ਕੰਪਿਊਟਰ ਵਰਤਣ ਸਮੇਂ ਸਾਵਧਾਨੀਆਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Precautions while working with Computer

ਜੇਕਰ ਤੁਸੀਂ ਕੰਪਿਊਟਰ ਤੋਂ ਲੰਬੇ ਸਮੇਂ ਤੱਕ ਸਹੀ ਤਰੀਕੇ ਨਾਲ ਕੰਮ ਲੈਣਾ ਚਾਹੁੰਦੇ ਹੋ ਤਾਂ ਇਸ ਦੀ ਸੁਚੱਜੀ ਵਰਤੋਂ ਅਤੇ ਰੱਖ-ਰਖਾਅ ਬਹੁਤ ਜ਼ਰੂਰੀ ਹੈ

ਅਜੋਕੇ ਕੰਪਿਊਟਰਾਂ ਨਾਲ ਗ੍ਰੀਨ ਕੰਪਿਊਟਰਾਂ ਦੀ ਧਾਰਨਾ ਵੀ ਜੁੜ ਗਈ ਹੈ। ਜਿਨ੍ਹਾਂ ਕੰਪਿਊਟਰਾਂ ਦੇ ਮੌਨੀਟਰਾਂ ਤੋਂ ਘੱਟ ਤੋਂ ਘੱਟ ਹਾਨੀਕਾਰਕ ਵਿਕਰਨ ਨਿਕਲਣ, ਉਹ ਬਿਜਲੀ ਘੱਟ ਖ਼ਰਚਦੇ ਹੋਣ , ਨਕਾਰਾ ਹੋਣ ਉਪਰੰਤ ਉਨ੍ਹਾਂ ਨੂੰ ਬਿਨਾਂ ਵਾਤਾਵਰਨ ਪ੍ਰਭਾਵਿਤ ਕੀਤੇ ਮੁੜ ਵਰਤੋਂ 'ਚ ਲਿਆਂਦਾ ਜਾ ਸਕੇ , ਨੂੰ ਗ੍ਰੀਨ ਕੰਪਿਊਟਰਾਂ ਦਾ ਨਾਮ ਦਿੱਤਾ ਗਿਆ ਹੈ। ਇਸ ਲਈ ਬਿਜਲੀ ਦੀ ਬਚਤ, ਮਾਰੂ ਵਿਕਰਨਾਂ ਤੋ ਬਚਣ ਅਤੇ ਵਧੀਆ ਮਿਆਰ ਵਾਲੇ ਨਤੀਜੇ ਪ੍ਰਾਪਤ ਕਰਨ ਦਾ ਇਕੋ-ਇਕ ਉਪਾਅ ਹੈ- ਐਲਸੀਡੀ ਜਾਂ ਫਲੈਟ ਮੌਨੀਟਰਾਂ ਦੀ ਵਰਤੋਂ। ਸਧਾਰਨ ਸੀਆਰਟੀ ਮੌਨੀਟਰਾਂ ਦੇ ਮੁਕਾਬਲੇ ਭਾਵੇਂ ਇਹ ਕਾਫ਼ੀ ਮਹਿੰਗੇ ਹੁੰਦੇ ਹਨ ਪਰ ਜਿੱਥੋਂ ਤੱਕ ਹੋ ਸਕੇ ਅਜਿਹੇ ਮੌਨੀਟਰਾਂ ਨੂੰ ਹੀ ਤਰਜੀਹ ਦੇਵੋ। ਹਾਂ, ਜੇਕਰ ਤੁਸੀਂ ਸੀਆਰਟੀ ਮੌਨੀਟਰ ਵਰਤ ਰਹੇ ਹੋ ਤਾਂ ਬਾਜ਼ਾਰ ਵਿੱਚੋਂ ਮਿਲਣ ਵਾਲੇ ਵਿਭਿੰਨ ਪ੍ਰਕਾਰ ਦੇ ਪਾਵਰ ਮੈਨੇਜਮੈਂਟ ਸਾਫਟਵੇਅਰਾਂ ਦੀ ਮਦਦ ਨਾਲ ਤੁਸੀਂ ਬਿਜਲੀ ਦੀ ਬੱਚਤ ਕਰ ਸਕਦੇ ਹੋ।

ਕੰਪਿਊਟਰ ਦੀ ਵਰਤੋਂ ਸਮੇਂ ਕੁਝ ਧਿਆਨ ਰੱਖਣਯੋਗ ਗੱਲਾਂ :

1. ਕੰਪਿਊਟਰ ਨੂੰ ਇਕ ਸਾਫ਼ ਸੁਥਰੇ ਤੇ ਹਵਾਦਾਰ ਕਮਰੇ ਵਿੱਚ ਲਗਾਓ। ਕੰਪਿਊਟਰ ਨੂੰ ਧੂੜ-ਘੱਟੇ, ਸੂਰਜ ਦੀ ਸਿੱਧੀ ਰੋਸ਼ਨੀ ਅਤੇ ਸਲ੍ਹਾਬ ਆਦਿ ਤੋਂ ਦੂਰ ਰੱਖੋ

2. ਕੰਪਿਊਟਰ ਦੀ ਅੰਦਰੂਨੀ ਅਤੇ ਬਾਹਰੀ ਸਫ਼ਾਈ ਦਾ ਪੂਰਾ ਧਿਆਨ ਰੱਖੋ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਕੰਪਿਊਟਰ ਦੀ ਬਾਹਰੀ ਸਫ਼ਾਈ ਜਿਵੇਂ ਕੀਬੋਰਡ , ਮਾਊਸ , ਮਾਊਸ ਪੈਡ , ਮੌਨੀਟਰ ਦੀ ਸਕਰੀਨ, ਸੀਪੀਯੂ ਦੇ ਸਾਹਮਣੇ ਵਾਲਾ ਭਾਗ ਆਦਿ ਤਾਂ ਬਕਾਇਦਾ ਸਾਫ਼ ਕਰਦੇ ਰਹਿੰਦੇ ਹਨ ਪਰ ਕੰਪਿਊਟਰ (ਪ੍ਰੋਸੈਸਰ) ਦੇ ਪਿੱਛੇ ਜਾਂ ਸੀਪੀਯੂ ਕੈਬਿਨੇਟ ਦੇ ਅੰਦਰ ਦੀ ਸਫ਼ਾਈ ਵੱਲ ਕਦੇ ਧਿਆਨ ਨਹੀਂ ਦਿੰਦੇ। ਤਿੰਨ ਚਾਰ ਮਹੀਨਿਆਂ ਮਗਰੋਂ ਸੀਪੀਯੂ ਦੀ ਕੈਬਿਨੇਟ ਨੂੰ ਖੋਲ੍ਹ ਕੇ ਇਸਦੇ ਅੰਦਰ ਦੀ ਸਫ਼ਾਈ ਕਰ ਲੈਣੀ ਚਾਹੀਦੀ ਹੈ।

3. ਕੰਪਿਊਟਰ ਨੂੰ ਸਾਫ਼ ਕਰਨ ਲਈ ਨਰਮ ਬੁਰਸ਼ ਜਾਂ ਨਰਮ ਤੇ ਸਾਫ਼ ਸੁਥਰੇ ਕੱਪੜੇ ਦੀ ਵਰਤੋਂ ਕਰੋ।

4. ਕੰਪਿਊਟਰ ਲਈ ਬਿਜਲੀ ਦਾ ਅਰਥ ਜ਼ਰੂਰ ਕਰਵਾਓ।                            

ਜੇਕਰ ਤੁਹਾਡਾ ਕੰਪਿਊਟਰ ਅਰਥ ਵਾਇਰ ਨਾਲ ਜੁੜਿਆ ਹੋਇਆ ਹੈ ਤਾਂ ਬਿਜਲੀ ਕਾਰਨ ਤੁਹਾਡੇ ਕੰਪਿਊਟਰ ਵਿੱਚ ਹਾਦਸਾ ਵਾਪਰਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਅਰਥ ਤੁਹਾਡੇ ਕੰਪਿਊਟਰ ਨੂੰ ਪਿੱਛੋਂ ਅਚਾਨਕ ਆਉਣ ਵਾਲੀ ਡਬਲ ਫੇਜ਼ ਸਪਲਾਈ ਦੇ ਨੁਕਸਾਨ ਤੋਂ ਰੋਕਦਾ ਹੈ ਤੇ 'ਸ਼ਾਰਟ' ਹੋਣ ਦੀ ਸਥਿਤੀ ਨੂੰ ਕੰਟਰੋਲ ਕਰਕੇ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ।

5. ਕੰਪਿਊਟਰ ਨੂੰ ਇਧਰ-ਉਧਰ ਲੈ ਜਾਣ ਸਮੇਂ ਝਟਕੇ ਤੋਂ ਬਚਾਉ। ਕਿਉਂਕਿ ਹਾਰਡ ਡਿਸਕ ਛੋਟੇ ਜਿਹੇ      ਝਟਕੇ ਨਾਲ ਵੀ ਖ਼ਰਾਬ ਹੋ ਸਕਦੀ ਹੈ।

6. ਕੰਪਿਊਟਰ ਦੀ ਰਫ਼ਤਾਰ ਬਣਾਈ ਰੱਖਣ ਲਈ ਇਸ ਵਿੱਚ ਜਮ੍ਹਾਂ ਹੋਏ ਟੈਂਪਰੇਰੀ ਫ਼ਾਈਲਾਂ ਦੇ ਜ਼ਖੀਰੇ ਨੂੰ ਮਿਟਾਉਂਦੇ ਰਹੋ। ਅਜਿਹੇ ਮੰਤਵ ਲਈ ਮਹੀਨੇ ਵਿੱਚ ਇਕ ਵਾਰ 'ਕਲੀਨ-ਅੱਪ' ਜਾਂ 'ਡਿਸਕ ਕਲੀਨ' ਪ੍ਰੋਗਰਾਮ ਨੂੰ ਚਲਾ ਲੈਣਾ ਚਾਹੀਦਾ ਹੈ।

7. ਜੇਕਰ ਤੁਸੀਂ ਇੰਟਰਨੈੱਟ ਆਪਣੇ ਬੇਸਿਕ ਟੈਲੀਫ਼ੋਨ ਦੇ ਜ਼ਰੀਏ ਚਲਾ ਰਹੇ ਹੋ ਤਾਂ ਨੈੱਟ ਵਰਤਣ ਮਗਰੋਂ ਟੈਲੀਫ਼ੋਨ ਵਾਲੀ ਤਾਰ ਨੂੰ ਕੰਪਿਊਟਰ ਨਾਲੋਂ ਉਤਾਰਨਾ ਨਾ ਭੁੱਲੋ। ਕਿਉਂਕਿ ਕਈ ਵਾਰ ਟੈਲੀਫ਼ੋਨ ਦੀਆਂ ਤਾਰਾਂ ਵਿੱਚ ਕਿਸੇ ਕਾਰਨ ਕਰੰਟ ਆ ਜਾਂਦਾ ਹੈ। ਸੋ ਫੋਨ ਦੀ ਤਾਰ ਨੂੰ ਆਪਣੇ ਸਿਸਟਮ ਨਾਲ ਸਿਰਫ਼ ਓਨੀ ਦੇਰ ਹੀ ਜੋੜੋ ਜਿੰਨੀ ਦੇਰ ਤੁਸੀਂ ਨੈੱਟ ਦੀ ਵਰਤੋਂ ਕਰ ਰਹੇ ਹੋ।

8. ਪ੍ਰਿੰਟਰ ਵਿੱਚ ਕਾਗਜ਼ ਵਧੀਆ ਕਿਸਮ ਦਾ ਇਸਤੇਮਾਲ ਕਰੋ ਤੇ ਇਸ ਨੂੰ ਘੱਟੇ-ਮਿੱਟੀ ਅਤੇ ਸਲ੍ਹਾਬ ਤੋਂ ਬਚਾ ਕੇ ਰੱਖੋ।

9. ਮੌਨੀਟਰ ਦੀ ਸਕਰੀਨ ਅਤੇ ਸਕੈਨਰ ਦੇ ਸ਼ੀਸ਼ੇ ਨੂੰ ਖੁਰਦਰੇ ਜਾਂ ਸਖ਼ਤ ਕੱਪੜੇ ਨਾਲ ਨਾ ਰਗੜੋ। ਇਹਨਾਂ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਕਿਸਮ ਦੀ ਸਪਰੇਅ ਜਾਂ ਨਰਮ ਕੱਪੜੇ ਦਾ ਇਸਤੇਮਾਲ ਕਰੋ। ਮਾਊਸ ਨੂੰ ਖੁਰਦਰੇ ਤਲ 'ਤੇ ਨਾ ਚਲਾਉ।

10. ਕੰਪਿਊਟਰ 'ਤੇ ਕੰਮ ਕਰਨ ਲਈ ਇਕ ਆਰਾਮਦਾਇਕ ਕੁਰਸੀ ਦਾ ਇਸਤੇਮਾਲ ਕਰੋ। ਕੁਰਸੀ ਦੀ ਬੈਕ ਤੁਹਾਡੀ ਗਰਦਨ ਜਿੰਨੀ ਉੱਚੀ ਹੋਣੀ ਚਾਹੀਦੀ ਹੈ। ਜੇਕਰ ਕੁਰਸੀ ਗੱਦੇ ਵਾਲੀ ਅਤੇ ਘੁੰਮਣ ਵਾਲੀ ਹੋਵੇ ਤਾਂ ਹੋਰ ਵੀ ਚੰਗੀ ਗੱਲ ਹੈ। ਧਿਆਨ ਰੱਖੋ ਜੇਕਰ ਤੁਸੀਂ ਸਹੀ ਕੁਰਸੀ ਦਾ ਇਸਤੇਮਾਲ ਨਹੀਂ ਕਰਦੇ ਤਾਂ    ਕੰਪਿਊਟਰ ਚਲਾਉਂਦੇ ਸਮੇਂ ਤੁਸੀਂ ਜਲਦੀ ਥੱਕ ਜਾਵੋਗੇ।

11. ਕੰਪਿਊਟਰ ਵਾਲਾ ਟੇਬਲ ਵੀ ਕੁਰਸੀ ਅਤੇ ਤੁਹਾਡੇ ਕੱਦ ਅਨੁਸਾਰ ਇਕ ਵਿਸ਼ੇਸ਼ ਉਚਾਈ ਵਾਲਾ ਹੋਣਾ ਚਾਹੀਦਾ ਹੈ। ਜੇਕਰ ਕੀਬੋਰਡ ਅਤੇ ਮਾਊਸ ਨੂੰ ਰੱਖਣ ਲਈ ਵੱਖਰੇ ਦਰਾਜ਼ ਲੱਗੇ ਹੋਣ ਤਾਂ ਹੋਰ ਵੀ ਚੰਗਾ ਹੈ।

12. ਸਿਸਟਮ ਵਿੱਚ ਇਕ ਵਧੀਆ ਕਿਸਮ ਦਾ ਐਂਟੀਵਾਈਰਸ ਪ੍ਰੋਗਰਾਮ ਭਰ ਕੇ ਰੱਖੋ। ਸਮੇਂ-ਸਮੇਂ ਉੱਤੇ ਇਸਨੂੰ ਅੱਪਗ੍ਰੇਡ ਕਰਦੇ ਰਹੋ। ਕੰਪਿਊਟਰ ਨੂੰ ਹਮੇਸ਼ਾ ਸਹੀ ਢੰਗ ਨਾਲ ਬੰਦ ਕਰੋ।

13. ਕਮਰੇ ਵਿਚਲਾ ਪ੍ਰਕਾਸ਼ ਸਰੋਤ (ਟਿਊਬ ਲਾਈਟ ਜਾਂ ਲੈਂਪ ਆਦਿ) ਸਹੀ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਪ੍ਰਕਾਸ਼ ਸਰੋਤ ਕਦੇ ਵੀ ਮੌਨੀਟਰ ਦੀ ਸਕਰੀਨ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਹੈ। ਅਜਿਹਾ ਹੋਣ ਨਾਲ ਲੈਂਪ ਜਾਂ ਟਿਊਬ ਲਾਈਟ ਦਾ ਪ੍ਰਕਾਸ਼ ਸਕਰੀਨ ਤੋਂ ਪਰਿਵਰਤਿਤ ਹੋ ਕੇ ਤੁਹਾਡੀਆਂ ਅੱਖਾਂ 'ਤੇ ਮਾੜਾ ਪ੍ਰਭਾਵ ਪਾਏਗਾ। ਹਨੇਰੇ ਕਮਰੇ ਵਿੱਚ ਲੰਬੇ ਸਮੇਂ ਤੱਕ ਕੰਪਿਊਟਰ 'ਤੇ ਕੰਮ ਕਰਨ ਨਾਲ ਵੀ ਅੱਖਾਂ 'ਤੇ ਭੈੜਾ ਅਸਰ ਪੈਂਦਾ ਹੈ।

14. ਲੰਬੇ ਸਮੇਂ ਤੱਕ ਲਗਾਤਾਰ ਕੰਪਿਊਟਰ ਉੱਤੇ ਕੰਮ ਕਰਨ ਵਾਲਿਆਂ ਦੀਆਂ ਅੱਖਾਂ ਥੱਕ ਜਾਂਦੀਆਂ ਹਨ ਤੇ ਇਹ ਖ਼ੁਸ਼ਕ ਹੋ ਜਾਂਦੀਆਂ ਹਨ। ਨਿਗਾਹ ਵੀ ਘੱਟ ਸਕਦੀ ਹੈ। ਇਸਦਾ ਇਲਾਜ ਇਹ ਹੈ ਕਿ ਲਗਾਤਾਰ ਕੰਮ ਕਰਨ ਦੀ ਬਜਾਏ ਵਿੱਚ-ਵਿੱਚ ਬ੍ਰੇਕ ਲੈਂਦੇ ਰਹੋ, ਰੌਸ਼ਨੀ ਆਦਿ ਦਾ ਪੂਰਾ ਖ਼ਿਆਲ ਰੱਖੋ। 'ਡਰਾਈ ਆਈਜ਼' ਲਈ ਬਜ਼ਾਰ ਵਿੱਚੋਂ ਆਈ ਡਰਾਪ ਵੀ ਮਿਲ ਜਾਂਦੇ ਹਨ।

15. ਕੰਪਿਊਟਰ ਦੇ ਸਮਾਨ ਨੂੰ ਢੱਕਣ ਲਈ ਵੱਖੋ-ਵੱਖਰੇ ਕਵਰ ਬਣਵਾਉ। ਇਸ ਨਾਲ ਕੰਪਿਊਟਰ ਮਿੱਟੀ- ਘੱਟੇ ਤੋਂ ਬਚ ਸਕੇਗਾ। ਪਰ ਕੰਪਿਊਟਰ ਚਲਾਉਂਦੇ ਸਮੇਂ ਸੀਪੀਯੂ, ਮੌਨੀਟਰ ਆਦਿ ਭਾਗਾਂ ਦੇ ਕਵਰ ਜ਼ਰੂਰ ਉਤਾਰ ਦਿਉ। ਜ਼ਿਆਦਾਤਰ ਲੋਕ ਗਰਮੀ ਦੇ ਮੌਸਮ ਵਿੱਚ ਕੰਪਿਊਟਰ ਚਲਾਉਂਦੇ ਸਮੇਂ ਕਵਰ ਨਹੀਂ ਉਤਾਰਦੇ। ਅਜਿਹੀ ਸਥਿਤੀ ਵਿੱਚ ਕੰਪਿਊਟਰ ਦਾ ਅੰਦਰੂਨੀ ਤਾਪਮਾਨ ਵੱਧ ਜਾਂਦਾ ਹੈ ਅਤੇ ਪ੍ਰੋਸੈੱਸਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਉੱਚ ਤਾਪਮਾਨ ਕਈ ਵਾਰ ਕੰਪਿਊਟਰ ਦੇ ਹੈਕ ਹੋਣ (ਰੁਕਣ) ਦਾ ਕਾਰਨ ਵੀ ਬਣਦਾ ਹੈ।

16. ਕੰਪਿਊਟਰ ਦੀ ਵੱਧ ਵਰਤੋਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ 'ਕੰਪਿਊਟਰ ਰਿਲੇਟਿਡ ਡਿਸੀਜਜ਼' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਜ਼ਿਆਦਾ ਸਮੇਂ ਤੱਕ ਲਗਾਤਾਰ ਕੰਪਿਊਟਰ ਬਿਲਕੁਲ ਨਾ ਵਰਤਿਆ ਜਾਵੇ। ਵਿੱਚੋਂ-ਵਿੱਚੋਂ ਬ੍ਰੇਕ ਲੈ ਕੇ ਘੁੰਮ- ਫਿਰ ਲਵੋ ਜਾਂ ਫਿਰ ਬੈਠਕ/ਸੀਟ ਬਦਲ ਲਵੋ।

17. ਕੰਪਿਊਟਰੀ ਹਾਰਡ ਡਿਸਕ ਦੀ ਸੀ ਡਰਾਈਵ ਵਿੱਚ ਕਦੇ ਵੀ ਡਾਟਾ ਨਾ ਸਾਂਭੋ। ਕਿਉਂਕਿ ਕੰਪਿਊਟਰ ਓਪਰੇਟਿੰਗ ਸਿਸਟਮ (ਜਿਵੇਂ ਵਿੰਡੋਜ਼-98 , ਵਿੰਡੋਜ਼-ਐਕਸਪੀ) ਵਿੱਚ ਕਿਸੇ ਪ੍ਰਕਾਰ ਦੀ ਤਰੁੱਟੀ ਹੋਣ ਦੀ ਸੂਰਤ ਵਿੱਚ ਇਸਨੂੰ ਦੁਬਾਰਾ ਫਾਰਮੈਟ (ਸਾਫ਼ ਕਰਨਾ) ਮਾਰ ਕੇ ਇੰਸਟਾਲ ਕੀਤਾ ਜਾਂਦਾ ਹੈ। ਫਾਰਮੈਟ           ਦੀ ਇਹ ਪ੍ਰਕਿਰਿਆ ਸਿਰਫ਼ ਸੀ ਡਰਾਈਵ ਉੱਤੇ ਹੀ ਲਾਗੂ ਹੁੰਦੀ ਹੈ। ਸੀ ਡਰਾਈਵ ਵਿੱਚ ਕੋਈ ਜ਼ਰੂਰੀ ਡਾਟਾ ਪਿਆ ਹੋਵੇ ਤਾਂ ਉਹ ਵੀ ਨਸ਼ਟ ਹੋ ਜਾਵੇਗਾ। ਸੋ ਸਭਨਾਂ ਪ੍ਰਕਾਰ ਦੇ ਡਾਟੇ ਨੂੰ ਡੀ, ਈ ਜਾਂ ਐਫ ਡਰਾਈਵ ਵਿੱਚ ਸਥਾਨ ਦੇਣਾ ਚਾਹੀਦਾ ਹੈ।

18. ਵੱਖ-ਵੱਖ ਕਿਸਮ ਦੀਆਂ ਫਾਈਲਾਂ ਦੀ ਵਿਸ਼ਾ ਵੰਡ ਕਰਕੇ ਉਹਨਾਂ ਨੂੰ ਵੱਖ-ਵੱਖ ਫੋਲਡਰਾਂ/ਡਰਾਈਵਜ਼ ਵਿੱਚ ਸਟੋਰ ਕਰੋ। ਵੱਖ-ਵੱਖ ਡਰਾਈਵਜ਼ ਨੂੰ ਵੱਖ-ਵੱਖ ਕੰਮ ਜਿਵੇਂ ਕਿਸੇ ਨੂੰ ਡਾਟਾ ਲਈ, ਕਿਸੇ ਨੂੰ ਇੰਟਰਨੈੱਟ ਅਤੇ ਕਿਸੇ ਨੂੰ ਕੋਈ ਹੋਰ ਵਿਸ਼ਾ ਦੇ ਕੇ ਰਾਖਵਾਂ ਕਰ ਲਵੋ ਤਾਂ ਹੋਰ ਵੀ ਚੰਗਾ ਹੋਵੇਗਾ। ਅਜਿਹਾ ਕਰਨ ਨਾਲ ਕਿਸੇ ਫਾਈਲ ਜਾਂ ਫੋਲਡਰ ਦੀ ਭਾਲ ਕਰਨੀ ਬਹੁਤ ਅਸਾਨ ਹੋ ਜਾਂਦੀ ਹੈ।

19. ਕੰਪਿਊਟਰ ਦੀ ਰਫ਼ਤਾਰ ਵਧਾਉਣ ਅਤੇ ਹਾਰਡ ਡਿਸਕ ਵਿਚਲੀ ਕਿਸੇ ਪ੍ਰਕਾਰ ਦੀ ਤਰੁੱਟੀ ਨੂੰ ਦੇਖਣ ਦਾ ਸਭ ਤੋਂ ਸਿੱਕੇਬੰਦ ਤਰੀਕਾ ਹੈ- ਮੇਨਟੇਨੈਂਸ ਵਿਜ਼ਾਰਡ। ਕੰਪਿਊਟਰ ਉੱਤੇ ਮੇਨਟੇਨੈਂਸ ਵਿਜ਼ਾਰਡ ਚਲਾਉਣ ਦਾ ਤਰੀਕਾ ਇਸ ਪ੍ਰਕਾਰ ਹੈ:

ਸਟਾਰਟ ਬਟਨ > ਪ੍ਰੋਗਰਾਮਜ਼ > ਐਕਸੈਸਰੀਜ਼ > ਸਿਸਟਮ ਟੂਲਜ਼ > ਮੇਨਟੇਨੈਂਸ ਵਿਜ਼ਾਰਡ।

20. ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਗ਼ੈਰ ਪ੍ਰਵਾਣਿਤ ਵਰਤੋਂਕਾਰ ਤੁਹਾਡੇ ਕੰਪਿਊਟਰ ਜਾਂ ਕੰਪਿਊਟਰ ਵਿਚਲੇ ਕਿਸੇ ਪ੍ਰੋਗਰਾਮ/ਫਾਈਲ ਨੂੰ ਨਾ ਵਰਤ ਸਕੇ ਤਾਂ ਗੇਟ ਕੀਪਰ (ਸਿਰਫ਼ ਵਿੰਡੋਜ਼-98 ਲਈ) ਅਤੇ ਹੋਰ ਪ੍ਰੋਗਰਾਮਾਂ ਦਾ ਸਹਾਰਾ ਲਿਆ ਜਾ ਸਕਦਾ ਹੈ।

21. ਕੰਪਿਊਟਰ ਨਾਲ ਯੂਪੀਐਸ ਦਾ ਇਸਤੇਮਾਲ ਜ਼ਰੂਰ ਕਰੋ।ਯੂਪੀਐਸ ਦੀ ਸੁਵਿਧਾ ਵਾਲਾ ਇਨਵਰਟਰ ਵੀ ਵਰਤਿਆ ਜਾ ਸਕਦਾ ਹੈ।

22. ਮੌਨੀਟਰ ਦੀਆਂ ਰੇਅਜ਼ (ਤਰੰਗਾਂ) ਤੋਂ ਬਚਣ ਲਈ ਇਸ ਅੱਗੇ ਸੁਰੱਖਿਆ ਕਵਚ ਜ਼ਰੂਰ ਲਗਾਉ।

23. ਸੀਡੀ ਅਤੇ ਫ਼ਲੌਪੀ ਉੱਤੇ ਕੁਝ ਲਿਖਣ ਲਈ ਬਾਲ ਪੈੱਨ ਨਾ ਵਰਤੋ। ਸਿਰਫ਼ ਨਰਮ ਨਿੱਬ ਵਾਲਾ ਜੈੱਲ ਪੈੱਨ ਜਾਂ ਪਰਮਾਨੈਂਟ ਮਾਰਕਰ ਹੀ ਇਸਤੇਮਾਲ ਕਰੋ।

24. ਸੀਡੀ ਨੂੰ ਚਮਕੀਲੇ ਪਾਸੇ ਤੋਂ ਨਾ ਛੂਹੋ। ਇਸ ਨੂੰ ਕਿਨਾਰਿਆਂ ਤੋਂ ਆਸਰਾ ਦੇ ਕੇ ਵਿਚਕਾਰਲੇ ਸੁਰਾਖ ਤੋਂ ਹੀ ਪਕੜੋ।

25. ਜੇਕਰ ਫਾਲਸ ਸੀਲਿੰਗ, ਮੈਟ ਅਤੇ ਪਰਦਿਆਂ ਦਾ ਪ੍ਰਬੰਧ ਹੋ ਸਕੇ ਤਾਂ ਹੋਰ ਵੀ ਚੰਗੀ ਗੱਲ ਹੈ। ਕਈ ਵਾਰ ਕਮਰੇ ਦੀ ਛੱਤ ਤੋਂ ਕੰਪਿਊਟਰ ਉੱਤੇ ਸੀਮਿੰਟ ਜਾਂ ਚੂਨਾ ਆਦਿ ਡਿਗਦਾ ਰਹਿੰਦਾ ਹੈ ਜਿਸ ਕਾਰਨ ਕੰਪਿਊਟਰੀ ਯੰਤਰਾਂ ਦੀ ਬਾਹਰੀ ਦਿੱਖ-ਖ਼ਰਾਬ ਹੋ ਸਕਦੀ ਹੈ ਤੇ ਅੰਦਰ ਵੀ ਖ਼ਰਾਬੀ ਆ ਸਕਦੀ ਹੈ।

26. ਜੇਕਰ ਦਫ਼ਤਰ ਵਿੱਚ ਕਈ ਜਣੇ ਇਕੱਠੇ ਕੰਮ ਕਰਦੇ ਹੋਣ ਤਾਂ ਸਫਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹੀ ਹਾਲਤ ਵਿੱਚ ਕੰਪਿਊਟਰ ਕਮਰੇ/ਲੈਬ ਦੇ ਦਰਵਾਜ਼ੇ ਦੇ ਬਾਹਰ ਜੁੱਤੀਆਂ ਰੱਖਣ ਲਈ ਰੈਕ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.