ਕੰਪਿਊਟਰ ਵਾਈਰਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer Virus

ਕੰਪਿਊਟਰ ਵਾਈਰਸ ਜੈਵਿਕ ਵਾਈਰਸ ਦੀ ਤਰ੍ਹਾਂ ਅਸਰ ਵਿਖਾਉਂਦੇ ਹਨ। ਇਹ ਕੁਝ ਸਾਫਟਵੇਅਰ ਪ੍ਰੋਗਰਾਮ ਹੁੰਦੇ ਹਨ ਜਿਨ੍ਹਾਂ ਦਾ ਪੁਨਰ ਜਨਮ ਹੁੰਦਾ ਰਹਿੰਦਾ ਹੈ ਤੇ ਇਹ ਆਪਣੇ ਆਪ ਵਧਦੇ ਰਹਿੰਦੇ ਹਨ। ਕੰਪਿਊਟਰ ਵਾਈਰਸ ਕੰਪਿਊਟਰ ਦੇ ਆਮ ਕੰਮ-ਕਾਜ ਵਿੱਚ ਕਈ ਤਰੀਕਿਆਂ ਨਾਲ ਵਿਘਨ ਪਾ ਸਕਦੇ ਹਨ। ਕੁਝ ਵਾਈਰਸ ਸਕਰੀਨ ਉੱਤੇ ਸਿਰਫ਼ ਸੰਦੇਸ਼ ਹੀ ਦਿਖਾਉਂਦੇ ਹਨ। ਕੁਝ ਚੁੱਪ-ਚਾਪ ਤੁਹਾਡੇ ਪੀਸੀ ਨੂੰ ਅੰਦਰ ਹੀ ਅੰਦਰ ਬਿਮਾਰ ਕਰ ਕੇ ਧੀਮਾ ਕਰ ਦਿੰਦੇ ਹਨ। ਇਹ ਕੰਪਿਊਟਰ ਵਿਚਲੀਆਂ ਫਾਈਲਾਂ ਨੂੰ ਬਦਲ ਸਕਦੇ ਹਨ ਜਿਸ ਕਾਰਨ ਕੰਪਿਊਟਰ ਦੇ ਪ੍ਰੋਗਰਾਮ ਉਚਿਤ ਢੰਗ ਨਾਲ ਕੰਮ ਨਹੀਂ ਕਰ ਸਕਦੇ। ਇਹ ਕੁਝ ਫਾਈਲਾਂ ਨੂੰ ਹਟਾ ਸਕਦੇ ਹਨ, ਫ਼ਲੌਪੀ ਜਾਂ ਹਾਰਡ ਡਿਸਕ ਵਿਚਲੇ ਅੰਕੜਿਆਂ ਨੂੰ ਮਿਟਾ ਸਕਦੇ ਹਨ ਤੇ ਸਮੁੱਚੀ ਪ੍ਰਣਾਲੀ ਨੂੰ ਕ੍ਰੈਸ਼ (ਖ਼ਰਾਬ) ਕਰ ਸਕਦੇ ਹਨ। ਵਾਈਰਸ ਕੰਪਿਊਟਰ ਹਾਰਡਵੇਅਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।

ਵਾਈਰਸ ਦੀਆਂ ਨਿਸ਼ਾਨੀਆਂ

ਜਦੋਂ ਤੁਹਾਡੇ ਕੰਪਿਊਟਰ ਵਿੱਚ ਵਾਈਰਸ ਦਾਖ਼ਲ ਹੁੰਦਾ ਹੈ ਤਾਂ ਇਹ ਕੁੱਝ ਨਿਸ਼ਾਨੀਆਂ ਜਾਂ ਚਿੰਨ੍ਹ ਦਿਖਾਉਂਦਾ ਹੈ। ਵਾਈਰਸ ਦੀ ਪੁਸ਼ਟੀ ਨੂੰ ਦਰਸਾਉਂਦੀਆਂ ਕੁਝ ਮਹੱਤਵਪੂਰਨ ਨਿਸ਼ਾਨੀਆਂ ਇਸ ਪ੍ਰਕਾਰ ਹਨ:

1. ਜੇਕਰ ਤੁਹਾਡੇ ਕੰਪਿਊਟਰ ਦੀ ਸਕਰੀਨ ਉੱਪਰ ਸੁਨੇਹਾ ਜਿਵੇਂ ਕਿ Happy birthday ਆਉਣਾ ਸ਼ੁਰੂ ਹੋ ਜਾਵੇ।   

2. ਜੇ ਤੁਹਾਡੀ ਹਾਰਡ ਡਿਸਕ ਦੀਆਂ ਵੱਖ-ਵੱਖ ਡਰਾਈਵਜ਼ ਸਹੀ ਤਰੀਕੇ ਨਾਲ ਖੁਲ੍ਹ ਨਹੀਂ ਰਹੀਆਂ।

3. ਜੇਕਰ ਕੁਝ ਪ੍ਰੋਗਰਾਮਾਂ ਨੂੰ ਚਾਲੂ ਕਰਨ ਜਾਂ ਬੰਦ ਕਰਨ ਲਈ ਅਚਾਨਕ ਸਮਾਂ ਵੱਧ ਜਾਵੇ।

4. ਜੇਕਰ ਸਮੁੱਚੀ ਕੰਪਿਊਟਰ ਪ੍ਰਣਾਲੀ ਦੀ ਰਫ਼ਤਾਰ ਧੀਮੀ ਪੈ ਜਾਵੇ।

5. ਜੇਕਰ ਅਚਾਨਕ ਪ੍ਰੋਗਰਾਮਾਂ ਜਾਂ ਸਿਸਟਮ ਫਾਈਲਾਂ ਦਾ ਅਕਾਰ ਬਦਲ ਜਾਵੇ।

6. ਜੇਕਰ ਕੰਪਿਊਟਰ ਵਿਚਲੀਆਂ ਫਾਈਲਾਂ ਦੇ ਨਾਮ ਬਦਲੇ ਹੋਏ ਨਜ਼ਰ ਆਉਣ ਜਾਂ ਕੁਝ ਪ੍ਰੋਗਰਾਮ ਜਾਂ ਡਾਇਰੈਕਟਰੀਆਂ ਡਿਸਕ ਉੱਤੇ ਨਜ਼ਰ ਨਾ ਆ ਰਹੀਆਂ ਹੋਣ

7. ਜੇ ਕੀਬੋਰਡ ਤੇ ਕਲਿੱਕ ਕਰਨ ਦੀ ਆਵਾਜ਼ ਉਤਪੰਨ ਹੋਵੇ।

8. ਜੇਕਰ ਕੰਪਿਊਟਰ ਬੂਟ ਨਾ ਹੋ ਰਿਹਾ ਹੋਵੇ।

9. ਜੇਕਰ ਪ੍ਰੋਗਰਾਮ ਜਾਂ ਡਾਟਾ ਫਾਈਲਾਂ ਖ਼ਤਮ ਹੋ ਜਾਣ ਜਾਂ ਭਿੜ (Corrupt ਹੋ) ਜਾਣ।

10. ਜੇ ਹਾਰਡ ਡਿਸਕ ਡਰਾਈਵ ਜਾਂ ਫ਼ਲੌਪੀ ਡਰਾਈਵ ਦੀ ਛੋਟੀ ਬੱਤੀ ਜੱਗ-ਬੁੱਝ ਰਹੀ ਹੋਵੇ।

11. ਜੇਕਰ ਤੁਹਾਡੀ ਪੈੱਨ ਡਰਾਈਵ ਖੁੱਲ੍ਹ ਨਾ ਰਹੀ ਹੋਵੇ।

12. ਜੇਕਰ ਕੰਪਿਊਟਰ ਕੁਝ ਵਿਸ਼ੇਸ਼ ਨਾਮ ਵਾਲੀਆਂ ਫਾਈਲਾਂ ਆਪਣੇ-ਆਪ ਬਣਾਉਣੀਆਂ ਸ਼ੁਰੂ ਕਰ ਦੇਵੇ। ਜੇਕਰ ਉਕਤ ਵਿੱਚੋਂ ਤੁਹਾਡੇ ਕੰਪਿਊਟਰ ਵਿੱਚ ਕੋਈ ਨਿਸ਼ਾਨੀ ਨਜ਼ਰ ਆ ਰਹੀ ਹੋਵੇ ਤਾਂ ਸਮਝੋ ਕਿ ਤੁਹਾਡੇ ਕੰਪਿਊਟਰ ਵਿੱਚ ਵਾਈਰਸ ਆ ਗਿਆ ਹੈ। ਇਸ ਨਾਲ ਤੁਹਾਡਾ ਬੜੀ ਮਿਹਨਤ ਨਾਲ ਤਿਆਰ ਕੀਤਾ ਡਾਟਾ ਨਸ਼ਟ ਹੋ ਸਕਦਾ ਹੈ। ਇਸ ਤੋਂ ਬਚਣ ਦਾ ਇਕੋ-ਇਕ ਤਰੀਕਾ ਹੈ- ਐਂਟੀ ਵਾਈਰਸ (Anti Virus) ਪ੍ਰੋਗਰਾਮ ਦੀ ਵਰਤੋਂ

ਐਂਟੀ ਵਾਈਰਸ (Anti Virus)

ਕੰਪਿਊਟਰ ਨੂੰ ਵਾਈਰਸ ਦੇ ਹਮਲੇ ਤੋਂ ਬਚਾਉਣ ਲਈ ਕੁਝ ਪ੍ਰੋਗਰਾਮ ਬਣਾਏ ਗਏ ਹਨ। ਇਹਨਾਂ ਪ੍ਰੋਗਰਾਮਾਂ ਨੂੰ ਐਂਟੀ ਵਾਈਰਸ ਪ੍ਰੋਗਰਾਮ ਕਿਹਾ ਜਾਂਦਾ ਹੈ। ਐਂਟੀ ਵਾਈਰਸ ਮੈਮਰੀ , ਸਟੋਰੇਜ ਉਪਕਰਨ ਅਤੇ ਕੰਪਿਊਟਰ ਵਿੱਚ ਡਾਊਨਲੋਡ ਕੀਤੀ/ਪਾਈ ਜਾਣ ਵਾਲੀ ਕਿਸੇ ਫਾਈਲ ਵਿੱਚੋਂ ਵਾਈਰਸ ਨੂੰ ਪਛਾਣਦੇ ਹਨ ਤੇ ਉਸ ਨੂੰ ਨਸ਼ਟ ਕਰਨ ਦਾ ਕੰਮ ਕਰਦੇ ਹਨ। ਅੱਜ-ਕੱਲ੍ਹ ਐਂਟੀ ਵਾਈਰਸ ਪ੍ਰੋਗਰਾਮ ਨਵੇਂ ਕੰਪਿਊਟਰਾਂ (ਖ਼ਾਸ ਕਰਕੇ ਲੈਪਟਾਪ) ਦੇ ਨਾਲ ਹੀ ਉਪਲਬਧ ਕਰਵਾਏ ਜਾਂਦੇ ਹਨ।

ਐਂਟੀ ਵਾਈਰਸ ਉਹਨਾਂ ਪ੍ਰੋਗਰਾਮਾਂ ਨੂੰ ਪਕੜਦਾ (ਸਕੈਨ ਕਰਦਾ) ਹੈ ਜੋ ਬੂਟ ਪ੍ਰੋਗਰਾਮ, ਓਪਰੇਟਿੰਗ ਸਿਸਟਮ ਅਤੇ ਹੋਰਨਾਂ ਪ੍ਰੋਗਰਾਮਾਂ ਨੂੰ ਬਦਲਣ ਦਾ ਯਤਨ ਕਰਦੇ ਹਨ। ਐਂਟੀ ਵਾਈਰਸ ਉਹਨਾਂ ਫਾਈਲਾਂ/ਫੋਲਡਰਾਂ ਨੂੰ ਵੀ ਸਕੈਨ ਕਰਦਾ ਹੈ ਜੋ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰਦੇ ਹੋ ਜਾਂ ਫ਼ਲੌਪੀ ਡਿਸਕ , ਸੀਡੀ , ਡੀਵੀਡੀ ਜਾਂ ਪੈੱਨ ਡਰਾਈਵ ਰਾਹੀਂ ਪ੍ਰਾਪਤ ਕਰਦੇ ਹੋ।

ਐਂਟੀ ਵਾਈਰਸ ਪ੍ਰੋਗਰਾਮ ਵਾਈਰਸ ਦੀ ਪਛਾਣ ਉਸ ਵਾਈਰਸ ਦੇ ਲੱਛਣ ਦੇਖ ਕੇ ਕਰਦੇ ਹਨ ਜਿਨ੍ਹਾਂ ਨੂੰ ਵਾਈਰਸ ਸਿਗਨੇਚਰ ਜਾਂ ਵਾਈਰਸ ਡੈਫੀਨੇਸ਼ਨ ਕਿਹਾ ਜਾਂਦਾ ਹੈ। ਇਸ ਲਈ ਕਿਸੇ ਨਵੇਂ ਵਾਈਰਸ ਪ੍ਰੋਗਰਾਮ ਦੀ ਸਿਗਨੇਚਰ ਫਾਈਲ ਨੂੰ ਪੜ੍ਹਨ ਲਈ ਤੁਹਾਡੇ ਐਂਟੀ ਵਾਈਰਸ ਪ੍ਰੋਗਰਾਮ ਦਾ ਅੱਪਡੇਟ ਹੋਣਾ ਬਹੁਤ ਜ਼ਰੂਰੀ ਹੈ। ਕਈ ਐਂਟੀ ਵਾਈਰਸ ਪ੍ਰੋਗਰਾਮ ਨੈੱਟ ਨਾਲ ਜੁੜੇ ਹੋਣ ਦੀ ਸੂਰਤ ਵਿੱਚ ਇਕ ਨਿਰਧਾਰਿਤ ਅੰਤਰਾਲ ਮਗਰੋਂ ਆਪਣੇ-ਆਪ ਅੱਪਡੇਟ ਹੁੰਦੇ ਰਹਿੰਦੇ ਹਨ।

ਜਦੋਂ ਕੋਈ ਐਂਟੀ ਵਾਈਰਸ ਪ੍ਰੋਗਰਾਮ ਕਿਸੇ ਵਾਈਰਸ ਪ੍ਰਭਾਵਿਤ ਫਾਈਲ ਨੂੰ ਪਛਾਣ ਲੈਂਦਾ ਹੈ ਤਾਂ ਉਹ ਉਸ ਦੇ ਵਾਈਰਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਉਹ ਵਾਈਰਸ ਨਸ਼ਟ ਕਰਨ 'ਚ ਅਸਮਰੱਥ ਹੋ ਜਾਵੇ ਤਾਂ ਸੰਬੰਧਿਤ ਖ਼ਰਾਬ/ਪ੍ਰਭਾਵਿਤ ਫਾਈਲ ਨੂੰ ਹੋਰਨਾਂ ਫਾਈਲਾਂ ਨਾਲੋਂ ਅਲੱਗ ਕਰ ਦਿੰਦਾ ਹੈ ਜਿਸ ਨੂੰ ਕੁਆਰਨ-ਟੀਨਜ਼ ਕਿਹਾ ਜਾਂਦਾ ਹੈ। ਕਈ ਐਂਟੀ ਵਾਈਰਸ ਪ੍ਰੋਗਰਾਮ ਵਾਈਰਸ ਪ੍ਰਭਾਵਿਤ ਫਾਈਲਾਂ ਪ੍ਰੋਗਰਾਮਾਂ ਨੂੰ ਹਟਾਉਣ (ਰਿਮੂਵ) ਜਾਂ ਮੁਰੰਮਤ (ਰਿਪੇਅਰ) ਕਰਨ ਦਾ ਕੰਮ ਵੀ ਕਰਦੇ ਹਨ।

ਜੇਕਰ ਤੁਹਾਡੇ ਕੰਪਿਊਟਰ ਵਿੱਚ ਕੋਈ ਘਾਤਕ ਵਾਈਰਸ ਦਾਖ਼ਲ ਹੋ ਗਿਆ ਹੈ ਤੇ ਉਹ ਐਂਟੀ ਵਾਈਰਸ ਪ੍ਰੋਗਰਾਮ ਦੇ ਚਲਾਇਆਂ ਵੀ ਨਸ਼ਟ ਨਹੀਂ ਹੋ ਰਿਹਾ ਤਾਂ ਜ਼ਰੂਰੀ ਹੈ ਕਿ ਕੋਈ ਵਧੀਆ ਐਂਟੀ ਵਾਈਰਸ ਪ੍ਰੋਗਰਾਮ ਪਾ ਕੇ ਉਸ ਨੂੰ ਅੱਪਡੇਟ ਕਰ ਲਵੋ ਤੇ ਫਿਰ ਸਕੈਨ ਕਰੋ। ਜੇਕਰ ਫਿਰ ਵੀ ਸਮੱਸਿਆ ਹੱਲ ਨਾ ਹੋਵੇ ਤਾਂ ਹਾਰਡ ਡਿਸਕ ਨੂੰ ਫਾਰਮੈਟ ਕਰਨਾ ਹੀ ਇਸ ਦਾ ਇਕੋ-ਇਕ ਹੱਲ ਹੈ। ਪਰ ਇਹ ਕੰਮ ਬਹੁਤ ਹੀ ਗੰਭੀਰ ਹਾਲਤਾਂ ਵਿੱਚ ਹੀ ਕਰਨਾ ਚਾਹੀਦਾ ਹੈ।

ਅੱਜ ਕੱਲ੍ਹ ਜ਼ਿਆਦਾਤਰ ਵਾਈਰਸ ਪੈੱਨ ਡਰਾਈਵ ਜਾਂ ਇੰਟਰਨੈੱਟ ਦੀ ਵਰਤੋਂ ਕਾਰਨ ਫੈਲ ਰਹੇ ਹਨ। ਇਸ ਲਈ ਦੂਸਰੇ ਦੀ ਪੈੱਨ ਡਰਾਈਵ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਜੇਕਰ ਪੈੱਨ ਡਰਾਈਵ ਦਾ ਇਸਤੇਮਾਲ ਕਰਨਾ ਵੀ ਪਵੇ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਕੈਨ ਕਰ ਲਓ। ਇੰਟਰਨੈੱਟ ਤੋਂ ਵਾਈਰਸ ਦੇ ਖ਼ਤਰੇ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਤੁਸੀਂ ਸਿਰਫ਼ ਭਰੋਸੇਯੋਗ ਵਿਅਕਤੀਆਂ ਦੁਆਰਾ ਭੇਜੀ ਈ-ਮੇਲ ਅਟੈਚਮੈਂਟ ਹੀ ਖੋਲ੍ਹੋ ਤੇ ਅਣ-ਪਛਾਤੀਆਂ ਵੈੱਬਸਾਈਟਾਂ ਦੀ ਫਰੋਲਾ-ਫਰੋਲੀ ਘੱਟ ਤੋਂ ਘੱਟ ਕਰੋ।

ਕਈ ਹਾਲਤਾਂ ਵਿੱਚ ਸਾਡੇ ਕੰਪਿਊਟਰ ਵਿੱਚ ਉੱਚ ਮਿਆਰ ਵਾਲਾ ਐਂਟੀ ਵਾਈਰਸ ਪ੍ਰੋਗਰਾਮ ਇੰਸਟਾਲ ਹੁੰਦਾ ਹੈ ਪਰ ਫਿਰ ਵੀ ਸਾਡਾ ਕੰਪਿਊਟਰ ਵਾਈਰਸ ਪ੍ਰਭਾਵਿਤ ਹੋ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕੰਪਿਊਟਰ ਵਾਈਰਸ ਬਣਾਉਣ ਵਾਲੇ ਜਾਣਕਾਰ ਹਰ ਰੋਜ ਕਿਸੇ ਨਵੀਂ ਤਕਨੀਕ ਵਾਲੇ ਨਵੇਂ ਵਾਈਰਸ ਦੀ ਖੋਜ ਵਿੱਚ ਲੱਗੇ ਹੋਏ ਹਨ। ਸੋ ਇੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਇੰਟਰਨੈੱਟ ਦੀ ਬਦੌਲਤ ਅਸੀਂ ਆਪਣੇ ਐਂਟੀ ਵਾਈਰਸ ਪ੍ਰੋਗਰਾਮ ਨੂੰ ਬਕਾਇਦਾ ਅੱਪਡੇਟ ਕਰਦੇ ਰਹੀਏ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.