ਗਿਆਨ ਸਿੰਘ ਰਾੜੇਵਾਲਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਆਨ ਸਿੰਘ ਰਾੜੇਵਾਲਾ (1901-1979): ਪ੍ਰਸ਼ਾਸਕ ਅਤੇ ਸਿਆਸਤਦਾਨ ਦਾ ਜਨਮ ਲੁਧਿਆਣਾ ਜ਼ਿਲੇ ਵਿਚ ਆਪਣੇ ਨਾਨਕੇ ਪਿੰਡ ਭੜ੍ਹੀ ਵਿਖੇ 16 ਦਸੰਬਰ 1901 ਨੂੰ ਹੋਇਆ। ਇਸਦਾ ਆਪਣਾ ਜੱਦੀ ਪਿੰਡ ਰਾੜਾ ਵੀ ਲੁਧਿਆਣਾ ਜ਼ਿਲੇ ਵਿਚ ਸੀ ਜਿੱਥੇ ਇਸ ਦੇ ਪਿਤਾ ਰਤਨ ਸਿੰਘ ਪਟਿਆਲਾ ਦੀ ਸ਼ਾਹੀ ਰਿਆਸਤ ਦੇ ਬਿਸਵੇਦਾਰ ਸਨ। ਗਿਆਨ ਸਿੰਘ ਨੇ ਮੁਢਲੀ ਵਿੱਦਿਆ ਭੜ੍ਹੀ, ਸਮਰਾਲਾ ਅਤੇ ਲੁਧਿਆਣਾ ਤੋਂ ਗ੍ਰਹਿਣ ਕੀਤੀ, ਮਾਡਲ ਹਾਈ ਸਕੂਲ , ਪਟਿਆਲਾ, ਤੋਂ ਦਸਵੀਂ ਅਤੇ 1925 ਵਿਚ ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ. ਦੀ ਪ੍ਰੀਖਿਆ ਪਾਸ ਕੀਤੀ। ਫਿਰ ਇਸਨੇ ਪਟਿਆਲਾ ਰਿਆਸਤ ਵਿਚ ਬਤੌਰ ਨਾਇਬ ਨਾਜ਼ਿਮ ਨੌਕਰੀ ਲੈ ਲਈ ਅਤੇ ਪਟਿਆਲਾ ਵਿਖੇ ਇਕ ਸਾਲ ਦੀ ਸਿਖਲਾਈ ਤੋਂ ਬਾਅਦ ਇਸਨੂੰ ਸੁਨਾਮ ਨਿਯੁਕਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਰਾਜ ਦੇ ਵਿਦੇਸ਼ੀ ਦਫ਼ਤਰ ਵਿਚ ਬਤੌਰ ਅੰਡਰ-ਸੈਕਟਰੀ; ਨਾਰਨੌਲ ਵਿਖੇ ਬਤੌਰ ਜ਼ਿਲਾ ਮੈਜਿਸਟਰੇਟ; ਪਟਿਆਲਾ ਰਿਆਸਤ ਦੇ ਰੈਵਨਿਉ ਕਮਿਸ਼ਨਰ ਦੇ ਤੌਰ ‘ਤੇ ਵੱਖ-ਵੱਖ ਅਹੁਦਿਆਂ ‘ਤੇ ਰਿਹਾ ਜਿੱਥੇ ਇਸਨੇ ਇਕੋ ਸਮੇਂ ਪਟਿਆਲਾ ਦੇ ਮਿਉਂਸਿਪਲ ਕਮੇਟੀ ਦੇ ਪ੍ਰਧਾਨ ਵਜੋਂ; ਐਕਸਾਈਜ਼ ਕਮਿਸ਼ਨਰ ਵਜੋਂ , ਰਾਜ ਦੀ ਹਾਈ ਕੋਰਟ ਦੇ ਜੱਜ ਦੇ ਤੌਰ ‘ਤੇ; ਅਤੇ ਮਾਲ ਅਤੇ ਖੇਤੀ-ਬਾੜੀ ਮੰਤਰੀ ਵਜੋਂ ਕੰਮ ਕੀਤਾ। 1948 ਵਿਚ ਪੂਰਬੀ ਪੰਜਾਬ ਰਾਜ ਯੂਨੀਅਨ (ਪੈਪਸੂ) ਅਤੇ ਪਟਿਆਲਾ ਦੀ ਹੋਂਦ ਤੋਂ ਬਾਅਦ ਸਰਦਾਰ ਗਿਆਨ ਸਿੰਘ ਰਾੜੇਵਾਲਾ ਨੂੰ ਇਸਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਅਤੇ 20 ਅਪ੍ਰੈਲ 1952 ਨੂੰ ਗ਼ੈਰ ਕਾਂਗਰਸੀ ਗਠਜੋੜ ਵਜ਼ਾਰਤ ਦੇ ਸਿੱਖਰ ‘ਤੇ ਇਹ ਪੈਪਸੂ ਦਾ ਪਹਿਲਾ ਚੁਣਿਆ ਹੋਇਆ ਮੁੱਖ ਮੰਤਰੀ ਬਣਿਆ। ਇਸ ਪਦ ‘ਤੇ ਇਸ ਦੀਆਂ ਪ੍ਰਮੁਖ ਪ੍ਰਾਪਤੀਆਂ ਵਿਚ ਪੈਪਸੂ ਦੇ ਵੱਖ-ਵੱਖ ਸੰਘਟਕ ਰਾਜਾਂ ਦੇ ਮਹਿਕਮਿਆਂ ਨੂੰ ਇਕੱਠੇ ਕਰਨਾ ਅਤੇ ਪੱਛਮੀ ਪਾਕਿਸਤਾਨ ਤੋਂ ਆਏ ਹਿੰਦੂ ਅਤੇ ਸਿੱਖ ਰਿਫ਼ਿਊਜੀਆਂ ਦਾ ਪੁਨਰਵਾਸ ਕਰਨਾ ਸ਼ਾਮਲ ਸੀ। ਇਸ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਉੱਤਮ ਯੋਗਦਾਨ ਪਾਇਆ। ਸਰਦਾਰ ਹਰਦਿਤ ਸਿੰਘ ਮਲਿਕ ਦੇ ਪ੍ਰਧਾਨ ਮੰਤਰੀ ਬਣਨ ਦੌਰਾਨ ਇਸ ਨੇ ਪਹਿਲਾਂ ਹੀ ਸਿੱਖਿਆ ਵਿਭਾਗ ਵਿਚ ਪੰਜਾਬੀ ਸੈਲ ਸਥਾਪਿਤ ਕਰਨ ਲਈ ਪਟਿਆਲਾ ਰਾਜ ਸਰਕਾਰ ਨੂੰ ਮਨਾਇਆ। ਪੈਪਸੂ ਦੇ ਆਪਣੇ ਪ੍ਰਧਾਨ ਮੰਤਰੀ ਕਾਲ ਵਿਚ ਇਸ ਨੇ ਇਸ ਸੈਲ ਨੂੰ ਪੂਰਨ ਪੰਜਾਬੀ ਵਿਭਾਗ ਵਿਚ ਵਿਕਸਤ ਕਰ ਦਿੱਤਾ ਅਤੇ ਪੰਜਾਬੀ ਨੂੰ ਸਾਰੇ ਸਰਕਾਰੀ ਕਰਮਚਾਰੀਆਂ ਲਈ ਜ਼ਰੂਰੀ ਕਰ ਦਿੱਤਾ। ਰਾੜੇਵਾਲਾ ਦੀ ਵਜਾਰਤ ਥੋੜ੍ਹਾ ਸਮਾਂ ਹੀ ਰਹੀ। ਇਸਦੇ ਖ਼ਿਲਾਫ਼ ਚੱਲ ਰਹੀ ਇਕ ਚੋਣ ਪਟੀਸ਼ਨ ‘ਤੇ ਵਿਰੋਧੀ ਫ਼ੈਸਲੇ ਦੇ ਨਤੀਜੇ ਵਜੋਂ ਵਜ਼ਾਰਤ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਅਤੇ 5 ਮਾਰਚ 1953 ਨੂੰ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਸਰਦਾਰ ਰਾੜੇਵਾਲ ਦਾ ਮਨ ਹਮਦਰਦੀ ਨਾਲ ਭਰ ਗਿਆ ਅਤੇ 1955 ਵਿਚ ਇਸ ਨੇ ਪੰਜਾਬੀ ਸੂਬਾ ਅੰਦੋਲਨ ਲਈ ਕੰਮ ਕੀਤਾ। ਨਿੱਜੀ ਤੌਰ ‘ਤੇ ਇਹ ਰਿਜ਼ਨਲ ਫ਼ਾਰਮੂਲਾ ਸਕੀਮ ਦੇ ਹੱਕ ਵਿਚ ਨਹੀਂ ਸਨ ਭਾਵੇਂ ਕਿ 11 ਮਾਰਚ 1956 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਇਸ ਨੇ ਹਾਊਸ ਵਿਚ ਇਸ ਯੋਜਨਾ ਦੀ ਸਿਫ਼ਾਰਸ਼ ਕੀਤੀ। ਜਨਰਲ ਬਾਡੀ ਨੇ ਇਕ ਲੰਮੇ ਵਿਚਾਰ ਵਟਾਂਦਰੇ ਉਪਰੰਤ ਇਸਨੂੰ ਪ੍ਰਵਾਨ ਕੀਤਾ। ਸਿੱਟੇ ਵਜੋਂ 1 ਨਵੰਬਰ 1956 ਨੂੰ ਪੈਪਸੂ ਨੂੰ ਪੰਜਾਬ ਨਾਲ ਮਿਲਾ ਦਿੱਤਾ ਗਿਆ ਅਤੇ ਰਾੜੇਵਾਲਾ ਸਮੇਤ ਬਹੁਤ ਸਾਰੇ ਅਕਾਲੀ , ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।

     3 ਅਪ੍ਰੈਲ 1957 ਨੂੰ ਦੂਜੀਆਂ ਆਮ ਚੋਣਾਂ ਤੋਂ ਬਾਅਦ ਇਸ ਨੂੰ ਕੈਰੋਂ ਦੀ ਵਜ਼ਾਰਤ ਵਿਚ ਨਹਿਰੀ ਅਤੇ ਬਿਜਲੀ ਮੰਤਰੀ ਬਣਾਇਆ ਗਿਆ। 1962 ਅਤੇ 1967 ਵਿਚ ਕਾਂਗਰਸ ਦੀ ਨਾਮਜ਼ਦਗੀ ‘ਤੇ ਇਹ ਪੰਜਾਬ ਅਸੈਂਬਲੀ ਲਈ ਦੁਬਾਰਾ ਚੁਣਿਆ ਗਿਆ। 31 ਅਗਸਤ 1965 ਨੂੰ ਇਸ ਨੇ ਸਮੂਹ ਸਿੱਖ ਵਿਧਾਨਕਾਰਾਂ ਦੀ ਇਕ ਮੀਟਿੰਗ ਬੁਲਾਈ। ਮੀਟਿੰਗ ਵਿਚ ਸਰਕਾਰ ਨੂੰ ਅਮਲੀ ਤੌਰ ‘ਤੇ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ। ਇਸ ਮੰਗ ਨੂੰ ਮੰਨਿਆ ਗਿਆ ਅਤੇ ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਦੋ ਰਾਜਾਂ ਵਿਚ ਪੁਨਰਗਠਿਤ ਕਰ ਦਿੱਤਾ ਗਿਆ। 1 ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਹੋਂਦ ਵਿਚ ਆ ਗਏ। ਇਸ ਤੋਂ ਬਾਅਦ ਅਕਾਲੀਆਂ ਦੀ ਵਜ਼ਾਰਤ ਦੌਰਾਨ ਗਿਆਨ ਸਿੰਘ ਰਾੜੇਵਾਲਾ ਨੇ ਵਿਰੋਧੀ ਧਿਰ ਦੇ ਲੀਡਰ ਵਜੋਂ ਕੰਮ ਕੀਤਾ।

     ਸਰਦਾਰ ਗਿਆਨ ਸਿੰਘ ਰਾੜੇਵਾਲਾ ਨੇ 1969 ਵਿਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। 31 ਦਸੰਬਰ 1979 ਨੂੰ ਲੰਮੀ ਬਿਮਾਰੀ ਤੋਂ ਬਾਅਦ ਇਸ ਦਾ ਦਿੱਲੀ ਵਿਖੇ ਅਕਾਲ ਚਲਾਣਾ ਹੋ ਗਿਆ। 2 ਜਨਵਰੀ 1980 ਨੂੰ ਇਸ ਦਾ ਰਾੜਾ ਵਿਖੇ ਸਸਕਾਰ ਕੀਤਾ ਗਿਆ।


ਲੇਖਕ : ਅਜ.ਸ.ਲ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.