰਬਦਾਕਾਰ ਇਮਾਰਤਾਂ ਦੀ ਵਰਤੋਂ ਵਿਜੈਨਟਾਈਨਜ਼ ਨਾਲੋਂ ਕਾਫ਼ੀ ਘੱਟ ਕੀਤੀ ਜਾਂਦੀ ਰਹੀ। ਬਹੁਤ ਸਾਰੇ ਢੰਗਾਂ ਜਿਵੇਂ ਅਰਸ਼ੀ, ਪਵਿੱਤਰ ਰਾਇਲ ਅਤੇ ਦਫ਼ਨਾਉਣ ਆਦਿ ਵਿਚਾਰ ਜਿਹੜੇ ਕਿ ਗੁੰਬਦਾਕਾਰ ਸ਼ਕਲ ਦੁਆਲੇ ਕੇਂਦਰਿਤ ਸਨ, ਸੁਰੱਖਿਅਤ ਰੱਖੇ ਗਏ। ਗਾੱਥਿਕ ਚਰਚ ਦੀਆਂ ਮਹਿਰਾਬਾਂ ਨੀਲੇ ਰੰਗ ਨਾਲ ਪੇਂਟ ਕੀਤੀਆਂ ਜਾਂਦੀਆਂ ਸਨ ਅਤੇ ਇਨ੍ਹਾਂ ਵਿਚ ਸੁਨਿਹਰੀ ਤਾਰੇ ਵੀ ਲਾਏ ਜਾਂਦੇ ਹਨ।
ਪੁਨਰ-ਜਾਗਰਤੀ ਕਾਲ ਵਿਚ ਗੁੰਬਦ––ਇਸ ਕਾਲ ਵਿਚ ਇਮਾਰਤਕਾਰਾਂ ਨੇ ਗੁੰਬਦ ਬਣਾਉਣ ਦੀ ਇਕ ਨਵੀਂ ਵਿਉਂਤ ਬਣਾਈ ਹੈ। ਬਾਹਰੀ ਦ੍ਰਿਸ਼ ਪ੍ਰਭਾਵ ਪ੍ਰਾਪਤ ਕਰਨ ਲਈ ਅੰਦਰੂਨੀ ਗੁੰਬਦ ਦੀ ਰਚਨਾ ਕਰਨ ਦੀ ਥਾਂ ਇਨ੍ਹਾਂ ਨੇ ਅਕਸਰ ਸਮਕਾਲੀ ਕੇਂਦਰੀ ਸ਼ੈੱਲਾਂ ਦੀਆਂ ਦੋ ਜਾਂ ਦੋ ਤੋਂ ਵੱਧ ਤਹਿਆਂ ਦੇ ਗੁੰਬਦ ਬਣਾਏ। ਇਹ ਸਿਧਾਂਤ ਫਲੋਰੈਂਸ ਦੇ ਕੈਥੀਡ੍ਰੀਨ ਦੇ ਗੁੰਬਦ ਵਿਚ ਬੈਰੂਨੇਲਸੀ ਦੁਆਰਾ ਸ਼ੁਰੂ ਕੀਤਾ ਗਿਆ। ਇਸ ਤੋਂ ਮਗਰੋਂ ਰੋਮ ਦੇ ਸੇਂਟ ਪੀਟਰਜ਼ ਗਿਰਜੇ ਵਿਚ ਮਾਈਕਲੈਂਜਲੋ ਨੇ ਵੀ ਇਸੇ ਸਿਧਾਂਤ ਨੂੰ ਅਪਣਾਇਆ। ਇਨ੍ਹਾਂ ਦੋਹਾਂ ਵਿਚ ਸ਼ੈੱਲ ਪੱਥਰ ਦੇ ਥੰਮ੍ਹਾਂ ਦੁਆਰਾ ਜੋੜੇ ਅਤੇ ਪੱਕੇ ਕੀਤੇ ਗਏ ਸਨ। ਪੁਨਰ-ਜਾਗਰਤੀ ਕਾਲ ਦੇ ਗੁੰਬਦਾਂ ਦਾ ਬਾਹਰਲਾ ਹਿੱਸਾ ਇਸ ਤਰ੍ਹਾਂ ਦੀ ਲੱਕੜ ਦੀ ਮੁੜਵੀਂ ਛੱਤ ਹੁੰਦੀ ਸੀ ਜਿਹੜੀ ਕਿ ਇੱਟਾਂ ਦੇ ਬਣੇ ਅੰਦਰਲੇ ਗੁੰਬਦ ਉਪਰ ਬਣਾਈ ਜਾਂਦੀ ਸੀ। ਅਜਿਹੀ ਛੱਤ ਵੀਨਸ ਦੇ ਮੇਰੀਆ ਡੈਲਾ ਸੈਲੂਟ ਅਤੇ ਲੰਡਨ ਦੇ ਸੇਂਟ ਪਾਲ ਗਿਰਜੇ ਵਿਚ ਬਣਾਈ ਹੋਈ ਹੈ। ਸੇਂਟ ਪਾਲ ਵਿਚਲੇ ਗੁੰਬਦ ਵਿਚ ਤਿੰਨ ਸ਼ੈੱਲ ਹਨ। ਬਾਹਰਲਾ ਸ਼ੈੱਲ ਲੱਕੜੀ ਦੀ ਛੱਤ, ਅੰਦਰਲਾ ਭਾਗ ਅਰਧ-ਗੋਲਾਕਾਰ ਅਤੇ ਇਨ੍ਹਾਂ ਵਿਚਲੇ ਇਕ ਕੋਨ ਅਕਾਰ ਰਚਨਾ ਸੀ।

ਆਧੁਨਿਕ ਕਾਲ ਦੇ ਗੁੰਬਦ––18ਵੀਂ ਸਦੀ ਵਿਚ ਪੁਨਰ-ਜਾਗਰਤੀ ਕਾਲ ਦੇ ਗੁੰਬਦ ਬਣਾਉਣ ਦੀਆਂ ਤਕਨੀਕਾਂ ਵਿਚ ਸੁਧਾਰ ਜਾਰੀ ਰਹੇ। ਇਸ ਦੀ ਇਕ ਵਿਸ਼ੇਸ਼ ਉਦਾਹਰਣ ਪੈਰਿਸ ਵਿਚ ਪੈਥੀਅਨ ਦਾ ਜਰਮੇਨ ਸੂਫੋ ਦਾ ਗੁੰਬਦ ਹੈ ਜੋ 1757-1812 ਵਿਚ ਬਣਿਆ। ਉਨ੍ਹੀਵੀਂ ਸਦੀ ਦਰਮਿਆਨ ਪੁਨਰ-ਜਾਗਰਤੀ ਕਾਲ ਦੇ ਸਿਧਾਂਤ ਹੌਲੀ ਹੌਲੀ ਛੱਡ ਦਿੱਤੇ ਗਏ ਅਤੇ ਲੋਹੇ ਅਤੇ ਸਟੀਲ ਦੇ ਗਾਰਡਰਾਂ ਨੂੰ ਉੱਤਮ ਸਮਝਿਆ ਜਾਣ ਲੱਗਾ। ਇਹ ਕੋਈ ਅਸਲੀ ਡਾਟਾਂ ਜਾਂ ਮਹਿਰਾਬਾਂ ਨਹੀਂ ਸਨ ਪਰ ਸ਼ੁਰੂ ਸ਼ੁਰੂ ਵਿਚ ਇਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਰਿਹਾ ਕਿ ਇਨ੍ਹਾਂ ਤੋਂ ਪੁਰਾਣਾ ਪ੍ਰਭਾਵ ਵਿਖਾਈ ਦੇਵੇ। ਸੰਯੁਕਤ ਰਾਜ ਅਮਰੀਕਾ ਦੀ ਸੰਸਦ ਭਵਨ ਦੇ ਗੁੰਬਦ ਵਿਚ ਸੇਂਟ ਪੀਟਰਜ਼ ਅਤੇ ਸੇਂਟ ਪਾਲ ਦੇ ਗਿਰਜਿਆਂ ਦੇ ਗੁੰਬਦਾਂ ਦੀ ਨਕਲ ਕੀਤੀ ਗਈ ਹੈ। ਇਹ ਟਾਮਸਯੂ ਵਾਲਟਰ ਦੁਆਰਾ 1851-65 ਵਿਚ ਬਣਾਇਆ ਗਿਆ ਸੀ। ਅਜਿਹੇ ਗੁੰਬਦਾਂ ਦਾ ਮੁਢਲਾ ਕਾਰਜ ਅੰਦਰੂਨੀ ਜਗ੍ਹਾ ਬਹੁਤ ਖੁੱਲ੍ਹੀ ਮੁਹੱਈਆ ਕਰਨਾ ਹੈ ਨਾ ਕਿ ਕਿਸੇ ਖਾਸ ਪ੍ਰਤੀਕਵਾਦ ਨੂੰ ਬਣਾਈ ਰੱਖਣਾ। ਭਵਨ ਨਿਰਮਾਣਕਾਰ ਪ੍ਰਕਾਸ਼ ਅਤੇ ਹਵਾਦਾਰ ਪ੍ਰਭਾਵਾਂ ਦੇ ਨਾਲ ਨਾਲ ਸ਼ੀਸ਼ੇ ਅਤੇ ਸਟੀਲ ਦੇ ਮਿਲਣ ਦਾ ਪੂਰਾ ਪੂਰਾ ਲਾਭ ਉਠਾ ਸਕਦੇ ਹਨ, ਅਜਿਹੀ ਗੁੰਬਦ ਰਚਨਾ ਦੀ ਅਸਲ ਮਿਸਾਲ ਕ੍ਰਿਸਟਲ ਪੈਲੇਸ ਲਈ ਵਿਉਂਤੇ ਗੁੰਬਦ ਤੋਂ ਮਿਲਦੀ ਹੈ। ਇਹ ਗੁੰਬਦ ਸੰਨ 1851 ਵਿਚ ਲੰਡਨ ਵਿਖੇ ਲੱਗੀ ਮਹਾਨ ਪ੍ਰਦਰਸ਼ਨੀ ਲਈ ਸਰ ਜੋਜ਼ਫ ਪੈਕਸਟਨ ਦੁਆਰਾ ਤਿਆਰ ਕਰਵਾਇਆ ਗਿਆ ਭਾਵੇਂ ਇਹ ਮੁਕੰਮਲ ਤਾਂ ਨਹੀਂ ਹੋ ਸਕਿਆ। ਪਰ ਇਸ ਦੁਆਰਾ ਗੁੰਬਦਾਕਾਰ ਪ੍ਰਦਰਸ਼ਿਤ ਇਮਾਰਤਾਂ ਲਈ ਇਕ ਮਿਸਾਲ ਕਾਇਮ ਹੋ ਗਈ। ਇਹ 20ਵੀਂ ਸਦੀ ਤੱਕ ਜਾਰੀ ਰਹੀ।

ਜਿਉਂ ਜਿਉਂ 20ਵੀਂ ਸਦੀ ਦਾ ਵਿਕਾਸ ਹੋਇਆ, ਗੁੰਬਦ ਸੰਰਚਨਾ ਲਈ ਨਵੀਂ ਨਵੀਂ ਸਮਗਰੀ ਅਤੇ ਨਵੀਂ ਕਿਸਮ ਦੀ ਰਚਨਾ ਲਈ ਗੁੰਬਦ ਇਕ ਹਰਮਨ ਪਿਆਰੀ ਇਮਾਰਤਕਾਰੀ ਕਲਾ ਬਣ ਗਈ। ਇਨ੍ਹਾਂ ਵਿਚੋਂ ਸਭ ਤੋਂ ਉੱਤਮ ਕਿਸਮ ਹਵਾ ਭਰੇ ਗੁਬਾਰੇ ਉਪਰ ਕੰਕਰੀਟ ਦੀ ਸਪ੍ਰੇ ਕਰਨ ਨਾਲ ਗੁੰਬਦਾਕਾਰ ਸ਼ਕਲ ਦੀ ਘਾੜਤ (ਬਣਤਰ) ਸੀ। ਇਕ ਹੋਰ ਕਿਸਮ ਦੀ ਰਚਨਾ ਜੀਓ ਡੈਸਿਕ ਸੀ। ਇਸ ਵਿਚ ਐਲੂਮਿਨੀਅਮ ਦੇ ਪਤਲੇ ਸਟਰਿਪ ਜਾਂ ਹਵਾਹੀ ਜਹਾਜ਼ ਦੀਆਂ ਟਿਊਬਾਂ ਦਾ ਗ੍ਰਿਡ ਸੀ। ਇਸ ਰਾਹੀਂ ਗੁੰਬਦਾਕਾਰ ਸੰਰਚਨਾਵਾਂ ਨੂੰ ਵੱਡੇ ਸਪੈਨ ਅਤੇ ਸ਼ਕਤੀ ਨਾਲ ਜੋੜਿਆ ਜਾਂਦਾ ਸੀ ਜੋ ਅਸਲ ਵਿਚ ਬਹੁਤ ਹੀ ਹਲਕੀਆਂ ਹੁੰਦੀਆਂ ਸਨ। ਇਕ ਪਤਲਾ 49ਮੀ. ਲਗਭਗ (160 ਫੁੱਟ) ਸਪੈਨ ਵਾਲਾ ਕੰਕਰੀਟ ਗੁਬੰਦ ਸੰਨ 1955 ਵਿਚ ਈਰੋ ਸਾਹੀਨੈਨ ਦੁਆਰਾ ਮੈਸਾਚੂਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਵਾਸਤੇ ਬਣਾਇਆ ਗਿਆ ਸੀ।
ਹ. ਪੁ.––ਹਿੰ. ਵਿ. ਕੋ. 3 : 426; ਐਨ. ਬ੍ਰਿ. 7 : 562
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no
ਗੁੰਬਦ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੰਬਦ, (ਫ਼ਾਰਸੀ : ਗੁੰਬਦ,
) \ ਇਸਤਰੀ ਲਿੰਗ \ ਪੁਲਿੰਗ : ਗੁੰਬਜ, ਮਸੀਤ, ਮੰਦਰ ਆਦਿ ਦੀ ਉਤਲੀ ਗੋਲ ਛੱਤ
–ਗੁੰਬਦ ਦੀ ਆਵਾਜ਼, ਇਸਤਰੀ ਲਿੰਗ : ੧. ਗੂੰਜ, ਉਹ ਆਵਾਜ਼ ਜੋ ਗੁੰਬਦ ਵਿੱਚ ਹਾਕ ਮਾਰੇ ਤੋਂ ਥੋੜੀ ਦੇਰ ਬਾਦ ਸੁਣਾਈ ਦੇਵੇ; ੨. ਜੇਹਾ ਕਹਿਣਾ ਤੇਹਾ ਸੁਣਨਾ
–ਗੁੰਬਦ ਦਾਰ, ਵਿਸ਼ੇਸ਼ਣ : ਗੁੰਬਦ ਵਾਲਾ, ਜਿਸ ਦੇ ਉੱਤੇ ਗੁੰਬਦ ਹੋਵੇ : ‘ਬੁਰਜ ਉਚੇਰੇ ਗੁੰਬਦਦਾਰਾਂ ਚਸ਼ਮੇਂ ਪਾਣੀ ਵਾਲੇ’ (ਸੈਫੁਲਮੁਲੂਕ ੧੫੭)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 12, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-16-03-59-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First