ਗੁਰਚਰਨ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਚਰਨ ਸਿੰਘ. ਦੇਖੋ, ਨਾਭਾ ਵਿੱਚ ਮਹਾਰਾਜਾ ਰਿਪੁਦਮਨ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰਚਰਨ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਚਰਨ ਸਿੰਘ: ਇਕ ਕੂਕਾ ਨੇਤਾ ਸੀ (ਬਾਬਾ ਰਾਮ ਸਿੰਘ ਦੁਆਰਾ ਰਸਮੀ ਤੌਰ ‘ਤੇ ਸੂਬਾ ਅਰਥਾਤ (ਗਵਰਨਰ ਜਾਂ ਡਿਪਟੀ) ਥਾਪਿਆ ਗਿਆ, ਜਿਸਨੇ ਬਰਤਾਨਵੀਆਂ ਦੇ ਖ਼ਿਲਾਫ਼ ਰੂਸੀਆਂ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸਦਾ ਜਨਮ ਅਜੋਕੇ ਪਾਕਿਸਤਾਨ ਦੇ ਸਿਆਲਕੋਟ ਦੇ ਪਿੰਡ ਚੱਕ ਪਿਰਾਣਾ ਵਿਚ 1806 ਵਿਚ ਹੋਇਆ ਸੀ। ਇਹ ਅਤਰ ਸਿੰਘ ਵਿਰਕ ਦਾ ਪੁੱਤਰ ਸੀ। 1833 ਵਿਚ, ਇਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸਿਪਾਹੀ ਦੇ ਤੌਰ ‘ਤੇ ਭਰਤੀ ਹੋਇਆ ਅਤੇ ਉਦੋਂ ਤਕ ਇਸਨੇ ਸਿੱਖ ਰਾਜ ਦੀ ਸੇਵਾ ਕੀਤੀ ਜਦੋਂ ਤਕ ਪੰਜਾਬ 1849 ਵਿਚ ਅੰਗਰੇਜ਼ਾਂ ਦੇ ਕਬਜ਼ੇ ਅਧੀਨ ਨਹੀਂ ਚੱਲਾ ਗਿਆ ਸੀ। 1870 ਦੇ ਤਕਰੀਬਨ ਇਹ ਸਿਆਲਕੋਟ ਜ਼ਿਲੇ ਦੇ ਕੂਕਾ ਸੂਬਾ, ਜੋਤਾ ਸਿੰਘ ਦੀ ਪ੍ਰੇਰਨਾ ਨਾਲ ਕੂਕਿਆਂ ਵਿਚ ਸ਼ਾਮਲ ਹੋਇਆ ਅਤੇ ਕੁਝ ਸਮੇਂ ਪਿੱਛੋਂ ਆਪ ਸੂਬਾ ਨਿਯੁਕਤ ਹੋ ਗਿਆ ਸੀ। 1872 ਵਿਚ, ਬਾਬਾ ਰਾਮ ਸਿੰਘ ਦਾ ਰੰਗੂਨ ਨੂੰ ਜਲਾਵਤਨ ਹੋਣ ਤੋਂ ਬਾਅਦ, ਗੁਰਚਰਨ ਸਿੰਘ ਨੇ ਕੂਕਾ ਮਤ ਦਾ ਪ੍ਰਚਾਰ ਕਰਨ ਲਈ ਦੂਰ-ਦੂਰ ਤਕ ਦੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਆਪਣੇ ਪੰਥ ਵਿਚ ਸ਼ਾਮਲ ਕੀਤਾ। ਇਹ ਰੂਸੀਆਂ ਦੇ ਸੰਪਰਕ ਵਿਚ ਉਦੋਂ ਆਇਆ ਜਦੋਂ ਇਹਨਾਂ (ਰੂਸੀਆਂ) ਨੇ ਆਪਣੇ ਆਪ ਨੂੰ ਸੈਂਟਰਲ ਏਸ਼ੀਅਨ ਖੇਤਰ ਵਿਚ ਚੰਗੀ ਤਰ੍ਹਾਂ ਸਥਾਪਿਤ ਕਰ ਲਿਆ ਸੀ। ਇਹ ਪਸ਼ਤੋ ਅਤੇ ਫ਼ਾਰਸੀ ਭਾਸ਼ਾਵਾਂ ਜਾਣਦਾ ਸੀ ਅਤੇ ਅਫ਼ਗ਼ਾਨਿਸਤਾਨ ਅਤੇ ਦੂਰ-ਦੂਰ ਦੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਜਾਣੂ ਸੀ। ਇਹ ਕਈ ਵਾਰ ਕਾਬੁਲ ਗਿਆ ਸੀ। ਤਕੜੇ ਜੁੱਸੇ ਵਾਲਾ ਹੋਣ ਕਰਕੇ ਇਹ ਲੰਮੀਆਂ ਅਤੇ ਔਕੜਾਂ ਭਰੀਆਂ ਯਾਤਰਾਵਾਂ ਪੂਰੀਆਂ ਕਰ ਲੈਂਦਾ ਸੀ। 1881 ਵਿਚ ਇਸ ਨੂੰ ਗ੍ਰਿਫ਼ਤਾਰ ਕਰਨ ਸਮੇਂ ਪੁਲਿਸ ਰਿਕਾਰਡ ਵਿਚ ਇਸਦਾ ਵੇਰਵਾ ਇਸ ਪ੍ਰਕਾਰ ਬਿਆਨ ਕੀਤਾ ਗਿਆ ਸੀ: “ਗੋਰਾ ਰੰਗ , ਵੱਡੀਆਂ ਅੱਖਾਂ, ਬਾਜ ਵਰਗੇ ਨਕਸ਼, ਚਿੱਟੀ ਦਾੜ੍ਹੀ ਅਤੇ ਮੁੱਛਾਂ , ਕੱਦ ਪੰਜ ਫ਼ੁੱਟ ਗਿਆਰਾਂ ਇੰਚ , ਉਮਰ 75 ਸਾਲ ਸਧਾਰਨ ਦਿੱਖ ਤੋਂ ਵਧੀਆ ਅਤੇ ਖ਼ੂਬਸੂਰਤ ਦਿੱਖ ਵਾਲਾ ਸਿੱਖ ਸੀ।”
1879 ਵਿਚ, ਗੁਰਚਰਨ ਸਿੰਘ ਰੂਸੀਆਂ ਕੋਲ ਪੱਤਰ ਲੈ ਕੇ ਗਿਆ ਤਾਂ ਜੋ ਰੂਸੀਆਂ ਨੂੰ ਪ੍ਰਤੀਤ ਹੋਵੇ ਕਿ ਇਹ ਪੱਤਰ-ਕੂਕਾ ਆਗੂ , ਬਾਬਾ ਰਾਮ ਸਿੰਘ ਨੇ ਭੇਜਿਆ ਹੈ। ਇਹ 1880 ਨੂੰ ਤਾਸ਼ ਕੁਰਘਨ ਪਹੁੰਚਿਆ ਜਿੱਥੇ ਇਸਦਾ ਤਾਸ਼ਕੰਦ ਦੇ ਰੂਸੀ ਗਵਰਨਰ ਦੁਆਰਾ ਸੁਆਗਤ ਕੀਤਾ ਗਿਆ। ਗੁਰਮੁਖੀ ਲਿਪੀ ਵਿਚ ਲਿਖਿਆ ਹੋਇਆ ਇਹ ਪੱਤਰ ਰੂਸੀ ਬਾਦਸ਼ਾਹ , ਰੂਸੀ ਗਵਰਨਰ-ਜਰਨਲ ਅਤੇ ਹੋਰ ਰੂਸੀ ਅਫ਼ਸਰਾਂ ਨੂੰ ਸਲਾਮ ਕਰਨ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੋਰ ਕਈ ਗੱਲਾਂ ਦੇ ਨਾਲ ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਸੀ ਕਿ ਰਾਮ ਸਿੰਘ 3,15,000 ਕੂਕਿਆਂ ਦਾ ਅਧਿਆਤਮਿਕ ਗੁਰੂ ਹੈ, ਸਾਰੇ ਬਹਾਦੁਰ ਯੋਧੇ ਹਨ; ਇਸ ਲਈ ਜ਼ਾਲਿਮ ਬਰਤਾਨਵੀ ਸਰਕਾਰ ਨੇ ਉਸਨੂੰ ਰੰਗੂਨ ਵਿਚ ਕੈਦੀ ਬਣਾ ਦਿੱਤਾ ਹੈ ਕਿਉਂਕਿ ਬਰਤਾਨਵੀਆਂ ਨੂੰ ਡਰ ਸੀ ਕਿ ਉਹ ਪੰਜਾਬ ਨੂੰ ਕੂਕਿਆਂ ਕੋਲ ਹਾਰ ਜਾਣਗੇ; ਇਸ ਲਈ ਰੂਸੀਆਂ ਨੂੰ ਭਾਰਤ ਵਿਚ ਜਾਣਾ ਚਾਹੀਦਾ ਹੈ ਤਾਂ ਕਿ ਬਰਤਾਨਵੀਆਂ ਨੂੰ ਉੱਥੋਂ ਖਦੇੜਿਆ ਜਾ ਸਕੇ ਅਤੇ ਰੂਸੀ ਅਤੇ ਖ਼ਾਲਸਾ ਦੋਵੇਂ ਮਿਲਕੇ ਪੂਰੇ ਭਾਰਤ ਉੱਤੇ ਰਾਜ ਕਰਨਗੇ। ਭਾਵੇਂ ਰੂਸੀ ਹਕੂਮਤ ਨੇ ਗੁਰਚਰਨ ਸਿੰਘ ਦੇ ਮਿਸ਼ਨ ਵਿਚ ਡੂੰਘੀ ਦਿਲਚਸਪੀ ਦਿਖਾਈ, ਪਰੰਤੂ ਉਹ ਵਚਨਬਧ ਨਹੀਂ ਸਨ ਅਤੇ ਸਮਝਦਾਰੀ ਨਾਲ ਅੱਗੇ ਵਧਣ ਦੀ ਇੱਛਾ ਰੱਖਦੇ ਸਨ; ਫਿਰ ਵੀ, ਉਹਨਾਂ ਵੱਲੋਂ ਕੂਕਾ ਆਗੂ ਨੂੰ ਇਕ ਪੱਤਰ ਭੇਜਿਆ ਗਿਆ :
ਮੁੱਖ ਸੈਨਾਪਤੀ ਅਤੇ ਗਵਰਨਰ-ਜਰਨਲ ਵੱਲੋਂ ਬਾਬਾ ਰਾਮ ਸਿੰਘ ਅਤੇ ਬਾਬਾ ਬੁੱਧ ਸਿੰਘ ਨੂੰ ਸ਼ੁਭਕਾਮਨਾਵਾਂ। ਗੁਰਚਰਨ ਸਿੰਘ ਪਾਸੋਂ ਬਕਾਇਦਾ ਪੱਤਰ ਪ੍ਰਾਪਤ ਕਰ ਲਿਆ ਗਿਆ: ਇਸ ‘ਤੇ ਧਿਆਨ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਇਸ ਵਿਚਲੇ ਪੱਖਾਂ ਨੂੰ ਨੋਟ ਕਰਨਾ ਸੰਤੋਸ਼ਜਨਕ ਹੈ।ਸੂਚਨਾਤਮਿਕ ਪੱਤਰ ਭੇਜਣ ਲਈ ਧੰਨਵਾਦ ਪਰੰਤੂ ਅਜੇ ਵੀ ਭਾਰਤ ਦੀ ਪਰਸਥਿਤੀ ਅਤੇ ਮੁਆਮਲਿਆਂ ਬਾਰੇ ਹੋਰ ਤਾਜ਼ੀਆਂ ਖ਼ਬਰਾਂ ਦੇ ਵੇਰਵੇ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਬਾਬਾ ਨਾਨਕ ਜੀ ਦੀ ਭਵਿਖ-ਬਾਣੀ ਜਾਣਕਾਰੀ ਲਈ ਨੋਟ ਕਰ ਲਈ ਗਈ ਹੈ। ਸਭ ਕੁਝ ਪਰਮਾਤਮਾ ਦੀ ਇੱਛਾ ਨਾਲ ਵਾਪਰੇਗਾ। ਪੈਗੰਬਰਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਸਮਾਂ ਕਦੋਂ ਆਉਣਾ ਹੈ।
ਗੁਰਚਰਨ ਸਿੰਘ ਪਿਸ਼ਾਵਰ ਅਤੇ ਰਾਵਲਪਿੰਡੀ ਵਾਲੇ ਵਿੰਗੇ-ਟੇਢੇ ਰਸਤੇ ਰਾਹੀਂ ਭੈਣੀ ਸਾਹਿਬ ਪਹੁੰਚਿਆ ਅਤੇ ਇਸਨੇ ਰੂਸੀ ਪੱਤਰ ਦੇ ਨਾਲ ਲਿਆਂਦੇ ਤੋਹਫ਼ੇ ਬਾਬਾ ਬੁੱਧ ਸਿੰਘ ਨੂੰ ਅੱਗੇ ਬਾਬਾ ਰਾਮ ਸਿੰਘ ਨੂੰ ਪੁਚਾਉਣ ਲਈ ਦਿੱਤੇ। ਬਰਤਾਨਵੀ ਸਰਕਾਰ ਨੂੰ ਗੁਰਚਰਨ ਸਿੰਘ ਦੀਆਂ ਗਤੀਵਿਧੀਆਂ ਦਾ ਪਤਾ ਚੱਲ ਗਿਆ ਅਤੇ ਉਹਨਾਂ ਨੇ ਇਸਤੇ ਸਖ਼ਤ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। ਇਹਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਲਤਾਨ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ। 1886 ਵਿਚ ਇਸਦੀ ਰਿਹਾਈ ਤੋਂ ਬਾਅਦ, ਇਸਨੂੰ ਪੁਲਿਸ ਦੀ ਨਿਗਰਾਨੀ ਹੇਠ ਸਿਆਲਕੋਟ ਦੇ ਇਸਦੇ ਜੱਦੀ ਪਿੰਡ ਵਿਚ ਰੱਖਿਆ ਗਿਆ।
ਲੇਖਕ : ਮ.ਲ.ਅ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੁਰਚਰਨ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਰਚਰਨ ਸਿੰਘ : ਇਹ ਸ਼ਿਲਪੀ ਆਚਾਰੀਆ ਦਾ ਜਨਮ 2 ਮਾਰਚ, 1898 ਨੂੰ ਸ੍ਰੀਨਗਰ ਵਿਖੇ ਇਕ ਸਿੱਖ ਪਰਿਵਾਰ ਵਿਚ ਹੋਇਆ। ਸੰਨ 1918 ਵਿਚ ਇਸ ਨੇ ਪੰਜਾਬ ਯੂਨੀਵਰਸਿਟੀ, ਲਾਹੌਰ (ਹੁਣ ਪਾਕਿਸਤਾਨ) ਤੋਂ ਭੂ-ਵਿਗਿਆਨ ਅਤੇ ਰਸਾਇਣ-ਵਿਗਿਆਨ ਵਿਚ ਡਿਗਰੀ ਪ੍ਰਾਪਤ ਕੀਤੀ। ਸੰਨ 1917 ਵਿਚ ਇਸ ਦੇ ਪਿਤਾ ਦੇ ਇਕ ਮਿੱਤਰ ਨੇ ਦਿੱਲੀ ਵਿਚ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਨੂੰ ਕੁੰਭ-ਕਲਾ ਸਿੱਖਣ ਲਈ ਪ੍ਰੇਰਿਆ। ਛੇ ਮਹੀਨੇ ਇਕ ਮੁਸਲਮਾਨ ਘੁਮਿਆਰ ਨਾਲ ਕੰਮ ਕਰਨ ਤੋਂ ਬਾਅਦ 1919 ਵਿਚ ਇਸ ਨੇ ਜਾਪਾਨ ਜਾ ਕੇ ਪਾੱਲੀਟੈਕਨਿਕ ਇਨਸਟੀਚਿਊਟ ਟੋਕੀਓ ਵਿਖੇ ਦੋ ਸਾਲ ਸਿੱਖਿਆ ਪ੍ਰਾਪਤ ਕੀਤੀ। ਇਸ ਨੇ ਕਈ ਖੇਤਰਾਂ ਵਿਚ ਕੰਮ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਇਹ ਆਲ ਇੰਡੀਆ ਫ਼ਾਈਨ ਆਰਟਸ ਐਂਡ ਕ੍ਰਾਫਟ ਸੋਸਾਇਟੀ ਦਾ ਮੋਢੀ ਮੈਂਬਰ ਅਤੇ ਮਗਰੋਂ ਆਨਰੇਰੀ ਖ਼ਜ਼ਾਨਚੀ ਰਿਹਾ। ਸੰਨ 1922 ਵਿਚ ਭਾਰਤ ਆਉਣ ਤੇ ਇਹ ਦਿੱਲੀ ਵਿਖੇ ਵਸ ਗਿਆ। 17 ਸਾਲ ਤੱਕ ਇਹ ਕੁੰਭਕਾਰੀ, ਖਾਸ ਕਰਕੇ ਟਾਈਲਾਂ ਬਣਾਉਣ ਵਿਚ ਹੀ ਲੱਗਾ ਰਿਹਾ। ਸੰਨ 1943 ਵਿਚ ਇਹ ਪੰਜਾਬ ਸਰਕਾਰ ਦੇ ਕੁੰਭਕਾਰੀ ਰਿਸਰਚ ਵਿਭਾਗ ਦਾ ਸਲਾਹਕਾਰ ਬਣਿਆ। ਸੰਨ 1952 ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇਸ ਨੇ ਸੁਤੰਤਰ ਤੌਰ ਤੇ ‘ਦਿੱਲੀ ਬਲੂ ਆਰਟ ਪੌਟਰੀ’ ਨਾਂ ਹੇਠ ਕੰਮ ਸ਼ੁਰੂ ਕੀਤਾ। ਇਸ ਦੇ ਕੰਮ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਪਰੰਪਰਾਗਤ ਮੁਢਲੇ ਰੂਪਾਂ ਤੋਂ ਲੈ ਕੇ ਆਧੁਨਿਕ ਰੂਪਾਂ ਤੱਕ ਦੀਆਂ ਬਣਤਰਾਂ ਸ਼ਾਮਲ ਹਨ।
ਇਸ ਦੀਆਂ ਕਿਰਤਾਂ ਵਿਚ ਜੱਗ, ਗਲਾਸ, ਕਟੋਰੀਆਂ ਆਦਿ ਭਾਂਡੇ ਸ਼ਾਮਲ ਹਨ। ਇਸ ਦੇ ਭਾਂਡੇ ਆਪਣੇ ਨਵੇਂ ਨਵੇਂ ਆਕਾਰਾਂ ਕਾਰਨ ਪ੍ਰਸਿੱਧ ਹਨ ਅਤੇ ਇਨ੍ਹਾਂ ਰੂਪਾਂ ਦਾ ਮੁੱਖ ਸ੍ਰੋਤ ਪੰਛੀ, ਸਬਜ਼ੀਆਂ ਆਦਿ ਹਨ।
ਸੰਨ 1955 ਅਤੇ 1956 ਵਿਚ ਇਸ ਨੇ ਦਿੱਲੀ ਵਿਚ ਮਿੱਟੀ ਦੇ ਭਾਂਡਿਆਂ ਦੀਆਂ ਨੁਮਾਇਸ਼ਾਂ ਲਗਾਈਆਂ ਅਤੇ ਅਕਤੂਬਰ, 1955 ਵਿਚ ਆਰਟ ਗੈਲਰੀ, ਬੰਬਈ ਵਿਚ ਇਕ ਨੁਮਾਇਸ਼ ਲਗਾਈ। ਜਾਪਾਨ ਵਿਚ ਵੀ ਇਸ ਨੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕੀਤਾ। ਸਰਬ-ਭਾਰਤੀ ਦਸਤਕਾਰੀ ਬੋਰਡ ਨੇ ਇਸ ਦੀ ਅਗਵਾਈ ਹੇਠ ਭਾਰਤ ਦੇ ਸਭ ਭਾਗਾਂ ਦੇ ਕਾਰੀਗ਼ਰਾਂ ਨੂੰ ਮਿੱਟੀ ਦੇ ਭਾਂਡੇ ਬਣਾਉਣ ਦੇ ਹੁਨਰ ਦੀ ਸਿੱਖਿਆ ਦੇਣ ਲਈ ਇਕ ਸਕੀਮ ਸ਼ੁਰੂ ਕੀਤੀ।
ਹ. ਪੁ.––ਰੂਪਰੇਖਾ-ਰੰਧਾਵਾ; ਪੰਜਾਬ-ਰੰਧਾਵਾ; ਆਰਟਿਸਟ ਡਾਇਰੈਕਟਰੀ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no
ਗੁਰਚਰਨ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਰਚਰਨ ਸਿੰਘ : ਇਸ ਸੁਤੰਤਰਤਾ ਸੰਗਰਾਮੀ ਦਾ ਜਨਮ 10 ਜੂਨ, 1910 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਚੁਗਾਵਾਂ ਪਿੰਡ ਵਿਖੇ ਸ. ਬਲਵੰਤ ਸਿੰਘ ਦੇ ਘਰ ਹੋਇਆ। ਅੰਗਰੇਜ਼ੀ ਰਾਜਕਾਲ ਦੌਰਾਨ ਇਸ ਫ਼ੌਜੀ ਸਿਪਾਹੀ ਨੂੰ ਆਜ਼ਾਦੀ ਲਹਿਰ ਵਿਚ ਕਾਫ਼ੀ ਡੂੰਘੀ ਦਿਲਚਸਪੀ ਸੀ। ਇਸ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ ਜਿਸ ਕਰ ਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 9 ਅਗਸਤ, 1940 ਨੂੰ ਸਿਕੰਦਰਾਬਾਦ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-03-31-51, ਹਵਾਲੇ/ਟਿੱਪਣੀਆਂ: ਹ. ਪੁ. -ਹੂ. ਇੰਡੀ. ਮਾਰ : 123
ਗੁਰਚਰਨ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਰਚਰਨ ਸਿੰਘ (ਵੀ.ਚ.) : ਇਸ ਸੂਰਬੀਰ ਦਾ ਜਨਮ 11 ਅਗਸਤ, 1932 ਨੂੰ ਅੰਬਾਲਾ ਜ਼ਿਲ੍ਹੇ (ਹਰਿਆਣਾ) ਦੇ ਪਿੰਡ ਭੋਗੁਆ ਵਿਖੇ ਸ. ਕਰਤਾਰ ਸਿੰਘ ਦੇ ਘਰ ਹੋਇਆ। ਇਹ 11 ਅਗਸਤ, 1950 ਨੂੰ ਫ਼ੌਜ ਵਿਚ ਭਰਤੀ ਹੋਇਆ। ਸੰਨ 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਇਹ ਪੂਰਬੀ ਸੈਕਟਰ ਦੇ ਸੁਰੱਖਿਅਤ ਖੇਤਰ ਵਿਚ ਸਿੱਖ ਰੈਂਜਮੈਟ ਦੀ ਇਕ ਬਟਾਲੀਅਨ ਦਾ ਪਲਾਟੂਨ ਕਮਾਂਡਰ ਸੀ। ਹਨੇਰੇ ਦੀ ਓਟ ਵਿਚ ਦੁਸ਼ਮਣ ਨੇ ਮੀਡੀਅਮ ਮਸ਼ੀਨਗਨਾਂ ਨਾਲ ਲੈਸ ਹੋ ਕੇ ਭਾਰਤੀ ਫ਼ੌਜ ਦੀਆਂ ਦੋ ਕੰਪਨੀਆਂ ਦੇ ਵਿਚਕਾਰਲੇ ਸੁਰੱਖਿਅਤ ਇਲਾਕੇ ਵਿਚ ਮੋਰਚਾਬੰਦੀ ਕਰ ਲਈ । ਪੋਜ਼ੀਸ਼ਨਾਂ ਲੈ ਕੇ ਦੁਸ਼ਮਣ ਨੇ ਇਸ ਦੀ ਕੰਪਨੀ ਤੇ ਭਾਰੀ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਵੀਰ ਸਿਪਾਹੀ ਨੂੰ ਇਸ ਇਲਾਕੇ ਵਿਚੋਂ ਦੁਸ਼ਮਣ ਨੂੰ ਖਦੇੜਨ ਦਾ ਹੁਕਮ ਹੋਇਆ। ਇਸ ਨੇ ਬਿਜਲੀ ਦੀ ਤੇਜ਼ੀ ਨਾਲ ਪਲਾਟੂਨ ਦੁਆਰਾ ਹਮਲਾ ਕੀਤਾ ਪਰ ਦੁਸ਼ਮਣ ਦੀ ਤੇਜ਼ ਤੇ ਧੂੰਆਧਾਰ ਗੋਲਾਬਾਰੀ ਕਾਰਨ ਇਹ ਆਪਣੇ ਨਿਸ਼ਾਨੇ ਤੋ ਥੋੜ੍ਹਾ ਖੁੰਝ ਗਿਆ। ਇਹ ਵੇਖ ਕੇ ਪਲਾਟੂਨ ਨੇ ਦੁਸ਼ਮਣ ਦੇ ਹਥਿਆਰਾਂ ਨੂੰ ਬੇਅਸਰ ਕਰਨ ਲਈ ਬੜੀ ਸੂਝ ਬੂਝ ਨਾਲ ਇਕ ਅਤਿ ਸੁਰੱਖਿਅਤ ਥਾਂ ਤੇ ਹਲਕੀ ਲਾਈਟ ਮਸ਼ੀਨਗਨ ਲਾ ਦਿਤੀ। ਇਸ ਉਪਰੰਤ ਇਹ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਰੀਂਗਦਾ ਹੋਇਆ ਇਕੱਲੇ ਇਕੱਲੇ ਜਵਾਨ ਦੇ ਮੋਰਚੇ ਵਿਚ ਗਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ। ਭਾਰੀ ਗੋਲਾਬਾਰੀ ਦੌਰਾਨ ਇਸ ਨੇ ਦੁਸ਼ਮਣ ਤੇ ਕੀਤੇ ਗਏ ਹਮਲੇ ਦੀ ਆਪ ਅਗਵਾਈ ਕੀਤੀ। ਇਸ ਜ਼ੋਰਦਾਰ ਹਮਲੇ ਨਾਲ ਦੁਸ਼ਮਣ ਬੁਰੀ ਤਰ੍ਹਾਂ ਬੌਖਲਾ ਗਿਆ ਤੇ ਤੁਰੰਤ ਪਿੱਛੇ ਹਟ ਗਿਆ।
ਇਸ ਦੀ ਇਸ ਵੀਰਤਾ ਸਦਕਾ ਇਸ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-03-32-17, ਹਵਾਲੇ/ਟਿੱਪਣੀਆਂ:
ਗੁਰਚਰਨ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਰਚਰਨ ਸਿੰਘ (ਵੀ. ਚ.) : ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਣ ਵਾਲੇ ਇਸ ਸੂਰਬੀਰ ਦਾ ਜਨਮ 1935 ਈ. ਵਿਚ ਗੁਜਰਾਤ ਜ਼ਿਲ੍ਹੇ (ਪਾਕਿਸਤਾਨ) ਦੀ ਫ਼ਾਲੀਆ ਤਹਿਸੀਲ ਦੇ ਮਾਣੋ ਚੱਕ ਪਿੰਡ ਵਿਖੇ ਸ. ਭਾਗ ਸਿੰਘ ਭਾਟੀਆ ਦੇ ਘਰ ਹੋਇਆ। ਜੈਨ ਕਾਲਜ, ਅੰਬਾਲਾ ਤੋਂ ਬੀ.ਏ. ਕਰਨ ਉਪਰੰਤ ਜੁਲਾਈ, 1957 ਵਿਚ ਡੇਹਰਾਦੂਨ ਮਿਲਟਰੀ ਅਕਾਦਮੀ ਵਿਚ ਦਾਖਲ ਹੋਇਆ। ਕੋਰਸ ਪੂਰਾ ਕਰਨ ਤੋਂ ਬਾਅਦ ਸੈਕਿੰਡ ਲੈਫ਼ਟੀਨੈਂਟ ਦੇ ਤੌਰ ਤੇ ਜੰਮੂ ਵਿਖੇ ਨਿਯੁਕਤ ਹੋਇਆ। ਥੋੜ੍ਹੀ ਦੇਰ ਬਾਅਦ ਹੀ ਇਸ ਨੂੰ ਕੈਪਟਨ ਬਣਾ ਕੇ ਚੀਨ ਦੇ ਹਮਲੇ ਸਮੇਂ, ਨੇਫ਼ਾ ਫਰੰਟ ਤੇ ਭੇਜ ਦਿੱਤਾ ਗਿਆ। ਅਕਤੂਬਰ, 1962 ਨੂੰ ਚੀਨੀਆਂ ਨੇ ਢੋਲ ਚੌਕੀ ਤੇ ਕਬਜ਼ਾ ਕਰ ਲਿਆ ਪਰ ਕੈਪਟਨ ਗੁਰਚਰਨ ਸਿੰਘ ਦੀ ਅਗਵਾਈ ਹੇਠ ਫ਼ੌਜੀ ਦਸਤੇ ਨੇ ਇਹ ਚੌਕੀ ਚੀਨੀਆਂ ਤੋਂ ਆਜ਼ਾਦ ਕਰਵਾ ਲਈ। 20 ਅਕਤੂਬਰ ਨੂੰ ਦੁਸ਼ਮਣ ਨੇ ਫ਼ਿਰ ਇਸ ਚੌਕੀ ਤੇ ਹਮਲਾ ਕੀਤਾ ਜਿਸ ਦਾ ਮੁਕਾਬਲਾ ਕਰਦਿਆਂ ਤੋਪਚੀ ਸ਼ਹੀਦ ਹੋ ਗਿਆ। ਇਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤੋਪਚੀ ਦੀ ਥਾਂ ਆਪ ਸੰਭਾਲੀ ਅਤੇ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ। ਇਸ ਦੀ ਬਹਾਦਰੀ ਸਦਕਾ ਇਸ ਨੂੰ ਵੀਰ ਚੱਕਰ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-03-33-03, ਹਵਾਲੇ/ਟਿੱਪਣੀਆਂ: ਹ. ਪੁ. -ਵੀ. ਸ. ਸ. -ਗੁਰਮੁਖ ਸਿੰਘ ਮੁਸਾਫ਼ਿਰ : 117
ਗੁਰਚਰਨ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਰਚਰਨ ਸਿੰਘ (ਵੀ. ਚ.) : ਇਸ ਸੂਰਬੀਰ ਦਾ ਜਨਮ ਧਾਰੀਵਾਲ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ 1931 ਈ. ਵਿਚ ਸ. ਅਮਰ ਸਿੰਘ ਦੇ ਘਰ ਹੋਇਆ। ਇਹ 24 ਦਸੰਬਰ, 1946 ਨੂੰ ਫ਼ੌਜ ਵਿਚ ਭਰਤੀ ਹੋਇਆ।
ਇਹ ਰਾਜਸਥਾਨ ਸੈਕਟਰ ਵਿਚ ਦੁਸ਼ਮਣ ਦੇ ਪਰਬਤ ਅਲੀ ਤੇ ਕੀਤੇ ਗਏ ਹਮਲੇ ਦੌਰਾਨ ਇਕ ਪਲਾਟੂਨ ਦੀ ਕਮਾਨ ਕਰ ਰਿਹਾ ਸੀ। ਆਪਣੇ ਜਵਾਨਾਂ ਨੂੰ ਇਹ ਦੁਸ਼ਮਣ ਦੇ 600 ਮੀਟਰ ਡੂੰਘੇ ਸੁਰੰਗੀ ਖੇਤਰ ਤੋਂ ਪਾਰ ਲੈ ਗਿਆ। ਪੱਕੇ ਇਰਾਦੇ ਨਾਲ ਇਨ੍ਹਾਂ ਜਵਾਨਾਂ ਨੇ ਦੁਸ਼ਮਣ ਨਾਲ ਆਹਮਣੇ ਸਾਹਮਣੇ ਲੜਾਈ ਲੜੀ ਜਿਸ ਦੇ ਫਲਸਰੂਪ ਇਹ ਆਪਣੇ ਮਿੱਥੇ ਇਲਾਕੇ ਤੇ ਕਬਜ਼ਾ ਕਰਨ ਵਿਚ ਸਫ਼ਲ ਰਿਹਾ। ਆਪਣੀ ਟੁਕੜੀ ਦਾ ਪੁਨਰਗਠਨ ਕਰਦੇ ਸਮੇਂ ਇਸ ਨੇ ਵੇਖਿਆ ਕਿ ਦੁਸ਼ਮਣ ਜਵਾਬੀ ਹਮਲੇ ਲਈ ਦੋ ਕੰਪਨੀਆਂ ਤਿਆਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਿ ਗਠਿਤ ਹੋ ਕੇ ਦੁਸ਼ਮਣ ਇਨ੍ਹਾਂ ਦੀ ਪਲਾਟੂਨ ਤੇ ਹਮਲਾ ਕਰੇ, ਇਸ ਨੇ ਪਹਿਲਾਂ ਹੀ ਉਨ੍ਹਾਂ ਤੇ ਹਮਲਾ ਕਰ ਦਿੱਤਾ। ਅਚਾਨਕ ਕੀਤੇ ਗਏ ਇਸ ਹਮਲੇ ਨਾਲ ਦੁਸ਼ਮਣ ਘਬਰਾ ਗਿਆ ਤੇ ਉਨਾਂ ਦੇ ਹਮਲੇ ਦੀ ਯੋਜਨਾ ਨਾਕਾਮਯਾਬ ਰਹੀ ਅਤੇ ਮਜ਼ਬੂਰ ਹੋ ਕੇ ਦੁਸ਼ਮਣ ਨੂੰ ਪਿੱਛੇ ਹਟਣਾ ਪਿਆ। ਇਸ ਕਾਰਵਾਈ ਦੌਰਾਨ ਇਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਵੀਰਗਤੀ ਨੂੰ ਪ੍ਰਾਪਤ ਹੋ ਗਿਆ।
ਇਸ ਦੀ ਇਸ ਉਚਕੋਟੀ ਦੀ ਦਲੇਰੀ ਤੇ ਬਹਾਦਰੀ ਸਦਕਾ ਇਸ ਨੂੰ ‘ਵੀਰ ਚੱਕਰ’ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-03-33-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First