ਖੰਜਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਜਰ (ਨਾਂ,ਪੁ) ਵੱਡੇ ਛੁਰੇ ਜਿਹਾ ਤੇਜ਼ਧਾਰ ਹਥਿਆਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੰਜਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੰਜਰ : ਇਹ ਛੋਟੇ ਫਲ ਵਾਲਾ ਅਤੇ ਹੱਥ ਨਾਲ ਵਰਤਿਆ ਜਾਣ ਵਾਲਾ ਇਕ ਹਥਿਆਰ ਹੈ। ਇਹ ਤਲਵਾਰ ਦਾ ਹੀ ਛੋਟਾ ਰੂਪ ਹੈ। ਪੁਰਾਤਨ ਸਮੇਂ ਦੇ ਖੰਜਰ ਅਤੇ ਤਲਵਾਰ ਵਿਚ ਫ਼ਰਕ ਲੱਭਣਾ ਕਾਫ਼ੀ ਮੁਸ਼ਕਿਲ ਹੈ। ਇਸ ਦੀ ਇਕ ਚੰਗੀ ਮਿਸਾਲ ਉੱਤਰੀ ਯੂਰਪ ਦੀ ਮਧ-ਕਾਲੀਨ ਸਕਰੈਮੈਸਕਸ ਹੈ, ਜਿਸ ਦਾ ਫਲ ਲਗਭਗ 10-15 ਸੈਂ. ਮੀ. ਲੰਬਾ ਹੈ। ਇਸ ਤੋਂ ਵੀ ਬਾਅਦ ਦੀ ਚੌੜੇ-ਫਲ ਵਾਲੀ ਕਿਸਮ ਸਿਨਕੁਏਡੀਆ ਹੈ ਜੋ 1475 ਤੋਂ 1550 ਤੱਕ ਪ੍ਰਚਲੱਤ ਸੀ। ਇਸ ਦੀ ਰੇਂਜ ਇੰਨੀ ਵੱਡੀ ਸੀ ਕਿ ਇਸ ਨੂੰ ਤਲਵਾਰਾਂ ਜਾਂ ਖੰਜਰ ਦੇ ਕਿਸੇ ਵੀ ਰੂਪ ਵਿਚ ਵਰਤਿਆ ਜਾ ਸਕਦਾ ਸੀ (ਚਿੱਤਰ ੳ)। ਫਿਰ ਵੀ ਤੇਰ੍ਹਵੀਂ ਸਦੀ ਤੱਕ ਖੰਜਰ ਨੂੰ ਆਮ ਤੌਰ ਤੇ ਇਕ ਵੱਖਰੇ ਹਥਿਆਰ ਵਜੋਂ ਮੰਨਿਆ ਜਾਂਦਾ ਰਿਹਾ ਹੈ।
ਚੌਦ੍ਹਵੀਂ, ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਦੇ ਯੂਰਪੀ ਖੰਜਰਾਂ ਦੀਆਂ ਮੁੱਖ ਕਿਸਮਾਂ ਵਿਚ ਕਿਓਲਿਨ ਖੰਜਰ ਆਉਂਦਾ ਹੈ ਜਿਸ ਦੇ ਨਾਲ ਕਰਾੱਸ ਗਾਰਡ ਲਗੀ ਹੁੰਦੀ ਸੀ। ਇਕ ਹੋਰ ਤਰ੍ਹਾਂ ਦੇ ਖੰਜਰ ਦਾ ਨਾਂ ‘ਬੈਸੀਲਾਰਡ’ ਸੀ ਜੋ ਕਿਓਲਿਨ ਦੀ ਹੀ ਇਕ ਹੋਰ ਕਿਸਮ ਸੀ ਜਿਸ ਉੱਤੇ ਗਾਰਡ ਲਈ ਸਮਾਂਤਰ ਬਾਰ ਅਤੇ ਮੁੱਠਾ ਲੱਗੇ ਹੁੰਦੇ ਸਨ। ਗੁਰਦੇ ਦੀ ਸ਼ਕਲ ਵਾਲੇ ਖੰਜਰ ਵਿਚ ਦੋ ਖੰਨਾਂ ਦੁਆਰਾ ਇਕ ਗਾਰਡ ਬਣਿਆ ਹੁੰਦਾ ਸੀ (ਚਿੱਤਰ ਅ)। ਖੰਜਰ ਦੀ ਇਕ ਹੋਰ ਕਿਸਮ ਕੰਨਾਂ ਵਾਲਾ ਖੰਜਰ ਹੈ (ਚਿੱਤਰ ਸ) ਜਿਸ ਵਿਚ ਦੋ ਡਿਸਕਾਂ ਦੁਆਰਾ ਇਕ ਮੁੱਠਾ ਬਣਦਾ ਸੀ। ਸਟੀਲਾਟੋ ਇਕ ਕਿਓਲਿਨ ਖੰਜਰ ਵਰਗਾ ਹੀ ਖੰਜਰ ਹੁੰਦਾ ਸੀ ਜਿਸ ਦਾ ਫਲ ਤਿੰਨ ਜਾਂ ਚਾਰ ਪਾਸਿਆਂ ਵਾਲਾ ਹੁੰਦਾ ਸੀ। ਇਹ ਸਾਰੇ ਹੀ ਖੋਭੇ ਜਾਣ ਵਾਲੇ ਹਥਿਆਰ ਸਨ ਅਤੇ ਇਨ੍ਹਾਂ ਨੂੰ ਖੁਭੋਣ ਲਈ ਥੋੜ੍ਹਾ ਜ਼ੋਰ ਲਾਉਣ ਦੀ ਲੋੜ ਪੈਂਦੀ ਸੀ। ਇਸੇ ਲਈ ਇਨ੍ਹਾਂ ਦਾ ਫਲ ਹੱਥੀ ਤੋਂ ਥੱਲੇ ਹੀ ਸ਼ੁਰੂ ਹੁੰਦਾ ਹੈ। ਇਸ ਨਾਲ ਵਾਰ ਕਰਨ ਦੀਆਂ ਕਿਸਮਾਂ ਤਾਂ ਘੱਟ ਗਈਆਂ ਪਰ ਇਸ ਨਾਲ ਕਾਫ਼ੀ ਤਾਕਤ ਦੀ ਲੋੜ ਪੈਂਦੀ ਸੀ।
ਸੋਲ੍ਹਵੀਂ ਸਦੀ ਵਿਚ ਫੈਂਸਿੰਗ (ਤੇਗ ਬਾਜ਼ੀ ਦੀ ਇਕ ਕਿਸਮ) ਦੀ ਇਕ ਨਵੀਂ ਕਿਸਮ ਈਜਾਦ ਹੋਈ ਜਿਸ ਵਿਚ ਖੱਬੇ ਹੱਥ ਵਿਚ ਖੰਜਰ ਪਕੜਿਆ ਜਾਂਦਾ ਸੀ ਜੋ ਕਿ ਹਮਲਾ ਕਰਨ ਵਾਲੇ ਦੀ ਤਲਵਾਰ ਨੂੰ ਰੋਕਣ ਦਾ ਕੰਮ ਕਰਦਾ ਸੀ ਅਤੇ ਇਸ ਤਰ੍ਹਾਂ ਵਾਰ ਕਰਨ ਵਾਲੇ ਦੀ ਤਲਵਾਰ, ਵਾਰ ਕਰਨ ਲਈ ਮੁਕਤ ਰਹਿੰਦੀ ਸੀ। ਇਸ ਤਰ੍ਹਾਂ ਦੀ ਲੜਾਈ ਲਈ ਖੱਬੇ ਹੱਥ ਵਾਲੇ ਖੰਜਰ ਦਾ ਵਿਕਾਸ ਹੋਇਆ ਕਿਉਂਕਿ ਇਸ ਦਾ ਮੁੱਖ ਕੰਮ ਹੀ ਹਮਲਾ ਕੀਤੇ ਜਾਣ ਵਾਲੇ ਦੀ ਤਲਵਾਰ ਨੂੰ ਰੋਕਣਾ ਸੀ। ਇਸ ਤਰ੍ਹਾਂ ਇਸ ਵਿਚ ਵੱਡੇ ਗਾਰਡਾਂ ਦੀ ਲੋੜ ਪੈਂਦੀ ਸੀ। ਉੱਤਰੀ ਯੂਰਪ ਵਿਚ ਇਸ ਲੋੜ ਨੂੰ ਪੂਰਾ ਕਰਨ ਲਈ ਕਿਓਲਿਨ ਖੰਜਰ ਦੀਆਂ ਗਾਰਡਾਂ ਨੂੰ ਵੱਡਾ ਕੀਤਾ ਗਿਆ। ਦੱਖਣੀ ਯੂਰਪ ਵਿਚ ਕਰਾੱਸ ਗਾਰਡ ਲੰਮੀ ਕਰ ਦਿੱਤੀ ਗਈ, ਇਕ ਤਿਕੋਣੀ ਗਾਰਡ ਇਸ ਵਿਚ ਹੋਰ ਸ਼ਾਮਲ ਕੀਤੀ ਗਈ ਅਤੇ ਇਸ ਦਾ ਚੌੜਾ ਕੀਤਾ ਹੋਇਆ ਫਲ ਅਕਸਰ ਦੰਦੇਦਾਰ ਬਣਾਇਆ ਜਾਂਦਾ ਸੀ ਤਾਂ ਜੋ ਹਮਲਾਵਰ ਦੀ ਤਲਵਾਰ ਦੇ ਫਲ ਨੂੰ ਫੰਦਿਆ ਜਾ ਸਕੇ। ਇਸ ਤਰ੍ਹਾਂ ਦੇ ਖੰਜਰ ਨੂੰ ਵੱਡਾ ਗੌਂਚ (ਚਿੱਤਰ ਹ) ਕਿਹਾ ਜਾਂਦਾ ਹੈ ਤਾਂ ਜੋ ਇਸ ਨੂੰ ਉੱਤਰ ਵਿਚ ਮਿਲਦੇ ਖੰਜਰ ਨਾਲੋਂ ਵੱਖਰਿਆਂ ਕੀਤਾ ਜਾ ਸਕੇ। ਇਨ੍ਹਾਂ ਦੋਹਾਂ ਕਿਸਮਾਂ ਵਿਚ ਫਲ ਹੱਥੀ ਤੋਂ ਉਪਰ ਤਲਵਾਰ ਵਾਂਗ ਹੁੰਦਾ ਹੈ।
ਆਪਣੇ ਆਕਾਰ ਕਾਰਨ ਖੰਜਰ ਨੂੰ ਗੁਪਤ ਤੌਰ ਤੇ ਪਹਿਨਿਆ ਜਾ ਸਕਦਾ ਹੈ ਅਤੇ ਬਹੁਤ ਥੋੜ੍ਹੀ ਜਿਹੀ ਥਾਂ ਉਪਰ ਵਰਤਿਆ ਜਾ ਸਕਦਾ ਹੈ। ਹਥਿਆਰ ਅਤੇ ਸੰਦ ਦੋਹਾਂ ਤਰ੍ਹਾਂ ਦੀ ਵਰਤੋਂ ਨੇ ਇਸ ਨੂੰ ਹਰੇਕ ਸਭਿਅਤਾ ਅਤੇ ਸਮੇਂ ਦੇ ਆਮ ਲੋਕਾਂ ਅਤੇ ਫ਼ੌਜੀਆਂ ਵਿਚ ਮਸ਼ਹੂਰ ਬਣਾ ਦਿੱਤਾ। ਅਫ਼ਰੀਕਾ, ਏਸ਼ੀਆ ਅਤੇ ਯੂਰਪੀ ਕਿਸਮਾਂ ਦੇ ਖੰਜਰਾਂ ਦੇ ਅਣਗਿਣਤ ਭੰਡਾਰ ਹਨ ਜਿਨ੍ਹਾਂ ਦੇ ਨਾਂ ਸੁਖਾਲੇ ਹੀ ਇਕ ਸੂਚੀ ਵਿਚ ਨਹੀਂ ਦਿੱਤੇ ਜਾ ਸਕਦੇ। ਇਨ੍ਹਾਂ ਵਿਚ ਉੱਚੇ ਨੀਵੇਂ ਫਲ ਵਾਲੀ ਮਲਾਇਨ ਕਰਿਸ, ਗੋਰਖੇ ਦੀ ਖੁਖਰੀ, ਹਿੰਦੂ ਕਟਾਰ ਆਦਿ ਸ਼ਾਮਲ ਹਨ। ਮਿਲਟਰੀ ਵਿਚ ਵਰਤੇ ਜਾਂਦੇ ਖੰਜਰਾਂ ਵਿਚ ਮਸਕੀਟੀਅਰ ਦਾ ਖੰਜਰ ਜੋ ਬਾਅਦ ਵਿਚ ਸੰਗੀਨ ਦੀ ਸ਼ਕਲ ਵਿਚ ਵਿਕਸਿਤ ਹੋਇਆ ਅਤੇ ਤੋਪਖ਼ਾਨੇ ਦਾ ਸਟੀਲਟੋ ਜਿਸ ਦੇ ਸਕੇਲ ਫਲ ਉੱਤੇ ਖੁਣੇ ਹੁੰਦੇ ਹਨ ਅਤੇ ਸੰਸਾਰ ਦੀ ਪਹਿਲੀ ਅਤੇ ਦੂਜੀ ਜੰਗ ਦੌਰਾਨ ਵਰਤੇ ਗਏ ਕਈ ਤਰ੍ਹਾਂ ਦੇ ਚਾਕੂ ਵੀ ਸ਼ਾਮਲ ਹਨ।
ਹ. ਪੁ.– ਐਨ. ਬ੍ਰਿ. 6 : 993
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੰਜਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੰਜਰ, (ਅਰਬੀ : ਖੰਜਰ ) \ ਇਸਤਰੀ ਲਿੰਗ : ਇੱਕ ਪਰਕਾਰ ਦਾ ਹਥਿਆਰ ਜੋ ਵੱਡੇ ਛੁਰੇ ਵਰਗਾ ਹੁੰਦਾ ਹੈ, ਪੇਸ਼- ਕਬਜ਼, ਕਟਾਰ, ਦੋਧਾਰੀ ਛੁਰੀ (ਲਾਗੂ ਕਿਰਿਆ : ਮਾਰਨਾ)
–ਖੰਜਰ ਚਲਾਉਣਾ, ਕਿਰਿਆ ਸਮਾਸੀ : ਕਟਾਰ ਨਾਲ ਲੜਨਾ, ਖੰਜਰ ਨਾਲ ਮਾਰਨਾ, ਕਟਾਰ ਨਾਲ ਕਤਲ ਕਰਨਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-05-03-03-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First