ਕੰਪਿਊਟਰ ਦੀ ਵੱਧ ਵਰਤੋਂ ਨਾਲ ਹੋਣ ਵਾਲੀਆਂ ਬੀਮਾਰੀਆਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Computer Related Diseases
ਸਾਰਾ ਦਿਨ ਕੰਪਿਊਟਰ ਦੇ ਕੀਬੋਰਡ ਦੀਆਂ 'ਕੀਜ਼' ਦਬਾਉਣ ਵਾਲਿਆਂ ਅਤੇ ਮੌਨੀਟਰ ਦੀ ਸਕਰੀਨ ਉੱਤੇ ਲੰਬੇ ਸਮੇਂ ਤੱਕ ਅੱਖਾਂ ਅੱਡ ਕੇ ਕੰਮ ਕਰਨ ਵਾਲਿਆਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਹੋਣ ਦੀ ਉਚੇਚੀ ਲੋੜ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੰਪਿਊਟਰ ਦੀ ਲਗਾਤਾਰ ਵਰਤੋਂ ਨਾਲ ਅੱਖਾਂ, ਪਿੱਠ ਤੇ ਮੋਢਿਆਂ ਉੱਤੇ ਬਹੁਤ ਭੈੜਾ ਪ੍ਰਭਾਵ ਪੈਂਦਾ ਹੈ। ਵੱਧ ਅਤੇ ਲਗਾਤਾਰ ਵਰਤੋਂ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਥੱਕ ਜਾਂਦੀਆਂ ਹਨ ਤੇ ਉਹਨਾਂ ਵਿੱਚ ਖ਼ੁਸ਼ਕੀ ਆ ਜਾਂਦੀ ਹੈ।
ਜੇਕਰ ਕੰਪਿਊਟਰ ਚਲਾਉਣ ਸਮੇਂ ਆਰਾਮਦਾਇਕ ਕੁਰਸੀ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਇਸ ਦਾ ਰੀੜ੍ਹ ਦੀ ਹੱਡੀ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਪਿੱਠ ਵਿੱਚ ਦਰਦ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਪ੍ਰਕਾਰ ਮੋਢਿਆਂ ਦਾ ਦਰਦ, ਕੂਹਣੀ ਅਤੇ ਹਥੇਲੀ ਵਿੱਚ ਦਰਦ ਅਤੇ ਸੋਜ ਆਉਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਕੰਪਿਊਟਰ ਦੀ ਵਧੇਰੇ ਅਤੇ ਲਗਾਤਾਰ ਵਰਤੋਂ ਨਾਲ ਪੈਂਦਾ ਹੋਣ ਵਾਲੀਆਂ ਬੀਮਾਰੀਆਂ ਨੂੰ 'ਕੰਪਿਊਟਰ ਰਿਲੇਟਿਡ ਡਿਸੀਜ਼' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹੀ ਬਿਮਾਰੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੰਪਿਊਟਰ ਦੀ ਵਧੇਰੇ ਸਮੇਂ ਤੱਕ ਲਗਾਤਾਰ ਵਰਤੋਂ ਨਾ ਕੀਤੀ ਜਾਵੇ। ਵਿੱਚੋਂ-ਵਿੱਚੋਂ ਉੱਠ ਕੇ ਅਰਾਮ ਕਰ ਲਿਆ ਜਾਵੇ ਤੇ ਕੁਝ ਦੇਰ ਬਾਅਦ ਬੈਠਣ ਦੀ ਸਥਿਤੀ ਬਦਲ ਲਈ ਜਾਵੇ। ਕੁਰਸੀ ਆਰਾਮਦਾਇਕ ਵਰਤੀ ਜਾਵੇ ਤੇ ਹਾਨੀਕਾਰਕ ਵਿਕਰਨਾਂ ਤੋਂ ਅੱਖਾਂ ਨੂੰ ਬਚਾਉਣ ਲਈ ਮੌਨੀਟਰ ਦੀ ਸਕਰੀਨ ਅੱਗੇ ਵਿਸ਼ੇਸ਼ ਸ਼ੀਸ਼ਾ ਲਗਾਇਆ ਜਾਵੇ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First