ਗਾਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਾਗਾ. ਰਿਆਸਤ ਪਟਿਆਲਾ , ਨਜਾਮਤ, ਤਸੀਲ ਅਤੇ ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉਤਰ ਪੱਛਮ ਇੱਕ ਫਰਲਾਂਗ ਪੁਰ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇੱਥੇ ਇੱਕ ਢਾਬ ਦੇ ਕਿਨਾਰੇ ਠਹਿਰੇ ਹਨ.
ਗੁਰਦ੍ਵਾਰਾ ਅਤੇ ਰਹਾਇਸ਼ੀ ਮਕਾਨ ਚੰਗੇ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਸਰਦਾਰ ਸੇਵਾ ਸਿੰਘ ਜੀ ਵਜ਼ੀਰ ਰਿਆਸਤ ਨਾਭਾ ਨੇ ਸੰਮਤ ੧੯੩੩ ਵਿੱਚ ਕਰਾਈ. ਗੁਰਦ੍ਵਾਰੇ ਨਾਲ ੭੫੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਲਹਿਰਾਗਾਗਾ ਤੋਂ ਪੱਛਮ ਡੇਢ ਮੀਲ ਦੇ ਕਰੀਬ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਾਗਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਾਗਾ: ਪਿੰਡ ਲਹਿਰਾ (29°-56`ਉ, 75°-48` ਪੂ) ਤੋਂ 2 ਕਿ.ਮੀ. ਪੱਛਮ ਵੱਲ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਪਿੰਡ ਹੈ। ਇੱਥੇ ਗੁਰੂ ਤੇਗ਼ ਬਹਾਦਰ ਜੀ ਇਸ ਇਲਾਕੇ ਦੀਆਂ ਯਾਤਰਾਵਾਂ ਦੌਰਾਨ ਥੋੜ੍ਹੇ ਸਮੇਂ ਲਈ ਠਹਿਰੇ ਸਨ। ਸਾਖੀ ਪੋਥੀ ਅਨੁਸਾਰ, ਗੁਰੂ ਜੀ ਨੇ ਇੱਥੇ ਇਕ ਰਾਤ ਲਈ ਡੇਰਾ ਲਾਇਆ। ਜਦੋਂ ਗੁਰੂ ਜੀ ਦੇ ਸਿੱਖ ਘੋੜਿਆਂ ਲਈ ਘਾਹ ਇਕੱਠਾ ਕਰਨ ਲਈ ਗਏ, ਤਾਂ ਜ਼ਮੀਨ ਮਾਲਕਾਂ (ਰੰਘੜਾਂ) ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ। ਗੁਰੂ ਜੀ ਨੇ ਛੇਤੀ ਨਾਲ ਆਪਣਾ ਪੜਾਅ ਚੁੱਕਿਆ ਅਤੇ ਗੁਰਨੇ ਕਲਾਂ ਵੱਲ ਰਵਾਨਾ ਹੋ ਗਏ। ਜਦੋਂ ਜ਼ਮੀਨ ਮਾਲਕਾਂ ਨੂੰ ਮਹਿਮਾਨ ਸੰਬੰਧੀ ਪਤਾ ਲੱਗਿਆ ਤਾਂ ਉਹ ਪਛਤਾਵੇ ਵਿਚ ਆ ਗਏ। ਉਹ ਗੁਰੂ ਜੀ ਦੇ ਪਿੱਛੇ ਗਏ ਤਾਂ ਕਿ ਉਹ ਆਪਣੇ ਅਪਰਾਧ ਦਾ ਪਛਤਾਵਾ ਕਰ ਸਕਣ। ਪਛਤਾਵੇ ਵਿਚ ਆਏ ਪਿੰਡ ਵਾਲੇ ਵਿਅਕਤੀਆਂ ਨੂੰ ਜਦੋਂ ਮੁਆਫ਼ੀ ਮਿਲੀ ਤਾਂ ਉਹ ਗਾਗਾ ਵਾਪਸ ਆਏ ਅਤੇ ਉਹ ਸਥਾਨ ਜਿੱਥੇ ਗੁਰੂ ਜੀ ਠਹਿਰੇ ਸਨ ਮੰਜੀ ਸਾਹਿਬ ਸਥਾਪਿਤ ਕੀਤਾ। ਇਸ ਸਥਾਨ ‘ਤੇ 1848 ਵਿਚ ਜਵਾਹਰ ਸਿੰਘ ਨੇ ਗੁਰਦੁਆਰਾ ਉਸਾਰਿਆ। ਨਾਭਾ ਰਿਆਸਤ ਦੇ ਵਜ਼ੀਰ ਸੇਵਾ ਸਿੰਘ ਨੇ 1876 ਵਿਚ ਇਸ ਦਾ ਪੁਨਰ-ਨਿਰਮਾਣ ਕੀਤਾ।1975 ਵਿਚ, ਇਸ ਇਮਾਰਤ ਦੀ ਦੁਬਾਰਾ ਮੁਰੰਮਤ ਕੀਤੀ ਗਈ। ‘ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਂਵੀਂ`, ਜੋ ਅੱਜ-ਕੱਲ੍ਹ ਇਸ ਨਾਂ ਨਾਲ ਜਾਣਿਆ ਜਾਂਦਾ ਹੈ, ਇਕ ਚੌਰਸ ਕਮਰਾ ਹੈ ਜਿਸ ਦੇ ਮੱਧ ਵਿਚ ਗੁੰਬਦਦਾਰ ਪਵਿੱਤਰ ਸਥਾਨ ਹੈ। ਪੁਰਾਣੀ ਇਮਾਰਤ ਦਾ ਇਕ ਹਿੱਸਾ , ਜੋ ਬਿਲਕੁਲ ਤੰਬੂ ਕੋਠੜੀ ਵਾਂਗ ਹੈ, ਅੱਜ ਵੀ ਉਸੇ ਆਕਾਰ ਵਿਚ ਹਾਲ ਕਮਰੇ ਦੇ ਦੱਖਣ ਵੱਲ ਸਥਿਤ ਹੈ, ਅਤੇ ਨਾਲ ਹੀ ਹਾਲ ਦੇ ਉੱਤਰੀ ਪਾਸੇ ਸਰੋਵਰ ਹੈ। ਇਸ ਗੁਰਦੁਆਰੇ ਕੋਲ 108 ਏਕੜ ਜ਼ਮੀਨ ਹੈ ਅਤੇ ਅੱਜ- ਕੱਲ੍ਹ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਹਰ ਮਹੀਨੇ ਦੀ ਸੁਦੀ ਦਸ ਨੂੰ ਅਤੇ ਸਿੱਖਾਂ ਦੇ ਮਹੱਤਵਪੂਰਨ ਗੁਰਪੁਰਬਾਂ ਦੇ ਦਿਹਾੜੇ ‘ਤੇ ਇੱਥੇ ਦੀਵਾਨ ਸਜਾਏ ਜਾਂਦੇ ਹਨ। ਅਕਤੂਬਰ ਵਿਚ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗਾਗਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗਾਗਾ : ਇਹ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਤਹਿਸੀਲ ਦਾ ਇਕ ਪਿੰਡ ਹੈ ਜਿਹੜਾ ਲਹਿਰਾਗਾਗਾ ਤੋਂ 2 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸੁਸ਼ੋਭਿਤ ਹੈ। ਗੁਰੂ ਜੀ ਇਥੇ ਢਾਬ ਦੇ ਕਿਨਾਰੇ ਠਹਿਰੇ ਸਨ। ਸ. ਸੇਵਾ ਸਿੰਘ (ਵਜ਼ੀਰ ਰਿਆਸਤ ਨਾਭਾ) ਨੇ 1876 ਈ. ਵਿਚ ਗੁਰਦੁਆਰੇ ਦੇ ਨਾਂ 750 ਵਿੱਘੇ ਜ਼ਮੀਨ ਲਗਵਾਈ ਤੇ ਹੋਰ ਇਮਾਰਤਾਂ ਬਣਵਾਈਆਂ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-08-02-15-14, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ. : 404
ਵਿਚਾਰ / ਸੁਝਾਅ
Please Login First