ਗੁਰੂ ਨਾਨਕ ਦੇਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਨਾਨਕ ਦੇਵ (1469–1539): ਗੁਰੂ ਨਾਨਕ ਦੇਵ ਸਿੱਖ ਮਤ ਦੇ ਬਾਨੀ ਸਨ। ਉਹਨਾਂ ਦਾ ਜਨਮ ਵੰਡ ਮਗਰੋਂ ਪਾਕਿਸਤਾਨ ਵਿੱਚ ਰਹਿ ਗਏ ਸ਼ੇਖੂਪੁਰਾ ਜ਼ਿਲ੍ਹੇ ਦੇ ਨਗਰ ਰਾਏ ਭੋਏ ਦੀ ਤਲਵੰਡੀ ਵਿੱਚ 15 ਅਪ੍ਰੈਲ 1469 ਨੂੰ ਹੋਇਆ। ਉਹਨਾਂ ਦੀ ਯਾਦ ਵਿੱਚ ਨਗਰ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਇਸੇ ਨਾਂ ਨਾਲ ਇਹ ਸਾਰੇ ਜਗਤ ਵਿੱਚ ਜਾਣਿਆ ਜਾਂਦਾ ਹੈ।

     ਮੁੱਢ ਤੋਂ ਹੀ ਗੁਰੂ ਸਾਹਿਬ ਨਿਰਲੇਪ ਤਬੀਅਤ ਦੇ ਸਨ। ਉਹ ਸੰਸਾਰਕ ਜ਼ੁੰਮੇਵਾਰੀਆਂ ਤੋਂ ਮੁਨਕਰ ਤਾਂ ਨਹੀਂ ਸਨ, ਪਰ ਇਹਨਾਂ ਦੀ ਪੂਰਤੀ ਨੂੰ ਜੀਵਨ ਦਾ ਉਦੇਸ਼ ਮੰਨਣਾ, ਉਹਨਾਂ ਨੂੰ ਬਚਪਨ ਤੋਂ ਹੀ ਨਹੀਂ ਸੀ ਭਾਉਂਦਾ। ਰਵਾਇਤੀ ਵਿੱਦਿਆ ਨੂੰ ਵੀ ਉਹ ਤੁੱਛ ਹੀ ਜਾਣਦੇ ਸਨ, ਪੱਟੀ ਨਾਮ ਦੀ ਉਹਨਾਂ ਦੀ ਰਚਨਾ ਤੋਂ ਇਹ ਭਲੀਭਾਂਤ ਪ੍ਰਤੱਖ ਹੋ ਜਾਂਦਾ ਹੈ। ਤਦ ਵੀ ਧਰਮਾਂ, ਅਧਿਆਤਮਾ, ਵੇਦਾਂ, ਸ਼ਾਸਤਰਾਂ, ਵਿਭਿੰਨ ਮਤਾਂ ਵਿੱਚ ਗੁੜ੍ਹ ਕੇ ਉਹਨਾਂ ਆਪਣੀ ਭੈਣ, ਨਾਨਕੀ ਦੇ ਸਹੁਰੇ ਨਗਰ ਵਿੱਚ ਮੋਦੀਖ਼ਾਨੇ ਦੀ ਨੌਕਰੀ ਕਰ ਲਈ। ਇਸ ਵੇਲੇ ਤੱਕ ਸੁਲੱਖਣੀ ਨਾਮ ਦੀ ਕੰਜਕ ਨਾਲ ਉਹਨਾਂ ਦੀ ਸ਼ਾਦੀ ਵੀ ਹੋ ਚੁੱਕੀ ਸੀ। ਉਸ ਦੇ ਗਰਭ ਤੋਂ ਸ੍ਰੀ ਚੰਦ ਤੇ ਲਖਮੀ ਦਾਸ ਦੋ ਬੇਟੇ ਵੀ ਜਨਮ ਲੈ ਚੁੱਕੇ ਸਨ।

     ਇਹ ਰੁਝੇਵੇਂ, ਬੰਧਨ, ਇਹਨਾਂ ਨਾਲ ਜੁੜੀਆਂ ਜ਼ੁੰਮੇਵਾਰੀਆਂ, ਗੁਰੂ ਨਾਨਕ ਦੇਵ ਲਈ ਜੀਵਨ ਦਾ ਮੁੱਖ ਉਦੇਸ਼ ਨਹੀਂ ਸਨ। ਉਹਨਾਂ ਦਾ ਮੁੱਖ ਉਦੇਸ਼ ਤਾਂ ਭੁੱਲੀ ਭਟਕੀ, ਕੁਰਾਹੇ ਪਈ, ਦੇਸੀ ਰਾਜਿਆਂ ਦੇ ਜਬਰ ਅਤੇ ਵਿਦੇਸ਼ੀ ਜਰਵਾਣਿਆਂ ਦੇ ਜ਼ੁਲਮ ਤੋਂ ਆਤੁਰ ਹੋਈ ਲੋਕਾਈ ਨੂੰ ਸੱਚ ਦਾ ਮਾਰਗ ਦਰਸਾਉਣਾ ਸੀ। ਇਸ ਪ੍ਰਯਾਸ ਦੀ ਪੂਰਤੀ ਖ਼ਾਤਰ ਉਹ ਸੰਸਾਰ-ਰਟਨ `ਤੇ ਨਿਕਲ ਪਏ। ਉੱਤਰ, ਪੂਰਬ, ਪੱਛਮ ਤੇ ਦੱਖਣ ਦੀਆਂ ਦਿਸ਼ਾਵਾਂ ਵਿੱਚ ਉਹਨਾਂ ਦੂਰ-ਦੂਰ ਤੱਕ ਰਟਨ ਕੀਤਾ। ਇਸ ਨੂੰ ਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਕਰ ਕੇ ਜਾਣਿਆ ਜਾਂਦਾ ਹੈ। ਇਹਨਾਂ ਉਦਾਸੀਆਂ ਦੌਰਾਨ ਉਹਨਾਂ ਨੂੰ ਵਿਚਿੱਤਰ ਅਨੁਭਵ ਪ੍ਰਾਪਤ ਹੋਏ। ਜੋਗੀਆਂ, ਨਾਥਾਂ, ਬ੍ਰਾਹਮਣਾਂ, ਮੌਲਾਨਿਆਂ, ਬੋਧੀਆਂ, ਜੈਨੀਆਂ ਅਤੇ ਤਪੀਆਂ ਨਾਲ ਉਹਨਾਂ ਦੇ ਸੰਵਾਦ ਚੱਲੇ। ਉਹਨਾਂ ਦਾ ਭਰਪੂਰ ਵਿਵੇਚਨ ਸਿੱਧ ਗੋਸ਼ਟਿ ਆਦਿ ਰਚਨਾਵਾਂ ਵਿੱਚ ਦਰਜ ਹੈ।

     ਇਹਨਾਂ ਸੰਵਾਦਾਂ ਰਾਹੀਂ ਗੁਰੂ ਸਾਹਿਬ ਨੇ ਧਰਮ-ਕਾਂਡਾਂ, ਰੀਤੀ-ਰਿਵਾਜਾਂ, ਵਹਿਮਾਂ-ਭਰਮਾਂ, ਜਾਤਾਂ-ਪਾਤਾਂ ਆਦਿ ਨੂੰ ਨਿਰਮੂਲ ਤੇ ਨਿਰਾਧਾਰ ਸਿੱਧ ਕਰ ਦਿੱਤਾ। ਉਹਨਾਂ ਦਾ ਸੰਵਾਦ ਕਰਨ ਦਾ ਢੰਗ ਬੜਾ ਮੌਲਿਕ ਤੇ ਵਿਚਿੱਤਰ ਸੀ। ਮਾਣਤਾਵਾਂ, ਸਥਾਪਨਾਵਾਂ, ਕੂੜਾਂ-ਕਵਾੜਾਂ ਨੂੰ ਉਖਾੜਣ ਖ਼ਾਤਰ ਉਹ ਓਦੋਂ ਤੱਕ ਸਵਾਲ ਉਠਾਂਦੇ ਚਲੇ ਜਾਂਦੇ ਸਨ, ਜਦੋਂ ਤਕ ਪ੍ਰਤਿਦ੍ਵੰਦੀ ਇਹ ਪ੍ਰਵਾਨ ਨਾ ਕਰ ਲਏ ਕਿ ਉਸ ਦੇ ਝੂਠੇ ਦਾਅਵਿਆਂ ਵਿੱਚ ਕੋਈ ਦਮ ਨਹੀਂ। ਇਸ ਢੰਗ ਨਾਲ ਹੀ ਉਹਨਾਂ ਹਿੰਦੂਆਂ, ਮੁਸਲਮਾਨਾਂ ਤੇ ਜੋਗੀਆਂ ਨੂੰ ਇਹ ਦਰਸਾਇਆ ਹੀ ਨਹੀਂ, ਸਗੋਂ ਇਸ ਤੇ ਕਾਇਲ ਵੀ ਕਰ ਲਿਆ ਕਿ :

ਹਿੰਦੂ ਕੇ ਘਰ ਹਿੰਦੂ ਆਵੈ॥

ਸੂਤੁ ਜਨੇਊ ਪੜਿ ਗਲ ਪਾਵੈ॥

ਸੂਤੁ ਪਾਇ ਕਰੇ ਬੁਰਿਆਈ॥

ਨਾਤਾ ਧੋਤਾ ਥਾਇ ਨਾ ਪਾਈ॥

ਮੁਸਲਮਾਨ ਕਰੇ ਵਡਿਆਈ॥

ਵਿਣੁ ਗੁਰ ਪੀਰੈ ਕੋ ਥਾਇ ਨਾ ਪਾਈ॥

ਗਹੁ ਦਸਾਇ ਉਥੈ ਕੋ ਜਾਇ॥

ਕਰਣੀ ਬਾਝਹੁ ਭਿਸਤਿ ਨਾ ਪਾਈ॥

ਜੋਗੀ ਕੇ ਘਰ ਜੁਗਤ ਦਸਾਈ॥

ਤਿਤੁ ਕਾਰਣਿ ਕਨਿ ਮੁਦ੍ਰਾਂ ਪਾਈ॥

ਮਦ੍ਰਾਂ ਪਾਇ ਫਿਰੈ ਸੰਸਾਰ॥

          ਜਿਥੇ ਕਿਥੈ ਸਿਰਜਣਹਾਰ॥

     ਫਲਸਰੂਪ ਉਹਨਾਂ ਦੀ ਬਾਣੀ ਹੋਂਦ ਵਿੱਚ ਆਈ, ਜੋ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਸਿੱਧ ਹੋਈ। ਆਪਣੀ ਕਾਵਿ-ਭਾਸ਼ਾ ਨੂੰ ਉਹਨਾਂ ਲੋਕ-ਕੰਠ ਦੀ ਬੋਲੀ ਤੱਕ ਸੀਮਤ ਤਾਂ ਨਾ ਰੱਖਿਆ, ਪਰੰਤੂ ਇਸ ਤੋਂ ਬਿਲਕੁਲ ਨਿਖੜਣ ਵੀ ਨਾ ਦਿੱਤਾ। ਇਸ ਪ੍ਰਕਾਰ ਜਿਸ ਸਰੋਦੀ ਮੁਹਾਵਰੇ ਰਾਹੀਂ ਸ਼ੇਖ਼ ਫ਼ਰੀਦ ਨੇ ਪੰਜਾਬੀ ਭਾਸ਼ਾ ਦੇ ਲਿਖਤੀ ਰੂਪ ਦੀ ਨੀਂਹ ਰੱਖੀ, ਉਸ ਨੂੰ ਗੁਰੂ ਸਾਹਿਬ ਨੇ ਕਿਤੇ ਵਿਸ਼ਾਲ, ਗੰਭੀਰ ਅਤੇ ਪੇਚੀਦਾ ਕਰ ਦਿੱਤਾ। ਸੰਸਕ੍ਰਿਤ, ਪ੍ਰਾਕ੍ਰਿਤ, ਸਿੰਧੀ, ਅਰਬੀ ਅਤੇ ਫ਼ਾਰਸੀ ਤੋਂ ਸ਼ਬਦਾਵਲੀ ਗ੍ਰਹਿਣ ਕਰ ਕੇ ਉਹਨਾਂ ਨੇ ਅਜਿਹਾ ਪ੍ਰਾਕਰਮ ਕੀਤਾ। ਉੱਪਰੀ ਸ਼ਬਦਾਵਲੀ ਨੂੰ ਉਹਨਾਂ ਤਤਸਮ ਰੂਪ ਵਿੱਚ ਵੀ ਗ੍ਰਹਿਣ ਕੀਤਾ, ਜਿੱਥੇ ਉਸ ਦੇ ਮੂਲ ਰੂਪ ਵਿੱਚ ਜੋੜ ਤੇ ਉਚਾਰ ਨੂੰ ਬਦਲਣ ਦੀ ਲੋੜ ਨਹੀਂ ਸੀ। ਵਧੇਰੇ ਕਰ ਕੇ ਉਹਨਾਂ ਇਹ ਪ੍ਰਯਾਸ ਤਦਭਵ ਰੂਪ ਵਿੱਚ ਸਰਅੰਜ਼ਾਮ ਦਿੱਤਾ, ਜਿੱਥੇ ਉਹਨਾਂ ਦੇ ਜੋੜਾਂ ਤੇ ਉਚਾਰ ਨੂੰ ਪੰਜਾਬੀ, ਭਾਵ ਲੋਕ-ਕੰਠ ਦੀ ਬੋਲੀ ਅਨੁਸਾਰ ਢਾਲਣਾ ਲਾਜ਼ਮੀ ਸੀ। ਇਸ ਤਰ੍ਹਾਂ ਪੰਜਾਬੀ ਅਜਿਹੀ ਭਾਸ਼ਾ ਹੋ ਨਿਬੜੀ, ਜਿਸ ਵਿੱਚ ਸਰੋਦੀ ਕਾਵਿ ਰਾਹੀਂ ਧਾਰਮਿਕ ਤੇ ਆਚਰਨਿਕ ਸਿੱਖਿਆ ਦਿੱਤੀ ਜਾ ਸਕਦੀ ਸੀ। ਦਾਰਸ਼ਨਿਕ ਤੇ ਅਧਿਆਤਮਿਕ ਸੰਵਾਦ ਰਚਾਇਆ ਜਾ ਸਕਦਾ ਸੀ। ਸਮਾਜਿਕ ਵਰਤਾਰੇ, ਰਾਜਸੀ ਉਪੱਦਰ ਦੀ ਆਲੋਚਨਾ ਕੀਤੀ ਜਾ ਸਕਦੀ ਸੀ। ਉਚੇਰੇ ਬੁੱਧ-ਵਿਵੇਕ ਦੇ ਵਿਚਾਰਾਂ ਤੇ ਭਾਵਾਂ ਨੂੰ ਵਿਅਕਤ ਕੀਤਾ ਜਾ ਸਕਦਾ ਸੀ। ਇਸ ਸੰਬੰਧ ਵਿੱਚ ਸੰਤ ਸਿੰਘ ਸੇਖੋਂ ਦੀ ਧਾਰਨਾ ਹੈ ਕਿ “ਬਹੁਤ ਅਜਿਹੀ ਸ਼ਬਦਾਵਲੀ ਜੋ ਸਾਡੀ ਆਧੁਨਿਕ, ਸਾਹਿਤਿਕ ਤੇ ਸਮਾਜਿਕ ਆਲੋਚਨਾ ਜਾਂ ਹੋਰ ਸਮਾਜਿਕ ਪ੍ਰਕਰਨਾਂ, ਰਾਜਸੀ, ਵਿਗਿਆਨ, ਦਾਰਸ਼ਨਿਕ ਆਦਿ ਵਿੱਚ ਵਰਤੀ ਜਾਂਦੀ ਹੈ, ਗੁਰੂ ਨਾਨਕ ਰਾਹੀਂ ਹੀ ਪੰਜਾਬੀ ਸ਼ਬਦ-ਸ਼ੈਲੀ ਦਾ ਭਾਗ ਬਣੀ ਹੈ।"

     ਲਿਖਤੀ ਰੂਪ ਵਿੱਚ ਵਿਸ਼ਾਲ ਤੇ ਗੰਭੀਰ ਆਕਾਰ ਗ੍ਰਹਿਣ ਕਰ ਗਈ, ਇਸ ਭਾਸ਼ਾ ਨੂੰ ਗੁਰੂ ਸਾਹਿਬ ਨੇ ਤਿੰਨ ਪ੍ਰਮੁੱਖ ਸ਼ੈਲੀਆਂ ਵਿੱਚ ਢਾਲਣ ਦਾ ਪ੍ਰਯਤਨ ਕੀਤਾ। ਪਹਿਲੀ ਸੀ ਸਰੋਦੀ ਸ਼ੈਲੀ, ਜਿਸ ਵਿੱਚ ਪ੍ਰਾਕ੍ਰਿਤ ਤੋਂ ਲਈ ਗਈ ਸ਼ਬਦਾਵਲੀ ਤਦਭਵ ਤਰ੍ਹਾਂ ਦੀ ਤਬਦੀਲੀ ਵਿੱਚ ਪੈ ਕੇ ਬੜਾ ਮਨੋਹਰ ਪ੍ਰਭਾਵ ਸਿਰਜਦੀ ਹੈ। ਅਕਾਲ ਪੁਰਖ ਲਈ ਪ੍ਰੇਮ-ਭਾਵ ਤੇ ਭਗਤੀ-ਭਾਵ ਪ੍ਰਗਟ ਕਰਨ ਲਈ ਇਹ ਸ਼ੈਲੀ ਬੜਾ ਕਾਰਗਰ ਮਾਧਿਅਮ ਸੀ। ਸ਼ੇਖ਼ ਫ਼ਰੀਦ ਦੀ ਕਿਰਪਾ ਨਾਲ ਲਿਖਤੀ ਰੂਪ ਧਾਰ ਗਈ ਮੁਲਤਾਨੀ ਬੋਲੀ ਜਦ ਇਸ ਵਿੱਚ ਆ ਰਲਦੀ ਹੈ ਤਾਂ ਇਸਦਾ ਪ੍ਰਭਾਵ ਭਾਰਤੀ ਜਾਂ ਪੂਰਬੀ ਨਹੀਂ ਰਹਿੰਦਾ। ਇਹ ਪੰਜਾਬੀ ਬਣ ਜਾਂਦਾ ਹੈ, ਜਿਸ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਪਤੀ ਅਤੇ ਆਤਮਾ ਨੂੰ ਪਤਨੀ ਜਾਣ ਵਿਛੋੜੇ, ਤਾਂਘ, ਦਰਦ ਅਤੇ ਅਨੰਦ ਦੇ ਭਾਵਾਂ ਨੂੰ ਪ੍ਰਗਟ ਕੀਤਾ ਹੈ।

     ਦੂਜੀ ਸ਼ੈਲੀ ਸਾਧ-ਭਾਖਾ ਵਾਲੀ ਹੈ, ਸਿੱਧ ਗੋਸ਼ਟਿ, ਦੱਖਣੀ ਓਅੰਕਾਰੇ, ਰਾਗ ਗਉੜੀ, ਰਾਮਕਲੀ ਤੇ ਮਾਰੂ ਵਿੱਚ ਵਰਤੀ ਹੈ। ਇਸ ਨੂੰ ਉਹਨਾਂ ਧਾਰਮਿਕ ਤੇ ਅਧਿਆਤਮਿਕ ਵਿਚਾਰਾਂ ਦੇ ਪ੍ਰਗਟਾਉ ਲਈ ਵਰਤਿਆ। ਕਿਉਂਕਿ ਗੁਰੂ ਸਾਹਿਬ ਲਈ ਪਰਮਾਤਮਾ ਨਾਲ ਮੇਲ ਪ੍ਰੇਮ-ਭਾਵ, ਭਗਤੀ-ਭਾਵ ਦੇ ਨਾਲ ਗਿਆਨ-ਭਾਵ ਰਾਹੀਂ ਵੀ ਉਚਿਤ ਸੀ, ਇਸ ਲਈ ਇਹ ਸ਼ੈਲੀ ਵੀ ਉਹਨਾਂ ਦੇ ਹੱਥ ਵਿੱਚ ਨਿਰੋਲ ਪੂਰਬੀ ਜਾਂ ਭਾਰਤੀ ਨਹੀਂ ਰਹਿੰਦੀ। ਅਕਾਲ ਪੁਰਖ ਤਾਂ ਗੁਰੂ ਸਾਹਿਬ ਲਈ ਮਾਨਵੀ ਹਿੱਤ ਦਾ ਸਦੀਵੀ ਪ੍ਰਤੀਕ ਬਣ ਜਾਂਦਾ ਹੈ, ਜਿਸ ਨੂੰ ਸਮੂਰਤ ਕਰਨ ਹਿੱਤ ਇਹ ਸ਼ੈਲੀ ਡੂੰਘੀਆਂ ਕਦਰਾਂ-ਕੀਮਤਾਂ ਦਾ ਮਾਧਿਅਮ ਹੋ ਨਿਬੜਦੀ ਹੈ।

     ਗੁਰੂ ਸਾਹਿਬ ਦੀ ਤੀਜੀ ਸ਼ੈਲੀ ਪੰਜਾਬੀ ਰੂਪ ਦੀ ਹੈ, ਜਿਸ ਵਿੱਚ ਆਸਾ ਦੀ ਵਾਰ ਅਤੇ ਜਪੁ ਜੀ ਦੀ ਰਚਨਾ ਹੋਈ। ਇਸ ਦੀਆਂ ਉਦਾਹਰਨਾਂ ਹੋਰ ਬਹੁਤ ਥਾਵਾਂ `ਤੇ ਵੀ ਪ੍ਰਾਪਤ ਸਨ। ਸਿਰੀ ਰਾਗ ਵਿੱਚ ਇਹ ਕਥਨ ਹੈ, ਜੋ ਸ਼ੁੱਧ ਪੰਜਾਬੀ ਹੀ ਜਾਪਦਾ ਹੈ :

ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ॥

          ਨਾਨਕ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ॥

     ‘ਆਸਾ ਕੀ ਵਾਰ’ ਵਿੱਚ ਆਉਂਦਾ ਇਹ ਕਥਨ ਵੀ ਕਿਸੇ ਪੱਖੋਂ ਘੱਟ ਨਹੀਂ :

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥

          ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ॥

     ‘ਜਪੁ’ ਵਿੱਚ ਵੀ ਕੁਝ ਇਸ ਤਰ੍ਹਾਂ ਹੈ :

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।

          ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ।

     ਇਹ ਸ਼ੈਲੀ ਸੀ, ਜੋ ਬਾਅਦ ਵਿੱਚ ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਵਿੱਚ ਪ੍ਰਫੁਲਿਤ ਹੋਈ।


ਲੇਖਕ : ਤੇਜਵੰਤ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.