ਗੁਰਬਿਲਾਸ ਪਾਤਸ਼ਾਹੀ ਛੇਵੀਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰਬਿਲਾਸ ਪਾਤਸ਼ਾਹੀ ਛੇਵੀਂ: ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਬਿਰਤਾਂਤ ਨਾਲ ਸੰਬੰਧਿਤ ਇਸ ਰਚਨਾ ਦੇ ਲੇਖਕ ਅਤੇ ਲਿਖਣ-ਸਮੇਂ ਬਾਰੇ ਪੱਕੇ ਪ੍ਰਮਾਣ ਉਪਲਬਧ ਨਹੀਂ ਹਨ। ਇੱਕ ਅੰਦਰਲੀ ਗਵਾਹੀ ਅਨੁਸਾਰ ਇਹ ਸੰਨ 1775 ਬਿ. (ਸੰਨ 1718 ਈ.) ਦੀ ਰਚਨਾ ਹੈ ਅਤੇ ਇਸ ਨੂੰ ਭਾਈ ਮਨੀ ਸਿੰਘ ਨੇ ਵਰਣਨ ਕੀਤਾ ਸੀ :
ਮਨੀ ਸਿੰਘ ਬਰਨਨ ਕਰੀ ਜੈਸੇ ਕਥਾ ਸੁ ਸਮਾਨ।
ਸੋ ਪ੍ਰਸੰਗ ਬਰਨਨ ਕਰੌ ਸੁਨਹੁ ਸੰਤ ਧਰ ਧਿਆਨ।
ਕੁਝ ਵਿਦਵਾਨਾਂ ਨੇ ਇਸ ਨੂੰ ਕਵੀ ਸੋਹਨ ਸਿੰਘ ਦੀ ਰਚਨਾ ਮੰਨਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਵਿੱਚ ਇਸ ਨੂੰ ਸੰਨ 1890 ਬਿ. ਤੋਂ ਅਰੰਭ ਹੋ ਕੇ ਸੰਨ 1900 ਬਿ. ਵਿੱਚ ਸਮਾਪਤ ਹੋਈ ਦੱਸਿਆ ਹੈ ਅਤੇ ਇਸ ਦੇ ਰਚੈਤਾ ਭਾਈ ਗੁਰਮੁਖ ਸਿੰਘ ਅਕਾਲ- ਬੁੰਗੀਏ ਅਤੇ ਭਾਈ ਦਰਬਾਰਾ ਸਿੰਘ ਚੌਂਕੀ ਵਾਲੇ ਨੂੰ ਮੰਨਿਆ ਹੈ।
ਭਾਈ ਕਾਨ੍ਹ ਸਿੰਘ ਨੇ ਆਪਣੇ ਮਨ ਨੂੰ ਭਾਵੇਂ ਕਿਸੇ ਪ੍ਰਕਾਰ ਦੇ ਤੱਥ ਨਾਲ ਪੁਸ਼ਟ ਨਹੀਂ ਕੀਤਾ। ਪਰ ਇਸ ਗੁਰਬਿਲਾਸ ਦੇ ਅਧਿਐਨ ਤੋਂ ਪ੍ਰਤੀਤ ਹੁੰਦਾ ਹੈ ਕਿ ਛੰਦ ਅੰਕ 141 ਵਿੱਚ ਅਕਾਲ ਤਖ਼ਤ ਉਪਰ ਸੋਨਾ ਚੜ੍ਹਾਉਣ ਦਾ ਉਲੇਖ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੀ ਗੱਲ ਹੈ। ਛੰਦ ਅੰਕ 410 ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ‘ਨੂਰ ਦੀ ਸਰਾਇ’ ਨੂੰ ਢਵਾ ਕੇ ਉਸ ਦੀਆਂ ਇੱਟਾਂ ਨੂੰ ਤਰਨਤਾਰਨ ਦੇ ਗੁਰੂ-ਧਾਮ ਲਈ ਵਰਤਿਆ ਗਿਆ ਦੱਸਿਆ ਹੈ। ਇਸ ਦੇ ਛੰਦ ਅੰਕ 300 ਵਿੱਚ ਬੀਬੀ ਵੀਰੋ ਦੇ ਝਬਾਲ ਵਿੱਚ ਹੋਏ ਵਿਆਹ ਵਾਲੇ ਸਥਾਨ (ਗੁਰਦੁਆਰਾ ਮਾਣਕ ਚੌਕ) ਬਾਰੇ ਭਵਿੱਖਬਾਣੀ ਦਰਜ ਹੈ ਕਿ ਉੱਥੇ ਸੰਨ 1891 ਬਿ. (1834 ਈ.) ਤੋਂ ਮੇਲਾ ਲੱਗਿਆ ਕਰੇਗਾ। ਇਸ ਰਚਨਾ ਦੀ ਸਭ ਤੋਂ ਪੁਰਾਣੀ ਹੱਥ-ਲਿਖਤ ਸੰਨ 1901 ਬਿ. (1844 ਈ.) ਦੀ ਲਿਖੀ ਹੈ। ਇਹਨਾਂ ਤੱਥਾਂ ਦੇ ਪ੍ਰਕਾਸ਼ ਵਿੱਚ ਇਹ ਕਾਵਿ 19ਵੀਂ ਸਦੀ ਦੇ ਪੂਰਵਾਰਧ ਦੀ ਰਚਨਾ ਪ੍ਰਤੀਤ ਹੁੰਦੀ ਹੈ। ਇਸ ਦੇ ਕਥਨਾਂ ਤੋਂ ਇਹ ਕਿਸੇ ਪੁਜਾਰੀ ਭਾਵਨਾ ਵਾਲੇ ਕਵੀ ਦੀ ਰਚਨਾ ਸਿੱਧ ਹੁੰਦੀ ਹੈ।
ਇਸ ਦੇ ਦੋ ਪ੍ਰਕਾਸ਼ਿਤ ਸੰਸਕਰਨ ਉਪਲਬਧ ਹਨ। ਪਹਿਲਾ ਸੰਸਕਰਨ ਗਿਆਨੀ ਇੰਦਰ ਸਿੰਘ ਗਿੱਲ ਨੇ ਸੰਨ 1968 ਈ. ਵਿੱਚ ਪ੍ਰਕਾਸ਼ਿਤ ਕੀਤਾ ਹੈ। ਉਸ ਵਿੱਚ ਕੁੱਲ 21 ਅਧਿਆਇ ਹਨ ਅਤੇ ਛੰਦਾਂ ਦੀ ਗਿਣਤੀ 8131 ਹੈ। ਦੂਜਾ ਸੰਸਕਰਨ ਭਾਸ਼ਾ ਵਿਭਾਗ ਨੇ ਸੰਨ 1970 ਈ. ਵਿੱਚ ਪ੍ਰਕਾਸ਼ਿਤ ਕੀਤਾ ਹੈ। ਅਧਿਆਇ ਤਾਂ ਭਾਵੇਂ ਉਸ ਵਿੱਚ ਵੀ 21 ਹਨ, ਪਰ ਛੰਦਾਂ ਦੀ ਗਿਣਤੀ ਪਹਿਲੇ ਨਾਲੋਂ 338 ਘੱਟ ਹੈ। ਇਸ ਦੇ ਲਿਖੇ ਜਾਣ ਦੀ ਪ੍ਰੇਰਨਾ ਜਾਂ ਸ੍ਰੋਤ ਦੱਸਣ ਦੀ ਵਿਧੀ ਜਨਮ-ਸਾਖੀ ਭਾਈ ਮਨੀ ਸਿੰਘ ਵਾਲੀ ਜਾਂ ਸਿੱਖਾਂ ਦੀ ਭਗਤਮਾਲਾ ਨਾਲ ਦੂਰ ਤੱਕ ਸਮਾਨਤਾ ਰੱਖਦੀ ਹੈ। ਇਸ ਬਿਰਤਾਂਤ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਨ ਲਈ ਭਾਈ ਦਯਾ ਸਿੰਘ ਅਤੇ ਭਾਈ ਮਨੀ ਸਿੰਘ ਦੀ ਗਵਾਹੀ ਦਿੱਤੀ ਗਈ ਹੈ।
ਇਸ ਦੇ ਪਹਿਲੇ ਤਿੰਨ ਅਧਿਆਵਾਂ ਵਿੱਚ ਗੁਰੂ ਹਰਿਗੋਬਿੰਦ ਦੇ ਜਨਮ, ਬਚਪਨ ਅਤੇ ਮੁਢਲੀ ਸਿੱਖਿਆ ਪ੍ਰਾਪਤੀ ਦਾ ਵਰਣਨ ਹੈ। ਚੌਥੇ ਵਿੱਚ ਗੁਰੂ ਅਰਜਨ ਦੇਵ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੀ ਕਾਰਵਾਈ ਦਾ ਬਿਰਤਾਂਤ ਦਿੱਤਾ ਗਿਆ ਹੈ। ਪੰਜਵੇਂ ਵਿੱਚ ਗੁਰੂ ਜੀ ਦਾ ਵਿਆਹ ਦੱਸ ਕੇ ਫਿਰ ਅਗਲੇ ਅਧਿਆਵਾਂ ਵਿੱਚ ਪੰਚਮ ਗੁਰੂ ਦੀ ਸ਼ਹਾਦਤ, ਅਕਾਲ ਤਖ਼ਤ ਦੀ ਉਸਾਰੀ, ਬਬੇਕਸਰ ਦੀ ਖ਼ੁਦਾਈ, ਅੰਮ੍ਰਿਤਸਰ ਦੀ ਲੜਾਈ, ਬੀਬੀ ਵੀਰੋ ਦਾ ਵਿਆਹ, ਬਾਬਾ ਸੂਰਜ ਮੱਲ ਦਾ ਵਿਆਹ, ਕੌਲਾਂ ਦਾ ਨਿਸਤਾਰਾ, ਬਾਬੇ ਬੁੱਢੇ, ਭਾਈ ਗੁਰਦਾਸ ਅਤੇ ਮਾਤਾ ਦਮੋਦਰੀ ਦੇ ਦਿਹਾਂਤ, ਪੈਂਦੇ ਖ਼ਾਨ ਦੀ ਹਾਰ ਅਤੇ ਮ੍ਰਿਤੂ ਆਦਿ ਦਾ ਵਿਵਰਨ ਦਿੱਤਾ ਗਿਆ ਹੈ।
ਬਾਲਕ (ਗੁਰੂ) ਹਰਿਗੋਬਿੰਦ ਦੇ ਜਨਮ ਉੱਤੇ ਪ੍ਰਿਥੀ ਚੰਦ ਦੇ ਪਰਿਵਾਰ ਵਿੱਚ ਪਸਰੀ ਨਿਰਾਸ਼ਾ ਅਤੇ ਉਸ ਨਿਰਾਸ਼ਾ ਨੂੰ ਦੂਰ ਕਰਨ ਲਈ ਬਾਲਕ ਹਰਿਗੋਬਿੰਦ ਨੂੰ ਮਾਰਨ ਦੇ ਯਤਨਾਂ ਉੱਤੇ ਕਵੀ ਨੇ ਵਿਸਤਾਰ ਨਾਲ ਝਾਤ ਪਾਈ ਹੈ। ਇਸ ਬਿਰਤਾਂਤ ਦਾ ਪਿਛੋਕੜ ਸ੍ਰੀ ਕ੍ਰਿਸ਼ਨ ਦੇ ਬਾਲ-ਕਾਲ ਦੀਆਂ ਪਰਿਸਥਿਤੀਆਂ ਨਾਲ ਜਾ ਜੁੜਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜਾਂ ਹੋਰ ਗੁਰੂ ਸਾਹਿਬਾਨ ਦੇ ਚਰਿੱਤਰਾਂ ਵਿੱਚ ਅਵਤਾਰੀ ਸ਼ਕਤੀ ਦੀ ਕਲਪਨਾ ਕੀਤੀ ਗਈ ਹੈ, ਜਿਵੇਂ :
ਬ੍ਰਹਮਾ ਕੀ ਬਿਨਤੀ ਸੁਨ ਪਾਈ।
ਕਾਲ ਪੁਰਖ ਬੋਲੈ ਸੁਖਦਾਈ।
ਧਰ ਅਵਤਾਰ ਸੁ ਤੁਹਿ ਹਿਤ ਆਏ।
ਤੁਮਰੇ ਸਤ੍ਰੂ ਦੇਉ ਖਪਾਏ।
ਸੁਧਾ ਸਰੋਵਰ ਨਿਕਟ ਵਡਾਲੀ।
ਧਰੋ ਜਨਮ ਤਿਹ ਠਾ ਅਰ ਟਾਲੀ।
ਗੁਰੂ ਅਰਜਨ ਕੇ ਧਾਮ ਮਝਾਰੇ।
ਧਰੋ ਰੂਪ ਤੁਮ ਚਿੰਤ ਨਿਵਾਰੇ।
ਇਸ ਗੁਰਬਿਲਾਸ ਦੇ ਚੌਥੇ ਅਧਿਆਇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸੰਬੰਧੀ ਬਹੁਤ ਵਿਸਤਾਰ ਨਾਲ ਲਿਖਿਆ ਗਿਆ ਹੈ ਕਿ ਕਿਵੇਂ ਗੁਰੂ ਅਰਜਨ ਸਾਹਿਬ ਨੂੰ ਗ੍ਰੰਥ ਤਿਆਰ ਕਰਨ ਲਈ ਬੇਨਤੀ ਕੀਤੀ ਗਈ, ਕਿਵੇਂ ਬਾਬਾ ਮੋਹਨ ਪਾਸੋਂ ਪੋਥੀਆਂ ਲਿਆਂਦੀਆਂ ਗਈਆਂ, ਭਗਤਾਂ ਦੀ ਬਾਣੀ ਕਿਵੇਂ ਸੰਕਲਿਤ ਕੀਤੀ ਗਈ, ਪ੍ਰਾਣਸੰਗਲੀ ਨੂੰ ਸਿੰਗਲਾਦੀਪ ਤੋਂ ਕਿਸ ਤਰ੍ਹਾਂ ਮੰਗਵਾਇਆ ਗਿਆ, ਭਾਈ ਬੰਨੋ ਵੱਲੋਂ ਬੀੜ ਦੀ ਨਕਲ ਕਿਵੇਂ ਤਿਆਰ ਕਰਵਾਈ ਗਈ, ਨੌਂ ਵਾਰਾਂ ਦੀਆਂ ਗਾਇਨ ਧੁਨੀਆਂ ਕਿਵੇਂ ਦਰਜ ਹੋਈਆਂ? ਇਸ ਤਰ੍ਹਾਂ ਦੇ ਸਾਰੇ ਤੱਥਾਂ ਵਿੱਚ ਪਹਿਲਾਂ ਉਪਲਬਧ ਜਾਣਕਾਰੀ ਨੂੰ ਹੀ ਸਮੇਟਿਆ ਗਿਆ ਹੈ। ਇਸ ਵਿਚਲੇ ਕਈ ਤੱਥ ਅਤੇ ਤਿਥੀਆਂ ਅਪ੍ਰਮਾਣਿਕ ਸਿੱਧ ਹੁੰਦੀਆਂ ਹਨ।
ਇਸ ਰਚਨਾ ਲਈ ਕਵੀ ਨੇ ਦੋਹਰਾ-ਚੌਪਈ ਸ਼ੈਲੀ ਵਰਤੀ ਹੈ ਅਤੇ ਇਸ ਦੀ ਭਾਸ਼ਾ ਬ੍ਰਜ ਹੈ। ਇਹ ਰਚਨਾ ਪ੍ਰਬੰਧ-ਕਾਵਿ ਦੀਆਂ ਵਿਸ਼ੇਸ਼ਤਾਵਾਂ ਦੀ ਪਾਲਨਾ ਕਰਨ ਦੀ ਥਾਂ ਧਾਰਾਵਾਹਕ ਬਿਰਤਾਂਤ ਹੋ ਨਿਬੜੀ ਹੈ। ਇਸ ਦੇ ਅਧਿਆਵਾਂ ਵਿੱਚ ਛੰਦਾਂ ਦੀ ਗਿਣਤੀ ਵੀ ਇੱਕ-ਸਮਾਨ ਨਹੀਂ ਹੈ ਅਤੇ ਕਵਿਤਾ ਦਾ ਪੱਧਰ ਸਧਾਰਨ ਹੈ। ਇਤਿਹਾਸਿਕਤਾ ਦੀ ਥਾਂ `ਤੇ ਪੌਰਾਣਿਕ ਭਾਵਨਾ ਵਾਲੀਆਂ ਗੱਲਾਂ ਬਹੁਤ ਭਰੀਆਂ ਗਈਆਂ ਹਨ। ਇਸ ਦੀ ਪ੍ਰਮੁੱਖ ਬਿਰਤੀ ਪੁਜਾਰੀਪਨ ਵਾਲੀ ਹੈ। ਗੁਰੂ ਹਰਿਗੋਬਿੰਦ ਸਾਹਿਬ ਸੰਬੰਧੀ ਕੇਵਲ ਇਸ ਗ੍ਰੰਥ ਵਿੱਚ ਵਿਸਤਾਰ ਸਹਿਤ ਸਮਗਰੀ ਮਿਲਦੀ ਹੈ।
ਲੇਖਕ : ਰਤਨ ਸਿੰਘ ਜੱਗੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First