ਗਾਜਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਜਰ (ਨਾਂ,ਇ) ਖਾਣ ਵਿੱਚ ਮਿੱਠਾ, ਮੂਲੀ ਦੀ ਸ਼ਕਲ ਦਾ ਕੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਜਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Carrot (ਕੈਰਅਟ) ਗਾਜਰ: ਇਹ ਇਕ ਸਬਜ਼ੀ ਹੈ ਜੋ ਠੰਡੇ ਮੁਲਕਾਂ ਵਿਚ ਅਕਸਰ ਉਗਾਈ ਜਾਂਦੀ ਹੈ। ਪੰਜਾਬ ਵਿਚ ਇਸ ਦੀ ਪੈਦਾਵਾਰ ਸਰਦ ਰੁੱਤੇ ਕੀਤੀ ਜਾਂਦੀ ਹੈ। ਇਸ ਦਾ ਸਲਾਦ ਬਣਾਇਆ ਜਾਂਦਾ ਹੈ ਅਤੇ ਹਲਵਾਈ ਲੋਕ ਇਸ ਦਾ ਗਾਜਰ-ਪਾਕ ਤਿਆਰ ਕਰਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਗਾਜਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਜਰ [ਨਾਂਇ] ਇੱਕ ਕੰਦ ਮੂਲ ਸਬਜ਼ੀ ਦਾ ਨਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਜਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਜਰ. ਸੰ. गज्र्जर —ਗਜ੗ਰ. ਸੰਗ੍ਯਾ—ਮੂਲੀਜੇਹਾ ਇੱਕ ਕੰਦ , ਜੋ ਖਾਣ ਵਿੱਚ ਮਿੱਠਾ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਗਾਜਰ ਦਿਲ ਦਿਮਾਗ ਨੂੰ ਤਾਕਤ ਦਿੰਦੀ ਹੈ ਇਸ ਦਾ ਗੁਰਦੇ ਤੇ ਚੰਗਾ ਅਸਰ ਹੁੰਦਾ ਹੈ. ਯਰਕਾਨ ਦੂਰ ਕਰਦੀ ਹੈ. L. Daucus Carota. ਅੰ. Carrot। ੨ ਫ਼ਾ ਗਾਜ਼ਰ. ਧੋਬੀ. ਧਾਵਕ. ਰਜਕ. “ਗਾਜਰ ਹੁਤੋ ਤੀਰ ਪਰ ਬਾਰੀ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਜਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਜਰ : ਇਹ ਜੜ੍ਹ ਵਾਲੀਆਂ ਸਬਜ਼ੀਆਂ ਦੀ ਇਕ ਪ੍ਰਸਿੱਧ ਫ਼ਸਲ ਹੈ, ਜਿਹੜੀ ਤਕਰੀਬਨ ਸਾਰੇ ਭਾਰਤਵਰਸ਼ ਵਿਚ ਹੀ ਬੀਜੀ ਜਾਂਦੀ ਹੈ। ਇਸ ਨੂੰ ਲੋਕ ਕੱਚੀ ਵੀ ਖਾਂਦੇ ਹਨ ਅਤੇ ਸਬਜ਼ੀ ਵਜੋਂ ਵੀ ਵਰਤਦੇ ਹਨ। ਇਸ ਪਸ਼ੂਆਂ ਨੂੰ ਵਿਸ਼ੇਸ਼ ਕਰਕੇ ਘੋੜਿਆਂ ਨੂੰ ਇਕ ਪੌਸ਼ਟਿਕ ਖ਼ੁਰਾਕ ਵਜੋਂ ਚਾਰੀ ਜਾਂਦੀ ਹੈ। ਇਸ ਨੂੰ ਹੋਰ ਸਬਜ਼ੀਆਂ ’ਚ ਵੀ ਪਾਇਆ ਜਾਂਦਾ ਹੈ। ਗਾਜਰ ਦਾ ਅਚਾਰ ਵੀ ਪੈਂਦਾ ਹੈ ਤੇ ਇਸ ਤੋਂ ਇਕ ਤਰ੍ਹਾਂ ਦੀ ਮਠਿਆਈ, ਗਜਰੇਲਾ ਵੀ ਤਿਆਰ ਕੀਤਾ ਜਾਂਦਾ ਹੈ। ਕਾਲੀਆਂ ਗਾਜਰਾਂ ਦੀ ਕਾਂਜੀ ਪਾਈ ਜਾਂਦੀ ਹੈ ਜੋ ਹਾਜ਼ਮੇ ਨੂੰ ਠੀਕ ਕਰਨ ਅਤੇ ਭੁੱਖ ਵਧਾਉਣ ਲਈ ਬਹੁਤ ਗੁਣਕਾਰੀ ਹੈ। ਸੰਤਰੀ ਰੰਗ ਦੀਆਂ ਗਾਜਰਾਂ ’ਚ ਕੈਰੋਟੀਨ ਜੋ ਵਿਟਾਮਿਨ ਏ ਦਾ ਸੋਮਾ ਹੈ, ਬਹੁਤ ਜ਼ਿਆਦਾ ਮਾਤਰਾ ’ਚ ਹੁੰਦਾ ਹੈ। ਇਸ ਤੋਂ ਬਿਨਾਂ ਥਾਇਆਮੀਨ ਤੇ ਰਾਈਬੋਫਲੇਵਿਨ ਵੀ ਕਾਫ਼ੀ ਹੁੰਦੀ ਹੈ। ਇਸ ਕਿਸਮ ਦੀਆਂ ਗਾਜਰਾਂ ਦੇ ਅਹਾਰਕ ਗੁਣਾਂ ਦਾ ਵੇਖਵਾ ਇਸ ਪਰਕਾਰ ਹੈ :

ਪ੍ਰਤਿ 100 ਗ੍ਰਾ. ਖਾਣ-ਯੋਗ ਭਾਰ

ਨਮੀ

86 ਗ੍ਰਾ.

ਲੋਹਾ

2.2 ਮਿ. ਗ੍ਰਾ.

ਪ੍ਰੋਟੀਨ

0.9 ’’

ਸੋਡੀਅਮ

35.6 ’’ ’’

ਚਰਬੀ

0.2 ’’

ਪੋਟਾਸ਼ੀਅਮ

108 ’’ ’’

ਖਣਿਜ

1.1 ’’

ਤਾਂਬਾ

0.13 ’’ ’’

ਰੇਸ਼ੇ

1.2 ’’

ਗੰਧਕ

27 ’’ ’’

ਹੋਰ ਕਾਰਬੋਹਾਈਡ੍ਰੇਟ

10.6 ’’

ਵਿਟਾਮਿਨ–ਏ

3,150 ਪ੍ਰਤੀ ਇਕਾਈ

ਕਲੋਰੀਆਂ

47 ’’

ਥਾਇਆਮੀਨ

0.04 ਮਿ. ਗ੍ਰਾ.

ਕੈਲਸ਼ੀਅਮ

80 ਮਿ. ਗ੍ਰਾ.

ਰਾਈਬੋਫਲੇਵਿਨ

0.02 ’’ ’’

ਮੈਗਨੀਸ਼ੀਅਮ

14 ’’ ’’

 

 

ਔਗਜ਼ੈਲਿਕ ਐਸਿਡ

5 ’’ ’’

ਨਿਕੋਟੀਨਿਕ ਐਸਿਡ

0.06 ’’ ’’

ਫ਼ਾੱਸਫ਼ੋਰਸ

30 ’’ ’’

ਵਿਟਾਮਿਨ–ਸੀ

3 ’’ ’’

          ਏਸ਼ਿਆਈ ਕਿਸਮਾਂ ’ਚ ਐਂਥੋਸਾਇਆਨੀਨ ਰੰਗ ਵਧੇਰੇ ਤੇ ਕੈਰੋਟੀਨ ਘੱਟ ਹੁੰਦੀ ਹੈ। ਇਹ ਘਟ ਤਾਕਤਬਖਸ਼ ਹੁੰਦੀਆਂ ਹਨ। ਗਾਜਰ ਦੇ ਹਰੇ ਪੱਤੇ ਤਾਕਤਬਖਸ਼ ਹੁੰਦੇ ਹਨ। ਇਨ੍ਹਾਂ ਵਿਚ ਪ੍ਰੋਟੀਨ, ਖਣਿਜ ਤੇ ਵਿਟਾਮਿਨ ਕਾਫ਼ੀ ਮਾਤਰਾ ’ਚ ਹੁੰਦੇ ਹਨ। ਇਹ ਕਿਸਮ ਇਕ-ਸਾਲੀ ਹੈ ਜਦੋਂ ਕਿ ਯੂਰਪੀ ਕਿਸਮ ਦੋ-ਸਾਲੀ।

          ਗਾਜਰ ਦਾ ਮੂਲ ਸਥਾਨ ਏਸ਼ੀਆ ’ਚ ਮੰਨਿਆ ਗਿਆ ਹੈ। ਇਸ ਦੀ ਖੇਤੀ ਪਹਿਲਾਂ ਪਹਿਲ ਪੰਜਾਬ ਦੀਆਂ ਪਹਾੜੀਆਂ ਤੇ ਕਸ਼ਮੀਰ ’ਚ ਸ਼ੁਰੂ ਹੋਈ ਤੇ ਇਥੋਂ ਇਹ ਸਾਰੇ ਏਸ਼ੀਆ, ਯੂਰਪ ਤੇ ਰੂਮ ਸਾਗਰ ਦੇ ਆਲੇ-ਦੁਅਾਲੇ ਦੇ ਉੱਤਰੀ ਅਫ਼ਰੀਕਾ ’ਚ ਫੈਲੀ। ਇਸ ਦਾ ਸਬੰਧ ਅੰਬੈਲੀਫਰੀ ਕੁਲ, ਡੌਕਸ ਪ੍ਰਜਾਤੀ ਤੇ ਕੈਰੋਟਾ ਜਾਤੀ ਨਾਲ ਹੈ।

          ਯੂਰਪੀ ਤੇ ਏਸ਼ਿਆਈ  ਕਿਸਮਾਂ ਦੇ ਸੁਮੇਲ ਤੋਂ ਵਿਕਸਿਤ ਕੀਤੀ ਗਈ ਇਕ ਦੋਗਲੀ ਕਿਸਮ ਪੂਸਾ ਕੇਸਰ ਹੈ ਪਰ ਇਸ ਵਿਚ ਏਸ਼ਿਆਈ ਕਿਸਮਾਂ ਵਾਲੇ ਗੁਣ ਵਧੇਰੇ ਮਹੱਤਵਪੂਰਨ ਹਨ। ਯੂਰਪੀ ਕਿਸਮਾਂ ਵਿਚ ਹਾਫਲੌਂਗ ਨੈਨਟੈਸ ਤੇ ਕੈਰਲੋਸ ਦੀਆਂ ਗਾਜਰਾਂ ਸੁਹਣੀਆਂ ਸੰਤਰੀ ਰੰਗ ਦੀਆਂ ਬਿਲਕੁਲ ਵੇਲਣੇਹਾਰ ਤੇ ਖਾਣ ਵਿਚ ਮਿੱਠੀਆਂ ਹੁੰਦੀਆਂ ਹਨ। ਇਨ੍ਹਾਂ ਦੇ ਗੁੱਦੇ ਦਾ ਰੰਗ ਵੀ ਬਾਹਰਲੀ ਛਿਲ ਵਰਗਾ ਹੀ ਹੁੰਦਾ ਹੈ। ਇਕ ਹੋਰ ਕਿਸਮ ਚੈਨਟੈਨੀ ਦਾ ਰੰਗ ਸੁਹਣਾ, ਆਕਰਸ਼ਕ ਤੇ ਲਾਲੀ-ਮਾਇਲ ਸੰਤਰੀ ਹੁੰਦਾ ਹੈ।

          ਪੌਣ-ਪਾਣੀ––ਗਾਜਰ ਠੰਢੀ ਰੁੱਤ ਦੀ ਫ਼ਸਲ ਹੈ ਭਾਵੇਂ ਕੁਝ ਏਸ਼ਿਆਈ ਕਿਸਮਾਂ ਕਾਫ਼ੀ ਗਰਮੀ ਵੀ ਸਹਿ ਲੈਂਦੀਆਂ ਹਨ। ਤਾਪਮਾਨ ਦਾ ਗਾਜਰਾਂ ਦੇ ਵਾਧੇ ਅਤੇ ਰੰਗ ਤੇ ਬਹੁਤ ਅਸਰ ਪੈਂਦਾ ਹੈ। 10° ਤੋਂ 15° ਸੈਂ. ਤੇ ਗਾਜਰਾਂ ਦਾ ਰੰਗ ਚੰਗਾ ਨਹੀਂ ਬਣਦਾ। 15° ਤੋਂ 20° ਸੈਂ. ’ਚ ਉਗਾਈਆਂ ਜਾਣ ਵਾਲੀਆਂ ਗਾਜਰਾਂ ਦਾ ਰੰਗ ਬਹੁਤ ਹੀ ਵਧੀਆ ਹੁੰਦਾ ਹੈ। 20° ਤੋਂ 25° ਸੈਂ. ਤੇ ਰੰਗ ਘੱਟ ਚਮਕੀਲਾ ਹੋ ਜਾਂਦਾ ਹੈ। ਤਾਪਮਾਨ ਜਿੰਨਾ ਜ਼ਿਆਦਾ ਹੋਵੇਗਾ, ਗਾਜਰਾਂ ਉਨੀਆਂ ਹੀ ਛੋਟੀਆਂ ਰਹਿ ਜਾਣਗੀਆਂ।

          ਭੂਮੀ ਤੇ ਰਸਾਇਣੀ ਖਾਦਾਂ––ਗਾਜਰਾਂ ਦੇ ਵਧੀਆ ਵਾਧੇ ਲਈ ਡੂੰਘੀ, ਪੋਲੀ ਮੈਰਾ ਜ਼ਮੀਨ ਬਹੁਤ ਹੀ ਉੱਤਮ ਹੈ। ਬਹੁਤੀਆਂ ਖਾਰੀਆਂ ਜ਼ਮੀਨਾਂ ’ਚ ਗਾਜਰਾਂ ਚੰਗੀਆਂ ਨਹੀਂ ਹੁੰਦੀਆਂ। ਸਭ ਤੋਂ ਚੰਗਾ ਝਾੜ ਲਗਭਗ 6.5 ਪੀ. ਐੱਚ. (pH.) ਤੇ ਮਿਲਦਾ ਹੈ। ਗਾਜਰ ਨੂੰ ਖਾਦਾਂ ਦੀ ਬਹੁਤ ਲੋੜ ਹੁੰਦੀ ਹੈ, ਖ਼ਾਸ ਕਰਕੇ ਪੋਟਾਸ਼ ਦੀ। ਇਹ ਅਨੁਮਾਨ ਲਾਇਆ ਗਿਆ ਹੈ ਕਿ ਗਾਜਰਾਂ ਦੀ 275 ਕੁਇੰਟਲ ਫ਼ੀ ਹੈਕਟੇਅਰ ਝਾੜ ਦੇਣ ਵਾਲੀ ਫ਼ਸਲ, ਜ਼ਮੀਨ ’ਚੋਂ 125 ਕਿਲੋ ਪੋਟਾਸ਼ੀਅਮ, 40 ਕਿਲੋ ਨਾਈਟਰੋਜਨ ਤੇ 22.5 ਕਿਲੋ ਫ਼ਾਸਫ਼ੋਰਸ ਖਾਰਜ ਕਰਦੀ ਹੈ। ਗਾਜਰਾਂ ਦੇ ਖੇਤ ’ ਤਾਜਾ ਕੱਚਾ ਗੋਹਾ ਨਹੀਂ ਪਾਉਣਾ ਚਾਹੀਦਾ। ਇਸ ਨਾਲ ਗਾਜਰਾਂ ਨੂੰ ਦੁਸਾਂਘੜ (ਸ਼ਾਖ਼ਾਂ) ਫੁੱਟ ਪੈਂਦੀਆਂ ਹਨ। ਗੋਹੇ-ਕੂੜੇ ਦੀ ਚੰਗੀ ਤਰ੍ਹਾਂ ਗਲੀ-ਸੜੀ ਖਾਦ ਲਗਭਗ 30 ਟਨ ਫ਼ੀ ਹੈਕਟੇਅਰ ਦੇ ਹਿਬਾਬ ਪਾਉਣੀ ਚਾਹੀਦੀ ਹੈ।

          ਬਿਜਾਈ ਦਾ ਸਮਾਂ ਤੇ ਬੀਜ-ਮਾਤਰਾ––ਮੈਦਾਨਾਂ ’ਚ ਗਾਜਰ ਦੀ ਬਿਜਾਈ ਅੱਧ ਅਗਸਤ ਤੋਂ ਲੈ ਕੇ ਦਸੰਬਰ ਦੇ ਸ਼ੁਰੂ ਤੱਕ ਕੀਤੀ ਜਾਂਦੀ ਹੈ। ਏਸ਼ਿਆਈ ਕਿਸਮਾਂ ਦੀ ਬਿਜਾਈ ਕਾਫ਼ੀ ਗਰਮੀ ’ਚ ਹੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਸ਼ੁਰੂ ਤੱਕ ਜਾਰੀ ਰਹਿੰਦੀ ਹੈ। ਯੂਰਪੀ ਕਿਸਮਾਂ ਦੀ ਬਿਜਾਈ ਇਨ੍ਹਾਂ ਤੋਂ ਪਿਛੋਂ ਕਰਨੀ ਚਾਹੀਦੀ ਹੈ। ਪਹਾੜਾਂ ’ਚ ਗਾਜਰ ਦੀ ਬਿਜਾਈ ਮਾਰਚ ਤੋਂ ਜੁਲਾਈ ਤੱਕ ਕੀਤੀ ਜਾਂਦੀ ਹੈ। ਬਿਜਾਈ ਵੱਟਾਂ ਤੇ ਜਾਂ ਪੱਧਰੀਆਂ ਕਿਆਰੀਆਂ ਵਿਚ ਕੀਤੀ ਜਾਂਦੀ ਹੈ। ਬੀਜ ਲਗਭਗ 1.5 ਸੈਂ. ਮੀ. ਡੂੰਘਾ ਬੀਜਿਆ ਜਾਂਦਾ ਹੈ। ਇਕ ਹੈਕਟੇਅਰ ਜ਼ੀਮਨ ਦੀ ਬਿਜਾਈ ਲਈ 5-6 ਕਿਲੋ ਬੀਜ ਕਾਫ਼ੀ ਹੁੰਦਾ ਹੈ। ਇਹ ਬੀਜ ਬੀਜਣ ਤੋਂ ਹਫ਼ਤਾ ਕੁ ਬਾਅਦ ਫੁੱਟ ਪੈਂਦੇ ਹਨ।

          ਸਾਂਭ ਸਿਕਰ––ਜੇਕਰ ਬਿਜਾਈ ਸੰਘਣੀ ਕੀਤੀ ਗਈ ਹੋਵੇ ਤਾਂ ਫ਼ਸਲ ਨੂੰ ਵਿਰਲੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਗਾਜਰਾਂ ਨੂੰ ਚੰਗੇ ਵਾਧੇ ਲਈ ਖੁੱਲ੍ਹੀ ਥਾਂ ਮਿਲ ਸਕੇ। ਪੌਦੇ ਸ਼ੁਰੂ ਸ਼ੁਰੂ ਵਿਚ ਬਹੁਤ ਹੌਲੀ ਹੌਲੀ ਵਧਦੇ ਹਨ ਅਤੇ ਘਾਹ ਫੂਸ ਤੇ ਨਦੀਨ ਆਦਿ ਨਾਲ ਇਨ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ। ਕਦੇ-ਕਦੇ ਜ਼ਮੀਨ ਦੀ ਗੋਡੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਮਿੱਟੀ ਪੋਲੀ ਹੋ ਜਾਏ ਤੇ ਉਸ ਵਿਚੋਂ ਹਵਾ ਖੁੱਲ੍ਹੀ ਗੁਜ਼ਰ ਸਕੇ। ਇਕ ਹੈਕਟੇਅਰ ਫ਼ਸਲ ਤੇ ਛਿੜਕਾ ਕਰਨ ਲਈ ਸਟੌਡਰਡ ਘੋਲ (ਜੋ ਪੈਟਰੋਲੀਅਮ ਤੋਂ ਤਿਆਰ ਕੀਤਾ ਜਾਂਦਾ ਹੈ) 125 ਤੋਂ 250 ਗੈਲਨ ਤੱਕ ਕਾਫ਼ੀ ਹੁੰਦਾ ਹੈ। ਪੱਤੇ ਕੁਮਲਾਉਣ ਤੋਂ ਪਹਿਲਾਂ-ਪਹਿਲਾਂ ਗਾਜਰਾਂ ਨੂੰ ਪਾਣੀ ਲਗਾ ਦੇਣਾ ਚਾਹੀਦਾ ਹੈ।

          ਪੁਟਾਈ––ਜੇ ਗਾਜਰਾਂ ਅਗੇਤੀਆਂ ਮੰਡੀ ਵਿਚ ਲੈ ਜਾਣੀਆਂ ਹੋਣ ਤਾਂ ਪੂਰੇ ਤੌਰ ਤੇ ਵਧਣ ਤੋਂ ਪਹਿਲਾਂ ਹੀ ਪੁੱਟ ਲਈਆਂ ਜਾਂਦੀਆਂ ਹਨ। ਗਾਜਰਾਂ ਦੀ ਪੁਟਾਈ ਸਮੇਂ ਜ਼ਮੀਨ ਕਾਫ਼ੀ ਗਿੱਲੀ ਹੋਣੀ ਚਾਹੀਦੀ ਹੈ। ਪੁਟਾਈ ਖੁਰਪੇ ਜਾਂ ਕਹੀ ਨਾਲ ਕੀਤੀ ਜਾਂਦੀ ਹੈ। ਮੰਡੀ ਵਿਚ ਭੇਜਣ ਤੋਂ ਪਹਿਲਾਂ ਗਾਜਰਾਂ ਉਤਲੇ ਵਾਲ ਤੇ ਜਾਲਾ ਜਿਹਾ ਲਾਹ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਜਾਂਦਾ ਹੈ।

          ਕੀੜੇ ਤੇ ਰੋਗ––ਭਾਰਤ ਵਿਚ ਗਾਜਰਾਂ ਦੀ ਫ਼ਸਲ ਨੂੰ ਬਹੁਤ ਖਤਰਨਾਕ ਕੀੜੇ ਨਹੀਂ ਲਗਦੇ। ਵਧੇਰੇ ਭਿਆਨਕ ਕੀੜਿਆਂ ’ਚੋਂ ਗਾਜਰ ਦੀ ਸੁੰਡੀ, ਛੇ ਧੱਬਿਆਂ ਵਾਲਾ ਪੱਤਾ-ਟਿੱਡਾ ਅਤੇ ਗਾਜਰ ਦੀ ਕੁੰਗੀ-ਮੱਖੀ ਵਧੇਰੇ ਪ੍ਰਮੁੱਖ ਹਨ। ਗਾਜਰ ਦਾ ਭੂਰਾਪਣ ਇਕ ਵਿਸ਼ਾਣੂ ਰੋਗ ਹੈ। ਇਹ ਛੇ ਧੱਬਿਆਂ ਵਾਲੇ ਪੱਤਾ-ਟਿੱਡੇ ਦੁਆਰਾ ਫੈਲਦਾ ਹੈ। ਕੀਟਾਣੂ ਨਰਮ ਸਾੜਾ ਕਦੇ-ਕਦੇ ਬਹੁਤ ਮਾਰੂ ਹੁੰਦਾ ਹੈ। ਇਸ ਨੂੰ ਰੋਕਣ ਲਈ ਲੰਮੇ ਫ਼ਸਲ ਚੱਕਰ ਅਪਨਾਉਣੇ ਚਾਹੀਦੇ ਹਨ ਤੇ ਬੀਜ ਨੂੰ ਕਿਸੇ ਪਾਰਾ-ਯੁਕਤ ਦਵਾਈ ਨਾਲ ਸੋਧਣਾ ਚਾਹੀਦਾ ਹੈ। ਗਾਜਰ ਦੇ ਹੋਰ ਰੋਗ ਹਨ––ਪੱਤਾ-ਧੱਬੇ ਤੇ ਝੁਲਸਣ, ਜਿਨ੍ਹਾਂ ਉੱਤੇ ਤਾਂਬੇ ਜਾਂ ਕਾਰਬੇਮੇਟ ਦੇ ਛਿੜਕਾਅ ਨਾਲ ਕਾਬੂ ਪਾਇਆ ਜਾ ਸਕਦਾ ਹੈ।

          ਹ. ਪੁ.––ਸਬਜ਼ੀਆਂ––ਚੌਧਰੀ : 101


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.