ਗੁਰਦਿਆਲ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਦਿਆਲ ਸਿੰਘ: ਗਿਆਨ ਪੀਠ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਗੁਰਦਿਆਲ ਸਿੰਘ ਪੰਜਾਬੀ ਦਾ ਸਿਰਮੌਰ ਨਾਵਲਕਾਰ ਹੈ। ਉਸ ਨੂੰ ਭਾਰਤ ਦੇ ਸਰਬ-ਉੱਚ ਸਾਹਿਤਿਕ ਸਨਮਾਨ ਗਿਆਨ ਪੀਠ ਨਾਲ ਸਨਮਾਨਿਆ ਗਿਆ ਹੈ। ਗੁਰਦਿਆਲ ਸਿੰਘ ਨੇ ਇੱਕ ਤੋਂ ਵੱਧ ਸਾਹਿਤ ਵਿਧਾਵਾਂ ਵਿੱਚ ਰਚਨਾ ਕੀਤੀ, ਜਿਨ੍ਹਾਂ ਵਿੱਚ ਨਾਵਲ, ਕਹਾਣੀ, ਨਾਟਕ, ਵਾਰਤਕ ਅਤੇ ਸ੍ਵੈਜੀਵਨੀਆਂ ਸ਼ਾਮਲ ਹਨ ਪਰ ਇੱਕ ਨਾਵਲਕਾਰ ਵਜੋਂ ਉਹ ਵਧੇਰੇ ਪ੍ਰਸਿੱਧ ਹੈ।

     ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਭੈਣੀ ਫਤਹਿ ਵਿੱਚ ਪਿਤਾ ਸ. ਜਗਤ ਸਿੰਘ ਅਤੇ ਮਾਤਾ ਸਰਦਾਰਨੀ ਨਿਹਾਲ ਕੌਰ ਦੇ ਘਰ ਹੋਇਆ। ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਉਸ ਨੂੰ ਜ਼ਿੰਦਗੀ ਵਿੱਚ ਅਨੇਕ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਕਮਜ਼ੋਰ ਸਿਹਤ ਅਤੇ ਗ਼ਰੀਬੀ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ। ਪੜ੍ਹਾਈ ਛੱਡਣ ਤੋਂ ਬਾਅਦ ਉਸ ਨੇ ਪੂਰੇ ਅੱਠ ਸਾਲ ਸਖ਼ਤ ਮਿਹਨਤ ਕੀਤੀ। ਇਸੇ ਦੌਰਾਨ ਆਪਣੇ ਇੱਕ ਅਧਿਆਪਕ ਸ਼੍ਰੀ ਮਦਨ ਮੋਹਨ ਸ਼ਰਮਾ ਦੀ ਹੱਲਾਸ਼ੇਰੀ ਕਾਰਨ ਦੁਬਾਰਾ ਪੜ੍ਹਨਾ ਅਰੰਭ ਕੀਤਾ। ਪਹਿਲਾਂ ਦਸਵੀਂ, ਫੇਰ ਗਿਆਨੀ ਅਤੇ ਅੰਤ ਐਮ.ਏ. ਕਰਨ ਤੋਂ ਬਾਅਦ ਸਕੂਲ ਵਿੱਚ ਅਧਿਆਪਕ ਲੱਗ ਗਿਆ ਅਤੇ ਤਰੱਕੀ ਕਰਦੇ-ਕਰਦੇ ਪਹਿਲਾਂ ਕਾਲਜ ਅਧਿਆਪਕ ਅਤੇ ਫਿਰ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਬਣਿਆ। ਗੁਰਦਿਆਲ ਸਿੰਘ ਦਾ ਵਿਆਹ 14 ਸਾਲ ਦੀ ਉਮਰ ਵਿੱਚ ਬੀਬੀ ਬਲਵੰਤ ਕੌਰ ਨਾਲ ਹੋਇਆ ਅਤੇ ਉਹ ਇੱਕ ਪੁੱਤਰ ਅਤੇ ਦੋ ਧੀਆਂ ਦਾ ਪਿਤਾ ਬਣਿਆ। ਪਰ ਸਾਰੀ ਉਮਰ ਉਹ ਸ਼ਹਿਰੀ ਤੜਕ-ਭੜਕ ਤੋਂ ਦੂਰ ਆਪਣੇ ਨਿੱਕੇ ਜਿਹੇ ਕਸਬੇ ਜੈਤੋਂ ਵਿੱਚ ਸਾਹਿਤ ਸਿਰਜਣਾ ਵਿੱਚ ਮਗਨ ਰਿਹਾ।

     ਗੁਰਦਿਆਲ ਸਿੰਘ ਦੀ ਪਹਿਲੀ ਰਚਨਾ ਇੱਕ ਕਹਾਣੀ ਸੀ, ਜੋ ‘ਭਾਗਾਂ ਵਾਲੇ` ਸਿਰਲੇਖ ਹੇਠ 1957 ਵਿੱਚ ਪੰਜ ਦਰਿਆ ਪਰਚੇ ਵਿੱਚ ਛਪੀ। ਪਹਿਲੀ ਕਿਤਾਬ 1960 ਵਿੱਚ ਬਕਲਮ ਖ਼ੁਦ ਛਪੀ, ਜਿਸ ਵਿਚਲੀਆਂ ਬਹੁਤੀਆਂ ਕਹਾਣੀਆਂ ਬੱਚਿਆਂ ਲਈ ਸਨ। ਹੁਣ ਤੱਕ ਦੀ ਆਖ਼ਰੀ ਕਿਤਾਬ ਡਗਮਗ ਛਾਡਿ ਰੇ ਮਨ ਬਉਰਾ ਹੈ, ਜੋ 2004 ਵਿੱਚ ਛਪੀ ਹੈ। 1960 ਤੋਂ 2004 ਤੱਕ ਉਸ ਨੇ ਤੇਰਾਂ ਕਹਾਣੀ-ਸੰਗ੍ਰਹਿ, ਨੌਂ ਨਾਵਲ, ਤਿੰਨ ਨਾਟਕ, ਛੇ ਵਾਰਤਕ ਪੁਸਤਕਾਂ ਅਤੇ ਨੌਂ ਬਾਲ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ।

     ਤੀਹ ਦੇ ਕਰੀਬ ਅਹਿਮ ਪੁਸਤਕਾਂ (ਇਹਨਾਂ ਵਿੱਚ ਗੋਰਕੀ ਦੀ ਸ੍ਵੈਜੀਵਨੀ, ਮੇਰਾ ਬਚਪਨ, ਕ੍ਰਿਸ਼ਨਾ ਸੋਬਤੀ ਦਾ ਜ਼ਿੰਦਗੀਨਾਮਾ ਸ਼ਾਮਲ ਹਨ) ਦਾ ਪੰਜਾਬੀ ਵਿੱਚ ਅਨੁਵਾਦ ਕਰਨ ਵਾਲੇ ਇਸ ਲੇਖਕ ਨੂੰ ਬਹੁਤ ਸਾਰੇ ਸਨਮਾਨ ਤੇ ਪੁਰਸਕਾਰ ਮਿਲੇ ਹਨ। ਇਹਨਾਂ ਵਿੱਚ ਗਿਆਨਪੀਠ ਤੋਂ ਇਲਾਵਾ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ, ਭਾਰਤੀ ਸਾਹਿਤ ਅਕਾਦਮੀ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਅਤੇ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਨਾਵਲਕਾਰ ਪੁਰਸਕਾਰ ਸ਼ਾਮਲ ਹਨ।

     ਗੁਰਦਿਆਲ ਸਿੰਘ ਦਾ ਪਹਿਲਾ ਨਾਵਲ ਮੜ੍ਹੀ ਦਾ ਦੀਵਾ (1964) ਹੈ। ਸੰਸਾਰ ਪੱਧਰ ਤੇ ਪ੍ਰਸਿੱਧ ਹੋਏ ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ। ਇਸ ਨਾਵਲ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਗਿਆ। ਰੂਸੀ ਭਾਸ਼ਾ ਵਿੱਚ ਇਹ ਚਾਰ ਲੱਖ ਦੀ ਗਿਣਤੀ ਵਿੱਚ ਛਪਿਆ। ਇਸ ਤੇ ਇੱਕ ਫ਼ਿਲਮ ਬਣੀ, ਜਿਸ ਨੂੰ 1990 ਦਾ ਖੇਤਰੀ ਭਾਸ਼ਾ ਫ਼ਿਲਮ ਦਾ ਸਰਬੋਤਮ ਪੁਰਸਕਾਰ ਪ੍ਰਾਪਤ ਹੋਇਆ। ਪੰਜਾਬੀ ਦਾ ਇਹ ਪਹਿਲਾ ਆਂਚਲਿਕ ਨਾਵਲ ਹੈ। ਇਸ ਵਿੱਚ ਲੇਖਕ ਨੇ ਪਿੰਡ ਦੇ ਬਦਲਦੇ ਵਾਤਾਵਰਨ ਵਿੱਚ ਪੁਰਾਣੀਆਂ ਅਤੇ ਨਵੀਆਂ ਕਦਰਾਂ ਦੇ ਆਪਸੀ ਟਕਰਾਅ ਨੂੰ ਪੇਸ਼ ਕੀਤਾ ਹੈ। ਇਹ ਟਕਰਾਅ ਪਿੰਡ ਦੇ ਗ਼ਰੀਬ ਤੇ ਦਲਿਤ ਲੋਕਾਂ ਦੇ ਜੀਵਨ ਨੂੰ ਕਿਵੇਂ ਅਤੇ ਕਿਉਂ ਪ੍ਰਭਾਵਿਤ ਕਰਦਾ ਹੈ, ਇਸੇ ਨੂੰ ਸਮਝਣ ਅਤੇ ਪੇਸ਼ ਕਰਨ ਦੀ ਕੋਸ਼ਿਸ਼ ਗੁਰਦਿਆਲ ਸਿੰਘ ਦੇ ਨਾਵਲੀ ਜਗਤ ਦਾ ਮੁੱਖ ਵਿਸ਼ਾ ਹੈ।

     ਸਾਹਿਤ ਅਕਾਦਮੀ ਦੁਆਰਾ ਸਨਮਾਨਿਤ ਨਾਵਲ ਅੱਧ ਚਾਨਣੀ ਰਾਤ (1972) ਵਿੱਚ ਇਸ ਟਕਰਾਅ ਦਾ ਤੀਬਰ ਰੂਪ ਵੇਖਿਆ ਜਾ ਸਕਦਾ ਹੈ। ਇਹ ਨਾਵਲ ਪਿੰਡ ਦੀ ਨਿਮਨ ਕਿਰਸਾਣੀ ਦੇ ਦੁਖਾਂਤ ਨੂੰ ਚਿਤਰਦਾ ਹੈ। ਇਸ ਨਾਵਲ ਵਿੱਚ ਚੰਗੇ ਲੋਕ ਹਾਰਦੇ ਹਨ ਅਤੇ ਮਾੜੇ ਜਿੱਤਦੇ ਹਨ। ਚੰਗੇ ਉਹ ਹਨ ਜਿਹੜੇ ਪਰੰਪਰਿਕ ਕਦਰਾਂ-ਕੀਮਤਾਂ ਨਾਲ ਜੁੜੇ ਹੋਏ ਹਨ ਅਤੇ ਮਾੜੇ ਉਹ ਜਿਹੜੇ ਇਹਨਾਂ ਕਦਰਾਂ-ਕੀਮਤਾਂ ਨੂੰ ਛੱਡ ਸਵਾਰਥੀ ਬਣ ਚੁੱਕੇ ਹਨ। ਆਸ ਦੀ ਕੋਈ-ਕੋਈ ਤੰਦ ਨਜ਼ਰ ਤਾਂ ਪੈਂਦੀ ਹੈ, ਪਰ ਕਿਸੇ ਸੁਚੱਜੇ ਜੀਵਨ ਸਿਧਾਂਤ ਦੀ ਅਣਹੋਂਦ ਵਿੱਚ ਉਸ ਦੇ ਵੀ ਮਿਟ ਜਾਣ ਦਾ ਡਰ ਹੈ। ਅਣਹੋਏ, ਕੁਵੇਲਾ, ਅੰਨ੍ਹੇ ਘੋੜੇ ਦਾ ਦਾਨ, ਆਥਣ-ਉੱਗਣ ਆਦਿ ਨਾਵਲਾਂ ਵਿੱਚ ਇਸੇ ਟਕਰਾਅ ਨੂੰ ਬਦਲਵੀਆਂ ਕਥਾਵਾਂ ਰਾਹੀਂ ਪੇਸ਼ ਕੀਤਾ ਗਿਆ ਹੈ।

     ਅਸਲ ਵਿੱਚ ਨਾਵਲਕਾਰ ਇੱਕ ਅਜਿਹੇ ਜੀਵਨ-ਢੰਗ ਦੀ ਤਲਾਸ਼ ਵਿੱਚ ਹੈ, ਜਿਸ ਵਿੱਚ ਪਰੰਪਰਾ ਅਤੇ ਆਧੁਨਿਕਤਾ ਦੋਵਾਂ ਦਾ ਸੁਮੇਲ ਹੋਵੇ। ਆਪਣੇ ਬਹੁ- ਚਰਚਿਤ ਨਾਵਲ ਪਰਸਾ ਰਾਹੀਂ ਉਹ ਅਜਿਹੀ ਹੀ ਜੀਵਨ ਵਿਧੀ ਦੀ ਸਥਾਪਨਾ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਪਰਸਾ ਪਰੰਪਰਾ ਅਤੇ ਆਧੁਨਿਕਤਾ ਦੋਵਾਂ ਵਿੱਚੋਂ ਉੱਤਮ ਮੁੱਲਾਂ ਦੀ ਰੱਖਿਆ ਅਤੇ ਵੇਲਾ ਵਿਹਾ ਚੁੱਕੇ ਮੁੱਲਾਂ ਦੀ ਵਿਰੋਧਤਾ ਕਰਦਾ ਹੈ। ਉਹ ਨਾ ਤਾਂ ਪਰੰਪਰਾ ਪ੍ਰਤਿ ਭਾਵੁਕ ਹੈ ਅਤੇ ਨਾ ਆਧੁਨਿਕਤਾ ਪ੍ਰਤਿ ਉਲਾਰ। ਉਸ ਲਈ ਵਿਅਕਤੀ ਨਹੀਂ ਸਗੋਂ ਕਦਰਾਂ-ਕੀਮਤਾਂ ਮਹੱਤਵਪੂਰਨ ਹਨ।

     ਗੁਰਦਿਆਲ ਸਿੰਘ ਨਾਵਲਕਾਰ ਦੇ ਨਾਲ-ਨਾਲ ਇੱਕ ਮਹੱਤਵਪੂਰਨ ਕਹਾਣੀਕਾਰ ਵੀ ਹੈ। ਬਦਲਦੇ ਸੱਭਿਆਚਾਰ ਵਿੱਚ ਮਨੁੱਖੀ ਰਿਸ਼ਤੇ ਕਿਸ ਤਰ੍ਹਾਂ ਰੰਗ ਵਟਾਉਂਦੇ ਹਨ, ਇਸ ਵਿਸ਼ੇ ਨੂੰ ਗੁਰਦਿਆਲ ਸਿੰਘ ਨੇ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ। ਸੱਗੀ ਫੁੱਲ (1962), ਓਪਰਾ ਮਨੁੱਖ (1965), ਕੁੱਤਾ ਤੇ ਆਦਮੀ (1972), ਚੋਣਵੀਆਂ ਕਹਾਣੀਆਂ (1988), ਕਰੀਰ ਦੀ ਢਿੰਗਰੀ (1991) ਉਸ ਦੇ ਪ੍ਰਮੁੱਖ ਕਹਾਣੀ-ਸੰਗ੍ਰਹਿ ਹਨ।

     ਗੁਰਦਿਆਲ ਸਿੰਘ ਦੀ ਸ਼ਖ਼ਸੀਅਤ ਦਾ ਇੱਕ ਹੋਰ ਅਹਿਮ ਪਹਿਲੂ ਉਸ ਦੁਆਰਾ ਲਿਖੇ ਲੇਖਾਂ ਨਾਲ ਸੰਬੰਧਿਤ ਹੈ। ਇਹਨਾਂ ਲੇਖਾਂ ਰਾਹੀਂ ਉਸ ਨੇ ਸਮਾਜ ਵਿੱਚ ਆ ਰਹੀਆਂ ਗੰਭੀਰ ਤਬਦੀਲੀਆਂ ਤੇ ਹੀ ਕਿੰਤੂ ਨਹੀਂ ਕੀਤਾ ਸਗੋਂ ਨਵੇਂ ਬਦਲ ਵੀ ਸੁਝਾਏ ਹਨ। ਸਤਯੁਗ ਦੇ ਆਉਣ ਤੱਕ (2002) ਅਤੇ ਡਗਮਗ ਛਾਡਿ ਰੇ ਮਨ ਬਉਰਾ (2004) ਅਜਿਹੇ ਹੀ ਲੇਖਾਂ ਦੇ ਸੰਗ੍ਰਹਿ ਹਨ।

     ਅੱਜ ਦੇ ਸਮੇਂ ਵਿੱਚ ਬਹੁਤ ਥੋੜ੍ਹੇ ਲੇਖਕ ਅਜਿਹੇ ਹਨ, ਜਿਨ੍ਹਾਂ ਦੀ ਲਿਖਤ ਨੇ ਵੱਡਿਆਂ ਅਤੇ ਬੱਚਿਆਂ ਦੋਵਾਂ ਨੂੰ ਇੱਕੋ ਜਿੰਨਾ ਪ੍ਰਭਾਵਿਤ ਕੀਤਾ ਹੋਵੇ। ਇਸ ਪ੍ਰਸੰਗ ਵਿੱਚ ਗੁਰਦਿਆਲ ਸਿੰਘ ਦੀ ਲਿਖਤ ਏਨੀ ਸਹਿਜ ਤੇ ਸਮਰੱਥ ਹੈ ਕਿ ਇਸ ਨੂੰ ਹਰ ਉਮਰ ਦਾ ਪਾਠਕ ਰੀਝ ਨਾਲ ਪੜ੍ਹਦਾ ਤੇ ਮਾਣਦਾ ਹੈ। ਬੱਚਿਆਂ ਲਈ ਰਚਿਤ ਪੁਸਤਕਾਂ ਵਿੱਚ ਉਹਨਾਂ ਵਿਭਿੰਨ ਪ੍ਰਕਾਰ ਦੀ ਜਾਣਕਾਰੀ ਨੂੰ ਰੋਚਕ ਢੰਗ ਨਾਲ ਪੇਸ਼ ਕੀਤਾ ਹੈ। ਉਦਾਹਰਨ ਵਜੋਂ ਪੁਸਤਕ ਮਹਾਂਭਾਰਤ (1990) ਰਾਹੀਂ ਉਹ ਬਾਲ-ਮਨ ਨੂੰ ਪੁਰਾਤਨ ਭਾਰਤੀ ਕਥਾ ਨਾਲ ਜੋੜ ਕੇ ਧਰਮ ਅਤੇ ਅਧਰਮ ਦੀ ਸੋਝੀ ਦਿੰਦਾ ਹੈ। ਇਸੇ ਤਰ੍ਹਾਂ ਧਰਤ ਸੁਹਾਵੀ (1989) ਪੁਸਤਕ ਰਾਹੀਂ ਸੰਸਾਰ ਦੀ ਉਤਪਤੀ ਅਤੇ ਇਸਦੇ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਹੈ। ਟੁੱਕ ਖੋਹ ਲਏ ਕਾਵਾਂ (1964), ਲਿਖਤੁਮ ਬਾਬਾ ਖ਼ੇਮਾ (1971), ਗੱਪੀਆਂ ਦਾ ਪਿਓ (1989) ਬੱਚਿਆਂ ਲਈ ਲਿਖੀਆਂ ਕੁਝ ਹੋਰ ਪੁਸਤਕਾਂ ਹਨ।

     ਨਿਆਣ ਮੱਤੀਆਂ (1999) ਅਤੇ ਦੂਜੀ ਦੇਹੀ (2000) ਗੁਰਦਿਆਲ ਸਿੰਘ ਦੁਆਰਾ ਰਚਿਤ ਸ੍ਵੈਜੀਵਨੀ ਦੇ ਦੋ ਭਾਗ ਹਨ। ਪਹਿਲੇ ਭਾਗ ਵਿੱਚ ਉਹ ਆਪਣੇ ਜੀਵਨ ਦੇ ਪਹਿਲੇ ਸੋਲਾਂ ਸਾਲਾਂ ਦੇ ਅਤੇ ਦੂਜੇ ਭਾਗ ਵਿੱਚ ਇਸ ਤੋਂ ਬਾਅਦ ਦੇ ਜੀਵਨ ਦਾ ਜ਼ਿਕਰ ਕਰਦਾ ਹੈ। ਸ੍ਵੈਜੀਵਨੀ ਦੇ ਇਹਨਾਂ ਦੋਵਾਂ ਭਾਗਾਂ ਵਿੱਚ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਲੇਖਕ ਦੀ ਸਾਹਿਤ ਸਿਰਜਣ ਪ੍ਰਕਿਰਿਆ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗੁਰਦਿਆਲ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਦਿਆਲ ਸਿੰਘ  : ਪੰਜਾਬੀ ਦੇ ਇਸ ਪ੍ਰਸਿੱਧ ਨਾਵਲਕਾਰ ਦਾ ਜਨਮ 10 ਜਨਵਰੀ, 1933 ਨੂੰ ਸ. ਜਗਤ ਸਿੰਘ ਦੇ ਘਰ ਜੈਤੋ (ਜ਼ਿਲ੍ਹਾ ਫਰੀਦਕੋਟ) ਵਿਖੇ ਹੋਇਆ। ਇਸ ਨੇ ਐਮ. ਏ. ਪੰਜਾਬੀ ਤਕ ਸਿੱਖਿਆ ਪ੍ਰਾਪਤ ਕੀਤੀ। ਸੰਨ 1954-70 ਤਕ ਇਹ ਸਕੂਲ ਅਧਿਆਪਕ ਰਿਹਾ ਅਤੇ 1971 ਈ. ਤੋਂ ਬ੍ਰਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਲੈਕਚਰਾਰ ਤੇ ਉਪਰੰਤ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ ਵਿਖੇ ਪ੍ਰੋਫ਼ੈਸਰ ਵੱਜੋਂ ਸੇਵਾ ਕੀਤੀ ਤੇ ਇਥੋਂ ਹੀ 1991 ਈ. ਵਿਚ ਰਿਟਾਇਰ ਹੋਇਆ।

ਪੰਜਾਬੀ ਨਾਵਲ ਵਿਚ ਪ੍ਰੋ. ਗੁਰਦਿਆਲ ਸਿੰਘ ਨੂੰ ਵਿਸ਼ੇਸ਼ ਥਾਂ ਅਤੇ ਪ੍ਰਸੰਸਾ ਪ੍ਰਾਪਤ ਹੋਈ ਹੈ। ਸ. ਨਾਨਕ ਸਿੰਘ, ਸ. ਜਸਵੰਤ ਸਿੰਘ ਕੰਵਲ ਅਤੇ ਕਰਨਲ ਨਰਿੰਦਰ ਪਾਲ ਸਿੰਘ ਤੋਂ ਬਾਅਦ ਗੁਰਦਿਆਲ ਸਿੰਘ ਦਾ ਨਾਂ ਉਭਰ ਕੇ ਪਾਠਕਾਂ ਦੇ ਸਾਹਮਣੇ ਆਇਆ ਹੈ। ਇਸ ਨੂੰ ਪੰਜਾਬੀ ਨਾਵਲ ਵਿਚ ਆਲੋਚਨਾਤਮਕ-ਯਥਾਰਥਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ।

ਆਪਣੇ ਪਹਿਲੇ ਨਾਵਲ ‘ਮੜ੍ਹੀ ਦਾ ਦੀਵਾ’ ਨਾਲ ਹੀ ਪ੍ਰੋ. ਗੁਰਦਿਆਲ ਸਿੰਘ ਪੰਜਾਬੀ ਪਾਠਕਾਂ ਵਿਚ ਇਕ ਉੱਤਮ ਨਾਵਲਕਾਰ ਦੇ ਤੌਰ ਤੇ ਜਾਣਿਆ ਜਾਣ ਲਗਿਆ। ਇਸ ਦੇ ਨਾਵਲਾਂ ਦੀ ਪ੍ਰਧਾਨ ਸੁਰ ਭਖਦੇ ਜੀਵਨ ਦੇ ਯਥਾਰਥ ਨੂੰ ਸਥਾਨਕ ਸਭਿਆਚਾਰ ਦੇ ਰੰਗ ਵਿਚ ਰੰਗ ਕੇ ਪੇਸ਼ ਕਰਨਾ ਹੈ। ਪੰਜਾਬੀ ਵਿਚ ਆਂਚਲਕ ਨਾਵਲ ਲਿਖਣ ਦਾ ਮੋਢੀ ਗੁਰਦਿਆਲ ਸਿੰਘ ਨੂੰ ਹੀ ਮੰਨਿਆ ਜਾਂਦਾ ਹੈ। ਨਾਵਲਕਾਰ ਦੀ ਸ਼ੈਲੀ ਗੰਭੀਰ, ਸੰਜਮੀ ਅਤੇ ਸੁਝਾਊ ਹੈ। ਇਹ ਸਿੱਧੇ ਸਾਦੇ ਲੋਕ ਮੁਹਾਵਰਿਆਂ ਨਾਲ ਸ਼ਿੰਗਾਰੀ ਮਲਵਈ ਉਪ-ਭਾਸ਼ਾ ਵਿਚ ਜੀਵਨ ਦੀ ਡੂੰਘੀ ਵੇਦਨਾ ਨੂੰ ਪ੍ਰਭਾਵਸ਼ਾਲੀ ਅਤੇ ਹਿਰਦੇ ਵੇਧਕ ਢੰਗ ਨਾਲ ਅੰਕਿਤ ਕਰ ਸਕਦਾ ਹੈ। ਮਲਵਈ ਸ਼ਬਦਾਵਲੀ ਵਰਤ ਕੇ ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ ਦੇ ਆਂਚਲ ਨੂੰ ਹੋਰ ਭਰਪੂਰ ਕੀਤਾ ਹੈ।

ਭਾਸ਼ਾ ਵਿਭਾਗ, ਪੰਜਾਬ ਵੱਲੋਂ ਇਸ ਨੂੰ ਵਧੀਆ ਗਲਪ ਲਿਖਣ ਲਈ 1966-75 ਈ. ਦੌਰਾਨ ਪੰਜ ਵਾਰ ਇਨਾਮ ਮਿਲਿਆ। ਸੰਨ 1975 ਵਿਚ ਇਸ ਨੂੰ ਪੰਜਾਬ ਸਰਕਾਰ ਵੱਲੋਂ ਨਾਨਕ ਸਿੰਘ ਐਵਾਰਡ ਪ੍ਰਾਪਤ ਹੋਇਆ । ਇਸੇ ਸਾਲ ਹੀ ਇਸ ਨੂੰ ਸਾਹਿਤ ਅਕਾਦਮੀ ਐਵਾਰਡ ਭੇਟ ਕੀਤਾ ਗਿਆ। ਸੰਨ 1979 ਵਿਚ ਗੁਰਦਿਆਲ ਸਿੰਘ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ ਇਨਾਮ ਮਿਲਿਆ। ਇਸ ਦੀ ਵਡ-ਅਕਾਰੀ ਸਾਹਿਤਕ ਘਾਲਣਾ ਨੂੰ ਮੱਦੇ ਨਜ਼ਰ ਰੱਖ ਕੇ ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ 1992 ਈ. ਦਾ ਸ਼੍ਰੋਮਣੀ ਸਾਹਿਤਕਾਰ ਸਨਮਾਨ ਦਿੱਤਾ ਗਿਆ।

ਸੰਨ 1999 ਵਿਚ ਇਸ ਨੂੰ ਗਿਆਨਪੀਠ ਨਾਲ ਸਨਮਾਨਿਤ ਕੀਤਾ ਗਿਆ।

ਰਚਨਾਵਾਂ– ਨਾਵਲ – ਮੜ੍ਹੀ ਦਾ ਦੀਵਾ (1965) ਅਣਹੋਏ (1966) ਅਧ ਚਾਨਣੀ ਰਾਤ (1972) ਆਥਣ ਉਗਣ (1979) ਅੰਨ੍ਹੇ ਘੋੜੇ ਦਾ ਦਾਨ (1976) ਪਰਸਾ (1992) ਆਦਿ।

ਨਾਟਕ -ਫ਼ਰੀਦਾ ਰਾਤੀਂ ਵੱਡੀਆਂ (ਅੱਧ ਚਾਨਣੀ ਰਾਤ ਉੱਪਰ ਅਧਾਰਿਤ) ਵਿਦਾਇਗੀ ਤੋਂ ਪਿੱਛੋਂ (1983)

ਕਹਾਣੀ - ਕੁੱਤਾ ਤੇ ਆਦਮੀ (1972) ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ ਆਦਿ।

ਬਾਲ-ਸਾਹਿਤ - ਟੁੱਕ ਖੋਹ ਲਏ ਕਾਵਾਂ, ਬਾਬਾ ਖੇਮਾ, ਬਾਕਲਮਖੁਦ, ਧਰਮ ਸੁਹਾਵੀ ਆਦਿ।

ਇਸ ਨੇ ਬਹੁਤ ਸਾਰੀਆਂ ਪੁਸਤਕਾਂ ਦੇ ਪੰਜਾਬੀ ਵਿਚ ਅਨੁਵਾਦ ਵੀ ਕੀਤੇ ਹਨ ਜੋ ਨੈਸ਼ਨਲ ਬੁਕ ਟ੍ਰਸਟ; ਸਾਹਿਤ ਅਕਾਦਮੀ; ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-11-00, ਹਵਾਲੇ/ਟਿੱਪਣੀਆਂ: ਹ. ਪੁ. - ਪੰ. ਸਾ. ਇ..; ਲਿ. ਕੋ.; ਪੰ. ਸਾ. ਕੋ. (ਕੋਹਲੀ) ਗੁ. ਸਿੰ. ਅਭਿਨੰਦਨ ਗ੍ਰੰਥ; ਲੇਖਕ ਡਾਇਰੈਕਟਰੀ-ਮਸੀਹੀ ਸਾਹਿਤ ਸਦਨ, ਜਲੰਧਰ

ਗੁਰਦਿਆਲ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਦਿਆਲ ਸਿੰਘ (ਵੀ. ਚ.) : ਪਟਿਆਲਾ ਬਟਾਲੀਅਨ ਦੇ ਇਸ ਬਹਾਦਰ ਸੈਨਿਕ ਦਾ ਜਨਮ ਬਰਨਾਲਾ ਨੇੜੇ ਰਾਜੋ ਮਾਜਰਾ ਵਿਖੇ ਸ. ਆਸਾ ਸਿੰਘ ਦੇ ਘਰ ਸੰਨ 1919 ਵਿਚ ਹੋਇਆ। ਇਹ 19 ਜੁਲਾਈ, 1937 ਨੂੰ ਪਹਿਲੀ ਪਟਿਆਲਾ ਬਟਾਲੀਅਨ ਵਿਚ ਭਰਤੀ ਹੋਇਆ।ਇਸ ਬਟਾਲੀਅਨ ਨਾਲ ਇਹ ਦੂਜੀ ਵੱਡੀ ਜੰਗ ਵਿਚ ਬਰਮਾ ਤੇ ਜਾਵਾ ਵਿਚ ਯੁੱਧ ਲੜਿਆ ਜਿਥੇ ਇਹ ਛੇ ਸਾਲ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਛੇਤੀ ਬਾਅਦ ਹੀ ਪਾਕਿਸਤਾਨੀ ਕਬਾਇਲੀਆਂ ਨੇ ਕਸ਼ਮੀਰ ਤੇ ਹਮਲਾ ਕਰ ਦਿੱਤਾ ਜਿਸ ਲਈ ਨਾਇਕ ਗੁਰਦਿਆਲ ਸਿੰਘ ਦੀ ਰੈਜਮੈਂਟ ਨੂੰ ਛੰਭ ਇਲਾਕਾ ਦੁਸ਼ਮਣ ਤੋਂ ਖਾਲੀ ਕਰਵਾਉਣ ਦੀ ਜ਼ਿੰਮੇਵਾਰੀ ਸੰਭਾਲੀ ਗਈ। ਇਸ ਦੀ ਸਫ਼ਲਤਾ ਤੋਂ ਬਾਅਦ ਝੰਗੜ ਦਾ ਇਲਾਕਾ ਦੁਸ਼ਮਣ ਦੇ ਕਬਜ਼ੇ ਵਿਚੋਂ ਛੁਡਵਾਉਣ ਦਾ ਕੰਮ ਵੀ ਹੋਰਨਾਂ ਰੈਜਮੈਂਟਾਂ ਵਾਂਗ ਇਸ ਰੈਜਮੈਂਟ ਨੂੰ ਵੀ ਗਿਆ।

ਝੰਗੜ ਦੇ ਪਹਾੜੀ ਇਲਾਕੇ ਨੂੰ ਕਬਜ਼ੇ ਵਿਚ ਕਰਨਾ ਆਸਾਨ ਨਹੀਂ ਸੀ। ਅੰਬਲੀਧਾਰ ਪਹਾੜੀ ਤੇ ਹਮਲੇ ਦਾ ਪਲਾਨ 2 ਮਾਰਚ, 1948 ਨੂੰ ਬਣਾਇਆ ਗਿਆ। ਇਸ ਹਮਲੇ ਦੀ ਪਲਾਟੂਨ ਦੇ ਨੰ. ਦੋ ਸੈਕਸ਼ਨ ਦੀ ਕਮਾਨ ਨਾਇਕ ਗੁਰਦਿਆਲ ਸਿੰਘ ਦੇ ਹੱਥ ਸੀ। ਇਸ ਪਹਾੜੀ ਉੱਪਰ ਦੁਸ਼ਮਣ ਨੇ ਪੱਕੀਆਂ ਚੌਕੀਆਂ ਬਣਾ ਰਖੀਆਂ ਸਨ ਤੇ ਬੰਕਰ ਬੜੇ ਮਜ਼ਬੂਤ ਸਨ।

ਨਾਇਕ ਗੁਰਦਿਆਲ ਸਿੰਘ ਨੇ ਆਪਣੇ ਸੈਕਸ਼ਨ ਨੂੰ ਖਤਰਿਆਂ ਤੋਂ ਜਾਣੂ ਕਰਵਾਇਆ। ਹਮਲੇ ਦਾ ਵੇਲਾ ਹੋਇਆ ਤਾਂ ਇਹ ਆਪਣੇ ਸੈਕਸ਼ਨ ਵਿਚ ਸਭ ਤੋਂ ਅੱਗੇ ਵਧਦਾ, ਸਟੇਨ ਗਨ ਨਾਲ ਨਿਸ਼ਾਨੇ ਸੇਧਦਾ ਰਿਹਾ। ਅੱਗੇ ਵਧਣ ਲੱਗਿਆਂ ਇਸ ਨੂੰ ਦੁਸ਼ਮਣ ਦੇ ਬੰਕਰ ਨਜ਼ਰ ਆਏ ਤਾਂ ਇਸ ਨੇ ਇਕ ਬੰਕਰ ਉੱਤੇ ਹੱਥਗੋਲਾ ਸੁੱਟਿਆ। ਦੂਜੇ ਪਾਸਿਓਂ ਇਕ ਗੋਲਾ ਇਸ ਤੇ ਆ ਡਿਗਿਆ ਜਿਸ ਨੇ ਇਸ ਦੀ ਸੱਜੀ ਲੱਤ ਪੱਟ ਤੋਂ ਹੀ ਉਡਾ ਦਿੱਤੀ ਪਰ ਇਹ ਜ਼ਖਮੀ ਹਾਲਤ ਵਿਚ ਅੱਗੇ ਵੀ ਵਧਦਾ ਰਿਹਾ। ਦੁਸ਼ਮਣ ਦੀ ਚੌਕੀ ਤੇ ਜਦ ਕਬਜ਼ਾ ਹੋ ਗਿਆ ਤਾਂ ਨਾਇਕ ਗੁਰਦਿਆਲ ਸਿੰਘ ਦਾ ਖ਼ੂਨ ਬਹੁਤ ਵਗ ਚੁੱਕਾ ਸੀ।ਕਾਫ਼ੀ ਦੇਰ ਹਸਪਤਾਲ ਵਿਚ ਰਹਿਣ ਤੋਂ ਬਾਅਦ ਇਹ ਸਵੈ ਭਰੋਸੇ ਸਦਕਾ ਨਵਾਂ ਜੀਵਨ ਹਾਸਲ ਕਰਨ ਵਿਚ ਕਾਮਯਾਬ ਹੋਇਆ।

ਸਾਰੇ ਯੁੱਧ ਦੌਰਾਨ ਬਹਾਦਰੀ, ਸੂਝ ਬੂਝ ਤੇ ਦਲੇਰੀ ਭਰੀ ਅਗਵਾਈ ਤੇ ਦੇਸ਼ ਭਗਤੀ ਦੇ ਅਨੂਠੇ ਜਜ਼ਬੇ ਸਦਕਾ ਇਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-12-29, ਹਵਾਲੇ/ਟਿੱਪਣੀਆਂ:

ਗੁਰਦਿਆਲ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਦਿਆਲ ਸਿੰਘ (ਮ. ਵੀ. ਚ) : ਰਾਜਪੂਤ ਰੈਜਮੈਂਟ ਦੇ ਮੇਜਰ ਗੁਰਦਿਆਲ ਸਿੰਘ ਨੇ 1962 ਈ. ਦੀ ਚੀਨ ਵਿਰੁੱਧ ਲੜਾਈ ਦੌਰਾਨ ਬੇਮਿਸਾਲ ਵੀਰਤਾ ਦਿਖਾਈ।

20 ਅਕਤੂਬਰ, 1962 ਨੂੰ ਚੀਨੀਆਂ ਨੇ ਨੇਫ਼ਾ ਵਿਚ ਬ੍ਰਿਜ ਪੋਜ਼ੀਸ਼ਨ ਤੇ ਹਮਲਾ ਕਰ ਕੇ ਭਾਰਤੀ ਫ਼ੌਜ ਦੀ ਇਕ ਕੰਪਨੀ ਨੂੰ ਪਛਾੜਦੇ ਹੋਏ ਬਟਾਲੀਅਨ ਦੇ ਹੈੱਡ ਕੁਆਰਟਰ ਤੇ ਸਾਰੇ ਪਾਸਿਆਂ ਤੋਂ ਹਮਲਾ ਕਰ ਦਿਤਾ।

ਮੇਜਰ ਗੁਰਦਿਆਲ ਸਿੰਘ ਬਟਾਲੀਅਨ ਦਾ ਉਪ-ਕਮਾਨ ਅਫ਼ਸਰ ਸੀ। ਇਸ ਨੇ ਭਾਂਪ ਲਿਆ ਕਿ ਉਹ ਮਹੱਤਵਪੂਰਨ ਸਥਾਨ ਬਹੁਤੀ ਦੇਰ ਭਾਰਤੀ ਫ਼ੌਜ ਦੇ ਕਬਜ਼ੇ ਵਿਚ ਨਹੀਂ ਰਹਿ ਸਕਦਾ। ਇਸ ਲਈ ਇਹ ਜ਼ਰੂਰੀ ਸੀ ਕਿ ਮਹੱਤਵਪੂਰਨ ਦਸਤਾਵੇਜ਼ ਤੇ ਫ਼ੌਜੀ ਅਮਲੇ ਨੂੰ ਉਥੋਂ ਹਿਫਾਜ਼ਤ ਨਾਲ ਕੱਢਿਆ ਜਾਵੇ। ਇਸ ਨੇ ਬਾਕੀ ਬਚੇ ਜੁਆਨਾਂ ਨੂੰ ਨਾਲ ਲੈ ਕੇ ਹੈੱਡ ਕੁਆਰਟਰਜ਼ ਦੀ ਸੁਰੱਖਿਆ ਦੇ ਮੋਰਚੇ ਸੰਭਾਲ ਲਏ ਤੇ ਦੁਸ਼ਮਣ ਵਿਰੁੱਧ ਡੱਟ ਗਿਆ। ਦੁਸ਼ਮਣ ਦੇ ਬਹੁਤੇ ਸਾਰੇ ਫ਼ੌਜੀ ਹਲਾਕ ਕਰ ਦਿੱਤੇ ਅਤੇ ਦੁਸ਼ਮਣ ਨੂੰ ਕਾਫ਼ੀ ਦੇਰ ਤਕ ਰੋਕੀ ਰਖਿਆ। ਇਸ ਦੌਰਾਨ ਬਾਕੀ ਬਚੇ ਹੋਏ ਜੁਆਨ ਸੁਰੱਖਿਅਤ ਸਥਾਨ ਤੇ ਪਹੁੰਚ ਗਏ। ਮੇਜਰ ਗੁਰਦਿਆਲ ਸਿੰਘ ਦੀ ਸੂਝ, ਹੌਸਲਾ ਅਤੇ ਅਦੁੱਤੀ ਬਹਾਦਰੀ ਕਾਰਨ ਇਸ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-13-29, ਹਵਾਲੇ/ਟਿੱਪਣੀਆਂ: ਹ. ਪੁ. - ਸਿੱਖ ਵੀਰਤਾ ਦੇ ਚਿਤਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.