ਗੁਰੂਸਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੂਸਰ. ਸੰਗ੍ਯਾ—ਉਹ ਤਾਲ, ਜੋ ਸਤਿਗੁਰੂ ਦਾ ਲਗਵਾਇਆ ਅਥਵਾ ਗੁਰੂ ਨਾਲ ਸੰਬੰਧ ਰਖਦਾ ਹੈ. ਇਸ ਨਾਉਂ ਦੇ ਅਨੇਕਾਂ ਤਾਲ ਅਤੇ ਗੁਰਦ੍ਵਾਰੇ ਹਨ, ਪਰ ਜੋ ਬਹੁਤ ਪ੍ਰਸਿੱਧ ਹਨ ਉਹ ਇੱਥੇ ਲਿਖਦੇ ਹਾਂ—
੧ ਫਿਰੋਜ਼ਪੁਰ ਦੇ ਜਿਲੇ ਮੇਹਰਾਜ ਪਿੰਡ ਦੀ ਹੱਦ ਵਿੱਚ ਛੀਵੇਂ ਸਤਿਗੁਰੂ ਦਾ ਤਾਲ, ਜਿਸ ਦੇ ਕਿਨਾਰੇ ਡੇਰਾ ਜਮਾਕੇ ਸ਼ਾਹੀਸੈਨਾ ਨਾਲ ਤੀਜਾ ਜੰਗ ਗੁਰੂ ਸਾਹਿਬ ਨੇ ਕੀਤਾ. ਇੱਥੇ ਇੱਕ ਦਮਦਮਾ ਹੈ, ਜਿਸ ਹੇਠ ਫੌਜੀ ਸਰਦਾਰ ਦੱਬੇ ਹੋਏ ਹਨ.1 ਜਿਸ ਥਾਂ ਗੁਰੂ ਸਾਹਿਬ ਦਾ ਤੰਬੂ ਸੀ ਉੱਥੇ ਮਹਾਰਾਜਾ ਹੀਰਾ ਸਿੰਘ ਸਾਹਿਬ ਨਾਭਾਪਤੀ ਨੇ ਬਹੁਤ ਸੁੰਦਰ ਗੁਰਦ੍ਵਾਰਾ ਬਣਵਾਇਆ ਹੈ. ਇਸ ਥਾਂ ਦੇ ਮਹੰਤ ਭਾਈ ਗੱਜਾ ਸਿੰਘ ਜੀ ਸਿੱਖਾਂ ਵਿੱਚ ਅਦੁਤੀ ਰਾਗ ਵਿਦ੍ਯਾ ਦੇ ਪੰਡਿਤ ਹੋਏ ਹਨ. ਜਿਨ੍ਹਾਂ ਨੇ ਉਨਾਂ ਦੇ ਤਾਊਸ ਦਾ ਆਲਾਪ ਸੁਣਿਆ ਹੈ ਉਹ ਕਦੇ ਉਨ੍ਹਾਂ ਨੂੰ ਨਹੀਂ ਭੁੱਲਦੇ.
੨ ਦਸ਼ਮੇਸ਼ ਦਾ ਦਮਦਮੇਂ (ਸਾਬੋ ਕੀ ਤਲਵੰਡੀ) ਇੱਕ ਤਾਲ. ਇਹ ਨੌਵੇਂ ਸਤਿਗੁਰੂ ਅਤੇ ਦਸਵੇਂ ਪਾਤਸ਼ਾਹ ਦੇ ਚਰਣਾਂ ਨਾਲ ਪਵਿਤ੍ਰ ਹੋਇਆ ਹੈ.
੩ ਮਾਛੀਵਾੜੇ ਤੋਂ ਪੰਜ ਕੋਹ ਦੱਖਣ ਵੱਲ ਲੱਲ ਪਿੰਡ ਵਿੱਚ ਦਸ਼ਮੇਸ਼ ਦਾ ਅਸਥਾਨ.
੪ ਪਿੰਡ ਸਰਾਵ (ਸਰਾਵਾਂ) ਅਤੇ ਬਹਿਬਲ ਦੇ ਮੱਧ ਇੱਕ ਗੁਰਅਸਥਾਨ, ਜੋ ਰਿਆਸਤ ਫਰੀਦਕੋਟ ਥਾਣਾ ਕੋਟਕਪੂਰਾ ਵਿੱਚ ਹੈ. ਇਸ ਦੀ ਇਮਾਰਤ ਦੀ ਸੇਵਾ ਰਿਆਸਤ ਵੱਲੋਂ ਹੋਈ ਹੈ. ਇੱਕ ਹਲ ਦੀ ਜਮੀਨ ਮੁਆਫ ਹੈ, ਇੰਤਜਾਮ ਰਿਆਸਤ ਦੀ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ.
੫ ਰਿਆਸਤ ਫਰੀਦਕੋਟ, ਥਾਣਾ ਕੋਟਕਪੂਰਾ ਵਿੱਚ ਇੱਕ ਪਿੰਡ, ਜਿਸ ਦੇ ਪਾਸ ਹੀ ਦੱਖਣ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਕੱਚਾ ਤਾਲ ਗੁਰੂ ਸਾਹਿਬ ਦੇ ਵੇਲੇ ਦਾ ਹੈ. ਰਿਆਸਤ ਵੱਲੋਂ ੪੦ ਘੁਮਾਉਂ ਜ਼ਮੀਨ ਹੈ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਇਹ ਰੇਲਵੇ ਸਟੇਸ਼ਨ ਰੁਮਾਣਾ ਅਲਬੇਲ ਸਿੰਘ ਤੋਂ ਤਿੰਨ ਮੀਲ ਪੂਰਵ ਹੈ।
੬ ਜਿਲਾ ਫਿਰੋਜ਼ਪੁਰ ਵਿੱਚ ਮੁਕਤਸਰ ਤੋਂ ਅੱਠ ਕੋਹ ਦੱਖਣ ਇੱਕ ਪਿੰਡ, ਜਿਸ ਦੀ ਢਾਬ ਦੇ ਕਿਨਾਰੇ ਦਸ਼ਮੇਸ਼ ਵਿਰਾਜੇ ਸਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ ਫਕਰਸਰ ਤੋਂ ਪੰਜ ਮੀਲ ਉੱਤਰ ਹੈ।
੭ ਰਾਜ ਨਾਭਾ , ਨਜਾਮਤ ਫੂਲ ਦੇ ਥਾਣਾ ਦਯਾਲਪੁਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮ ਮੀਲ ਉੱਤਰ ਹੈ. ਪਿੰਡ ਦੇ ਨਾਲ ਹੀ ਪੱਛਮ ਵੱਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਦੀਨੇ ਤੋਂ ਚਲਕੇ ਏਥੇ ਆਏ ਸਨ ਅਰ ਰੁਖਾਲਾ ਢਾਬ ਦੇ ਕਿਨਾਰੇ ਵਿਰਾਜੇ ਸਨ, ਜਿਸ ਦਾ ਨਾਮ ਹੁਣ ਗੁਰੂਸਰ ਪ੍ਰਸਿੱਧ ਹੈ. ਇਹ ਜ਼ਮੀਨ ਉਸ ਵੇਲੇ ਜਲਾਲ ਪਿੰਡ ਦੀ ਸੀ, ਅਰ ਇਹ ਗੁਰੂਸਰ ਪਿੰਡ ਉਸ ਵੇਲੇ ਨਹੀਂ ਸੀ, ਪਿੱਛੋਂ ਆਬਾਦ ਹੋਇਆ ਹੈ. ਗੁਰਦ੍ਵਾਰੇ ਨਾਲ ਰਿਆਸਤ ਨਾਭੇ ਵੱਲੋਂ ੭੦ ਘੁਮਾਉਂ ਜ਼ਮੀਨ ਹੈ. ਮਾਘੀ ਨੂੰ ਮੇਲਾ ਹੁੰਦਾ ਹੈ. ਦੇਖੋ, ਰਖਵਾਲਾ ੩.
੮ ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ, ਥਾਣਾ ਲੋਪੋਕੇ ਦਾ ਪਿੰਡ “ਬੈਰਾੜ ਮਾਦੋਕੇ” ਹੈ. ਉਸ ਤੋਂ ਅੱਧ ਮੀਲ ਦੱਖਣ ਪੂਰਵ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰਦ੍ਵਾਰੇ ਪਾਸ ਇੱਕ ਪੱਕਾ ਤਾਲ ਹੈ. ੧੮ ਕਨਾਲ ਜ਼ਮੀਨ ਇਸੇ ਪਿੰਡ ਹੈ. ਮੇਲਾ ੧-੨-੩ ਜੇਠ ਨੂੰ ਹੁੰਦਾ ਹੈ, ਇਸ ਥਾਂ ਛੀਵੇਂ ਸਤਿਗੁਰੂ ਦਾ ਇੱਕ ਬੀਸ ਇੰਚ ਲੰਮਾ ਕਟਾਰ ਹੈ. ਰੇਲਵੇ ਸਟੇਸ਼ਨ ਗੁਰੂਸਰਸਤਲਾਣੀ ਤੋਂ ਚਾਰ ਮੀਲ ਉੱਤਰ ਹੈ.
੯ ਦੇਖੋ, ਅਜਿੱਤ ਗਿੱਲ ।
੧੦ ਦੇਖੋ, ਸਧਾਰ ੨।
੧੧ ਦੇਖੋ, ਖੇਮ ਕਰਨ ।
੧੨ ਦੇਖੋ, ਖੰਡੂਰ ।
੧੩ ਦੇਖੋ, ਗੁੱਜਰਵਾਲ ।
੧੪ ਦੇਖੋ, ਚਕਰ ।
੧੫ ਦੇਖੋ, ਢਿੱਲਵਾਂ ਕਲਾਂ।
੧੬ ਦੇਖੋ, ਤਿਲਕਪੁਰ।
੧੭ ਦੇਖੋ, ਪੱਤੋ ੨।
੧੮ ਦੇਖੋ, ਬਰਗਾੜੀ ।
੧੯ ਦੇਖੋ, ਭੁੱਚੋ।
੨੦ ਦੇਖੋ, ਮਹਿਰੋਂ ।
੨੧ ਦੇਖੋ, ਰਹਿਸਮਾ।
੨੨ ਦੇਖੋ, ਰਣਜੀਤਗੜ੍ਹ।
੨੩ ਦੇਖੋ, ਲੋਪੋ।
੨੪ ਦੇਖੋ, ਵਜੀਦਪੁਰ।
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰੂਸਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰੂਸਰ (ਪਿੰਡ) :ਇਸ ਨਾਂ ਦੇ ਕਈ ਪਿੰਡ ਪੰਜਾਬ ਵਿਚ ਹਨ, ਜਿਵੇਂ :
(1) ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਇਕ ਪਿੰਡ ਜੋ ਜੈਤੋ ਨਗਰੀ ਤੋਂ 25 ਕਿ.ਮੀ. ਪੂਰਵ ਵਲ ਹੈ। ਇਕ ਵਾਰ ਦੀਨਾ ਨਾਂ ਦੇ ਪਿੰਡ ਤੋਂ ਗੁਰੂ ਗੋਬਿੰਦ ਸਿੰਘ ਜੀ ਇਸ ਪਾਸੇ ਵਲ ਸ਼ਿਕਾਰ ਖੇਡਣ ਆਏ ਸਨ ਅਤੇ ‘ਗੁਰਦੁਆਰਾ ਪਾਤਿਸ਼ਾਹੀ ਦਸ ਗੁਰੂਸਰ’ ਵਾਲੀ ਥਾਂ ਉਤੇ ਇਕ ਢਾਬ ਦੇ ਕੰਢੇ ਠਹਿਰੇ ਸਨ। ਉਦੋਂ ਇਹ ਸਥਾਨ ਜਲਾਲ ਪਿੰਡ ਦੇ ਘੇਰੇ ਵਿਚ ਆਉਂਦਾ ਸੀ। ਪਰ ਬਾਦ ਵਿਚ ਗੁਰੂ-ਧਾਮ ਦੇ ਇਰਦ-ਗਿਰਦ ਆਬਾਦੀ ਹੋ ਗਈ , ਜੋ ਸੰਨ 1950 ਈ. ਦੇ ਹੜਾਂ ਵਿਚ ਰੁੜ੍ਹ ਗਈ, ਪਰ ਗੁਰੂ-ਧਾਮ ਸਥਿਰ ਰਿਹਾ। ਹੁਣ ਕੁਝ ਹੋਰ ਨਵੇਂ ਕਮਰੇ ਬਣਵਾਏ ਗਏ ਹਨ ਅਤੇ ਸਰੋਵਰ ਨੂੰ ਵੀ ਪੱਕਾ ਕਰ ਦਿੱਤਾ ਗਿਆ ਹੈ। ਇਸ ਗੁਰਦੁਆਰੇ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ। ਹੁਣ ਇਸ ਗੁਰੂ-ਧਾਮ ਦੇ ਇਰਦ-ਗਿਰਦ ਨਵੀਂ ਵਸੋਂ ਹੋ ਗਈ ਹੈ।
(2) ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਗਿਦੜਬਾਹਾ ਨਗਰ ਤੋਂ 11 ਕਿ.ਮੀ. ਉਤਰ-ਪੱਛਮ ਵਾਲੇ ਪਾਸੇ ਸਥਿਤ ਇਕ ਪੁਰਾਤਨ ਪਿੰਡ ਜਿਥੇ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ (ਦਮਦਮਾ ਸਾਹਿਬ) ਜਾਂਦਿਆਂ ਕੁਝ ਸਮੇਂ ਲਈ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਿੰਡ ਦੀ ਢਾਬ ਦੇ ਕੰਢੇ ਇਕ ਮੰਜੀ ਸਾਹਿਬ ਨਾਂ ਦਾ ਸਮਾਰਕ ਬਣਾਇਆ ਗਿਆ, ਜਿਸ ਨਾਲ ਸਮੇਂ ਸਮੇਂ ਹੋਰ ਇਮਾਰਤ ਸ਼ਾਮਲ ਹੁੰਦੀ ਰਹੀ। ਹੁਣ ਸਰੋਵਰ ਵੀ ਬਣਾ ਦਿੱਤਾ ਗਿਆ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਮੁੱਖ ਮੁੱਖ ਪੁਰਬਾਂ’ਤੇ ਵੱਡੇ ਦੀਵਾਨ ਸਜਦੇ ਹਨ।
(3) ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਨਗਰ ਤੋਂ 10 ਕਿ.ਮੀ. ਪੂਰਵ ਵਲ ਵਸਿਆ ਇਕ ਨਵਾਂ ਪਿੰਡ , ਜੋ ਸਰਾਵਾਂ ਅਤੇ ਬਹਿਬਲ ਨਾਂ ਦੇ ਪਿੰਡਾਂ ਦੇ ਵਿਚਾਲੇ ਨਵਾਂ ਆਬਾਦ ਹੋਇਆ ਹੈ। ਅਸਲ ਵਿਚ ਦੀਨਾ ਪਿੰਡ ਤੋਂ ਕੋਟਕਪੂਰਾ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਕੁਝ ਸਮੇਂ ਲਈ ਇਥੇ ਠਹਿਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ‘ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਦਸਵੀਂ ’ ਬਣਵਾਇਆ ਗਿਆ। ਇਸ ਗੁਰੂ-ਧਾਮ ਦੇ ਨਾਲ ਜੋ ਵਸੋਂ ਹੋਈ ਉਹ ਵੀ ‘ਗੁਰੂਸਰ’ ਨਾਂ ਨਾਲ ਪ੍ਰਸਿੱਧ ਹੋਈ। ਗੁਰੂ-ਧਾਮ ਦੀ ਵਿਵਸਥਾ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਹੱਥ ਵਿਚ ਹੈ। ਹਰ ਸੰਗ੍ਰਾਂਦ ਵਾਲੇ ਦਿਨ ਵਿਸ਼ੇਸ਼ ਦੀਵਾਨ ਸਜਦੇ ਹਨ। ਵਿਸਾਖੀ ਅਤੇ ਮਾਘੀ ਦੇ ਮੌਕਿਆਂ ਉਤੇ ਵੱਡੇ ਮੇਲੇ ਲਗਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰੂਸਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੂਸਰ: ਪੰਜਾਬ ਦੇ ਫ਼ਰੀਦਕੋਟ ਜ਼ਿਲੇ ਦੇ ਗਿੱਦੜਬਾਹਾ (30°-12’ ਉ, 74°-39’ ਪੂ) ਤੋਂ 11 ਕਿਲੋਮੀਟਰ ਉੱਤਰ- ਪੱਛਮ ਵੱਲ ਸਥਿਤ ਇਕ ਪਿੰਡ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਿਕ ‘ਗੁਰਦੁਆਰਾ ਮੰਜੀ ਸਾਹਿਬ’ ਹੈ। 1706 ਵਿਚ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਜਾਂਦੇ ਹੋਏ ਇਸ ਸਥਾਨ ‘ਤੇ ਆਏ ਸਨ। ਇਹ ਗੁਰਦੁਆਰਾ ਪੁਰਾਣੇ ਮੰਜੀ ਸਾਹਿਬ ਸਮੇਤ ਪਿੰਡ ਦੇ ਤਲਾਅ ਦੇ ਕੰਢੇ ‘ਤੇ ਸਥਿਤ ਹੈ। ਇਸ ਵਿਚ ਪਿੱਛੇ ਜੇਹੇ ਅੱਠ ਬਾਹੀਆਂ ਵਾਲੀ ਗੁੰਬਦਦਾਰ ਇਮਾਰਤ ਜਿਸਦੇ ਆਲੇ-ਦੁਆਲੇ ਪਰਕਰਮਾ ਲਈ ਰਸਤਾ ਜਾਂ ਗੈਲਰੀ ਅਤੇ ਸੰਗਤ ਦੇ ਇਕੱਠ ਲਈ ਹਾਲ ਕਮਰੇ ਦਾ ਵਾਧਾ ਕੀਤਾ ਗਿਆ ਸੀ। 50 ਮੀਟਰ ਚੌਰਸ ਸਰੋਵਰ ਵੀ ਬਾਅਦ ਵਿਚ ਸ਼ਾਮਲ ਕੀਤਾ ਗਿਆ ਹੈ। ਗੁਰਦੁਆਰੇ ਕੋਲ 25 ਏਕੜ ਜ਼ਮੀਨ ਹੈ ਅਤੇ ਇਸਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਇਆ ਜਾ ਰਿਹਾ ਹੈ। ਸਿੱਖ ਕਲੰਡਰ ਵਿਚ ਦਿੱਤੇ ਗਏ ਮੁੱਖ ਗੁਰਪੁਰਬਾਂ ਸਮੇਂ ਇੱਥੇ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੁਰੂਸਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੂਸਰ: ਬਠਿੰਡਾ ਜ਼ਿਲੇ ਵਿਚ ਜੈਤੋ (30°-26’ ਉ, 74°-53’ ਪੂ) ਤੋਂ 25 ਕਿਲੋਮੀਟਰ ਉੱਤਰ ਵੱਲ ਸਥਿਤ ਇਕ ਪਿੰਡ ਹੈ। ਇਸ ਨਵੀਂ ਅਬਾਦੀ ਜਾਂ ਬਸਤੀ ਦਾ ਨਾਂ ਇੱਥੇ ਇਤਿਹਾਸਿਕ ਗੁਰਦੁਆਰਾ ‘ਗੁਰਦੁਆਰਾ ਪਾਤਸ਼ਾਹੀ ੧੦ ਗੁਰੂਸਰ’ ਹੋਣ ਤੋਂ ਬਾਅਦ ਰੱਖਿਆ ਗਿਆ ਹੈ। ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਆਉਣ ਦੀ ਯਾਦ ਨੂੰ ਕਾਇਮ ਰੱਖਦਾ ਹੈ, ਜੋ ਦਸੰਬਰ 1705 ਵਿਚ ਦੀਨਾਂ ਤੋਂ ਸ਼ਿਕਾਰ ਦਾ ਪਿੱਛਾ ਕਰਦੇ ਹੋਏ ਇਸ ਸਥਾਨ ‘ਤੇ ਆਏ ਸਨ। ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਣੀ ਦੇ ਤਲਾਅ ਦੇ ਕੰਢੇ ਥੋੜ੍ਹੀ ਦੇਰ ਲਈ ਰੁਕੇ ਸਨ, ਜਿਸਨੂੰ ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਰੁਖਾਲਾ ਵਜੋਂ ਬਿਆਨ ਕਰਦੇ ਹਨ; ਸ਼ਾਇਦ ਇਸ ਲਈ ਕਿਉਂਕਿ ਇਸ ਸਥਾਨ ਦੇ ਆਲੇ-ਦੁਆਲੇ ਸੰਘਣੇ ਰੁੱਖਾਂ ਦੇ ਝੁੰਡ ਸੀ। ਫਿਰ ਇਹ ਸਥਾਨ ਇੱਥੋਂ 2 ਕਿਲੋਮੀਟਰ ਦੱਖਣ-ਪੂਰਬ ਵੱਲ ਨੂੰ ਜਲਾਲ ਪਿੰਡ ਦਾ ਹਿੱਸਾ ਬਣ ਗਿਆ। ਅਬਾਦੀ ਜਿਹੜੀ ਮੁੱਢ ਵਿਚ ਗੁਰਦੁਆਰੇ ਦੇ ਨੇੜੇ ਵਿਕਸਿਤ ਹੋਈ ਸੀ ਉਹ 1950 ਦੇ ਹੜ੍ਹਾਂ ਵਿਚ ਰੁੜ੍ਹ ਗਈ ਸੀ, ਪਰੰਤੂ ਪੁਰਾਤਨ ਗੁਰਦੁਆਰਾ ਸਹੀ ਸਲਾਮਤ ਖੜ੍ਹਾ ਰਿਹਾ। ਇਹ ਗੁੰਬਦਦਾਰ ਗੁਰਦੁਆਰਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰ ਰਿਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਰਾਮ ਕਰਨ ਲਈ ਉੱਤਰੇ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਿਸ ਮੰਜੇ ਜਾਂ ਪਲੰਘ ਦਾ ਪ੍ਰਯੋਗ ਕੀਤਾ ਸੀ ਉਸਦੀ ਚੁਗਾਠ ਨੂੰ ਇੱਥੇ ਸਾਂਭ ਕੇ ਰੱਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਿੱਛੇ ਜਿਹੇ ਉਸਾਰੇ ਇਕ ਕਮਰੇ ਵਿਚ ਕੀਤਾ ਗਿਆ ਹੈ। ਪੁਰਾਣੇ ਤਲਾਅ ਨੂੰ ਪੱਕੇ ਸਰੋਵਰ ਵਿਚ ਬਦਲ ਦਿੱਤਾ ਗਿਆ ਹੈ ਜਿਹੜਾ ਕਿ ਗੁਰਦੁਆਰੇ ਦੇ ਪਿੱਛੇ ਹੈ। ਗੁਰਦੁਆਰੇ ਦਾ ਪ੍ਰਬੰਧ ਪਿੰਡ ਦੀ ਸੰਗਤ ਦੁਆਰਾ ਕੀਤਾ ਜਾ ਰਿਹਾ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First