ਗੁਰੂ ਗ੍ਰੰਥ ਸਾਹਿਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ ਗ੍ਰੰਥ ਸਾਹਿਬ. ਦੇਖੋ, ਗ੍ਰੰਥ ਸਾਹਿਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰੂ ਗ੍ਰੰਥ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ ਗ੍ਰੰਥ ਸਾਹਿਬ: ਸਿੱਖ ਧਰਮ ਦਾ ਪਵਿੱਤਰ ਗ੍ਰੰਥ ਜਿਸ ਵਿਚ ਪੰਜ ਛੇ ਸੌ ਸਾਲਾਂ ਦੀ ਅਵਧੀ ਵਿਚ ਵਿਚਰੇ ਧਰਮ- ਸਾਧਕਾਂ ਦੇ ਅਨੁਭਵ ਉਨ੍ਹਾਂ ਦੇ ਆਪਣੇ ਹੀ ਬੋਲਾਂ ਰਾਹੀਂ ਪ੍ਰਮਾਣਿਕ ਰੂਪ ਵਿਚ ਸੰਕਲਿਤ ਹਨ। ਇਸ ਤੋਂ ਇਲਾਵਾ ਭਾਰਤੀ ਸਭਿਆਚਾਰ , ਸਾਮੀ ਧਾਰਮਿਕ ਪਰੰਪਰਾਵਾਂ , ਸਾਂਝੀਵਾਲਤਾ, ਮਾਨਵ-ਕਲਿਆਣ ਆਦਿ ਨਾਲ ਸੰਬੰਧਿਤ ਗੰਭੀਰ ਅਤੇ ਸ੍ਵੈ-ਅਨੁਭੂਤ ਚਿੰਤਨ ਇਸ ਵਿਚਲੀ ਬਾਣੀ ਵਿਚ ਸਮੋਹਿਤ ਹੈ। ਸਾਹਿਤਿਕ ਖੇਤਰ ਵਿਚ ਵੀ ਇਸ ਦਾ ਆਪਣਾ ਮੌਲਿਕ ਮਹੱਤਵ ਹੈ ਕਿਉਂਕਿ ਇਸ ਵਿਚ ਅਨੇਕ ਪਰੰਪਰਾਗਤ ਕਾਵਿ-ਰੂਪਾਂ, ਬਿੰਬਾਂ, ਪ੍ਰਤੀਕਾਂ, ਕਾਵਿ- ਸ਼ੈਲੀਆਂ ਰਾਹੀਂ ਕਾਵਿ ਦਾ ਵਿਕਾਸ-ਕ੍ਰਮ ਨਿਸਚਿਤ ਹੁੰਦਾ ਹੈ। ਇਸ ਵਿਚ ਭਾਸ਼ਾ ਦੀ ਵੰਨ-ਸੁਵੰਨਤਾ ਭਾਸ਼ਾਈ ਤੰਗ- ਨਜ਼ਰੀ ਤੋਂ ਉੱਚੀ ਉਠ ਕੇ ਭਾਵ-ਸੰਚਾਰ ਦੇ ਸਰਵ-ਗ੍ਰਾਹੀ ਸਾਧਨ ਵਜੋਂ ਸਾਹਮਣੇ ਆਈ ਹੈ। ਭਾਰਤੀ ਅਤੇ ਦੇਸੀ ਰਾਗਾਂ ਦੀ ਵਰਤੋਂ ਦੁਆਰਾ ਸੰਗੀਤ ਜਗਤ ਲਈ ਵੀ ਇਸ ਗ੍ਰੰਥ ਦੀ ਵਿਸ਼ੇਸ਼ ਅਹਿਮੀਅਤ ਹੈ।

            ਇਸ ਗ੍ਰੰਥ ਦੇ ਸੰਪਾਦਨ ਦਾ ਆਪਣਾ ਇਤਿਹਾਸ ਹੈ। ਗੁਰਬਾਣੀ ਦੀ ਰਚਨਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਗਿਆ ਸੀ। ਜਨਮਸਾਖੀ ਸਾਹਿਤ ਵਿਚ ਅਜਿਹੇ ਉੱਲੇਖ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਗੁਰੂ ਜੀ ਦੀ ਬਾਣੀ ਸਿੱਖਾਂ ਦੁਆਰਾ ਨਾਲ ਨਾਲ ਲਿਖੀ ਜਾਂਦੀ ਰਹੀ ਸੀ। ਭਾਈ ਗੁਰਦਾਸ ਦਾ ‘ਕਿਤਾਬ ਕਛ ’ ਦਾ ਉੱਲੇਖ ਅਤੇ ‘ਪੁਰਾਤਨ ਜਨਮਸਾਖੀ ’ ਦਾ ‘ਪੋਥੀ ਜੁਬਾਨਿ ਗੁਰੂ ਅੰਗਦ ਜੋਗ ਮਿਲੀ’ ਵਾਲਾ ਹਵਾਲਾ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਆਪਣੀ ਬਾਣੀ ਦਾ ਸੰਕਲਨ ਮੌਜੂਦ ਸੀ ਜੋ ਉਨ੍ਹਾਂ ਤੋਂ ਬਾਦ ਗੁਰੂ ਅੰਗਦ ਦੇਵ ਜੀ ਤਕ ਪਹੁੰਚਿਆ।

            ਗੁਰੂ ਅੰਗਦ ਦੇਵ ਜੀ ਦੀ ਰਚਨਾ ਸਹਿਤ ਇਹ ਬਾਣੀ ਸੰਗ੍ਰਹਿ ਗੁਰੂ ਅਮਰਦਾਸ ਜੀ ਤਕ ਪਹੁੰਚਿਆ, ਜਿਨ੍ਹਾਂ ਨੇ ਆਪਣੀ ਅਤੇ ਭਗਤਾਂ ਦੀ ਬਾਣੀ ਸਹਿਤ ਨਵਾਂ ਸੰਕਲਨ ਤਿਆਰ ਕਰਨ ਦਾ ਕੰਮ ਆਪਣੇ ਪੋਤਰੇ ਸਹੰਸਰਾਮ ਨੂੰ ਸੌਂਪਿਆ। ਇਹ ਸੰਕਲਨ ਕਾਲਾਂਤਰ ਵਿਚ ‘ਬਾਬੇ ਮੋਹਨ ਵਾਲੀਆਂ ਪੋਥੀਆਂ ’ ਅਥਵਾ ‘ਗੋਇੰਦਵਾਲ ਵਾਲੀਆਂ ਪੋਥੀਆਂ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਪਾਸ ਗੁਰੂ ਰਾਮਦਾਸ ਜੀ ਦੀ ਅਤੇ ਆਪਣੀ ਬਾਣੀ ਮੌਜੂਦ ਸੀ। ਗੁਰੂ ਅਮਰਦਾਸ ਵਾਲੀਆਂ ਪੋਥੀਆਂ ਨੂੰ ਬੜੇ ਉਚੇਚ ਨਾਲ ਬਾਬੇ ਮੋਹਨ ਪਾਸੋਂ ਗੋਇੰਦਵਾਲ ਤੋਂ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਹੋਰ ਹਰ ਪਾਸੇ ਵੀ ਸੁਨੇਹੇ ਭੇਜ ਕੇ ਰਬਾਬੀਆਂ, ਸ਼ਰਧਾਲੂਆਂ ਆਦਿ ਕੋਲ ਪਈ ਜਾਂ ਕੰਠਸਥ ਹੋਈ ਬਾਣੀ ਨੂੰ ਵੀ ਇਕੱਠਾ ਕਰਵਾਇਆ।

            ਇਸ ਪ੍ਰਕਾਰ ਇਕੱਠੀ ਕੀਤੀ ਸਾਰੀ ਬਾਣੀ ਨੂੰ, ਕੇਸਰ ਸਿੰਘ ਛਿੱਬਰ ਦੇ ਕਥਨ ਅਨੁਸਾਰ, ਪੰਜਵੇਂ ਗੁਰੂ ਨੇ ਚਾਰ ਸਿੱਖਾਂ (ਭਾਈ ਸੰਤ ਦਾਸ , ਹਰੀਆ, ਸੁਖਾ ਅਤੇ ਮਨਸਾ ਰਾਮ) ਤੋਂ ਨਕਲ ਕਰਵਾਇਆ। ਇਹ ਕੰਮ ਸੰਨ 1601 ਈ. ਵਿਚ ਨਿਪਟਿਆ। ਉਸ ਤੋਂ ਬਾਦ ਗੁਰੂ ਜੀ ਨੇ ਸਾਰੀ ਬਾਣੀ ਖ਼ੁਦ ਵਾਚੀ ਅਤੇ ਉਸ ਨੂੰ ਰਲਿਆਂ ਤੋਂ ਮੁਕਤ ਕਰਕੇ ਸਹੀ ਰੂਪ ਦਿੱਤਾ ਅਤੇ ਅਪ੍ਰਮਾਣਿਕ ਬਾਣੀ ਨੂੰ ਤਿਆਗ ਦਿੱਤਾ। ਸੋਧੀ ਹੋਈ ਬਾਣੀ ਦੇ ਆਧਾਰ’ਤੇ ਭਾਈ ਗੁਰਦਾਸ ਨੇ ਸੰਨ 1604 ਈ. ਵਿਚ ਬੀੜ ਤਿਆਰ ਕੀਤੀ ਜਿਸ ਨੂੰ ਹਰਿਮੰਦਿਰ ਸਾਹਿਬ ਵਿਚ ਸਥਾਪਿਤ ਕੀਤਾ ਗਿਆ। ਬਾਬਾ ਬੁੱਢਾ ਇਸ ਬੀੜ ਦੇ ਪਹਿਲੇ ਗ੍ਰੰਥੀ ਲਗਾਏ ਗਏ।ਛੇਵੇਂ, ਸੱਤਵੇਂ ਅਤੇ ਅੱਠਵੇਂ ਗਰੂ ਸਾਹਿਬਾਨ ਨੇ ਬਾਣੀ ਦੀ ਰਚਨਾ ਨਹੀਂ ਕੀਤੀ। ਨੌਵੇਂ ਗੁਰੂ ਸਾਹਿਬ ਦੇ ਰਚੇ 59 ਸ਼ਬਦਾਂ ਅਤੇ 57 ਸ਼ਲੋਕਾਂ ਨੂੰ ਇਸ ਗ੍ਰੰਥ ਵਿਚ ਸ਼ਾਮਲ ਕਰਨ ਦਾ ਉੱਦਮ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1706 ਈ. ਵਿਚ ਦਮਦਮਾ ਸਾਹਿਬ ਵਿਚ ਕੀਤਾ। ਇਸ ਅੰਤਿਮ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੀ ਸੰਸਾਰਿਕ ਲੀਲਾ ਸਮਾਪਤ ਕਰਨ ਤੋਂ ਪਹਿਲਾਂ 7 ਅਕਤੂਬਰ 1708 ਈ. ਨੂੰ ਹਜ਼ੂਰ ਸਾਹਿਬ ਵਿਚ ਗੁਰੂ-ਪਦ ਪ੍ਰਦਾਨ ਕੀਤਾ। ਉਦੋਂ ਤੋਂ ਇਹ ਗ੍ਰੰਥ ਸਿੱਖ ਧਰਮ ਦਾ ਪਵਿੱਤਰ ਅਤੇ ਪ੍ਰਤਿਸ਼ਠਿਤ ‘ਗੁਰੂ’ ਰੂਪ ਹੈ।

            ਗੁਰੂ ਅਰਜਨ ਦੇਵ ਜੀ ਨੇ ਬੜੀ ਨੀਝ ਨਾਲ ਇਸ ਗ੍ਰੰਥ ਦਾ ਸੰਪਾਦਨ ਕੀਤਾ ਹੈ। ਉਨ੍ਹਾਂ ਨੇ ਹਰ ਸ਼ਬਦ , ਅਸ਼ਟਪਦੀ , ਜਾਂ ਪਉੜੀ-ਸ਼ਲੋਕ ਦੇ ਅੰਤ ਉਤੇ ਸੰਖਿਆ-ਅੰਕ ਦਿੱਤਾ ਹੈ ਅਤੇ ਨਾਲ ਨਾਲ ਕੁਲ-ਜੋੜ ਵੀ ਦਿੱਤਾ ਹੈ। ਇਸ ਤਰ੍ਹਾਂ ਪਦਿਆਂ ਆਦਿ ਦੀ ਗਿਣਤੀ ਨਿਸਚਿਤ ਕਰਕੇ ਰਲਿਆਂ ਦੀ ਸੰਭਾਵਨਾ ਖ਼ਤਮ ਕੀਤੀ ਹੈ। ਹਰ ਸ਼ਬਦ/ਬਾਣੀ ਦੇ ਆਰੰਭ ਵਿਚ ਰਚੈਤਾ ਦੀ ਸੂਚਨਾ ਦਿੱਤੀ ਅਤੇ ਪੂਰਾ ਜਾਂ ਸੰਖਿਪਤ ਮੂਲ-ਮੰਤ੍ਰ ਵੀ ਲਿਖਿਆ।

ਇਸ ਗ੍ਰੰਥ ਦੀ ਬਾਣੀ ਨੂੰ ਮੁੱਖ ਤੌਰ ’ਤੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਨਿੱਤ -ਨੇਮ ਦੀਆਂ ਬਾਣੀਆਂ ਹਨ। ਇਨ੍ਹਾਂ ਵਿਚ ਜਪੁਜੀ , ਸੋਦਰੁ -ਸੋਪੁਰਖੁ ਦੇ ਨੌਂ ਸ਼ਬਦ ਅਤੇ ਸੋਹਿਲੇ ਦੇ ਪੰਜ ਸ਼ਬਦ ਸ਼ਾਮਲ ਹਨ।

            ਦੂਜਾ ਭਾਗ ਰਾਗ-ਬੱਧ ਬਾਣੀ ਦਾ ਹੈ। ਇਸ ਵਿਚ 31 ਰਾਗਾਂ (ਸਿਰੀ, ਮਾਝ , ਗਉੜੀ, ਆਸਾ , ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ , ਤਿਲੰਗ, ਸੂਹੀ, ਬਿਲਾਵਲ, ਗੌਂਡ , ਰਾਮਕਲੀ, ਨਟ-ਨਾਰਾਇਨ, ਮਾਲੀ ਗਉੜਾ, ਮਾਰੂ , ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ) ਅਧੀਨ ਸਾਰੀ ਬਾਣੀ ਨੂੰ ਇਕ ਵਿਸ਼ੇਸ਼ ਕ੍ਰਮ ਅਤੇ ਵਿਧਾਨ ਅਨੁਸਾਰ ਸਥਾਨ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ‘ਸ਼ਬਦ’ (ਚਉਪਦੇ) ਹਨ ਫਿਰ ਅਸ਼ਟਪਦੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਬਾਦ ਵਿਸ਼ੇਸ਼ ਬਾਣੀਆਂ, ਛੰਤ , ਵਾਰਾਂ ਆਦਿ ਸੰਕਲਿਤ ਹਨ। ਮਾਰੂ ਰਾਗ ਵਿਚ ਅਸ਼ਟਪਦੀਆਂ ਤੋਂ ਬਾਦ ‘ਸੋਲਹੇ ’ ਵੀ ਆਏ ਹਨ। ਵਾਰਾਂ ਤੋਂ ਪਿਛੇ ਭਗਤ-ਬਾਣੀ ਸ਼ਾਮਲ ਕੀਤੀ ਗਈ ਹੈ। ਸਾਰੀ ਗੁਰਬਾਣੀ ਗੁਰੂ-ਕ੍ਰਮ ਅਨੁਸਾਰ ਹੈ, ਪਰ 22 ਰਾਗਾਂ ਵਿਚ ਆਈ ਭਗਤ-ਬਾਣੀ ਵਿਚ ਭਗਤਾਂ ਦੇ ਇਤਿਹਾਸਿਕ ਕ੍ਰਮ ਨੂੰ ਮੁਖ ਨਹੀਂ ਰਖਿਆ ਗਿਆ।

            ਤੀਜੇ ਭਾਗ ਵਿਚ ਰਾਗ-ਮੁਕਤ ਬਾਣੀ ਸੰਕਲਿਤ ਹੋਈ ਹੈ। ਇਹ ਬਾਣੀ-ਕ੍ਰਮ ਇਸ ਪ੍ਰਕਾਰ ਹੈ— ਸਹਸਕ੍ਰਿਤੀ ਸ਼ਲੋਕ , ਗਾਥਾ , ਫੁਨਹੇ , ਚਉਬੋਲੇ, ਸ਼ਲੋਕ ਭਗਤ ਕਬੀਰ ਅਤੇ ਫਰੀਦ, ਸਵੈਯੇ, ਸਲੋਕ ਵਾਰਾਂ ਤੇ ਵਧੀਕ , ਸਲੋਕ ਮ.੯, ਮੁਦਾਵਣੀ ਅਤੇ ਰਾਗਮਾਲਾ

ਭਾਰਤੀ ਧਰਮ-ਸਾਧਨਾ, ਸਾਹਿਤ ਅਤੇ ਸੰਪਾਦਨ ਦੇ ਇਤਿਹਾਸ ਵਿਚ ਇਸ ਗ੍ਰੰਥ ਦਾ ਮਹੱਤਵਪੂਰਣ ਸਥਾਨ ਹੈ। ਇਹ ਭਾਰਤ ਦੀ ਵਿਸ਼ਵ ਸਾਹਿਤ ਨੂੰ ਸਥਾਈ ਦੇਣ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰੂ ਗ੍ਰੰਥ ਸਾਹਿਬ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਗ੍ਰੰਥ ਸਾਹਿਬ : ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ (1563–1606) ਨੇ ਆਪਣੀ ਬਾਣੀ ਸਹਿਤ ਆਪਣੇ ਤੋਂ ਪਹਿਲਾਂ ਵਿਚਰੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਉੱਘੇ ਭਗਤਾਂ ਸੰਤਾਂ ਤੇ ਸੂਫ਼ੀਆਂ ਦੀ ਕਵਿਤਾ ਇਕਤ੍ਰਿਤ ਕਰਕੇ ਸੰਮਤ 1660 ਵਿਚ ਰਾਮਸਰ (ਅੰਮ੍ਰਿਤਸਰ) ਦੇ ਕੰਢੇ ਇਸ ਗ੍ਰੰਥ ਨੂੰ ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਆਰੰਭਿਆ। ਇਹ ਕਾਰਜ ਸੰਮਤ 1661 (1604 ਈ. ) ਵਿਖੇ ਸੰਪੂਰਣ ਹੋਇਆ। ਤਦ ਇਸ ਮਹਾਨ ਗ੍ਰੰਥ ਦੀ ਗੁਰਮਤਿ ਦੇ ਪ੍ਰਚਾਰ ਲਈ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰ ਕੇ ਬਾਬਾ ਬੁੱਢਾ ਨੂੰ ਗ੍ਰੰਥੀ ਥਾਪਿਆ ਗਿਆ।

          ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਬੀੜਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ :

   (1) ਭਾਈ ਗੁਰਦਾਸ ਵਾਲੀ, (2) ਭਾਈ ਬੰਨੋ ਵਾਲੀ, (3) ਦਮਦਮਾ ਸਾਹਿਬ ਵਾਲੀ।

          ਭਾਈ ਗੁਰਦਾਸ ਵਾਲੀ ਬੀੜ ਵਿਚ ਸਿਰੀ ਰਾਗ ਤੋਂ ਲੈ ਕੇ ਪ੍ਰਭਾਤੀ ਤਕ 30 ਰਾਗ ਹਨ ਅਤੇ ਕੁਲ ਬਾਦੀ ਸ਼ਬਦ ਸਲੋਕ ਪਾਉੜੀ, ਆਦਿ ਦੀ ਗਿਣਤੀ ਮੁੰਦਾਵਣੀ ਤਕ 5751 ਹੈ। ਇਹ ਕਰਤਾਰਪੁਰ ਸਾਹਿਬ ਵਾਲੀ ਬੀੜ ਵੀ ਅਖਵਾਉਂਦੀ ਹੈ। ਇਸ ਵਿਚ ਗੁਰੂ ਅਰਜਨ ਦੇਵ ਜੀ ਕਲਮ ਤੋਂ ਜਪੁਜੀ ਸਾਹਿਬ ਦੇ ਆਦਿ ਦਾ ਮੂਲ ਮ੍ਰੰਤ ਅੰਕਿਤ ਹੈ ਅਤੇ 541 ਪੰਨੇ ’ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਤਖ਼ਤ ਹਨ।

          ਮਾਂਗਟ ਨਿਵਾਸੀ ਭਾਈ ਬੰਨੋ ਨੇ ਗੁਰੂ ਅਰਜਨ ਦੇਵ ਜੀ ਤੋਂ ਗ੍ਰੰਥ ਸਾਹਿਬ ਦੀ ਬੀੜ ਮੰਗ ਕੇ ਜੋ ਨਕਲ ਕੀਤੀ ਸੀ, ਉਸ ਨੂੰ ਭਾਈ ਬੰਨੋ ਵਾਲੀ ਬੀੜ ਆਖਦੇ ਹਨ। ਇਸ ਵਿਚ ਭਾਈ ਬੰਨੋ ਨੇ ਆਪਣੀ ਇੱਛਿਆ ਅਨੁਸਾਰ ਕੁਝ ਵਾਧੂ ਬਾਣੀ ਵੀ ਦਰਜ ਕੀਤੀ ਸੀ । ਇਸ ਵਿਚ ਵੀ ਤੀਹ ਹੀ ਰਾਗ ਹਨ ਅਤੇ ਸ਼ਬਦ ਸਲੋਕ ਆਦਿ ਦੀ ਗਿਣਤੀ 5757 ਹੈ।

          ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਸੰਮਤ 1762–63 ਵਿਚ ਜੋ ਆਤਮਿਕ ਸ਼ਕਤੀ ਨਾਲ ਕੰਠ ਤੋਂ ਬਾਣੀ ਉਚਾਰਣ ਕਰਕੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ, ਉਸ ਦਾ ਨਾਮ ਦੱਸਵੇਂ ਪਾਤਸ਼ਾਹ ਦਾ ਗ੍ਰੰਥ ਸਾਹਿਬ ਪਿਆ ਪਰੰਤੂ ਹੁਣ ਉਹ ਦਮਦਮੇ ਸਾਹਿਬ ਵਾਲੀ ਬੀੜ ਦੇ ਨਾਮ ਨਾਲ ਹੀ ਪ੍ਰਸਿੱਧ ਹੈ। ਇਸ ਵਿਚ ਜੈਜਾਵੰਤੀ ਸਮੇਤ 31 ਰਾਗ ਹਨ ਅਤੇ ਸ਼ਬਦ ਸਲੋਕ ਪਉੜੀ ਆਦਿ ਦੀ ਜਪੁ ਤੋਂ ਲੈ ਕੇ ਮੁੰਦਾਵਣੀ ਤਕ ਗਿਣਤੀ 5867 ਹੈ। ਇਸ ਵਿਚ ‘ਸੋਪੁਰਖੁ’ ਸਿਰਲੇਖ ਹੇਠ ਚਾਰ ਸ਼ਬਦ ਹਨ ਅਤੇ 115 ਸ਼ਬਦ ਸਲੋਕ ਗੁਰੂ ਤੇਗ਼ ਬਹਾਦੁਰ ਸਾਹਿਬ ਦੇ ਤੇ ( ਰਵਾਇਤ ਅਨੁਸਰ) ਇਕ ਸ਼ਬਦ ‘ਬਲ ਹੋਆ ਬੰਧਨ ਛੁਟੇ’ ਦਸਮੇਸ਼ ਜੀ ਦਾ ਹੈ।

          ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਗੁਰੂ ਸਾਹਿਬਾਨ ਤੇ ਸੰਤਾਂ ਸੂਫ਼ੀਆਂ ਦੀ ਬਾਣੀ ਦਰਜ ਹੈ :

 ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ, ਕਬੀਰ, ਫ਼ਰੀਦ, ਰਵਿਦਾਸ, ਸਪਨਾ, ਸੁੰਦਰ, ਸੂਰਦਾਸ, ਸੈਣ, ਤ੍ਰਿਲੋਚਨ, ਧੰਨਾ, ਨਾਮਦੇਵ , ਪਰਮਾਨੰਦ, ਪੀਪਾ , ਬੇਣੀ, ਭੀਖਨ, ਰਾਮਨੰਦ ਤੇ ਸੱਤਾ ਬਲਵੰਡ ਆਦਿ।

          ਗੁਰੂ ਗ੍ਰੰਥ ਸਾਹਿਬ ( ਦਮਦਮਾ ਸਾਹਿਬ ਵਾਲੀ ਬੀੜ) ਵਿਚ ਦਰਜ ਬਾਣੀ ਇਨ੍ਹਾਂ ਰਾਗਾਂ ਵਿਚ ਰਚੀ ਗਈ ਹੈ––ਸਿਰੀ, ਮਾਝ, ਗਾਉੜੀ, ਆਸਾ, ਗੁਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ , ਸੋਰਠਿ, ਧਨਾਸਰੀ, ਜੈਤਸਿਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ ਕਾਨੜਾ, ਕਲਿਆਨ, ਪ੍ਰਭਾਤੀ ਤੇ ਜੈਜਾਵੰਤੀ।

          ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਇਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਤਤਾਕਲੀਨ ਰਾਜੀਤਿਕ, ਸਮਾਜਕ, ਸਭਿਆਚਾਰਕ ਅਤੇ ਭਾਸ਼ਾਈ ਆਦਿ ਸਥਿਤੀਆਂ ’ਤੇ ਚਾਨਣਾ ਪਾਉਣ ਵਾਲਾ ਇਕ ਮਹਾਨ ਗੌਰਵ ਗ੍ਰੰਥ ਵੀ ਹੈ। ਇਸ ਵਿਚ ਭਿੰਨ ਭਿੰਨ ਧਰਮਾਂ ਦੇ ਕਵੀਆਂ ਦੀ ਬਾਣੀ ਸੰਕਲਿਤ ਹੋਣ ਕਾਰਣ ਇਹ ਭਾਰਤ ਦੀ ਰਾਸ਼ਟਰੀ ਏਕਤਾ ਦਾ ਸਭ  ਤੋਂ ਵੱਡਾ ਜ਼ਾਮਿਨ ਵੀ ਹੈ। ਇਹ ਧੁਰ ਦੀ ਬਾਣੀ ਧਰਤੀ ਲਈ ਕਾਫ਼ੀ ਕਲਿਆਣਕਾਰੀ ਸਿੱਧੀ ਹੋਈ ਹੈ। ਦਸਮ ਗੁਰੂ ਦੁਆਰਾ ‘ਗੁਰੂ’ ਘੋਸ਼ਿਤ ਹੋਣ ਕਾਰਣ ਇਸ ਨੂੰ ਅਦੁੱਤੀ ਸਤਿਕਾਰ ਪ੍ਰਾਪਤ ਹੋਇਆ ਹੈ। ਸੰਸਾਰ ਸਾਹਿੱਤ ਵਿਚ ਇਹ ਇਕ ਨਿਰਾਲੀ ਹੀ ਘਟਨਾ ਹੈ ਕਿ ਇਕ ਕਾਵਿ ਪੁਸਤਕ ਸਦੀਆਂ ਤੋਂ ਜੀਦੋਂ ਜਾਗਦੇ ਗੁਰੂ ਸਾਹਿਬ ਵਰਗਾ ਆਦਰ ਤੇ ਸ਼ਰਧਾ ਪ੍ਰਾਪਤ ਕਰਦੀ ਆ ਰਹੀ ਹੈ।

                   [ਸਹਾ. ਗ੍ਰੰਥ––ਮ.ਕੋ. ; W. Owen Cole : ‘The Guru in Sikhism ’ : ਡਾ. ਜਯ ਰਾਮ ਮਿਸ਼੍ਰ : ‘ਸ੍ਰੀ ਗੁਰੂ ਗ੍ਰੰਥ ਦਰਸ਼ਨ ’ (ਹਿੰਦੀ) ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.