ਗੁਜਰਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਜਰਾਤ. ਸੰ. गुर्जर —ਗੁਜ੗ਰ. ਸੰਗ੍ਯਾ—ਬੰਬਈ ਹਾਤੇ ਦਾ ਇੱਕ ਪਰਗਨਾ, ਜਿਸ ਵਿੱਚ ਕਛ, ਕਾਠੀਆਵਾੜ, ਪਾਲਨਪੁਰ ਅਤੇ ਦਮਾਨ ਦਾ ਇਲਾਕਾ ਹੈ. ਇਸ ਦੀ ਬੋਲੀ ਗੁਜਰਾਤੀ ਹੈ। ੨ ਗੁਜਰਾਤ ਦੇਸ਼ ਅਤੇ ਗੁਜਰਾਤ ਨਗਰ ਦੀ ਬਣੀ ਹੋਈ ਤਲਵਾਰ, ਜਿਸਦੇ ਦੋ ਭੇਦ ਹਨ—ਵਡੀ ਗੁਜਰਾਤ ਅਤੇ ਛੋਟੀ ਗੁਜਰਾਤ. ਦੇਖੋ, ਛੋਟੀ ਗੁਜਰਾਤ। ੩ ਪੰਜਾਬ ਦਾ ਇੱਕ ਨਗਰ, ਜੋ ਜਿਲੇ ਦਾ ਅਸਥਾਨ ਹੈ. ਇਹ ਵਜ਼ੀਰਾਬਾਦ ਅਤੇ ਲਾਲਾਮੂਸਾ ਦੇ ਮੱਧ ਹੈ. ਗੁਜਰਾਤ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਾਬੁਲੀ ਦਰਵਾਜ਼ੇ ਗੁਰਦ੍ਵਾਰਾ ਹੈ. ਕਸ਼ਮੀਰ ਤੋਂ ਹਟਦੇ ਹੋਏ ਗੁਰੂ ਸਾਹਿਬ ਇੱਥੇ ਵਿਰਾਜੇ ਹਨ. ਰੇਲਵੇ ਸਟੇਸ਼ਨ ਗੁਜਰਾਤ ਤੋਂ ਇੱਕ ਮੀਲ ਪੂਰਵ ਹੈ.

ਗੁਜਰਾਤ ਵਿੱਚ ਸੁਨਿਆਰਾਂ ਦੀ ਗਲੀ ਭਾਈ ਲਾਲ ਸਿੰਘ ਦੇ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਹੁਕਮਨਾਮੇ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਨਕਲ ਦੇਖਣ ਤੋਂ ਨਿਸਚਾ ਨਹੀਂ ਹੁੰਦਾ ਕਿ ਇਹ ਸਤਿਗੁਰੂ ਦੇ ਲਿਖੇ ਹੋਏ ਹਨ, ਕਿਉਂਕਿ ਸੰਮਤ ੧੭੫੪ ਦੇ ਹੁਕਮਨਾਮੇ ਵਿੱਚ ਖਾਲਸੇ ਦਾ ਜਿਕਰ ਹੈ. ਖਾਲਸਾ ਸੰਮਤ ੧੭੫੬ ਵਿੱਚ ਸਜਿਆ ਹੈ।

ਗੁਜਰਾਤ ਪਾਸ ਸਿੱਖਾਂ ਅਤੇ ਅੰਗ੍ਰੇਜਾਂ ਦਾ ਅੰਤਿਮ ਜੰਗ ੨੧ ਫਰਵਰੀ ਸਨ ੧੮੪੯ ਨੂੰ ਹੋਇਆ ਸੀ.

ਦੇਖੋ, ਗੜੀਆ ੩ ਅਤੇ ਦੌਲਾਸ਼ਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਜਰਾਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਜਰਾਤ (32°-34`ਉ, 74°-5`ਪੂ): ਪਾਕਿਸਤਾਨ ਦਾ ਨਗਰ ਜੋ ਇਕ ਜ਼ਿਲਾ ਹੈ, ਗੁਰੂ ਹਰਿਗੋਬਿੰਦ ਜੀ ਕਾਰਨ ਪਵਿੱਤਰ ਅਸਥਾਨ ਹੈ। ਗੁਰੂ ਜੀ 1620 ਵਿਚ ਕਸ਼ਮੀਰ ਤੋਂ ਵਾਪਸੀ ਸਮੇਂ ਕੁਝ ਦੇਰ ਲਈ ਇੱਥੇ ਠਹਿਰੇ ਸਨ। ਇੱਥੇ ਗੁਰੂ ਜੀ ਦੀ ਮੁਲਾਕਾਤ ਮੁਸਲਮਾਨਾਂ ਦੇ ਪ੍ਰਸਿੱਧ ਧਰਮ ਸ਼ਾਸਤਰੀ ਸ਼ਾਹ ਦੌਲਾ ਨਾਲ ਹੋਈ ਜੋ ਸਥਾਨਿਕ ਸਿੱਖ , ਭਾਈ ਗੜ੍ਹੀਆ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਭਾਈ ਗੜ੍ਹੀਆ ਨੇ ਵੀ ਮਸੰਦ ਦੇ ਤੌਰ ‘ਤੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਦਾ ਕਸ਼ਮੀਰ ਵਿਚ ਪ੍ਰਚਾਰ ਕੀਤਾ ਸੀ। ਗੁਜਰਾਤ ਵਿਚ ਕਾਬੁਲੀ ਗੇਟ ਦੇ ਨੇੜੇ ‘ਗੁਰਦੁਆਰਾ ਛੇਵੀਂ ਪਾਤਸ਼ਾਹੀ’, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਦੋਂ ਤਕ ਸੰਬੰਧਿਤ ਰਿਹਾ ਜਦੋਂ ਤਕ ਇਹ 1947 ਦੀ ਪੰਜਾਬ ਦੀ ਵੰਡ ਕਾਰਨ ਲੋਕਾਂ ਦੇ ਪ੍ਰਵਾਸ ਦੇ ਮਗਰੋਂ ਛੱਡਿਆ ਨਹੀਂ ਗਿਆ ਸੀ।

     ਅਠਾਰਵੀਂ ਸਦੀ ਦੇ ਅਖੀਰਲੇ ਅੱਧ ਦੌਰਾਨ ਗੁਜਰਾਤ ਜ਼ਿਲਾ ਚਾਰ ਮਹਾਲ ਦਾ ਹਿੱਸਾ ਬਣ ਗਿਆ, ਅਰਥਾਤ ਸਿਆਲਕੋਟ , ਪਸਰੂਰ, ਔਰੰਗਾਬਾਦ ਅਤੇ ਗੁਜਰਾਤ ਦੀਆਂ ਚਾਰ ਮਾਲੀ ਇਕਾਈਆਂ, ਜੋ 1752 ਵਿਚ ਮੁਗ਼ਲਾਂ ਦੁਆਰਾ ਅਫ਼ਗ਼ਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਦੇ ਸਪੁਰਦ ਕਰ ਦਿੱਤੀਆਂ ਗਈਆਂ। ਪਰੰਤੂ ਅਫ਼ਗ਼ਾਨ ਜਨਰਲ ਸ਼ਹਾਂਚੀ ਖ਼ਾਨ ਦੀ 1797 ਦੀ ਹਾਰ ਤੋਂ ਬਾਅਦ ਇਹ ਫਿਰ ਸਿੱਖਾਂ ਕੋਲ ਆ ਗਈਆਂ। ਭੰਗੀ ਮਿਸਲ ਦੇ ਸਾਹਿਬ ਸਿੰਘ ਦੁਆਰਾ ਗੁਜਰਾਤ ਉੱਪਰ ਕਬਜ਼ਾ ਕਰ ਲਿਆ ਗਿਆ ਸੀ, ਜੋ ਇਸ ਨੂੰ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਹਾਰ ਗਿਆ ਸੀ। ਦੂਜੇ ਐਂਗਲੋ-ਸਿੱਖ ਯੁੱਧ ਦੀ ਅੰਤਿਮ ਅਤੇ ਫ਼ੈਸਲਾਕੂਨ ਜੰਗ ਗੁਜਰਾਤ ਵਿਚ ਲੜੀ ਗਈ ਸੀ। ਚੇਲੀਆਂਵਾਲਾ ਦੇ ਯੁੱਧ ਤੋਂ ਬਾਅਦ ਸਿੱਖ ਫ਼ੌਜਾਂ ਚੇਨਾਬ ਵੱਲ ਅੱਗੇ ਵਧੀਆਂ ਅਤੇ ਉਹਨਾਂ ਨੇ ਨਗਰ ਗੁਜਰਾਤ ਅਤੇ ਦਰਿਆ ਦੇ ਵਿਚਕਾਰ ਆਪਣੀ ਮੋਰਚਾਬੰਦੀ ਕਰ ਲਈ। 21 ਫ਼ਰਵਰੀ 1849 ਨੂੰ ਯੁੱਧ ਸ਼ੁਰੂ ਹੋਇਆ ਅਤੇ ਸਿੱਖ ਭਿਆਨਕ ਲੜਾਈ ਲੜਨ ਤੋਂ ਬਾਅਦ ਇਸਨੂੰ ਅੰਗਰੇਜ਼ਾਂ ਤੋਂ ਹਾਰ ਗਏ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਜਰਾਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਜਰਾਤ : ਰਾਜ––ਪੱਛਮੀ ਭਾਰਤ ਦਾ ਇਕ ਰਾਜ ਹੈ। ਇਸ ਦੇ ਉੱਤਰ ਵਿਚ ਰਾਜਸਥਾਨ, ਦੱਖਣ ਵਿਚ ਮਹਾਰਾਸ਼ਟਰ, ਪੂਰਬ ਵਿਚ ਮੱਧ ਪ੍ਰਦੇਸ਼ ਰਾਜ ਅਤੇ ਪੱਛਮ ਵਿਚ ਅਰਬ ਸਾਗਰ ਹੈ। ਇਸ ਦਾ ਰਕਬਾ 1,87,091 ਵ. ਕਿ. ਮੀ. ਅਤੇ ਵਸੋਂ 41,309,582 (1991) ਹੈ। ਰਾਜ ਦੀ ਰਾਜਧਾਨੀ ਗਾਂਧੀਨਗਰ ਸ਼ਹਿਰ ਵਿਖੇ ਹੈ।

          ਧਰਾਤਲ––ਇਸ ਰਾਜ ਦਾ ਬਹੁਤ ਹਿੱਸਾ ਅਰਬ ਸਾਗਰ ਦੇ ਨਾਲ ਲਗਦਾ ਪੱਧਰਾ ਜਿਹਾ ਮੈਦਾਨੀ ਹੈ। ਰਾਜ ਦੇ ਦਲਦਲੀ ਖੇਤਰ ਨੂੰ ਰਣ ਕੱਛ ਕਿਹਾ ਜਾਂਦਾ ਹੈ। ਅਰਾਵਲੀ ਪਹਾੜਾਂ ਵਿਚੋਂ ਨਿਕਲਣ ਵਾਲੇ ਬਨਾਸ ਅਤੇ ਸਾਬਰਮਤੀ ਦਰਿਆ ਇਸੇ ਦਲਦਲੀ ਖੇਤਰ ਵਿਚੋਂ ਹੁੰਦੇ ਹੋਏ ਅਰਬ ਸਾਗਰ ਵਿਚ ਜਾ ਡਿਗਦੇ ਹਨ। ਰਾਜ ਦੇ ਉੱਤਰੀ-ਪੱਛਮੀ ਖੇਤਰ ਰਾਜਸਥਾਨ ਦੇ ਮਾਰੂਥਲ ਨਾਲ ਲਗਦਾ ਹੈ ਅਤੇ ਖਾੜੀ ਕੰਢੇ ਦੇ ਦਰਮਿਆਨ ਸੌਰਸ਼ਟਰ ਕਾਠੀਆਵਾੜ ਪ੍ਰਾਇਦੀਪ ਵੀ ਖੁਸ਼ਕ ਜਿਹਾ ਇਲਾਕਾ ਹੈ ਜਿਸ ਦੇ ਵਿਚ ਕੁਝ ਨੀਵੀਆਂ ਪਹਾੜੀਆਂ ਹਨ। ਗੁਜਰਾਤ ਦਾ ਉੱਤਰ-ਪੂਰਬੀ ਹਿੱਸਾ ਵੀ ਪੱਧਰਾ ਜਿਹਾ ਮੈਦਾਨੀ ਖੇਤਰ ਹੈ ਜਿਸ ਵਿਚ ਕਿਤੇ ਕਿਤੇ ਛੋਟੀਆਂ ਮੋਟੀਆਂ ਪਹਾੜੀਆਂ ਹਨ।

          ਨਰਬਦਾ, ਮਾਹੀ, ਤਾਪਤੀ ਅਤੇ ਸਾਬਰਮਤੀ ਇਥੋਂ ਦੇ ਵਰਣਨਯੋਗ ਦਰਿਆ ਹਨ।

          ਜਲਵਾਯੂ––ਗੁਜਰਾਤ ਦੇ ਉੱਤਰ ਵੱਲ ਮਾਰੂਥਲ ਦੇ ਦੱਖਣ ਵਲ ਅਰਬ ਸਾਗਰ ਹੋਣ ਕਰਕੇ ਇਥੇ ਜਲਵਾਯੂ ਵਿਚ ਕਾਫ਼ੀ ਭਿੰਨਤਾ ਪਾਈ ਜਾਂਦੀ ਹੈ। ਉੱਤਰੀ ਹਿੱਸੇ ਵਿਚ ਤਾਪਮਾਨ ਗਰਮੀ ਦੇ ਮੌਸਮ ਵਿਚ ਕਾਫ਼ੀ ਵੱਧ ਜਾਂਦਾ ਹੈ ਜਦੋਂ ਕਿ ਉਸੇ ਸਮੇਂ ਦੱਖਣੀ ਖੇਤਰ ਦਾ ਤਾਪਮਾਨ ਸਮੁੰਦਰ ਨੇੜੇ ਹੋਣ ਕਰਕੇ ਕਾਫ਼ੀ ਘੱਟ ਹੁੰਦਾ ਹੈ। ਪੂਰੇ ਰਾਜ ਦੀ ਗਰਮੀ ਦਾ ਔਸਤ ਤਾਪਮਾਨ 36.7° ਸੈਂ. ਤੋਂ 43.3° ਸੈਂ. ਵਿਚਕਾਰ ਹੁੰਦਾ ਹੈ ਜਦੋਂ ਕਿ ਸਰਦੀ ਦੀ ਔਸਤ ਤਾਪਮਾਨ 2° ਸੈਂ. ਤੋਂ 18.3° ਸੈਂ. ਹੁੰਦਾ ਹੈ। ਵਰਖਾ ਵੀ ਸਮੁੰਦਰ ਨਾਲ ਲਗਦੇ ਖੇਤਰ ਵਿਚ ਉੱਤਰ-ਪੂਰਬੀ ਖੇਤਰ ਨਾਲੋਂ ਜ਼ਿਆਦਾ ਹੁੰਦੀ ਹੈ। ਇਥੋਂ ਦੀ ਔਸਤ ਵਰਖਾ 33 ਤੋਂ 152 ਸੈਂ. ਮੀ. ਹੁੰਦੀ ਹੈ।

          ਖੇਤੀਬਾੜੀ––ਇਥੇ ਕਾਲੀ ਮਿੱਟੀ ਅਤੇ ਦਲਦਲੀ ਖੇਤਰਾਂ ਵਿਚ ਜਲੋੜ੍ਹ ਉਪਜਾਊ ਮਿੱਟੀ ਹੋਣ ਕਰਕੇ ਖੇਤੀਬਾੜੀ ਦੀ ਬਹੁਤ ਮਹੱਤਤਾ ਹੈ। ਇਥੇ ਦੀ 2/3 ਵਸੋਂ ਖੇਤੀ ਕਰਦੀ ਹੈ। ਕਾਲੀ ਮਿੱਟੀ ਵਾਲੇ ਖੇਤਰਾਂ ਵਿਚ ਵਧੇਰੇ ਕਰਕੇ ਕਪਾਹ ਦਾ ਉਤਪਾਦਨ ਕੀਤਾ ਜਾਂਦਾ ਹੈ। ਤਮਾਕੂ, ਤੇਲਾਂ ਦੇ ਬੀਜ, ਕਣਕ, ਮੱਕੀ ਆਦਿ ਇਥੋਂ ਦੀਆਂ ਹੋਰ ਫਸਲਾਂ ਹਨ।

          ਖਣਿਜ––ਖਣਿਜਾਂ ਵਿਚ ਗੁਜਰਾਤ ਬਹੁਤ ਅਮੀਰ ਹੈ। ਕੈਂਬੇ ਦੀ ਖਾੜੀ ਤੋਂ 12 ਕਿ. ਮੀ. ਪੱਛਮ ਵਿਚ ਤੇਲ ਦੇ ਭੰਡਾਰ ਹਨ। ਬੜੌਦਾ ਅਤੇ ਪੁੰਚਮਹਲ ਵਿਚ ਮੈਗਨੀਜ਼ ਮਿਲਦਾ ਹੈ। ਇਸ ਤੋਂ ਇਲਾਵਾ ਇਥੇ ਸਮੁੰਦਰੀ ਲੂਣ, ਚੀਨੀ ਮਿੱਟੀ, ਕਲੈਸ਼ਾਈਟ, ਜਿਪਸਮ, ਲਿਗਨਾਈਟ ਅਤੇ ਬਾਕਸਾਈਟ ਆਦਿ ਮਿਲਦੇ ਹਨ।

          ਉਦਯੋਗ––ਇਥੇ ਕਪਾਹ ਦੀ ਉਪਜ ਬਹੁਤੀ ਹੋਣ ਕਰਕੇ ਸੂਤੀ ਕਪੜੇ ਦੀਆਂ ਮਿੱਲਾਂ ਬਹੁਤ ਹਨ। ਰਾਜ ਦੀਆਂ 116 ਸੂਤੀ ਕੱਪੜੇ ਦੀਆਂ ਮਿੱਲਾਂ ਵਿਚੋਂ 70 ਮਿੱਲਾਂ ਅਹਿਮਦਾਬਾਦ ਵਿਖੇ ਹਨ। ਇਸ ਤੋਂ ਇਲਾਵਾ ਇਥੇ ਇੰਜੀਨੀਅਰਿੰਗ, ਬਨਸਪਤੀ ਤੇਲ, ਰਸਾਇਣ ਆਦਿ ਦੇ ਉਦਯੋਗ ਉੱਨਤ ਹਨ।

          ਆਵਾਜਾਈ ਦੇ ਸਾਧਨ––ਰਾਜ ਵਿਚ ਆਵਾਜਾਈ ਦੇ ਸਾਧਨ ਵੀ ਬੜੇ ਵਧੀਆ ਹਨ। ਇਹ ਰੇਲਾਂ, ਸੜਕਾਂ ਅਤੇ ਸਮੁੰਦਰੀ ਤੇ ਹਵਾਈ ਮਾਰਗਾਂ ਰਾਹੀਂ ਦੇਸ਼ ਦੇ ਦੂਜੇ ਹਿੱਸਿਆਂ ਨਾਲ ਜੁੜਿਆ ਹੋਇਆ ਹੈ। ਇਸ ਰਾਜ ਵਿਚ 46 ਬੰਦਰਗਾਹਾਂ ਅਤੇ 9 ਹਵਾਈ ਅੱਡੇ ਹਨ। ਸਭ ਤੋਂ ਵੱਡੀ ਬੰਦਰਗਾਹ ਕਾਂਡਲਾ ਹੈ। ਇਹ ਅੰਦਰਲੀ ਹਵਾਈ ਸੇਵਾ ਰਾਹੀਂ ਬੰਬਈ, ਅਹਿਮਦਾਬਾਦ ਅਤੇ ਦਿੱਲੀ ਨਾਲ ਜੁੜਿਆ ਹੋਇਆ ਹੈ।

          ਇਤਿਹਾਸ––ਖਿਆਲ ਕੀਤਾ ਜਾਂਦਾ ਹੈ ਕਿ ਗੁਜਰਾਤ ਦਾ ਨਾਂ ਗੁੱਜਰ ਤੋਂ ਪਿਆ ਹੈ ਜਿਹੜੇ ਮੱਧ ਵਰਤੀ ਏਸ਼ੀਆਂ ਤੋਂ ਆ ਕੇ ਇਥੇ ਵੱਸੇ ਅਤੇ ਜਿਨ੍ਹਾਂ ਦਾ ਪੇਸ਼ਾ ਭੇਡਾਂ ਬੱਕਰੀਆਂ ਪਾਲਣਾ ਸੀ। ਇਹ ਖੇਤਰ ਪ੍ਰਾਚੀਨ ਸਮਿਆਂ ਤੋਂ ਹੀ ਵੱਸਿਆ ਹੋਇਆ ਹੈ। ਖਿਆਲ ਹੈ ਕਿ ਸਾਬਰਮਤੀ ਅਤੇ ਮਾਹੀ ਨਦੀਆਂ ਦੀਆਂ ਘਾਟੀਆਂ ਤਾਂ ਪੱਥਰ ਯੁੱਗ ਵਿਚ ਵੀ ਵੱਸੀਆਂ ਹੋਈਆਂ ਸਨ। ਇਹ ਖੇਤਰ ਬਾਦਸ਼ਾਹ ਅਸ਼ੋਕ (ਲਗਭਗ 250 ਈ. ਪੂ.) ਦੇ ਅਧੀਨ ਵੀ ਰਿਹਾ ਹੈ। ਚੌਥੀ ਅਤੇ ਪੰਜਵੀਂ ਸਦੀ ਦੌਰਾਨ ਗੁਪਤ ਸਾਮਰਾਜ ਦਾ ਅੰਗ ਵੀ ਰਿਹਾ। ਈਸਾ ਤੋਂ ਕੋਈ 700 ਸਾਲ ਮਗਰੋਂ ਰਾਜ ਦੇ ਪੱਛਮੀ ਤਟ ਤੇ ਜੈਨ ਮਤ ਦੇ ਅਨੁਯਾਈਆਂ ਦਾ ਬੋਲ ਬਾਲਾ ਸੀ ਅਤੇ ਇਨ੍ਹਾਂ ਨੇ ਇਥੇ ਸੋਮਨਾਥ ਦਾ ਇਕ ਮੰਦਰ ਬਣਵਾਇਆ। ਮੰਦਰ ਬੜਾ ਖੂਬਸੂਰਤ ਸੀ ਜਿਸ ਕਰਕੇ ਮਹਿਮੂਦ ਗਜ਼ਨੀ (1024) ਇਸ ਨੂੰ ਲੁੱਟਣੋਂ ਨਾ ਰਹਿ ਸਕਿਆ।

          ਸੰਨ 1298 ਵਿਚ ਗੁਜਰਾਤ ਦਿੱਲੀ ਸਲਤਨਤ ਦੇ ਬਾਦਸ਼ਾਹ ਅਲਾਊਦੀਨ ਖਿਲਜੀ ਅਧੀਨ ਆ ਗਿਆ। ਇਸ ਪਿੱਛੋਂ ਮੁਸਲਮਾਨ ਸੁਲਤਾਨਾਂ ਦਾ ਇਸ ਤੇ ਕਬਜ਼ਾ ਹੋ ਗਿਆ ਅਤੇ ਇਨ੍ਹਾਂ ਦੇ ਮੁਸਲਮਾਨ ਸੁਲਤਾਨ ਨੇ ਇਸ ਖੇਤਰ ਵਿਚ ਆਜ਼ਾਦ ਸਾਮਰਾਜ ਕਾਇਮ ਕੀਤਾ। ਇਨ੍ਹਾਂ ਦੇ ਹੀ ਸੁਲਤਾਨ ਅਹਿਮਦ ਪਹਿਲੇ (1411-1441) ਨੇ ਇਸ ਸਾਮਰਾਜ ਦੇ ਨਾਲ ਹੋਰ ਖੇਤਰ ਸ਼ਾਮਲ ਕਰ ਲਏ ਅਤੇ ਇਥੋਂ ਦਾ ਆਧੁਨਿਕ ਯੁੱਗ ਦਾ ਮਹੱਤਵਪੂਰਨ ਸ਼ਹਿਰ ਅਹਿਮਦਾਬਾਦ ਉਸਾਰਿਆ। ਸੰਨ 1572-73 ਦੌਰਾਨ ਮੁਗਲ ਬਾਦਸ਼ਾਹ ਅਕਬਰ ਨੇ ਇਸ ਸਾਮਰਾਜ ਨੂੰ ਜਿੱਤ ਲਿਆ। 18ਵੀਂ ਸਦੀ ਵਿਚ ਇਨ੍ਹਾਂ ਤੋਂ ਮਰਾਠਿਆਂ ਨੇ ਇਸ ਨੂੰ ਜਿੱਤ ਲਿਆ। ਮਰਾਠਿਆਂ ਤੋਂ ਇਸ ਨੂੰ (1818) ਅੰਗਰੇਜ਼ਾਂ ਨੇ ਜਿੱਤ ਲਿਆ। ਭਾਰਤ ਦੇ ਆਜ਼ਾਦ ਹੋਣ ਤਕ ਇਹ ਬਰਤਾਨਵੀ ਭਾਰਤ ਦਾ ਹੀ ਹਿੱਸਾ ਰਿਹਾ। ਦੇਸ਼ ਦੀ ਵੰਡ ਮਗਰੋਂ ਰਾਜਾਂ ਦੀ ਹੱਦਬੰਦੀ ਸਮੇਂ ਰਣ-ਕੱਛ ਅਤੇ ਸੌਰਾਸ਼ਟਰ ਦੀਆਂ ਰਿਆਸਤਾਂ ਨੂੰ ਛੱਡ ਕੇ ਪੂਰੇ ਗੁਜਰਾਤ ਨੂੰ ਬੰਬਈ ਰਿਆਸਤ ਨਾਲ ਮਿਲਾਇਆ ਗਿਆ। ਇਸ ਪਿੱਛੋਂ 1956 ਵਿਚ ਰਣ-ਕੱਛ ਅਤੇ ਸੌਰਾਸ਼ਟਰ ਦੋਹਾਂ ਨੂੰ ਬੰਬਈ ਰਿਆਸਤ ਵਿਚ ਮਿਲਾਇਆ ਗਿਆ ਅਤੇ 1960 ਵਿਚ ਬੰਬਈ ਰਿਆਸਤ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦੋ ਵੱਖਰੇ ਰਾਜਾਂ ਵਿਚ ਵੰਡਿਆ ਗਿਆ। ਇਸ ਰਾਜ ਵਿਚ ਕਈ ਪ੍ਰਾਚੀਨ ਇਤਿਹਾਸਕ ਅਤੇ ਉਦਯੋਗਿਕ ਸ਼ਹਿਰ ਹਨ ਜਿਨ੍ਹਾਂ ਵਿਚੋਂ ਅਹਿਮਦਾਬਾਦ, ਦਵਾਰਕਾ, ਜਾਮਨਗਰ, ਰਾਜਕੋਟ, ਪੋਰਬੰਦਰ ਅਤੇ ਸੂਰਤ ਵਰਣਨਯੋਗ ਹਨ। ਨਵੀਂ ਰਾਜਧਾਨੀ ਗਾਂਧੀਨਗਰ ਹੈ ਜੋ ਅਹਿਮਦਾਬਾਦ ਦੇ ਉੱਤਰ ਵੱਲ ਬਣਾਈ ਗਈ ਹੈ।

          ਹ. ਪੁ.––ਇੰਪ. ਗ. ਇੰਡ. 12 : 349; ਇੰਡ. ਰਿੰ ਜਗ.; ਵੈ. ਡਿ. ; ਐਨ. ਬ੍ਰਿ. ਮੈ. 8 : 478


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਜਰਾਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਜਰਾਤ : ਜ਼ਿਲ੍ਹਾ––ਪੱਛਮੀ ਪੰਜਾਬ (ਪਾਕਿ.) ਦੇ ਰਾਵਲਪਿੰਡੀ ਮੰਡਲ ਦਾ ਇਕ ਜ਼ਿਲ੍ਹਾ ਹੈ। ਇਸ ਦੇ ਉੱਤਰ ਪੂਰਬ ਵਿਚ ਕਸ਼ਮੀਰ (ਭਾਰਤ) ਉੱਤਰ-ਪੱਛਮ ਵਿਚ ਜਿਹਲਮ, ਦੱਖਣ-ਪੱਛਮ ਵਿਚ ਸ਼ਾਹਪੁਰ, ਦੱਖਣ-ਪੂਰਬ ਵਿਚ ਗੁੱਜਰਾਂਵਾਲਾ ਅਤੇ ਸਿਆਲਕੋਟ ਦੇ ਜ਼ਿਲ੍ਹੇ ਹਨ। ਇਸ ਜ਼ਿਲ੍ਹੇ ਦਾ ਖੇਤਰਫਲ 5,864 ਵ. ਕਿ. ਮੀ. ਅਤੇ ਆਬਾਦੀ 2,247,000 (1981) ਹੈ। ਜ਼ਿਲ੍ਹੇ ਦਾ ਸਦਰ ਮੁਕਾਮ ਗੁਜਰਾਤ ਨਾਂ ਦਾ ਹੀ ਸ਼ਹਿਰ ਹੈ।

          ਚਨਾਬ ਅਤੇ ਜਿਹਲਮ ਦਰਿਆਵਾਂ ਵਿਚਕਾਰ ਵਾਕਿਆ ਹੋਣ ਕਰਕੇ ਜ਼ਿਲ੍ਹੇ ਦੀ ਧਰਾਤਲ ਆਮ ਤੌਰ ਤੇ ਪੱਧਰੀ ਜਿਹੀ ਹੀ ਹੈ ਪਰ ਮੈਦਾਨਾਂ ਨਾਲੋਂ ਇਸ ਦੀ ਉਚਾਈ ਜ਼ਿਆਦਾ ਹੈ। ਇਸ ਦੇ ਉੱਤਰ ਵੱਲ ਕੰਢੀ ਦਾ ਇਲਾਕਾ ਹੈ ਜਿਥੇ ਕਈ ਡੂੰਘੀਆਂ ਖੱਡਾਂ ਵੀ ਹਨ। ਇਨ੍ਹਾਂ ਪਹਾੜਾਂ ਦੀ ਉਚਾਈ 470 ਮੀਟਰ ਤਕ ਹੀ ਹੈ। ਜਿਹਲਮ ਦੇ ਪੂਰਬ ਵਿਚ ਪਹਾੜਾਂ ਦੇ ਪੈਰਾਂ ਵਿਚ ਪਠਾਰੀ ਇਲਾਕਾ ਹੈ। ਇਸੇ ਪਠਾਰ ਦੇ ਨਾਲ ਨਾਲ 12 ਕਿ. ਮੀ. ਚੌੜੀ ਚਨਾਬ ਦੀ ਦਰਿਆਈ ਵਾਦੀ ਹੈ। ਭੂ-ਵਿਗਿਆਨ ਪਖੋਂ ਜ਼ਿਲ੍ਹੇ ਦੀਆਂ ਚਟਾਨਾਂ ਦੀ ਬਣਤਰ ਭਾਰਤ ਦੇ ਗੰਗਾ-ਜਮਨਾ ਦੋਆਬ ਨਾਲ ਮਿਲਦੀ ਜੁਲਦੀ ਹੈ। ਕਿਧਰੇ ਕਿਧਰੇ ਰੇਤ-ਪੱਥਰ, ਰੇਤ, ਚੀਕਣੀ ਮਿੱਟੀ ਦੀਆਂ ਤਹਿਆਂ ਵੀ ਮਿਲਦੀਆਂ ਹਨ।

          ਪਹਾੜਾਂ ਦੇ ਇਕ ਦਮ ਹੇਠਾਂ ਵਾਕਿਆ ਹੋਣ ਕਰਕੇ ਇਥੋਂ ਦੀ ਜਲਵਾਯੂ ਸਿਹਤ ਆਫ਼ਜਾ ਹੈ। ਇਥੋਂ ਦੀਆਂ ਗਰਮੀਆਂ ਬਹੁਤੀਆਂ ਗਰਮ ਨਹੀਂ ਹੁੰਦੀਆਂ। ਇਥੋਂ ਦੀ ਔਸਤ ਸਾਲਾਨਾ ਵਰਖਾ 70 ਸੈਂ. ਮੀ. ਹੁੰਦੀ ਹੈ।

          ਜ਼ਿਲ੍ਹਾ ਖੇਤੀਬਾੜੀ ਦੇ ਪੱਖੋਂ ਵੀ ਉੱਨਤ ਹੈ। ਲੋਅਰ ਜਿਹਲਮ ਨਹਿਰ ਦੇ ਪਾਣੀ ਨਾਲ 3,200,000 ਹੈਕਟੇਅਰ ਭੂਮੀ ਦਾ ਸਿੰਜਾਈ ਹੁੰਦੀ ਹੈ। ਸੇਂਜੂ ਜ਼ਮੀਨ ਵਿਚ ਕਣਕ, ਚਾਰੇ ਦੀਆਂ ਫਸਲਾਂ ਅਤੇ ਕਈ ਹੋਰ ਅਨਾਜੀ ਫਸਲਾਂ ਉਗਾਈਆਂ ਜਾਂਦੀਆਂ ਹਨ। ਗੁਜਰਾਤ ਇਥੋਂ ਦਾ ਸਨੱਅਤੀ ਸ਼ਹਿਰ ਹੈ। ਇਥੇ ਚੀਨੀ ਦੇ ਭਾਂਡੇ ਪਿੱਤਲ ਦੇ ਭਾਂਡੇ ਅਤੇ ਗਲੀਚੇ ਤਿਆਰ ਕੀਤੇ ਜਾਂਦੇ ਹਨ।

          ਇਸ ਜ਼ਿਲ੍ਹੇ ਦਾ ਇਤਿਹਾਸਕ ਪਿਛੋਕੜ ਈਸਾ ਤੋਂ ਕੋਈ 4 ਸਦੀਆਂ ਪਹਿਲੋਂ ਦਾ ਹੈ। ਇਥੇ ਮੋਗ ਦੀ ਥਾਂ ਤੇ ਖੁਦਾਈ ਤੋਂ ਕੁਝ ਥੇਹ ਮਿਲਦੇ ਹਨ ਜਿਨ੍ਹਾਂ ਤੋਂ ਇਥੋਂ ਦੇ ਸ਼ਹਿਰ ਗੁਜਰਾਤ ਦੇ, ਸਿਕੰਦਰ ਮਹਾਨ ਦੇ ਸਮੇਂ ਵੱਸੇ ਹੋਣ ਦਾ ਸਬੂਤ ਮਿਲਦਾ ਹੈ। ਸੰਨ 326 ਨੂੰ ਇਹ ਸਾਰਾ ਇਲਾਕਾ ਮਹਾਰਾਜਾ ਪੋਰਸ ਦੇ ਰਾਜ ਵਿਚ ਸ਼ਾਮਲ ਹੁੰਦਾ ਸੀ। ਇਸ ਪਿਛੋਂ 231 ਈ. ਪੂ. ਵਿਚ ਮਹਾਰਾਜਾ ਅਸ਼ੋਕ ਦੀ ਮੌਤ ਤੀਕ ਇਹ ਇਲਾਕਾ ਮੌਰੀਆ ਬੰਸ਼ ਦੇ ਰਾਜਿਆਂ ਕੋਲ ਹੁੰਦਾ ਸੀ ਫਿਰ ਇਹ ਯੂਨਾਨੀ ਬਾਖ਼ਤਰੀਅਨ (Graeco-Bactrian) ਰਾਜੇ ਦਮਿਤਰੀਅਸ ਹੇਠ ਵੀ ਰਿਹਾ। ਦੂਜੀ ਸਦੀ ਵਿਚ ਪਾਰਥੀਅਨਾਂ ਨੇ ਯੂਨਾਨੀ-ਬਾਖ਼ਤਰੀਅਨ ਰਾਜਿਆਂ ਤੋਂ ਇਸ ਨੂੰ ਜਿੱਤ ਲਿਆ। ਇਸ ਮਗਰੋਂ ਕਈ ਸੌ ਸਾਲਾਂ ਤਕ ਇਸ ਖੇਤਰ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਮੰਨਿਆ ਜਾਂਦਾ ਹੈ ਕਿ 455 ਅਤੇ 540 ਦਰਮਿਆਨ ਇਥੇ ਗੋਰੇ ਹੁਨ ਰਾਜੇ ਰਾਜ ਕਰਦੇ ਰਹੇ ਪਰ ਇਸ ਇਲਾਕੇ ਬਾਰੇ ਸਹੀ ਜਾਣਕਾਰੀ ਲੋਧੀ ਕਾਲ ਦੌਰਾਨ ਗੁਜਰਾਤ ਸ਼ਹਿਰ ਦੇ ਉੱਤਰ-ਪੂਰਬ ਵਿਚ ਲਗਭਗ 36.8 ਕਿ. ਮੀ. ਦੇ ਫਾਸਲੇ ਤੇ ਬਹਿਲੋਲਪੁਰ ਨਾਮੀ ਸ਼ਹਿਰ ਵਸਾਉਣ ਤੋਂ ਹੀ ਮਿਲਦੀ ਹੈ। ਇਸ ਮਗਰੋਂ ਮੁਗ਼ਲ ਰਾਜ ਹੇਠ ਅਕਬਰ ਬਾਦਸ਼ਾਹ ਨੇ ਇਥੇ ਕਿਲਾ ਬਣਵਾਇਆ ਅਤੇ ਕਿਲੇ ਦੇ ਆਸ-ਪਾਸ ਦੇ ਇਲਾਕੇ ਨੂੰ ਮਿਲਾ ਕੇ ਇਸ ਜ਼ਿਲ੍ਹੇ ਨੂੰ ਕਾਇਮ ਕੀਤਾ।

          ਇਹ ਸਾਰਾ ਇਲਾਕਾ ਸਿੱਖ ਰਾਜ ਹੇਠ ਕਾਫ਼ੀ ਮਹੱਤਵਪੂਰਨ ਰਿਹਾ ਹੈ। ਜਿਸ ਸਮੇਂ ਸਿੱਖ ਮਿਸਲਾਂ ਪੰਜਾਬ ਦੇ ਇਸ ਖੇਤਰ ਵਿਚ ਕਾਇਮ ਸਨ ਉਦੋਂ 1765 ਵਿਚ ਭੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਨੇ ਚਨਾਬ ਦਰਿਆ ਨੂੰ ਪਾਰ ਕੀਤਾ ਤੇ ਸਾਰਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ। ਇਸ ਮਗਰੋਂ ਇਸ ਦੇ ਲੜਕੇ ਨੇ ਗੁੱਜਰਾਂ ਵਾਲੇ ਦੇ ਸਰਦਾਰ ਮਹਾਂ ਸਿੰਘ ਅਤੇ ਉਸ ਦੇ ਮਰਨ ਉਪਰੰਤ ਉਸ ਦੇ ਲੜਕੇ ਰਣਜੀਤ ਸਿੰਘ ਮਹਾਰਾਜਾ ਤੇ ਹਮਲੇ ਕੀਤੇ ਤੇ ਅੰਤ ਇਸ ਦੀ ਅਧੀਨਤਾ ਸਵੀਕਾਰ ਕਰ ਲਈ। ਸੰਨ 1846 ਵਿਚ ਇਹ ਅੰਗਰੇਜ਼ ਅਧਿਕਾਰੀਆਂ ਦੇ ਰਾਜ-ਪ੍ਰਬੰਧ ਹੇਠ ਆ ਗਿਆ। ਇਸ ਤੋਂ ਕਰੀਬ ਦੋ ਵਰ੍ਹੇ ਮਗਰੋਂ ਇਥੇ ਸਿੱਖਾਂ ਤੇ ਅੰਗਰੇਜ਼ਾਂ ਵਿਚ ਲੜਾਈ ਹੋਈ। ਇਸੇ ਜ਼ਿਲ੍ਹੇ ਵਿਚ ਚੇਲਿਆਂਵਾਲੀ ਦੀ ਥਾਂ ਤੇ 13 ਜਨਵਰੀ, 1849 ਦੇ ਦਿਨ ਅੰਗਰੇਜ਼ ਅਤੇ ਸਿੱਖਾਂ ਵਿਚਕਾਰ ਮਹੱਤਵਪੂਰਨ ਲੜਾਈ ਹੋਈ ਜਿਸ ਵਿਚ ਸਿੱਖਾਂ ਦੀ ਕਿਸਮਤ ਨੇ ਸਾਥ ਨਾ ਦਿੱਤਾ ਅਤੇ ਇਹ ਸਾਰਾ ਇਲਾਕਾ ਅੰਗਰੇਜ਼ੀ ਰਾਜ ਦਾ ਹਿੱਸਾ ਬਣ ਗਿਆ। ਭਾਰਤ ਵਿਚੋ਼ ਅੰਗਰੇਜ਼ਾਂ ਦੇ ਜਾਣ ਨਾਲ ਨਵੀਂ ਵੰਡ ਅਨੁਸਾਰ ਇਹ ਜ਼ਿਲ੍ਹਾ ਪਾਕਿਸਤਾਨ ਦੇ ਹਿੱਸੇ ਆ ਗਿਆ।

          ਹ. ਪੁ.––ਇੰਪ. ਗ. ਇੰਡ. 12 : 363; ਜਗ. ਪਾਕਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਜਰਾਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਜਰਾਤ : ਸ਼ਹਿਰ––ਗੁਜਰਾਤ ਪੱਛਮੀ ਪੰਜਾਬ (ਪਾਕਿ.) ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਝਨਾਂ ਦੇ ਉੱਤਰ ਵੱਲ ਲਾਹੌਰ ਤੋਂ ਪਿਸ਼ੌਰ ਵੱਲ ਨੂੰ ਜਾਣ ਵਾਲੇ ਰਾਹ ਉੱਤੇ ਵਾਕਿਆ ਹੈ। ਲਾਹੌਰ ਤੋਂ ਪਿਸ਼ੌਰ ਨੂੰ ਜਾਣ ਵਾਲੀ ਰੇਲ ਵੀ ਇਸ ਦੇ ਵਿਚੋਂ ਦੀ ਗੁਜ਼ਰਦੀ ਹੈ। ਇਥੇ 1867 ਵਿਚ ਨਗਰਪਾਲਿਕਾ ਕਾਇਮ ਹੋਈ। ਇਹ ਸ਼ਹਿਰ ਬਹੁਤ ਹੀ ਪੁਰਾਣਾ ਹੈ। ਇਥੇ ਹਸਪਤਾਲ ਅਤੇ 2 ਕਾਲਜ ਹਨ। ਇਹ ਕਾਲਜ ਯੂਨੀਵਰਸਿਟੀ ਨਾਲ ਸਬੰਧਤ ਹਨ। ਇਥੋਂ ਦੇ ਸਨੱਅਤੀ ਅਦਾਰਿਆਂ ਵਿਚ ਫਰਨੀਚਰ, ਪਿੱਤਲ ਦੇ ਭਾਂਡੇ, ਚੀਨੀ ਦੇ ਭਾਂਡੇ ਬਿਜਲੀ ਦੇ ਪੱਖੇ, ਜੁੱਤੀਆਂ ਆਦਿ ਬਣਾਉਣ ਦਾ ਕੰਮ ਹੁੰਦਾ ਹੈ।

          ਇਹ ਸ਼ਹਿਰ ਇਤਿਹਾਸਕ ਪੱਖੋਂ ਵੀ ਬਹੁਤ ਮਸ਼ਹੂਰ ਹੈ। ਸੰਨ 1580 ਵਿਚ ਅਕਬਰ ਬਾਦਸ਼ਾਹ ਨੇ ਇਥੇ ਇਕ ਮਜ਼ਬੂਤ ਕਿਲਾ ਬਣਵਾਇਆ ਸੀ ਅਤੇ ਇਸੇ ਕਿਲੇ ਦੁਆਲੇ ਹੀ ਅਜੋਕਾ ਸ਼ਹਿਰ ਵਸਿਆ ਹੋਇਆ ਹੈ। ਪੰਜਾਬ ਦੀ ਪ੍ਰਸਿੱਧ ਸੋਹਣੀ-ਮਹੀਵਾਲ ਦੀ ਲੋਕ-ਗਾਥਾ ਦੀ ਨਾਇਕਾ ਸੋਹਣੀ ਵੀ ਇਸੇ ਸ਼ਹਿਰ ਦੀ ਰਹਿਣ ਵਾਲੀ ਸੀ।

          ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਗੁਜਰਾਤ ਵਿਖੇ ਹੀ ਮੁਸਲਮਾਨ ਫ਼ਕੀਰ ਸ਼ਾਹ ਦੌਲਾ ਨੂੰ ਮਿਲੇ ਸਨ। ਇਸ ਥਾਂ ਤੇ ਉਨ੍ਹਾਂ ਦੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਉਸਾਰਿਆ ਗਿਆ ਜਿਹੜਾ ਅੱਜ ਵੀ ਇਸ ਸ਼ਹਿਰ ਵਿਚ ਮੌਜੂਦ ਹੈ।

          ਆਬਾਦੀ––155,058 (1981)

          ਹ. ਪੁ.––ਇੰਪ. ਗ. ਇੰਡ.–12 : 363; ਐਨ. ਬ੍ਰਿ. ਮਾ. 4 : 795; ਸਿ. ਸ੍ਰਾ. ਵੈ. ਪਾਕਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਜਰਾਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਜਰਾਤ : ਜ਼ਿਲ੍ਹਾ – ਪੱਛਮੀ ਪੰਜਾਬ (ਪਾਕਿਸਤਾਨ) ਦਾ ਇਹ ਜ਼ਿਲ੍ਹਾ ਰਾਵਲਪਿੰਡੀ ਡਵੀਜ਼ਨ ਵਿਚ ਚਨਾਬ ਅਤੇ ਜਿਹਲਮ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਇਸ ਦਾ ਖੇਤਰਫ਼ਲ 5,864 ਵਰਗ ਕਿ. ਮੀ. ਹੈ। ਇਹ ਪੱਛਮੀ ਪੰਜਾਬ ਦੇ ਮੈਦਾਨੀ ਖੇਤੀ ਦੀ ਉੱਤਰੀ ਸੀਮਾ ਬਣਾਉਂਦਾ ਹੈ। ਇਸ ਜ਼ਿਲ੍ਹੇ ਵਿਚ ਪੈਂਦੇ 3,20,000 ਹੈਕਟੇਅਰ ਰਕਬੇ ਦੀ ਸਿੰਜਾਈ ਲੋਅਰ ਜਿਹਲਮ ਨਹਿਰ ਦੁਆਰਾ ਹੁੰਦੀ ਹੈ। ਜ਼ਿਲ੍ਹੇ ਵਿਚ ਪੈਦਾ ਹੋਣ ਵਾਲੀਆਂ ਮੁੱਖ ਫ਼ਸਲਾਂ ਕਣਕ, ਜਵਾਰ ਬਾਜਰਾ ਆਦਿ ਹਨ। ਮੌਂਗ (Mong/Mung) ਦੇ ਸਥਾਨ ਤੇ ਅਲੈਗਜ਼ੈਂਡਰੀਆ ਨਿਕੋਹੀਆ ਉਸ ਸ਼ਹਿਰ ਦਾ ਥੇਹ ਮੰਨਿਆ ਜਾਂਦਾ ਹੈ ਜਿਹੜਾ ਸਿਕੰਦਰ ਮਹਾਨ ਨੇ 326 ਈ. ਪੂ. ਵਿਚ ਪੋਰਸ ਉੱਪਰ ਜਿੱਤ ਪ੍ਰਾਪਤ ਕਰਨ ਤੇ ਬਣਵਾਇਆ ਸੀ। ਇਸ ਜ਼ਿਲ੍ਹੇ ਦੀ ਤਹਿਸੀਲ ਖਾਰੀਆ ਵਿਚ ਚੇਲਿਆਂ ਵਾਲੇ ਵਿਖੇ 1849ਈ. ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-13-04, ਹਵਾਲੇ/ਟਿੱਪਣੀਆਂ: ਹ. ਪੁ. –ਐਨੀ ਬ੍ਰਿ. ਮਾ. 4 : 795; ਪੰਜਾਬ ਦੇ ਸ਼ਹਿਰ-ਬਲਬੀਰ ਸਿੰਘ ਕੰਵਲ : 154

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.