ਗੁਰਬਚਨ ਸਿੰਘ ਤਾਲਿਬ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਚਨ ਸਿੰਘ ਤਾਲਿਬ (1911-1986): ਵਿਦਵਾਨ, ਲੇਖਕ ਅਤੇ ਅਧਿਆਪਕ ਆਪਣੀ ਅੰਗਰੇਜ਼ੀ ਭਾਸ਼ਾ ‘ਤੇ ਮੁਹਾਰਤ ਕਾਰਨ ਪ੍ਰਸਿੱਧ ਸਨ। ਇਹ ਲਿਖਣ ਅਤੇ ਬੋਲਣ ਵਿਚ ਇਕੋ ਜਿਹੀ ਮੁਹਾਰਤ ਰੱਖਦੇ ਸੀ। ਇਹਨਾਂ ਦਾ ਜਨਮ ਅਜੋਕੇ ਸੰਗਰੂਰ ਜ਼ਿਲੇ ਦੇ ਛੋਟੇ ਕਸਬੇ ਮੂਣਕ ਵਿਚ 7 ਅਪ੍ਰੈਲ 1911 ਨੂੰ ਹੋਇਆ ਸੀ। ਇਹ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਜੈ ਕੌਰ ਦੇ ਪੁੱਤਰ ਸੀ। ਇਹਨਾਂ ਦੇ ਪਿਤਾ ਸੰਗਰੂਰ ਦੀ ਸ਼ਾਹੀ ਰਿਆਸਤ ਦੇ ਮੁਲਾਜ਼ਮ ਸਨ। ਇਹਨਾਂ ਨੇ ਰਾਜ ਹਾਈ ਸਕੂਲ , ਸੰਗਰੂਰ ਤੋਂ 1927 ਵਿਚ ਮੈਰਿਟ ਸਕਾਲਰਸ਼ਿਪ ਹਾਸਲ ਕਰਕੇ ਦਸਵੀਂ ਪਾਸ ਕੀਤੀ ਅਤੇ ਖ਼ਾਲਸਾ ਕਾਲਜ, ਅੰਮ੍ਰਿਤਸਰ ਚੱਲੇ ਗਏ। ਉੱਥੇ ਇਹਨਾਂ ਨੇ 1933 ਵਿਚ ਪੰਜਾਬ ਯੂਨੀਵਰਸਿਟੀ ਵਿਚ ਪ੍ਰਥਮ ਸਥਾਨ ਹਾਸਲ ਕਰਕੇ ਅੰਗਰੇਜ਼ੀ ਸਾਹਿਤ ਵਿਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਆਪਣੀ ਮਾਸਟਰ ਦੀ ਡਿਗਰੀ ਹਾਸਲ ਕਰਨ ਤੋਂ ਛੇਤੀ ਹੀ ਬਾਅਦ ਇਹ ਆਪਣੇ ਹੀ ਕਾਲਜ ਵਿਚ ਲੈਕਚਰਾਰ ਬਣ ਗਏ ਅਤੇ ਇਹਨਾਂ ਨੇ ਆਪਣਾ ਪ੍ਰਭਾਵਸ਼ਾਲੀ ਵਿਦਵਤਾ ਭਰਿਆ ਜੀਵਨ-ਪੰਧ ਸ਼ੁਰੂ ਕੀਤਾ। ਇਹਨਾਂ ਦਾ ਐਮ.ਏ. ਦੇ ਇਮਤਿਹਾਨ ਵਿਚ ਪਹਿਲੇ ਸਥਾਨ ‘ਤੇ ਆਉਣਾ ਯੂਨੀਵਰਸਿਟੀ ਦੇ ਇਤਿਹਾਸ ਵਿਚ ਅਦੁੱਤੀ ਘਟਨਾ ਸੀ ਕਿਉਂਕਿ ਪਹਿਲੇ ਕਿਸੇ ਵੀ ਦੇਹਾਤੀ ਕਾਲਜ ਵੱਲੋਂ ਅਜਿਹੀ ਡਿਸਟਿੰਕਸ਼ਨ ਦਾ ਦਾਅਵਾ ਨਹੀਂ ਕੀਤਾ ਗਿਆ ਸੀ। ਇਸ ਮਹਿਮਾ ਨੇ ਜਲਦੀ ਹੀ ਉਹਨਾਂ ਲਈ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਦਾ ਸਤਿਕਾਰ ਹਾਸਲ ਕੀਤਾ। ਜਿਵੇਂ ਮੱਛਲੀ ਨਿਰਵਿਘਨ ਪਾਣੀ ਵਿਚ ਘੁੰਮਦੀ ਹੈ ਉਸੇ ਪ੍ਰਕਾਰ ਇਹ ਸਹਿਜ ਹੀ ਸਿੱਖਿਅਕ ਹਲਕਿਆਂ ਵਿਚ ਸ਼ਾਮਲ ਹੋ ਗਏ। ਇਹਨਾਂ ਦੇ ਨਾਂ ਨਾਲ ਬਹੁਤ ਸਾਰੀਆਂ ਦੰਦ-ਕਥਾਵਾਂ ਜੁੜ ਗਈਆਂ। ਛੇਤੀ ਹੀ ਇਹ ਕਾਲਜ ਵਿਚ ਦੰਦ-ਕਥਾਵਾਂ ਦੇ ਨਾਇਕ ਬਣ ਗਏ। ਇਹਨਾਂ ਦੀ ਅਦੁੱਤੀ ਘਾਲਣਾ ਇਹਨਾਂ ਦੀ ਅੰਗਰੇਜ਼ੀ ਭਾਸ਼ਾ ਵਿਚ ਸਹਿਜ-ਸੁਭਾਵਕਤਾ ਅਤੇ ਇਹਨਾਂ ਦੀ ਵਿਦਵਤਾ ਵਿਚ ਵਿਭਿੰਨਤਾ ਨਾਲ ਸੰਬੰਧਿਤ ਕਈ ਕਹਾਣੀਆਂ ਪ੍ਰਚਲਿਤ ਹੋ ਗਈਆਂ।

     ਲਾਹੌਰ ਵਿਚ ਨਵੇਂ ਸ਼ੁਰੂ ਹੋਏ ਸਿੱਖ ਨੈਸ਼ਨਲ ਕਾਲਜ ਵਿਚ ਸ਼ਾਮਲ ਹੋਣ ਲਈ ਇਹ 1940 ਵਿਚ ਖ਼ਾਲਸਾ ਕਾਲਜ ਨੂੰ ਛੱਡ ਗਏ। ਸਿੱਖ ਨੈਸ਼ਨਲ ਕਾਲਜ ਵਿਚ ਇਹਨਾਂ ਨੇ ਅੰਗਰੇਜ਼ੀ ਦੇ ਵਿਭਾਗ ਵਿਚ ਬਤੌਰ ਲੈਕਚਰਾਰ ਕਈ ਸਾਲ ਕੰਮ ਕੀਤਾ। 1949 ਤੋਂ 1962 ਤਕ ਇਹਨਾਂ ਨੇ ਕਾਮਯਾਬ ਪ੍ਰਿੰਸੀਪਲ ਦੇ ਤੌਰ ਤੇ ‘ਲਾਇਲਪੁਰ ਖ਼ਾਲਸਾ ਕਾਲਜ, ਮੁੰਬਈ, ਗੁਰੂ ਗੋਬਿੰਦ ਸਿੰਘ ਕਾਲਜ, ਪਟਨਾ ਅਤੇ ਨੈਸ਼ਨਲ ਕਾਲਜ, ਸਿਰਸਾ ਵਿਚ ਕੰਮ ਕੀਤਾ। 1962 ਤੋਂ 1969 ਤਕ ਇਹ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਅੰਗਰੇਜ਼ੀ ਵਿਭਾਗ ਵਿਚ ਰੀਡਰ ਰਹੇ ਅਤੇ 1969 ਤੋਂ 1973 ਤਕ ਇਹ ਗੁਰੂ ਨਾਨਕ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਸਿੱਖ ਸਟੱਡੀਜ਼ ਦੇ ਪ੍ਰੋਫ਼ੈਸਰ ਰਹੇ। 1973 ਵਿਚ, ਤਾਲਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ, ਜਿੱਥੇ ਆ ਕੇ ਇਹਨਾਂ ਨੇ ਜੀਵਨ ਪੰਧ ਦੇ ਸਭ ਤੋਂ ਰਚਨਾਤਮਿਕ ਸਾਲ ਸ਼ੁਰੂ ਕੀਤੇ। ਇਹਨਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਗੁਰੂ ਨਾਨਕ ਚੇਅਰ ਆਫ਼ ਸਿੱਖ ਸਟੱਡੀਜ਼ ਦਾ ਚਾਰਜ ਸੰਭਾਲਿਆ ਪਰੰਤੂ ਸਿਹਤ ਠੀਕ ਨਾ ਹੋਣ ਕਾਰਨ ਜਲਦੀ ਹੀ ਇਹਨਾਂ ਨੂੰ ਛੱਡਣਾ ਪਿਆ। ਪਟਿਆਲਾ ਵਾਪਸ ਆ ਕੇ, 1976 ਵਿਚ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਫ਼ੈਲੋ ਬਣਾ ਦਿੱਤਾ ਗਿਆ ਅਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਦਾ ਮਹਾਨ ਕਾਰਜ ਅਰੰਭ ਕੀਤਾ। 1985 ਵਿਚ, ਇਹਨਾਂ ਨੇ ਭਾਰਤ ਸਰਕਾਰ ਦਾ ‘ਪਦਮ ਭੂਸ਼ਨ’ ਸਨਮਾਨ ਹਾਸਲ ਕੀਤਾ। ਇਹਨਾਂ ਨੇ ਇੰਡੀਅਨ ਕੌਂਸਿਲ ਆਫ਼ ਹਿਸਟੋਰੀਕਲ ਰਿਸਰਚ, ਨਿਊ ਦਿੱਲੀ , ਦੁਆਰਾ ਪੇਸ਼ ਕੀਤੀ ਗਈ ਨੈਸ਼ਨਲ ਫ਼ੈਲੋਸ਼ਿਪ ਨੂੰ ਹੱਥ ਵਿਚ ਲੈਣ ਕਾਰਨ, 1985 ਵਿਚ ਪੰਜਾਬੀ ਯੂਨੀਵਰਸਿਟੀ ਫ਼ੈਲੋਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਜੁਲਾਈ 1976 ਵਿਚ, ਇਹਨਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਵਿਚ ਇਹਨਾਂ ਦਾ ਬਚਾਵ ਹੋ ਗਿਆ, ਦੂਜੀ ਵਾਰ 9 ਅਪ੍ਰੈਲ 1986 ਦੀ ਸਵੇਰ ਨੂੰ ਦਿਲ ਦਾ ਦੌਰਾ ਪਿਆ ਪਰ ਇਹ ਘਾਤਕ ਸਾਬਿਤ ਹੋਇਆ।

     ਪ੍ਰੋਫ਼ੈਸਰ ਗੁਰਬਚਨ ਸਿੰਘ ਤਾਲਿਬ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿਚ ਭਰੇ-ਪੂਰੇ ਲੇਖਕ ਸਨ ਅਤੇ ਇਹ ਫ਼ਾਰਸੀ ਅਤੇ ਉਰਦੂ ਵੀ ਚੰਗੀ ਤਰ੍ਹਾਂ ਜਾਣਦੇ ਸੀ। ਇਹਨਾਂ ਦੀਆਂ ਪੰਜਾਬੀ ਦੀਆਂ ਬਿਹਤਰਹੀਨ ਜਾਣੀਆਂ ਜਾਣ ਵਾਲੀਆਂ ਪੁਸਤਕਾਂ ਇਸ ਪ੍ਰਕਾਰ ਹਨ: ਅਣਪਛਾਤੇ ਰਾਹ (1952); ਆਧੁਨਿਕ ਪੰਜਾਬੀ ਸਾਹਿਤ (ਪੰਜਾਬੀ ਕਾਵਿ) (1955); ਪਵਿੱਤਰ ਜੀਵਨ ਕਥਾਵਾਂ (1971); ਬਾਬਾ ਸ਼ੇਖ਼ ਫ਼ਰੀਦ (1975); ਅਤੇ ਅੰਗਰੇਜ਼ੀ ਵਿਚ ਮੁਸਲਿਮ ਲੀਗ ਅਟੈਕ ਆਨ ਦ ਸਿਖਸ ਐਂਡ ਹਿੰਦੂਸ ਇਨ ਪੰਜਾਬ, 1947 (1950); ਦ ਇਮਪੈਕਟ ਆਫ਼ ਗੁਰੂ ਗੋਬਿੰਦ ਸਿੰਘ ਆਨ ਇੰਡੀਅਨ ਸੁਸਾਇਟੀ (1966); ਗੁਰੂ ਨਾਨਕ: ਹਿਜ਼ ਪਰਸਨੈਲੀਟੀ ਐਂਡ ਵਿਜ਼ਨ (1969); ਭਾਈ ਵੀਰ ਸਿੰਘ: ਲਾਈਫ਼, ਟਾਈਮਸ ਐਂਡ ਵਰਕਸ (1973); ਬਾਬਾ ਸ਼ੇਖ਼ ਫ਼ਰੀਦ (1974); ਗੁਰੂ ਤੇਗ਼ ਬਹਾਦਰ: ਬੈਕਗਰਾਊਂਡ ਐਂਡ ਸੁਪਰੀਮ ਸੈਕਰੀਫ਼ਾਇਸ (1976); ਜਪੁਜੀ: ਦ ਇਮਮੋਰਟਲ ਪ੍ਰੇਅਰ-ਚੈਂਟ (1977) ਅਤੇ ਇਹਨਾਂ ਦਾ ਆਦਿ ਗ੍ਰੰਥ (ਚਾਰ ਜਿਲਦਾਂ) ਦਾ ਅੰਗਰੇਜ਼ੀ ਵਿਚ ਕਲਾਸਿਕੀ ਅਨੁਵਾਦ। ਇਹਨਾਂ ਪੁਸਤਕਾਂ ਤੋਂ ਇਲਾਵਾ, ਇਹਨਾਂ ਨੇ ਵੱਖ-ਵੱਖ ਵਿਦਵਤਾ-ਭਰਪੂਰ ਜਰਨਲਾਂ ਵਿਚ ਲੇਖ ਅਤੇ ਪਰਚੇ ਭੇਜਣੇ ਜਾਰੀ ਰੱਖੇ ਸਨ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.