ਗਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਲ. ਸਿੰਧੀ. ਸੰਗ੍ਯਾ—ਗੱਲ. ਬਾਤ. “ਸੰਤ ਤੇਰੇ ਸਿਉ ਗਾਲ ਗਲੋਹੀ.” (ਗਉ ਮ: ੫) “ਸਭ ਰੈਨਿ ਸਮ੍ਹਾਲਹਿ ਹਰਿਗਾਲ.” (ਪ੍ਰਭਾ ਮ: ੪) “ਕੋਈ ਆਨਿ ਸੁਨਾਵੈ ਹਰਿ ਕੀ ਹਰਿਗਾਲ.” (ਨਟ ਮ: ੪) ੨ ਗਾਲੀ. ਸ਼੍ਰਾਪ (ਸ਼ਾਪ). ੩ ਦੇਖੋ, ਗਾਲਨਾ। ੪ ਦੇਖੋ, ਗਾਲ੍ਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਲ : ਸ਼ਹਿਰ––ਭਾਰਤ ਦੇ ਦੱਖਣ ਵਿਚ ਲੰਕਾ ਦੇਸ਼ ਦੀ ਇਕ ਪ੍ਰਾਚੀਨ ਬੰਦਰਗਾਹ ਅਤੇ ਮੁੱਖ ਸ਼ਹਿਰ ਹੈ। ਇਹ ਸ਼ਹਿਰ ਦੇਸ਼ ਦੇ ਦੱਖਣੀ-ਪੱਛਮੀ ਕੰਢੇ ਤੇ ਗਾਲ ਜ਼ਿਲ੍ਹੇ ਵਿਚ ਕੋਲੰਬੋ ਤੋਂ 105 ਕਿ. ਮੀ. ਦੀ ਦੂਰੀ ਤੇ ਸਥਿਤ ਹੈ ਅਤੇ ਰੇਲ ਤੇ ਸੜਕ ਦੁਆਰਾ ਰਾਜਧਾਨੀ ਨਾਲ ਜੁੜਿਆ ਹੋਇਆ ਹੈ। ਸੰਨ 1267 ਤੋਂ ਪਹਿਲਾਂ ਲੰਕਾ ਦੇ ਇਤਿਹਾਸ ਵਿਚ ਗਾਲ ਸ਼ਹਿਰ ਦਾ ਬਹੁਤ ਘੱਟ ਹਵਾਲਾ ਮਿਲਦਾ ਹੈ। 14ਵੀਂ ਸਦੀ ਦੇ ਅੱਧ ਵਿਚ ਇਬਨਬਤੂਤਾ ਨੇ ਇਸ ਦਾ ਇਕ ਛੋਟੇ ਸ਼ਹਿਰ ਦੇ ਤੌਰ ਤੇ ਸਪਸ਼ਟ ਜ਼ਿਕਰ ਕੀਤਾ ਹੈ। ਪੁਰਤਗੇਜ਼ੀਆਂ ਦਾ ਕਬਜ਼ਾ ਹੋਣ ਪਿਛੋਂ ਇਸ ਬੰਦਰਗਾਹ ਦੀ ਮਹੱਤਤਾ ਬਹੁਤ ਵਧੀ। ਫਿਰ ਡੱਚਾਂ ਨੇ ਇਸ ਨੂੰ ਹੋਰ ਵੀ ਉੱਨਤ ਕੀਤਾ। ਉਨ੍ਹਾਂ ਦੇ ਬਣਾਏ ਕਈ ਕਿਲੇ ਅਤੇ ਇਮਾਰਤਾਂ ਅਜੇ ਤੱਕ ਵੇਖੇ ਜਾ ਸਕਦੇ ਹਨ। ਸੰਨ 1869 ਵਿਚ ਸੁਏਜ ਨਹਿਰ ਦੇ ਬਣਨ ਨਾਲ ਇਸ ਦੀ ਮਹੱਤਤਾ ਕੁਝ ਪਹਿਲੇ ਨਾਲੋਂ ਘਟ ਗਈ। ਕੋਲੰਬੋ ਬੰਦਰਗਾਹ ਕਈ ਜ਼ਰਾਇਤੀ ਖੇਤਰਾਂ ਦੇ ਨਜ਼ਦੀਕ ਹੋਣ ਕਰਕੇ ਇਸ ਬੰਦਰਗਾਹ ਤੋਂ ਵੱਧ ਮਹੱਤਵਪੂਰਨ ਬਣ ਗਈ।

          ਕੋਲੰਬੋ ਦਾ ਇਕ ਵਪਾਰਕ ਕੇਂਦਰ ਅਤੇ ਬੰਦਰਗਾਹ ਦੇ ਤੌਰ ਤੇ ਵਿਕਾਸ ਸ਼ੁਰੂ ਹੋਣ ਨਾਲ ਗਾਲ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚਿਆ। 20 ਵੀਂ ਸਦੀ ਵਿਚ ਕੋਲੰਬੋ ਵਿਚ ਵਧੇਰੇ ਜਹਾਜ਼ ਇਕੱਠੇ ਹੋਣ ਕਰਕੇ ਕਈ ਜਹਾਜ਼ ਗਾਲ ਵੱਲ ਭੇਜੇ ਜਾਣੇ ਪਏ। ਇਸ ਸ਼ਹਿਰ ਦਾ ਸਾਰਾ ਪ੍ਰਬੰਧ ਮਿਉਂਸਪਲ ਕੌਂਸਲ ਕਰਦੀ ਹੈ।

          ਆਬਾਦੀ––77,183 (1981)

          06° 02' ਉ. ਵਿਥ; 80° 13' ਪੂ. ਲੰਬ.

          ਹ. ਪੁ.––ਐਨ. ਬ੍ਰਿ. ਮਾ. 4 : 390


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਲ : ਪੌਦਿਆਂ ਦੇ ਹਿੱਸਿਆਂ ਜਾਂ ਅੰਗਾਂ ਦੇ ਅਸਾਧਾਰਨ ਵਾਧੇ ਜਾਂ ਅਤਿ-ਵਿਸਤਾਰ ਨੂੰ ਅੰਗਰੇਜ਼ੀ ਭਾਸ਼ਾ ਵਿਚ ਗਾਲ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਅਸਾਧਾਰਨ ਵਾਧੇ ਜਾਂ ਵਿਸਤਾਰ ਕਈ ਅਕ੍ਰਿਤੀਆਂ ਵਿਚ ਮਿਲਦੇ ਹਨ। ਇਸ ਤਰ੍ਹਾਂ ਦੇ ਸਾਰੇ ਵਾਧੇ ਭੌਤਿਕ ਜਾਂ ਰਸਾਇਣਕ ਨੁਕਸਾਂ ਕਾਰਨ ਪੈਦਾ ਹੁੰਦੇ ਹਨ, ਜੋ ਕੁਦਰਤੀ (ਜਿਵੇਂ ਪਰਜੀਵੀ ਏਜੰਸੀਆਂ ਜਾਂ ਵਿਕੀਰਨ) ਜਾਂ ਮਨੁੱਖ ਦੁਆਰਾ ਕੀਤੇ ਜਾਂਦੇ ਪ੍ਰਯੋਗਾਂ ਕਾਰਨ ਪੈਦਾ ਹੋ ਜਾਂਦੇ ਹਨ। ਪੌਦਿਆਂ ਦੇ ਕੁਦਰਤੀ ਗਾਲਾਂ ਨੂੰ ਪਰਜੀਵ ਦੀ ਕਿਸਮ ਦੇ ਸਬੰਧ ਨਾਲ ਹੀ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਇਹ ਪਰਜੀਵ ਇਨ੍ਹਾਂ ਦੇ ਮੂਲ ਅਤੇ ਵਿਕਾਸ ਨਾਲ ਸਬੰਧਤ ਹੁੰਦੇ ਹਨ ਜਿਵੇਂ ਖ਼ਾਸ ਬੈਕਟੀਰੀਆ ਵਾਇਰਸ, ਕਈ ਕਿਸਮ ਦੀਆਂ ਉੱਲੀਆਂ, ਗੋਲ ਕਿਰਮ ਜਾਂ ਨੈਮਾਟੋਡ, ਜੂੰਆਂ ਅਤੇ ਕੀਟ ਆਦਿ।

          ਬਹੁਤੀ ਵੇਰ ਇਹ ਗਾਲ ਇਕੱਲੇ ਪਰਜੀਵਾਂ ਦੀ ਸਥੂਲ ਹੋਂਦ ਕਰਕੇ ਹੀ ਪੈਦਾ ਨਹੀਂ ਹੋ ਜਾਂਦੇ ਸਗੋਂ ਇਨ੍ਹਾਂ ਪਰਜੀਵਾਂ ਦੁਆਰਾ ਪੈਦਾ ਕੀਤੇ ਰਸਾਇਣਕ ਉਤੇਜਕਾਂ ਕਾਰਨ ਪੈਦਾ ਹੁੰਦੇ ਹਨ ਜੋ ਸੈੱਲਾਂ ਦਾ ਵਧੇਰੇ ਵਾਧਾ ਤੇਜ਼ ਕਰ ਦਿੰਦੇ ਹਨ। ਇਨ੍ਹਾਂ ਪਦਾਰਥਾਂ ਵਿਚੋਂ ਕੁਝ ਤਾਂ ਪੌਦਿਆਂ ਦਾ ਵਾਧਾ ਤੇਜ਼ ਕਰਨ ਲਈ ਵਰਤੇ ਜਾਂਦੇ ਹਾਰਮੋਨਾਂ ਦੀ ਕਿਰਿਆਤਮਕ ਕਿਰਿਆ ਨਾਲ ਬਹੁਤ ਮਿਲਦੇ-ਜੁਲਦੇ ਹਨ। ਪਰਜੀਵ, ਗਾਲ ਨੂੰ ਆਪਣੀ ਮਰਜ਼ੀ ਦੀ ਹੀ ਸ਼ਕਲ ਦਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਇਹ ਸ਼ਕਲ ਇਹ ਪੌਦੇ ਵਿਚ ਕੁਝ ਰਸਾਇਣਕ ਪਦਾਰਥ, ਥੋੜ੍ਹੀ ਜਗ੍ਹਾ, ਥੋੜ੍ਹੇ ਚਿਰ ਅਤੇ ਬਹੁਤ ਜ਼ਿਆਦਾ ਭੇਜ ਕੇ ਬਣਾਉਂਦੇ ਹਨ। ਕਈ ਵੇਰ ਇਸ ਤਰ੍ਹਾਂ ਪੈਦਾ ਕੀਤਾ ਹੋਇਆ ਰਸਾਇਣਕ ਉਤੇਜਨ ਪੌਦੇ ਦੁਆਰਾ ਪੈਦਾ ਕੀਤੇ ਹੋਏ ਜਾਣੇ-ਪਛਾਣੇ ਰਸਾਂ ਤੋਂ ਬਿਲਕੁਲ ਹੀ ਵੱਖਰਾ ਹੁੰਦਾ ਹੈ ਅਤੇ ਇੰਜ ਇਹ ਪੌਦੇ ਦੇ ਸਾਧਾਰਨ ਵਾਧੇ ਨੂੰ ਨਵੇਂ ਅਤੇ ਕਦੀ-ਕਦਾਈਂ ਬਹੁਤ ਹੀ ਅਸਾਧਾਰਨ ਦਿਸ਼ਾਵਾਂ ਵਿਚ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਇਹ ਵੀ ਸੰਭਵ ਹੈ ਕਿ ਪਰਜੀਵ ਦੁਆਰਾ ਕਢਿਆ ਗਿਆ ਮੈਟਾਬੋਲਾਈਟ, ਹਾਰਮੋਨ ਵਰਗਾ ਪਦਾਰਥ ਨਾ ਹੋਵੇ ਜੋ ਕਿ ਪੌਦੇ ਦੇ ਵਧਣ ਢੰਗ ਤੇ ਅਸਰ ਪਾਉਂਦਾ ਹੈ, ਸਗੋਂ ਇਹ ਮੀਜ਼ਬਾਨ ਸੈੱਨ ਦੇ ਰੇਗੂਲੇਟਰੀ ਮੈਕੇਨਿਜ਼ਮ ਨੂੰ ਅਸਥਾਈ ਜਾਂ ਸਥਾਈ ਤੌਰ ਤੇ ਇਸ ਤਰ੍ਹਾਂ ਅਸਰ ਕਰ ਸਕਦਾ ਹੈ ਕਿ ਉਹ ਵਧਣ ਵਿਚ ਸਹਾਈ ਹੋਣ ਵਾਲੇ ਪਦਾਰਥਾਂ ਦੀ ਬਹੁਤ ਮਾਤਰਾ ਪੈਦਾ ਕਰ ਸਕੇ।

          ਆਪਣੇ ਆਪ ਵਿਚ ਸੀਮਿਤ ਰਹਿਣ ਵਾਲੇ ਗਾਲ–ਪੌਦਿਆਂ ਵਿਚ ਇਨ੍ਹਾਂ ਅਸਾਧਾਰਨਤਾਵਾਂ ਪ੍ਰਤਿ ਬਹੁਤ ਵੰਨਗੀ ਮਿਲਦੀ ਹੈ ਜੋ ਕੁਦਰਤੀ ਤੌਰ ਤੇ ਆਪਣੇ ਆਪ ਵਿਚ ਸੀਮਿਤ ਹੁੰਦੀ ਹੈ। ਆਪਣੇ ਆਪ ਵਿਚ ਸੀਮਿਤ ਨਾ ਰਹਿ ਸਕਣ ਵਾਲੇ ਗਾਲਾਂ ਤੋਂ ਇਨ੍ਹਾਂ ਦੀ ਪਛਾਣ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਇਨ੍ਹਾਂ ਦਾ ਵਾਧਾ ਪਰਜੀਵ ਦੁਆਰਾ ਕੱਢੇ ਹੋਏ ਪਦਾਰਥ ਤੇ ਨਿਰੰਤਰ ਨਿਰਭਰ ਕਰਦਾ ਹੈ।

          ਸੱਟ ਕਾਰਨ ਪੈਦਾ ਹੋਏ ਗਾਲ––ਇਹ ਸਥਾਨਕੀ ਵਾਧੇ ਕਦੀ ਵੀ ਪੌਦੇ ਵਾਸਤੇ ਘਾਤਕ ਨਹੀਂ ਹੁੰਦੇ ਭਾਵੇਂ ਇਨ੍ਹਾਂ ਦੀ ਹੋਂਦ ਨਾਲ ਪੱਤਿਆਂ ਅਤੇ ਜੜ੍ਹਾਂ ਤੇ ਕਾਫ਼ੀ ਬੋਝ ਜਿਹਾ ਰਹਿੰਦਾ ਹੈ। ਇਨ੍ਹਾਂ ਗਾਲਾਂ ਦਾ ਇਕ ਵਿਸ਼ੇਸ਼ ਆਕਾਰ ਅਤੇ ਰੂਪ ਹੁੰਦਾ ਹੈ। ਭਾਵੇਂ ਇਨ੍ਹਾਂ ਦਾ ਅੰਤਮ ਆਕਾਰ ਬੀਮਾਰ ਹੋਏ ਤੰਤੂ ਵਿਚ ਪਰਜੀਵਾਂ ਦੀ ਗਿਣਤੀ ਅਤੇ ਹੋਂਦ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਬੀਮਾਰੀ ਗੋਭੀ ਦੀ ਕਲਬਰੂਟ ਬੀਮਾਰੀ ਹੈ ਜੋ ਹੋਰਨਾਂ ਕਰੂਸੀਫ਼ਰੀ ਕੁਲ ਦੀਆਂ ਸਬਜ਼ੀਆਂ ਨੂੰ ਵੀ ਹੋ ਜਾਂਦੀ ਹੈ ਅਤੇ ਇਹ ਇਕ ਉੱਲੀ (Plasmodiophora brassicae) ਦੁਆਰਾ ਫ਼ੈਲਦੀ ਹੈ ਅਤੇ ਬਹੁਤ ਘਾਤਕ ਹੈ ਪਰ ਇਹ ਬੀਮਾਰੀ ਗਾਲ ਵਿਚ ਨਹੀਂ ਆਉਂਦੀ। ਗੋਭੀ ਦੀਆਂ ਜੜ੍ਹਾਂ ਉਪਰ ਇਕ ਵਿਸ਼ੇਸ਼ ਕਿਸਮ ਦਾ ਵਾਧਾ ਹੋ ਜਾਂਦਾ ਹੈ ਜਿਸ ਦੀ ਸ਼ਕਲ ਇਕ ਪਿੰਡਲੀ ਜਾਂ ਕਲੱਬ ਵਰਗੀ ਹੁੰਦੀ ਹੈ। ਇਸ ਤਰ੍ਹਾਂ ਦਾ ਵਾਧਾ ਇਕ ਆਕਿਰਤੀ ਇਕਾਈ ਹੈ ਅਤੇ ਇਹ ਇਕ ਇਕਹਿਰੀ ਮੁਢਲੀ ਲਾਗ ਤੋਂ ਪੈਦਾ ਹੁੰਦਾ ਹੈ। ਕਈ ਵੇਰ ਦੋ ਜਾਂ ਦੋ ਤੋਂ ਵੱਧ ਤਰ੍ਹਾਂ ਦੀਆਂ ਲਾਗਾਂ ਤੋਂ ਪੈਦਾ ਕੀਤੀ ਸੋਜ ਇਕੱਠੀ ਹੋ ਜਾਂਦੀ ਹੈ ਅਤੇ ਇਹ ਇਕਹਿਰੀ ਲਾਗ ਨਾਲੋਂ ਵੱਖਰੀ ਹੋ ਕੇ ਬੇਢੰਗੀ ਜਿਹੀ ਹੋ ਜਾਂਦੀ ਹੈ। ਇਸ ਤਰ੍ਹਾਂ ਪੌਦਾ ਜ਼ਮੀਨ ਵਿਚੋਂ ਪਾਣੀ ਅਤੇ ਹੋਰ ਜ਼ਰੂਰੀ ਖ਼ੁਰਾਕ ਹਾਸਲ ਨਹੀਂ ਕਰ ਸਕਦਾ ਅਤੇ ਇਸ ਤਰ੍ਹਾਂ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਇਹ ਛੋਟੇ ਆਕਾਰ ਦੇ ਰਹਿ ਜਾਂਦੇ ਹਨ। ਬਹੁਤ ਜ਼ਿਆਦਾ ਲਾਗ ਕਾਰਨ ਇਹ ਪੌਦੇ ਪਕੱਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸੇ ਹੀ ਤਰ੍ਹਾਂ ਦੀ ਇਕ ਹੋਰ ਬੀਮਾਰੀ ਰੂਟ-ਨਾੱਟ ਹੈ ਜੋ ਨੈਮਾਟੋਡ ਦੀਆਂ ਜਾਤੀਆਂ ਕਰਕੇ ਪੈਦਾ ਹੁੰਦੀ ਹੈ। ਇਹ ਜਾਤੀਆਂ ਮੀਲੋਡੋਗਾਇਨ ਪ੍ਰਜਾਤੀ ਦੀਆਂ ਮੈਂਬਰ ਹਨ ਅਤੇ ਇਨ੍ਹਾਂ ਵਿਚੋਂ ਕਈ ਕਾਸ਼ਤ ਕੀਤੀਆਂ ਹੋਈਆਂ ਅਤੇ ਕਈ ਜੰਗਲੀ ਪੌਦਿਆਂ ਦਾ ਬਹੁਤ ਨੁਕਸਾਨ ਕਰਦੀਆਂ ਹਨ।

          ਬੀਮਾਰੀਆਂ ਵਿਚ ਗਾਲ ਦੀ ਮਹੱਤਤਾ––ਕਈ ਵਿਸ਼ੇਸ਼ ਤਰ੍ਹਾਂ ਦੇ ਗਾਲਾਂ ਦੀ ਕਿਰਿਆਤਮਕ ਤੌਰ ਤੇ ਬੀਮਾਰੀਆਂ ਵਿਚ ਬਹੁਤ ਮਹੱਤਤਾ ਹੈ ਕਿਉਂਕਿ ਬੀਮਾਰੀ ਦੇ ਫ਼ੈਲਾਅ ਵਿਚ ਇਨ੍ਹਾਂ ਦਾ ਕਾਫ਼ੀ ਹਿੱਸਾ ਹੁੰਦਾ ਹੈ। ਇਕ ਬੀਮਾਰੀ ਜੋ ਸੀਡਾਰ-ਐਪਲ ਰਸਟ ਦੇ ਨਾਂ ਨਾਲ ਜਾਣੀ ਜਾਂਦੀ ਹੈ ਅਤੇ ਇਕ ਉੱਲੀ (Gymnospor-angiumjuniperi virgi-nianae) ਦੁਆਰਾ ਪੈਦਾ ਹੁੰਦੀ ਹੈ, ਲਾਲ ਦਿਆਰ ਦੇ ਪੱਤਿਆਂ ਤੇ ਲੱਗ ਜਾਂਦੀ ਹੈ ਅਤੇ ਮੀਜ਼ਬਾਨ ਸੈੱਲਾਂ ਨੂੰ ਉਤੇਜਿਤ ਕਰਦੀ ਹੈ ਜਿਸ ਨਾਲ ਸੈੱਲ ਭੂਰੇ ਰੰਗ ਦੇ ਗਾਲ ਵਿਚ ਬਦਲ ਜਾਂਦੇ ਹਨ ਜਿਨ੍ਹਾਂ ਨੂੰ ਦਿਆਰ ਦੇ ਸੇਬ ‘ਸੀਡਾਰ ਐਪਲਜ਼’ ਕਿਹਾ ਜਾਂਦਾ ਹੈ। ਇਹ ਗਾਲ ਇਕ ਸਾਲ ਤੱਕ ਪੱਕਦੇ ਨਹੀਂ ਅਤੇ ਆਉਂਦੀ ਬਹਾਰ ਰੁੱਤ ਵਿਚ ਇਹ ਆਕਾਰ ਵਿਚ ਵਧ ਜਾਂਦੇ ਹਲ ਅਤੇ ਇਹ ਆਪਣੇ ਹਲਕੇ ਡੂੰਘਾਂ ਵਿਚੋਂ ਲੰਮੇ ਪਤਲੇ ਅਤੇ ਚਮਕੀਲੇ ਗੂੰਦਾ ਵਰਗੇ ਕੰਢੇ ਰਿਸਾਉਂਦੇ ਹਨ। ਇਨ੍ਹਾਂ ਕੰਢਿਆਂ ਵਿਚ ਬਹੁਤ ਸਾਰੇ ਦੋ ਸੈੱਲੇ ਉੱਲੀਆਂ ਦੇ ਸਪੋਰ ਹੁੰਦੇ ਹਨ ਜੋ ਇਨ੍ਹਾਂ ਹੀ ਕੰਢਿਆਂ ਉਪਰ ਉੱਗ ਪੈਂਦੇ ਹਨ ਅਤੇ ਸਪੋਰਿਡੀਆ ਮੁਢਲੇ ਦੋ ਸੈੱਲਾਂ ਤੇ ਪੈਦਾ ਹੋਣ ਵਾਲੇ ਫ਼ਿਲਾਮੈਂਟ ਤੇ ਹੀ ਚਾਰ ਹੋਰ ਸਪੋਰ ਪੈਦਾ ਕਰ ਦਿੰਦੇ ਹਨ। ਇਹ ਸਪੋਰਿਡੀਆ ਹਵਾ ਦੇ ਜ਼ੋਰ ਰਾਹੀਂ ਨਿਕਲ ਜਾਂਦੇ ਹਨ ਅਤੇ ਇਹ ਸੇਬ ਦੇ ਪੱਤਿਆਂ ਜਾਂ ਫ਼ਲਾਂ ਤੇ ਟਿਕ ਜਾਂਦੇ ਹਨ। ਇਥੇ ਜੇਕਰ ਜਲਵਾਯੂ ਹਾਲਤਾਂ ਅਨੁਕੂਲ ਹੋਣ ਤਾਂ ਇਹ ਲਾਗ ਸਥਾਪਿਤ ਕਰ ਲੈਂਦੇ ਹਨ ਅਤੇ ਸੇਬਾਂ ਦੀ ਇਕ ਬੜੀ ਖ਼ਤਰਨਾਕ ਬੀਮਾਰੀ ਪੈਦਾ ਹੋ ਜਾਂਦੀ ਹੈ। ਜਦੋਂ ਇਨ੍ਹਾਂ ਗਾਲਾਂ ਵਿਚੋਂ ਸਪੋਰ ਮੁੱਕ ਜਾਂਦੇ ਹਨ ਤਾਂ ਇਹ ਸੁੱਕ ਕੇ ਡਿਗ ਜਾਂਦੇ ਹਨ।

          ਮਾਈਟ ਅਤੇ ਕੀਟ ਗਾਲ––ਆਪਣੇ ਆਪ ਵਿਚ ਸੀਮਿਤ ਰਹਿਣ ਵਾਲੇ ਗਾਲਾਂ ਵਿਚੋਂ ਦਿਲਚਸਪ ਗਾਲ ਮਾਈਟ ਅਤੇ ਕੀਟਾਂ ਦੁਆਰਾ ਪੈਦਾ ਕੀਤੇ ਹੁੰਦੇ ਹਨ। ਇਸ ਤਰ੍ਹਾਂ ਦੇ ਗਾਲ ਪੈਦਾ ਕਰਨ ਦੀ ਆਦਤ ਕੀਟਾਂ ਦੇ ਇਨ੍ਹਾਂ ਵਰਗਾਂ ਵਿਚ ਪਾਈ ਜਾਂਦੀ ਹੈ। ਕੋਲੀਓਪਟੈਰਾ (ਬੀਟਲ ਜਾਂ ਭੂੰਡੀ) ਲੈਪੀਡਾਪਟੇਰਾ (ਤਿਤਲੀਆਂ ਅਤੇ ਭੌਰੇ); ਹੈਮਿਪਟੈਰਾ (ਤੇਲਾ, ਸਕੇਲ ਕੀਟ); ਥਾਇਮੈਨੋਪਟੈਰਾ (ਥਰਿਪ) ਡਿਪਟੈਰਾ (ਮੱਖੀਆਂ) ਅਤੇ ਹਾਈਮੈਨੋਪਟੈਰਾ (ਭੂੰਡ ਅਤੇ ਆਰਾ ਮੱਖੀਆਂ ਆਦਿਕ)। ਕੇਵਲ ਇਕ ‘ਕੁਲ ਐਰੀਓਫਾਇਡੀ ਦੇ ਮਾਈਟ ਹੀ ਗਾਲ ਪੈਦਾ ਕਰਦੇ ਹਨ ਜਿਨ੍ਹਾਂ ਵਿਚ ਗਾਲ ਮਾਈਟ ਸ਼ਾਮਲ ਹਨ। ਬਹੁਤ ਜ਼ਿਆਦਾ ਪ੍ਰਸਿੱਧ ਗਾਲ ਬਣਾਉਣ ਵਾਲੇ ਭੂੰਡ (Family Cynipidae) ਗਾਜ ਮਿਜ (Family Cecidomyvidare) ਅਤੇ ਕਈ ਹੋਰ ਮੱਖੀਆਂ ਹਨ। ਅੱਧੀਆਂ ਤੋਂ ਜ਼ਿਆਦਾ ਪੌਦਿਆਂ ਦੀਆਂ ਕੁਲਾਂ ਗਾਲ ਬਣਾਉੇਣ ਵਾਲੇ ਕੀਟਾਂ ਦੇ ਹਮਲੇ ਹੇਠ ਆਉਂਦੀਆਂ ਹਨ। ਇਨ੍ਹਾਂ ਕਿਸਮਾਂ ਵਿਚੋਂ ਬਹੁਤ ਸਾਰੀਆਂ ਕਿਸਮਾਂ ਓਕ ਦਰਖ਼ਤਾਂ ਖ਼ਾਸ ਕਰਕੇ ਗਾਲ ਭੂੰਡਾਂ ਤੇ ਹਮਲਾ ਕਰਦੀਆਂ ਹਨ। ਵਿਲੋ, ਮੈਪਲ, ਬਰਚ, ਬੀਚ ਅਤੇ ਗ਼ੁਲਾਬ ਮੁੱਖ ਤੌਰ ਤੇ ਇਨ੍ਹਾਂ ਕੀਟਾਂ ਦੇ ਮੀਜ਼ਬਾਨ ਬਣਦੇ ਹਨ। ਖ਼ਾਸ ਕਰਕੇ ਗਾਲ ਮਾਈਟਾਂ ਦੇ ਅਤੇ ਕੁਝ ਗਾਲ ਭੂੰਡਾਂ ਅਤੇ ਕਈ ਹੋਰ ਹਾਈਮੈਨੋਪਟੈਰਾ ਦੇ ਵੀ। ਗਾਲ ਮਿਜ ਖ਼ਾਸ ਕਰਕੇ ਵਿਲੋ, ਓਕ, ਗ਼ੁਲਾਬ, ਫ਼ਲੀਦਾਰ ਪੌਦੇ ਅਤੇ ਕੰਪੋਜ਼ਿਟੀ ਦੇ ਪੌਦਿਆਂ ਨੂੰ ਜ਼ਿਆਦਾ ਪਸੰਦ ਕਰਦੇ ਹਨ।

          ਇਹ ਗਾਲ ਜੋ ਅਪ੍ਰੌਢ ਮਾਈਟਾਂ ਅਤੇ ਕੀਟਾਂ ਦੇ ਅਸਥਾਈ ਰੈਣ-ਬਸੇਰੇ ਵਜੋਂ ਕੰਮ ਆਉਂਦੇ ਹਨ, ਕਈ ਵੇਰ ਬਾਹਰੀ ਦਿੱਖ ਅਤੇ ਅੰਦਰੂਨੀ ਬਣਤਰ ਵੱਲੋਂ ਵਿਲੱਖਣ ਰੂਪ ਧਾਰਨ ਕਰ ਲੈਂਦੇ ਹਨ। ਕੀਟ ਗਾਲਾਂ ਵਿਚ ਪੌਦੇ ਦੀ ਵਿਸ਼ੇਸ਼ ਰਚਨਾ ਵਿਚ ਬੜੀਆਂ ਕ੍ਰਮਬੱਧ ਤਬਦੀਲੀਆਂ ਆ ਜਾਂਦੀਆਂ ਹਨ ਜਿਹੜੀਆਂ ਆਪਣੀ ਬਹੁਤ ਦਿਲਚਸਪ ਕਿਸਮਾਂ ਵਿਚ ਵਾਧੇ ਅਤੇ ਵਿਕਾਸ ਦੀਆਂ ਬਹੁਤ ਸੰਭਾਵਨਾ ਪੈਦਾ ਕਰਦੀਆਂ ਹਨ ਜੋ ਸਾਧਾਰਨ ਵਾਧੇ ਅਤੇ ਵਿਕਾਸ ਤੋਂ ਬਹੁਤ ਜ਼ਿਆਦਾ ਵੱਖਰੀਆਂ ਹੁੰਦੀਆਂ ਹਨ।

          ਇਨ੍ਹਾਂ ਗਾਲਾਂ ਦੀ ਵਿਆਖਿਆ ਨੂੰ ਸੁਖਾਲਾ ਬਣਾਉਣ ਲਈ ਇਨ੍ਹਾਂ ਨੂੰ ਇਸ ਤਰ੍ਹਾਂ ਵੰਡਿਆਂ ਜਾ ਸਕਦਾ ਹੈ : (1) ਸਾਧਾਰਨ ਗਾਲ, ਜਿਸ ਵਿਚ ਇਕ ਇਕੱਲਾ ਜੀਵ ਜਾਂ ਜੀਵਾਂ ਦੀ ਇਕ ਆਬਾਦੀ ਇਕ ਸਾਧਾਰਨ ਪੌਦੇ ਦੇ ਹਿੱਸੇ ਵਿਚ ਹੀ ਰਹਿੰਦੀ ਹੈ, (2) ਮਿਸ਼ਰਤ ਗਾਲ, ਜਿਸ ਵਿਚ ਪੌਦੇ ਦੇ ਬਹੁਤ ਸਾਰੇ ਹਿੱਸੇ ਵਾਧੂ ਵਾਧੇ ਲਈ ਉਲਝੇ ਹੋਏ ਹੁੰਦੇ ਹਨ। ਸਾਧਾਰਨ ਗਾਲਾਂ ਦੀ ਫਿਰ ਬਣਤਰ ਦੇ ਆਧਾਰ ਤੇ ਉਪ-ਵੰਡ ਕੀਤੀ ਜਾ ਸਕਦੀ ਹੈ––(1) ਫੈਲਟ ਗਾਲ (2) ਮੈਂਟਲ ਗਾਲ, ਅਤੇ (3) ਠੋਸ ਗਾਲ।

          ਫੈਲਟ ਗਾਲ––ਗਾਲ ਮਾਈਟਸ ਦੁਆਰਾ ਬਹੁਤ ਸਾਰੇ ਫੈਲਟ ਗਾਲ ਪੈਦਾ ਕੀਤੇ ਜਾਂਦੇ ਹਨ। ਹਰੇ ਪੱਤਿਆਂ ਦੀ ਹੇਠਲੀ ਸਤ੍ਹਾ ਅਤੇ ਤਣਿਆਂ ਉਪਰ ਠੀਕ ਜਗ੍ਹਾ ਉੱਪਰ ਕਪਾਹ ਵਰਗੀ ਉਤਪਤੀ ਨਜ਼ਰ ਆਉਂਦੀ ਹੈ। ਫੈਲਟ ਗਾਲਾਂ ਵਿਚ ਪੌਦੇ ਦੇ ਐਪੀਡਰਮਲ ਸੈੱਲ, ਜੋ ਕਿ ਆਮ ਤੌਰ ਤੇ ਨਲੀ ਆਕਾਰ ਦੇ ਹੁੰਦੇ ਹਨ, ਗਾਲ ਮਾਈਟ ਦੀ ਉਤੇਜਨਾ ਕਾਰਨ ਬਹੁਤ ਜ਼ਿਆਦਾ ਲੰਮੇ ਹੋ ਜਾਂਦੇ ਹਨ ਅਤੇ ਇਹ ਆਪਣੇ ਆਪ ਨੂੰ ਮੋੜ ਅਤੇ ਮਰੋੜ ਲੈਂਦੇ ਹਨ ਅਤੇ ਇਸ ਤਰ੍ਹਾਂ ਇਹ ਕਲੱਬ ਦੀ ਸ਼ਕਲ ਵਰਗੀਆਂ ਨਾਲੀਆਂ ਜਿਹੀਆਂ ਬਣ ਜਾਂਦੀਆਂ ਹਨ। ਇਹ ਸੈੱਲ, ਜੋ ਨੰਗੀ ਅੱਖ ਨੂੰ ਤਾਂ ਨਿੱਕੇ ਨਿੱਕੇ ਵਾਲ ਜਿਹੇ ਨਜ਼ਰ ਆਉਂਦੇ ਹਨ, ਨਾਲ ਨਾਲ ਬਹੁਤ ਗਿਣਤੀ ਵਿਚ ਖੜ੍ਹੇ ਹੁੰਦੇ ਹਨ ਅਤੇ ਇਸ ਤਰ੍ਹਾਂ ਇਹ ਨਮਦੇ ਵਰਗੀ ਦਿੱਖ ਦਿੰਦੇ ਹਨ। ਮਾਈਟਾਂ ਬਾਅਦ ਵਿਚ ਇਨ੍ਹਾਂ ਲੰਮੇ ਹੋਏ ਸੈੱਲਾਂ ਵਿਚ ਆਪਣੇ ਅੰਡੇ ਜਮ੍ਹਾਂ ਕਰ ਦਿੰਦੀਆਂ ਹਨ। ਜਦੋਂ ਅੰਡੇ ਫੁੱਟਦੇ ਹਨ ਤਾਂ ਇਨ੍ਹਾਂ ਦੇ ਲਾਰਵਾ-ਸੈੱਲਾਂ ਵਿਚਲੇ ਪਦਾਰਥ ਤੇ ਹੀ ਨਿਰਬਾਹ ਕਰਦੇ ਹਨ। ਇਹ ਗਾਲ ਨਿੰਬੂ ਐਲਡਰ ਅਤੇ ਹਾਰਸ ਚੈੱਸਟਨਟ ਦੇ ਪੱਤਿਆਂ ਦੇ ਆਮ ਮਿਲ ਜਾਂਦੇ ਹਨ।

          ਮੈਟਲ ਗਾਲ––ਇਸ ਤਰ੍ਹਾਂ ਦੇ ਗਾਲ ਵਿਚ ਸਾਧਾਰਨ ਗਾਲਾਂ ਦੀ ਕਾਫ਼ੀ ਗਿਣਤੀ ਦਾ ਇਕੱਠ ਹੁੰਦਾ ਹੈ। ਪਰਜੀਵ, ਖ਼ਾਸ ਕਰਕੇ ਗਾਲ ਮਾਈਟ, ਤੇਲਾ ਅਤੇ ਸਕੇਲ ਕੀੜੇ, ਜੋ ਪੱਤਿਆਂ ਦੀ ਸਤ੍ਹਾ ਤੇ ਰਹਿੰਦੇ ਹਨ, ਆਪਣੇ ਅੰਡੇ ਐਪੀਡਰਮਿਸ ਨਾਲ ਜੋੜ ਦਿੰਦੇ ਹਨ। ਇਨ੍ਹਾਂ ਜੀਵਾਂ ਦੁਆਰਾ ਰਿਸਾਏ ਹੋਏ ਪਦਾਰਥ ਨਾਲ ਪੱਤਿਆਂ ਦੇ ਸੈੱਲਾਂ ਦਾ ਵਾਧਾ ਤੇਜ਼ ਹੋ ਜਾਂਦਾ ਹੈ ਅਤੇ ਨਵਾਂ ਵਾਧਾ ਅੰਤ ਨੂੰ ਇਸ ਆਬਾਦੀ ਨੂੰ ਇਕ ਚੋਲੇ ਦੀ ਤਰ੍ਹਾਂ ਢਕ ਲੈਂਦਾ ਹੈ। ਇਸ ਤਰ੍ਹਾਂ ਇਹ ਸਾਰੇ ਤਰੀਕਿਆਂ ਨਾਲ ਸੰਭਵ ਹੋ ਸਕਦਾ ਹੈ। ਕਈ ਹਾਲਤਾਂ ਵਿਚ ਪੱਤੇ ਦੀ ਇਕ ਸਤ੍ਹਾ ਜੋ ਸਾਧਾਰਨ ਤੌਰ ਤੇ ਤਾਂ ਪੱਧਰੀ ਹੁੰਦੀ ਹੈ, ਦੂਸਰੇ ਪਾਸੇ ਨਾਲੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਪੱਤੇ ਦਾ ਫਲਕ, (lamina) ਲੰਬਾਈ ਰੁੱਖ ਉਪਰ ਵੱਲ ਨੂੰ ਵਲਿਆ ਜਾਂਦਾ ਹੈ ਅਤੇ ਇਹ ਇਕ ਕੁੰਡਲੀ ਦੀ ਸ਼ਕਲ ਦਾ ਬਣ ਜਾਂਦਾ ਹੈ ਜਿਸ ਵਿਚ ਲਾਰਵੇ ਛੁਪੇ ਰਹਿੰਦੇ ਹਨ। ਇਸ ਸਕੋਰਲ ਗਾਲ ਦੀਆਂ ਉਦਾਹਰਣਾਂ ਐਲਪਾਈਨ ਰੋਜ਼, ਕਰੇਨ-ਬਿਲ ਅਤੇ ਉਰਾਚ ਵਿਚ ਮਿਲਦੀਆਂ ਹਨ। ਦੂਜੀਆਂ ਹਾਲਤਾਂ ਵਿਚ ਸੁਰੱਖਿਆਕਾਰੀ ਚੋਲਾ ਕਈ ਵੇਰ ਜੇਬ੍ਹ ਜਾਂ ਖ਼ਾਲੀ ਗਿਲਟੀ ਦੀ ਸ਼ਕਲ ਅਖ਼ਤਿਆਰ ਕਰ ਲੈਂਦਾ ਹੈ ਜਿਸ ਦੀ ਖਾਲੀ ਜਗ੍ਹਾ ਹੋਰ ਪਰਜੀਵਾਂ ਦਾ ਰੈਣ-ਬਸੇਰਾ ਬਣ ਜਾਂਦੀ ਹੈ। ਇਸ ਤਰ੍ਹਾਂ ਦੇ ਗਾਲ ਐਨਮ ਅਤੇ ਰੈੱਡ ਕਰੈਂਟ ਤੇ ਤੇਲੇ ਦੁਆਰਾ ਪੈਦਾ ਕੀਤੇ ਜਾਂਦੇ ਹਨ। ਕਈ ਹੋਰਨਾਂ ਹਾਲਤਾਂ ਵਿਚ ਇਹ ਵਾਧਾ ਕੀਟਾਂ ਨੂੰ ਪੂਰੀ ਤਰ੍ਹਾਂ ਢਕ ਲੈਂਦਾ ਹੈ ਅਤੇ ਇਸ ਕਿਸਮ ਦੇ ਗਾਲਾਂ ਨੂੰ ਢਕਣ ਵਾਲੇ ਜਾਂ ਕਵਰਿੰਗ ਗਾਲ ਕਿਹਾ ਜਾਂਦਾ ਹੈ। ਗਾੱਲ ਮਿਜ ਖੈਰ ਤੇ ਪੱਤਿਆਂ ਅਤੇ ਸਟਿੰਗਿੰਗ ਨੈਟਲ ਅਤੇ ਐਲਡਰ ਦੇ ਪੱਤਿਆਂ ਤੇ ਮਿਲਦੇ ਹਨ।

          ਠੋਸ ਗਾਲ––ਸਾਧਾਰਨ ਗਾਲਾਂ ਦੀ ਤੀਸਰੀ ਕਿਸਮ ਠੋਸ ਗਾਲ ਹੈ ਜੋ ਇਕ ਤਰ੍ਹਾਂ ਦੇ ਕੀਟਾਂ ਦੁਆਰਾ ਪੈਦਾ ਹੁੰਦੇ ਹਨ ਜਿਹੜੇ ਪੌਦੇ ਦੇ ਤੰਤੂਆਂ ਨੂੰ ਵਿੰਨ੍ਹ ਕੇ ਆਪਣੇ ਅੰਡੇ ਇਨ੍ਹਾਂ ਜ਼ਖਮਾਂ ਵਿਚ ਦੇ ਦਿੰਦੇ ਹਨ। ਇਸ ਤਰ੍ਹਾਂ ਦੀਆਂ ਉਦਾਹਰਣਾਂ ਓਕ ਦੇ ‘ਸੇਬ’ ਅਤੇ ਓਕ ਦੇ ਮਾਰਬਲ ਗਾੱਲ (ਜੋ ਗਾੱਲ ਮਿਜਾਂ ਅਤੇ ਵਾਸ਼ਪਾਂ ਦੁਆਰਾ ਪੈਦਾ ਹੁੰਦੇ ਹਨ) ਅਤੇ ਕੰਪੋਜ਼ਿਟੀ ਕੁਲ ਦੇ ਤਣੇ ਦੇ ਗਾਲ (ਜੋ ਗਾੱਲ ਮਿਜਾਂ ਅਤੇ ਕੁਝ ਗਾਲ ਭੂੰਡਾਂ ਦੁਆਰਾ ਪੈਦਾ ਹੁੰਦੇ ਹਨ)। ਠੋਸ ਗਾਲ ਆਮ ਤੌਰ ਤੇ ਚੰਗੀ ਤਰ੍ਹਾਂ ਸੰਗਠਿਤ ਬਣਤਰਾਂ ਹੁੰਦੀਆਂ ਹਨ ਜੋ ਦੋ ਜਾਂ ਤਿੰਨ ਵਿਸ਼ੇਸ਼ ਕਿਸਮ ਦੀਆਂ ਸੈੱਲ ਤਹਿਆਂ ਦੇ ਬਣੇ ਹੋਏ ਹੁੰਦੇ ਹਨ। ਇਕ ਵਿਸ਼ੇਸ਼ ਤਰ੍ਹਾਂ ਦੇ ਠੋਸ ਗਾਲ ਦੇ ਕੇਂਦਰ ਵਿਚ ਇਕ ਖ਼ੋਲ ਜਾਂ ਲਾਰਵਲ ਚੈਂਬਰ ਹੁੰਦਾ ਹੈ, ਜੋ ਅੰਦਰੋਂ ਇਕ ਰਸਦਾਰ, ਪਤਲੀ ਕੰਧ ਵਾਲੇ ਸੈੱਲ ਦਾ ਬਣਿਆ ਹੁੰਦਾ ਹੈ ਜਿਸ ਨੂੰ ਮੈਡੂਲਾ ਜਾਂ ਗਾਲ ਦੀ ਪਿੱਥ ਕਿਹਾ ਜਾਂਦਾ ਹੈ। ਗਾਲ ਪਿੱਥ ਲਾਰਵਾ ਨੂੰ ਖ਼ੁਰਾਕ ਮੁਹੱਈਆ ਕਰਦਾ ਹੈ ਅਤੇ ਜਿਉਂ ਹੀ ਸੈੱਲ ਖਾਧੇ ਜਾਂਦੇ ਹਨ ਅਤੇ ਜਿੰਨ੍ਹਾਂ ਚਿਰ ਲਾਰਵਾ ਇਹ ਸੈੱਲ ਖਾਈ ਜਾਂਦਾ ਹੈ, ਹੋਰ ਨਵੇਂ ਸੈੱਲ ਉਨ੍ਹਾਂ ਦੀ ਜਗ੍ਹਾ ਲਈ ਜਾਂਦੇ ਹਨ। ਗਾਲ ਪਿੱਥ ਦੁਆਲੇ ਸੈੱਲਾਂ ਦੀ ਇਕ ਹੋਰ ਤਹਿ ਹੁੰਦੀ ਹੈ ਜੋ ਲਾਰਵਾ ਨੂੰ ਬਚਾਅ ਕੇ ਰੱਖਦੀ ਹੈ। ਇਕ ਬਾਹਰਲੀ ਤਹਿ ਅੰਦਰੂਨੀ ਤਹਿ ਜਾਂ ਤਹਿਆਂ ਨੂੰ ਛਿੱਲ ਜਾਂ ਚਮੜੀ ਵਾਂਗ ਢਕ ਕੇ ਰੱਖਦੀ ਹੈ।

          ਠੋਸ ਗਾਲਾਂ ਵਿਚ ਲਾਰਵਾ ਪੂਰੀ ਤਰ੍ਹਾਂ ਘਿਰਿਆ ਹੁੰਦਾ ਹੈ ਅਤੇ ਜੇਕਰ ਇਸ ਨੇ ਆਪਣਾ ਜੀਵਨ ਚੱਕਰ ਪੂਰਾ ਕਰਨਾ ਹੋਵੇ ਤੇ ਇਸ ਤੋਂ ਬਾਹਰ ਨਿਕਲਣਾ ਹੋਵੇ ਤਾਂ ਇਹ ਇਸ ਵਿਚੋਂ ਨਿਕਲਣ ਦਾ ਰਸਤਾ ਵੀ ਬਣਾ ਲੈਂਦਾ ਹੈ। ਗਾਲ ਭੂੰਡ ਦੇ ਕੇਸ ਵਿਚ ਕੀਟ ਗਾਲ ਦੀ ਕੰਧ ਵਿਚੋਂ ਰਸਤਾ ਕੱਟਕੇ ਬਾਹਰ ਆ ਜਾਂਦਾ ਹੈ। ਦੂਸਰੇ ਕੇਸਾਂ ਵਿਚ ਬਾਹਰ ਜਾਣ ਦਾ ਰਸਤਾ ਬਹੁਤ ਗੁੰਝਲਦਾਰ ਅਤੇ ਵਿਚਿੱਤਰ ਹੁੰਦਾ ਹੈ। ਇਸ ਦੀ ਇਕ ਉਦਾਹਰਣ ਕੈਪਸਿਊਲ ਗਾਲ ਹੈ ਜੋ ਦੱਖਣੀ ਅਮਰੀਕਾ ਦੇ ਮਾਬ (Cecidoseo eremit਼਼਼਼਼a) ਦੁਆਰਾ ਕਾਲੀ ਮਿਰਚ (Schimus longifolia) ਦੇ ਕਾਰਟੀਕਲ ਤੰਤੂ ਤੇ ਪੈਦਾ ਕੀਤੀ ਜਾਂਦੀ ਹੈ। ਇਹ ਗਾਲ ਗੋਲ ਅਤੇ ਬਹੁਤ ਸਖ਼ਤ ਹੁੰਦਾ ਹੈ। ਜਦੋਂ ਲਾਰਵੇ ਦਾ ਬਾਹਰ ਜਾਣ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਪੌਦੇ ਤੇ ਗਾਲ ਦੇ ਜੁੜਨ ਵਾਲੀ ਜਗ੍ਹਾ ਤੋਂ ਦੂਸਰੇ ਪਾਸੇ ਤੇ ਇਕ ਪਲੱਗ ਅਤੇ ਬਾਹਰ ਵੱਲ ਨੂੰ ਨਿਕਲਿਆ ਹੋਇਆ ਰਿੱਮ ਬਣ ਜਾਂਦਾ ਹੈ। ਜਦੋਂ ਪਲੱਗ ਬਾਹਰ ਨੂੰ ਧਕਿਆ ਜਾਂਦਾ ਹੈ ਤਾਂ ਇਕ ਗੋਲ ਮੋਰੀ ਹੀ ਬਾਕੀ ਰਹਿ ਜਾਂਦੀ ਹੈ ਜੋ ਇੰਜ ਪ੍ਰਤੀਤ ਹੁੰਦੀ ਹੈ ਜਿਵੇਂ ਕਿਸੇ ਚਾਕੂ ਨਾਲ ਕੱਟੀ ਗਈ ਹੋਵੇ।

          ਠੋਸ ਗਾਲਾਂ ਦੀ ਆਕ੍ਰਿਤੀ ਅਤੇ ਖਾਸ ਕਰਕੇ ਸਤ੍ਹਾ ਵਾਲੀ ਬਣਤਰ ਬਹੁਤ ਵੱਖਰੀ ਹੁੰਦੀ ਹੈ। ਕੁਝ ਪਧੱਰੇ, ਦੂਸਰੀਆਂ ਝੁਰੜੀਆਂ ਵਾਲੀਆਂ ਜਾਂ ਖੁਰਦਰੀਆਂ ਅਤੇ ਕੁਝ ਹੋਰਨਾਂ ਉਪਰ ਉੱਨ ਵਰਗੇ ਜਾਂ ਮਖਮਲੀ ਵਾਲ ਜਿਹੇ ਹੁੰਦੇ ਹਨ। ਕੁਝ ਗੋਲ ਜਾਂ ਤਾਰਿਆਂ ਵਰਗੇ, ਜਦ ਕਿ ਦੂਸਰੇ ਗਾਲਾਂ ਦੀ ਸ਼ਕਲ ਕੋਨ, ਗੋਲੀ ਜਾਂ ਤਰੀ ਵਰਗੀ ਹੁੰਦੀ ਹੈ।

          ਆਪਣੇ ਆਪ ਵਿਚ ਸੀਮਿਤ ਰਹਿ ਸਕਣ ਵਾਲੇ ਗਾਲਾਂ ਦੀ ਵਿਸ਼ਿਸਟਤਾ––ਇਸ ਵਿਚ ਕੋਈ ਸ਼ੱਕ ਨਹੀਂ ਕਿ ਗਾਲ ਆਪਣੀ ਜੋ ਆਕ੍ਰਿਤੀ ਸ਼ਕਲ ਅਖ਼ਤਿਆਰ ਕਰਦਾ ਹੈ ਉਹ ਉਸ ਕੀਟ ਦੀ ਜਾਤੀ ਤੇ ਨਿਰਭਰ ਕਰਦੀ ਹੈ ਜਿਸ ਦੁਆਰਾ ਇਹ ਪੈਦਾ ਹੋਇਆ ਹੁੰਦਾ ਹੈ। ਗਾਲਾਂ ਦੀ ਆਕ੍ਰਿਤੀ-ਬਣਤਰ ਨੇੜੇ ਤੋਂ ਸਬੰਧ ਰੱਖਣ ਵਾਲੇ ਕੀਟਾਂ ਵਿਚ ਫ਼ਰਕ ਦਰਸਾਉਣ ਵਿਚ ਭਰੋਸੇਯੋਗ ਮਿਆਰ ਵੀ ਸਮਝੀ ਜਾਂਦੀ ਹੈ।

          ਆਪਣੇ ਆਪ ਵਿਚ ਸੀਮਿਤ ਨਾ ਰਹਿ ਸਕਣ ਵਾਲੇ ਗਾਲ (ਪੌਦਾ ਟਿਊਮਰ)

          ਪੌਦਿਆਂ ਦੇ ਬਹੁਤ ਸਾਰੇ ਗਾਲ ਜੋ ਆਪਣੇ ਆਪ ਵਿਚ ਸੀਮਿਤ ਨਹੀਂ ਰਹਿ ਸਕਦੇ, ਜਿਨ੍ਹਾਂ ਦਾ ਕੋਈ ਵਿਸ਼ੇਸ਼ ਆਕਾਰ ਜਾਂ ਬਣਤਰ ਨਹੀਂ ਹੁੰਦੀ, ਉਹ ਅਸਲ ਵਿਚ ਟਿਊਮਰ ਵਾਧਾ ਹੁੰਦਾ ਹੈ। ਇਸ ਦੀ ਇਕ ਉਦਾਹਰਣ ਕਰਾਊਨ ਗਾਲ ਬੀਮਾਰੀ ਹੈ ਜੋ ਇਕ ਬੈਕਟੀਰੀਅਮ (Agrobacterium tumefaciens) ਜਿਹੜਾ ਇਕ ਟਿਊਮਰੀਜੀਨਿਕ ਪਦਾਰਥ ਕਢਦਾ ਹੈ ਜੋ ਕਿ ਸਾਧਾਰਨ ਪੌਦਾ-ਸੈੱਲਾਂ ਨੂੰ ਬਹੁਤ ਹੀ ਥੋੜ੍ਹੇ ਸਮੇਂ ਵਿਚ ਟਿਊਮਰ ਸੈੱਲਾਂ ਵਿਚ ਬਦਲ ਦਿੰਦਾ ਹੈ। ਅਜਿਹੇ ਟਿਊਮਰ ਸੈੱਲ ਇਸ ਤਬਦੀਲੀ ਦੇ ਨਤੀਜੇ ਵਜੋਂ ਇੰਨੀ ਕੁ ਅਸਰਮਥਾ ਪੈਦਾ ਕਰ ਲੈਂਦੇ ਹਨ ਕਿ ਇਹ ਉਤੇਜਕ ਬੈਕਟੀਰੀਅਮ ਦੀ ਅਣਹੋਂਦ ਵਿਚ ਵੀ ਆਪਣਾ ਅਸਾਧਾਰਨ ਅਤੇ ਬੇਢੰਗਾ ਵਾਧਾ ਜਾਰੀ ਰੱਖ ਸਕਦੇ ਹਨ। ਇਸ ਤਰ੍ਹਾਂ ਇਹ ਟਿਊਮਰ ਵਰਗਾ ਵਾਧਾ ਜਾਰੀ ਰਹਿੰਦਾ ਹੈ ਅਤੇ ਕਈ ਸਿਖਰਲੀਆਂ ਹਾਲਤਾਂ ਵਿਚ ਇਸ ਟਿਊਮਰ ਦਾ ਬੋਝ 50 ਕਿਲੋ ਦੀ ਕਰੀਬ ਵੀ ਹੋ ਸਕਦਾ ਹੈ। ਇਹੋ ਜਿਹੇ ਟਿਊਮਰ ਬਹੁਤ ਘਾਤਕ ਹੁੰਦੇ ਹਨ ਅਤੇ ਇਹ ਪੌਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਦਿੰਦੇ ਹਨ ਜਾਂ ਫਿਰ ਮਾਰ ਵੀ ਸਕਦੇ ਹਨ।

          ਪਸ਼ੂ ਟਿਊਮਰਾਂ ਨਾਲ ਸਬੰਧ––ਕਿਉਂਕਿ ਪੌਦਾ ਟਿਊਮਰ ਵਿਚ ਪਸ਼ੂਆਂ ਦੇ ਕਈ ਘਾਤਕ ਟਿਊਮਰ ਦੇ ਲੱਛਣ ਹੁੰਦੇ ਹਨ, ਇਸ ਲਈ ਇਹ ਖੋਜ ਲਈ ਬਹੁਤ ਵਡਮੁੱਲੀ ਚੀਜ਼ ਸਮਝੇ ਜਾਂਦੇ ਹਨ। ਪੌਦਿਆਂ ਦੇ ਟਿਊਮਰ ਪ੍ਰਯੋਗਾਤਮਕ ਆਨਕਲੋਜੀ (ਟਿਊਮਰਜ਼ ਦਾ ਅਧਿਐਨ) ਦੇ ਖੇਤਰ ਵਿਚ ਪ੍ਰਯੋਗ ਕਰਨ ਲਈ ਬਹੁਤ ਵਰਤੇ ਜਾਂਦੇ ਹਨ। ਕਿਉਂਕਿ ਕੁਝ ਵਿਗਿਆਨਕ ਖੋਜੀਆਂ ਦੁਆਰਾ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਦੋਂ ਸੈਲੂਲਰ ਮੈਟਾਬਾੱਲਿਜ਼ਮ ਦੀਆਂ ਉਹ ਤਬਦੀਲੀਆਂ ਜੋ ਇਸ ਤਰ੍ਹਾਂ ਦਾ ਖ਼ੁਦਮੁਖ਼ਤਾਰ ਵਾਧਾ ਕਰਦੀਆਂ ਹਨ, ਜੇਕਰ ਪੂਰੀ ਤਰ੍ਹਾਂ ਸਮਝ ਲਈਆਂ ਜਾਣ ਤਾਂ ਇਹ ਜ਼ਰੂਰ ਆਮ ਤੱਥ ਸਾਹਮਣੇ ਲਿਆਉਣਗੀਆਂ ਜੋ ਦੋਹਾਂ ਜਗਤਾਂ ਦੇ ਮੈਂਬਰਾਂ ਦੇ ਸਾਂਝੇ ਹੋਣਗੇ।

          ਟਿਊਮਰੀਜੈਨਿਕ ਏਜੰਟਾਂ ਦੀ ਕਿਰਿਆ––ਪੌਦਾ ਟਿਊਮਰ, ਪਸ਼ੂ ਟਿਊਮਰ ਵਾਂਗ ਹੀ ਬਹੁਤ ਵਿਭਿੰਨ ਏਜੰਸੀਆਂ ਦੁਆਰਾ ਸ਼ੁਰੂ ਹੁੰਦੇ ਹਨ। ਇਨ੍ਹਾਂ ਏਜੰਸੀਆਂ ਵਿਚ ਵਿਕੀਰਨ ਊਰਜਾ, ਉਤੇਜਨਾ, ਟਿਊਮਰੀਜੈਨਿਕ ਰਸਾਇਣਾਂ, ਮਾਈਕ੍ਰੋ-ਆਰਗੇਨਿਜ਼ਮ ਅਤੇ ਵਾਇਰਸ ਆਦਿ ਸ਼ਾਮਲ ਹਨ।

          ਪ੍ਰਯੋਗਾਤਮਕ ਅਧਿਐਨ ਨੇ ਇਹ ਸਿੱਧ ਕੀਤਾ ਹੈ ਕਿ ਇਕ ਸਾਧਾਰਨ ਸੈੱਲ ਤੋਂ ਇਕ ਟਿਊਮਰ ਸੈੱਲ ਬਣ ਜਾਣ ਵਾਲੇ ਪਰਿਵਰਤਨ ਵਿਚ ਟਿਊਮਰ ਸੈੱਲ ਵੱਲੋਂ ਦੋ ਤਰ੍ਹਾਂ ਦੇ ਇੰਟਰਾਸੈਲੂਲਰ ਹਾਰਮੋਨ ਪੈਦਾ ਕੀਤੇ ਜਾਂਦੇ ਹਨ ਜੋ ਸੈੱਲ-ਵੰਡ ਅਤੇ ਸੈੱਲ-ਵਾਧੇ ਦੀਆਂ ਵਿਧੀਆਂ ਨਾਲ ਵਿਸ਼ੇਸ਼ ਤੌਰ ਤੇ ਜੁੜੇ ਹੋਏ ਹਨ।

          ਮਨੁੱਖ ਲਈ ਉਪਯੋਗੀ ਗਾਲ

          ਕੁਝ ਗਾਲ ਅਜਿਹੇ ਰਸਾਇਣਿਕ ਪਦਾਰਥ ਪੈਦਾ ਕਰਦੇ ਹਨ ਜਿਨ੍ਹਾਂ ਵਿਚ ਮੈਡੀਸੀਨਲ ਗੁਣ ਹੁੰਦੇ ਹਨ, ਕਈ ਗਾਲਾਂ ਵਿਚੋਂ ਰੰਗਕ ਪਦਾਰਥ ਪ੍ਰਾਪਤ ਹੁੰਦੇ ਹਨ ਅਤੇ ਕਈ ਹੋਰ ਪੰਛੀਆਂ-ਗਾਲ੍ਹੜਾਂ, ਚੂਹੀਆਂ ਅਤੇ ਹੋਰ ਜੀਵਾਂ ਲਈ ਭੋਜਨ-ਆਹਾਰ ਵਜੋਂ ਕੰਮ ਆਉਂਦੇ ਹਨ।

          ਵਪਾਰਕ ਤੌਰ ਤੇ ਵਰਤੇ ਜਾਂਦੇ ਮਾਜੂਫ਼ਲ (ਗਾਲਨਟ) ਜਿਵੇਂ ਅਲੈਪੋ, ਮੈਕਾ, ਚੀਨੀ ਜਾਂ ਤੁਰਕੀ ਗਾਲ, ਓਕ ਅਤੇ ਕਈ ਹੋਰ ਦਰਖਤਾਂ ਤੇ ਕੁਝ ਖਾਸ ਯੂਰੇਸ਼ੀਅਨ ਸਾਇਨਿਪਿਡ ਭੂੰਡਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਟੈਨਿਕ ਐਸਿਡ ਹੁੰਦਾ ਹੈ, ਉਹ ਇਰਾਨ, ਸੀਰੀਆ ਅਤੇ ਤੁਰਕੀ ਵਿਚ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦੀ ਹੁਣ ਵਧੇਰੇ ਵਰਤੋਂ ਇਨ੍ਹਾਂ ਵਿਚਲੇ ਟੈਨਿਕ ਅਤੇ ਗੈਲਿਕ ਐਸਿਡ ਦੀ ਹੋਂਦ ਕਾਰਨ; ਚਮੜਾ ਰੰਗਣ ਅਤੇ ਦਵਾਈਆਂ ਬਣਾਉਣ ਆਦਿ ਉਦਯੋਗਾਂ ਵਿਚ ਕੀਤੀ ਜਾਂਦੀ ਹੈ। ਕੁਝ ਗਾਲ ਇਕ ਮਿੱਠਾ, ਚਿਪਕਣ ਵਾਲਾ ਤਰਲ ਵੀ ਪੈਦਾ ਕਰਦੇ ਹਨ ਜਿਸ ਨੂੰ ਹਨੀਡੀਊ ਕਿਹਾ ਜਾਂਦਾ ਹੈ। ਇਹ ਗਾਲ, ਜੋ ਸਾਇਨਿਪਿਡ ਭੂੰਡਾਂ ਦੁਆਰਾ ਮੁੱਖ ਤੌਰ ਤੇ ਪੈਦਾ ਕੀਤੇ ਜਾਂਦੇ ਹਨ, ਆਪਣੇ ਵੱਲ ਮੱਖੀਆਂ ਅਤੇ ਹੋਰ ਕੀਟ-ਪਤੰਗੇ ਖਿੱਚ ਲੈਂਦੇ ਹਨ ਜੋ ਇਸ ਰਸ ਨੂੰ ਆਪਣਾ ਭੋਜਨ ਬਣਾਉਂਦੇ ਹਨ।

          ਸਭ ਤੋਂ ਮਹੱਤਵਪੂਰਨ ਤੇ ਉਪਯੋਗੀ ਉਹ ਗਾਲ ਹਨ ਜੋ ਫ਼ਲੀਦਾਰ ਪੌਦਿਆਂ ਤੋਂ ਰਾਈਜ਼ੋਬੀਅਮ ਜਾਤੀ ਦੀ ਲਾਗ ਕਾਰਨ ਪੈਦਾ ਹੁੰਦੇ ਹਨ। ਜੜ੍ਹਾਂ ਤੇ ਇਨ੍ਹਾਂ ਦੀ ਉਤਪਤੀ ਮੀਜ਼ਬਾਨ ਪੌਦੇ ਅਤੇ ਮਨੁੱਖ ਜਾਤੀ ਲਈ ਨਾਈਟ੍ਰੋਜਨ ਜਮ੍ਹਾਂ ਕਾਰਨ ਲਈ ਲਾਭਵੰਦ ਰਹਿੰਦੀ ਹੈ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਦੇ ਨਤੀਜੇ ਵਜੋਂ ਹਰ ਸਾਲ 5,500,000 ਟਨ ਜਲਵਾਯੂ ਨਾਈਟ੍ਰੋਜਨ ਜ਼ਮੀਨ ਵਿਚ ਦੁਬਾਰਾ ਜਮ੍ਹਾਂ ਹੁੰਦੀ ਰਹਿੰਦੀ ਹੈ ਜੋ ਪੌਦਿਆਂ ਦੇ ਵਾਧੇ ਅਤੇ ਵਿਕਾਸ ਲਈ ਵਰਤੀ ਜਾਂਦੀ ਹੈ।

          ਹ. ਪੁ.––ਐਨ. ਬ੍ਰਿ. 9 : 1091


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.