ਖੜਕ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੜਕ ਸਿੰਘ. ਦੇਖੋ, ਖਰਗ ਸਿੰਘ ਅਤੇ ਖੜਗ ਸਿੰਘ। ੨ ਦੇਖੋ, ਕਪੂਰਥਲਾ ਅਤੇ ਰਣਜੀਤ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੜਕ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੜਕ ਸਿੰਘ: ਭਾਈ ਮਹਾਰਾਜ ਸਿੰਘ (ਅ.ਚ. 1856) ਦਾ ਇਕ ਨਜ਼ਦੀਕੀ ਸਾਥੀ ਅਤੇ 1848-49 ਦੇ ਪ੍ਰਸਿੱਧ ਅੰਗਰੇਜ਼-ਵਿਰੋਧੀ ਵਿਦਰੋਹ ਦਾ ਦਰਵੇਸ਼ ਨੇਤਾ ਸੀ। ਇਸ ਦੇ ਮੁਢਲੇ ਜੀਵਨ ਬਾਰੇ ਸਿਵਾਏ ਇਸ ਤੋਂ ਕਿ ਇਹ ਜੱਟ ਸਿੱਖ ਪਰਵਾਰ ਨਾਲ ਸੰਬੰਧਿਤ ਸੀ, ਹੋਰ ਕੁਝ ਵੀ ਜਾਣਕਾਰੀ ਪ੍ਰਾਪਤ ਨਹੀਂ ਹੈ। ਇਹ ਹੁਸ਼ਿਆਰਪੁਰ ਜ਼ਿਲੇ ਦੇ ਸ਼ਾਮ ਚੁਰਾਸੀ ਕਸਬੇ ਕੋਲ 28-29 ਦਸੰਬਰ 1849 ਦੀ ਰਾਤ ਨੂੰ ਭਾਈ ਮਹਾਰਾਜ ਸਿੰਘ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦੋਂ ਸਰਕਾਰ ਨੇ ਭਾਈ ਮਹਾਰਾਜ ਸਿੰਘ ਨੂੰ ਦੇਸ-ਨਿਕਾਲਾ ਦਿੰਦੇ ਹੋਏ ਸਿੰਘਾਪੁਰ ਭੇਜਣ ਦਾ ਫ਼ੈਸਲਾ ਕੀਤਾ ਤਾਂ ਖੜਕ ਸਿੰਘ ਨੇ ਵੀ ਉਹਨਾਂ ਨਾਲ ਜਾਣ ਦੀ ਪੇਸ਼ਕਸ਼ ਕੀਤੀ। ਅੰਗਰੇਜ਼ ਫ਼ੌਜ ਦੀ ਸੁਰੱਖਿਆ ਹੇਠ ਦੋਵਾਂ ਨੂੰ ਬਾਹਰ ਭੇਜਣ ਲਈ ‘ਮੁਹੰਮਦ ਸ਼ਾਹ ’ ਨਾਮੀ ਸਮੁੰਦਰੀ ਜਹਾਜ਼ ‘ਤੇ ਚਾੜ੍ਹ ਦਿੱਤਾ ਗਿਆ ਜੋ ਕਲਕੱਤੇ ਤੋਂ 15 ਮਈ 1850 ਨੂੰ ਰਵਾਨਾ ਹੋਇਆ। ਇਹਨਾਂ ਦੀਆਂ ਬੇੜੀਆਂ ਪਹਿਲੀ ਵਾਰ ਉਦੋਂ ਖੋਲ੍ਹੀਆਂ ਗਈਆਂ ਜਦੋਂ ਜਹਾਜ਼ ਸਮੁੰਦਰ ਦੇ ਵਿਚਕਾਰ ਚੱਲਾ ਗਿਆ। ਖੜਕ ਸਿੰਘ ਨੇ ਆਪਣੇ ਨੇਤਾ ਦੀ, 5 ਜੁਲਾਈ 1856 ਨੂੰ ਸੁਰਗਵਾਸ ਹੋ ਜਾਣ ਤਕ , ਸ਼ਰਧਾ ਨਾਲ ਸੇਵਾ ਕੀਤੀ। ਖੜਕ ਸਿੰਘ ਨੂੰ ਕੁਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ ਪਰ ਉਸ ਨੂੰ ਭਾਰਤ ਪਰਤਣ ਦੀ ਆਗਿਆ ਨਾ ਦਿੱਤੀ ਗਈ।
ਲੇਖਕ : ਮ.ਲ.ਅ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਖੜਕ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੜਕ ਸਿੰਘ : ਇਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਲੜਕਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬੀਮਾਰੀ ਦੌਰਾਨ ਆਪਣੇ ਸਾਰੇ ਸਰਦਾਰਾਂ ਤੇ ਦਰਬਾਰੀਆਂ ਦੇ ਸਾਹਮਣੇ ਇਸ ਨੂੰ ਰਾਜ-ਤਿਲਕ ਦੇ ਕੇ ਰਾਜ-ਪ੍ਰਬੰਧ ਇਸ ਦੇ ਹੱਥ ਵਿਚ ਸੌਂਪ ਦਿੱਤਾ ਅਤੇ ਰਾਜਾ ਧਿਆਨ ਸਿੰਘ ਨੂੰ ਇਸ ਦਾ ਵਜ਼ੀਰ ਥਾਪਦਿਆਂ ਹੋਇਆ ਇਸਦੇ ਸਾਧੂ ਸੁਭਾਅ ਕਾਰਨ ਇਸ ਦੀ ਬਾਂਹ ਧਿਆਨ ਸਿੰਘ ਦੇ ਹੱਥ ਫੜਾਉਂਦੇ ਹੋਏ ਇਸ਼ਾਰੇ ਨਾਲ ਕਿਹਾ ਕਿ ਇਸ ਨੂੰ ਮੇਰੀ ਥਾਂ ਤੇ ਸਮਝਣਾ, ਇਸ ਦੇ ਮੰਦੇ-ਚੰਗੇ ਦੇ ਰਖਵਾਲੇ ਰਹਿਣਾ।
ਪਰੰਤੂ ‘ਮਨੁੱਖ ਦੀ ਮਾਇਆ ਅਤੇ ਬ੍ਰਿਛ ਦੀ ਛਾਇਆ ਉਸ ਦੇ ਨਾਲ ਹੀ ਹੁੰਦੀ ਹੈ’ ਵਾਲੀ ਗੱਲ ਹੋਈ। ਲਾਹੌਰ ਦਰਬਾਰ ਨੇ ਜਿਹੜੀ ਤਰੱਕੀ ਸ਼ੇਰੇ ਪੰਜਾਬ ਵੇਲੇ ਕੀਤੀ ਸੀ, ਉਹ ਮਹਾਰਾਜਾ ਸਾਹਿਬ ਦੇ ਨਾਲ ਹੀ ਖਤਮ ਹੋ ਗਈੇ। ਉਹ ਢਾਹੂ ਸ਼ਕਤੀਆਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿਰ ਝੁਕਾਈ ਬੈਠੀਆਂ ਸਨ, ਪਰਗਟ ਹੋ ਗਈਆਂ ਅਤੇ ਉਨ੍ਹਾਂ ਨੇ ਰਾਜ ਵਿਚ ਆਪਾਧਾਪੀ ਮਚਾ ਦਿਤੀ। ਇਸ ਤਰ੍ਹਾਂ ਮਹਾਰਾਜਾ ਖੜਕ ਸਿੰਘ ਨੂੰ ਰਾਜ ਦੀ ਵਾਗ ਡੋਗ ਸੰਭਾਲਦਿਆਂ ਹੀ ਕਈ ਮੁਸ਼ਕਲਾਂ ਨੇ ਆ ਘੇਰਿਆ।
ਰਾਜਗੱਦੀ ਤੇ ਬੈਠਣ ਪਿੱਛੋਂ ਛੇ ਮਹੀਨੇ ਤੱਕ ਤਾਂ ਰਾਜ-ਪ੍ਰਬੰਧ ਬਿਲਕੁਲ ਠੀਕ ਚੱਲਿਆ, ਇਸ ਤੋਂ ਪਿੱਛੋਂ ਸਮੇਂ ਨੇ ਰੰਗ ਬਦਲਿਆ, ਹਰ ਇਕ ਦਿਲ ਵਿਚ ਫ਼ਸਾਦ ਤੇ ਝਗੜੇ ਨੇ ਘਰ ਕਰ ਲਿਆ। ਦਰਬਾਰ ਵਿਚ ਧੜੇ-ਬਾਜ਼ੀ ਅਤੇ ਇਕ ਦੂਜੇ ਦੇ ਵਿਰੁੱਧ ਸਾਜਸ਼ਾਂ ਦਾ ਚੱਕਰ ਚਲ ਪਿਆ। ਵਜ਼ੀਰ ਧਿਆਨ ਸਿੰਘ ਨੂੰ ਆਪਣੇ ਕੌਲ ਕਰਾਰ ਅਤੇ ਚੁੱਕੀਆਂ ਹੋਈਆਂ ਕਸਮਾਂ ਭੁੱਲ ਗਈਆਂ ਤੇ ਉਸ ਨੇ ਮਹਾਰਾਜੇ ਦੇ ਹਰ ਕੰਮ ਵਿਚ ਰੋਕ ਪਾਣੀ ਸ਼ੁਰੂ ਕਰ ਦਿੱਤੀ।
ਮਹਾਰਾਜਾ ਖੜਕ ਸਿੰਘ ਨੇ ਪਾਣੀ ਸਿਰ ਤੋਂ ਲੰਘਦਾ ਵੇਖਕੇ ਵਜ਼ੀਰ ਧਿਆਨ ਸਿੰਘ ਨੂੰ ਮਹਿਲਾਂ ਵਿਚ ਵੜਨ ਦੀ ਮਨਾਹੀ ਕਰ ਦਿੱਤੀ। ਦੂਜੇ ਪਾਸੇ ਧਿਆਨ ਸਿੰਘ ਨੇ ਹੁਣ ਗੱਲ ਗੱਲ ਵਿਚ ਮਹਾਰਾਜੇ ਦੀ ਸਿੱਧੀ ਵਿਰੋਧਤਾ ਸ਼ੁਰੂ ਕਰ ਦਿਤੀ। ਹੌਲੀ ਹੌਲੀ ਮਹਾਰਾਜੇ ਨੇ ਸਰਦਾਰ ਚੇਤ ਸਿੰਘ ਨਾਲ ਨੇੜਤਾ ਕਾਇਮ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਿਆਨ ਸਿੰਘ ਨੂੰ ਰਾਜ-ਪ੍ਰਬੰਧ ਤੋਂ ਦੂਰ ਰੱਖਣਾ ਸ਼ੁਰੂ ਕਰ ਦਿੱਤਾ।
ਧਿਆਨ ਸਿੰਘ ਵੀ ਚੁੱਪ ਬੈਠਣ ਵਾਲਾ ਨਹੀਂ ਸੀ। ਉਸ ਨੇ ਕੰਵਰ ਨੌਨਿਹਾਲ ਸਿੰਘ ਤੇ ਆਪਣੇ ਜਾਲ ਵਿਛਾਉਣੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਨਾਲ ਆਪਣੇ ਭਰਾ ਗੁਲਾਬ ਸਿੰਘ ਨੂੰ ਵੀ ਸ਼ਾਮਲ ਕਰ ਲਿਆ। ਕੰਵਰ ਨੌਨਿਹਾਲ ਸਿੰਘ ਤੇ ਉਸ ਦੀ ਮਾਤਾ ਦੇ ਕੰਨ ਭਰਕੇ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ। ਮਹਾਰਾਣੀ ਇਹ ਗੱਲ ਮੰਨ ਗਈ ਕਿ ਮੇਰੇ ਪਤੀ ਨੂੰ ਰਾਜ ਗੱਦੀ ਤੋਂ ਉਤਾਰ ਕੇ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਦਿੱਤਾ ਜਾਵੇ।
ਦੂਜੇ ਪਾਸੇ ਧਿਆਨ ਸਿੰਘ ਨੇ ਫ਼ੌਜ ਵਿਚ ਇਹ ਗੱਲ ਉਡਾ ਦਿਤੀ ਕਿ ਮਹਾਰਾਜਾ ਖੜਕ ਸਿੰਘ ਨੇ ਸਰਦਾਰ ਚੇਤ ਸਿੰਘ ਦੀ ਸਲਾਹ ਨਾਲ ਲਾਹੌਰ ਦਰਬਾਰ ਦੀ ਆਮਦਨ ਵਿਚੋਂ ਛੇ ਆਨੇ ਅੰਗਰੇਜ਼ਾਂ ਨੂੰ ਦੇਣੇ ਮੰਨ ਲਏ ਹਨ। ਅੱਵਲ ਤਾਂ ਇਸੇ ਨਾਲ ਨਹੀਂ ਤਾਂ ਅਗਲੇ ਸਾਲ ਇਨ੍ਹਾਂ ਨੂੰ ਤਖ਼ਤ ਤੋਂ ਵੱਖ ਕਰ ਦਿੱਤਾ ਜਾਵੇਗਾ। ਇਹ ਗੱਲ ਹਰ ਗਲੀ ਅਤੇ ਕੂਚੇ ਵਿਚ ਫੈਲ ਗਈ, ਘਰ ਘਰ ਵਿਚ ਇਸ ਦੀ ਚਰਚਾ ਹੋਣ ਲੱਗ ਪਈ। ਇਸ ਨਾਲ ਖਾਲਸਾ ਫ਼ੌਜ ਅਤੇ ਸਿੰਘ ਸਰਦਾਰ ਸੋਚਾਂ ਵਿਚ ਪੈ ਗਏ। ਇਸ ਦੀ ਪੁਸ਼ਟੀ ਕਰਨ ਲਈ ਧਿਆਨ ਸਿੰਘ ਨੇ ਕਈ ਝੂਠੀਆਂ ਚਿੱਠੀਆਂ ਸਰਦਾਰਾਂ ਨੂੰ ਵਿਖਾਈਆਂ।
ਇਕ ਦਿਨ ਸਵੇਰੇ, ਜਦੋਂ ਅਜੇ ਕੁਝ ਰਾਤ ਬਾਕੀ ਸੀ, ਧਿਆਨ ਸਿੰਘ ਕੰਵਰ ਨੌਨਿਹਾਲ ਸਿੰਘ ਨਾਲ ਮਹਾਰਾਜਾ ਖੜਕ ਸਿੰਘ ਦੇ ਕਮਰੇ ਵਿਚ ਵੜਿਆ ਅਤੇ ਉਨ੍ਹਾਂ ਨੇ ਚੇਤ ਸਿੰਘ ਨੂੰ ਕਤਲ ਕਰ ਦਿੱਤਾ। ਇਹ ਵੇਖ ਕੇ ਖੜਕ ਸਿੰਘ ਨੇ ਖੁਦ ਹੀ ਰਾਜ ਗੱਦੀ ਛੱਡ ਦਿੱਤੀ। ਧਿਆਨ ਸਿੰਘ ਅਤੇ ਚੰਦ ਕੌਰ ਨੇ ਕੰਵਰ ਨੌਨਿਹਾਲ ਸਿੰਘ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ।
5 ਨਵੰਬਰ, 1840 ਨੂੰ ਇਸ ਦੀ ਮੌਤ ਹੋ ਗਈ।
ਹ. ਪੁ.– ਮ. ਕੋਸ਼ 275; ਸਮਸ਼ੇਰ ਖਾਲਸਾ-ਕ੍ਰਿਤ ਭਾਈ ਗਿਆਨ ਸਿੰਘ; 398-405-406-407
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First