ਕੰਪਿਊਟਰ ਦੀ ਵਰਤੋਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Applications of Computer

ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੰਪਿਊਟਰ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਰ ਰਹੇ ਹਾਂ। ਕੰਪਿਊਟਰ ਕਈ ਖੇਤਰਾਂ ਵਿੱਚ ਵਰਤਿਆ ਜਾ ਰਿਹਾ ਹੈ। ਜਿਵੇਂ ਕਿ :

ਵਪਾਰ (Business)

ਵਪਾਰ ਜਗਤ ਦਾ ਸਮੁੱਚਾ ਕੰਮ-ਕਾਜ ਕੰਪਿਊਟਰ ਨੇ ਸਾਂਭ ਲਿਆ ਹੈ। ਅਜੋਕੇ ਵਪਾਰਿਕ ਅਦਾਰਿਆਂ ਨੇ ਅੰਕੜੇ ਅਤੇ ਸੂਚਨਾਵਾਂ ਨੂੰ ਸਾਂਭਣ ਲਈ ਕੰਪਿਊਟਰ ਲਗਾ ਲਏ ਹਨ। ਕੰਪਿਊਟਰ ਵਿੱਚ ਸਟੋਰ ਕੀਤੀਆਂ ਸੂਚਨਾਵਾਂ ਦੀ ਵਰਤੋਂ ਵਿਸ਼ਲੇਸ਼ਣ ਕਰਨ ਲਈ ਕੀਤੀ ਜਾਂਦੀ ਹੈ। ਕੰਪਿਊਟਰ ਵਿੱਚ ਸਾਂਭੇ ਅੰਕੜੇ ਅਤੇ ਸੂਚਨਾਵਾਂ ਸਾਨੂੰ ਕੰਪਿਊਟਰ ਤੋਂ ਫ਼ੈਸਲਾ ਲੈਣ ਵਿੱਚ ਮਦਦ ਕਰਦੇ ਹਨ।

ਕਈ ਵਪਾਰਿਕ ਅਦਾਰੇ ਕੰਪਿਊਟਰ ਤੋਂ ਲੇਖਾ (Account) ਕਰਨ ਦਾ ਕੰਮ ਲੈਂਦੇ ਹਨ। ਕਈ ਥਾਂਵਾਂ ਤੇ ਕੰਪਿਊਟਰ ਦੀ ਵਰਤੋਂ ਚਿੱਠੀਆਂ, ਬਿੱਲ ਅਤੇ ਪਹੁੰਚ ਰਸੀਦਾਂ ਆਦਿ ਛਾਪਣ ਲਈ ਕੀਤੀ ਜਾਂਦੀ ਹੈ। ਵੱਡੇ ਵਪਾਰਿਕ ਦਫ਼ਤਰਾਂ ਵਿੱਚ ਕੰਪਿਊਟਰ ਨੂੰ ਚੀਜ਼ਾਂ ਦੀ ਸੂਚੀ (Inventory) ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਕੰਪਿਊਟਰ ਰਾਹੀਂ ਤਿਆਰ ਕੀਤੀ ਸੂਚੀ ਦੀ ਵਰਤੋਂ ਕਰਕੇ ਸਟੋਰ ਵਿੱਚ ਘੱਟ ਜਾਂ ਵੱਧ ਗਿਣਤੀ ਵਾਲੀਆਂ ਚੀਜ਼ਾਂ ਦਾ ਸਹਿਜੇ ਹੀ ਪਤਾ ਲਗਾਇਆ ਜਾ ਸਕਦਾ ਹੈ। ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਛੁੱਟੀਆਂ ਅਤੇ ਭਵਿੱਖ ਨਿਧੀ ਦੀਆਂ ਕਿਸ਼ਤਾਂ ਦਾ ਹਿਸਾਬ-ਕਿਤਾਬ ਕੰਪਿਊਟਰ ਰਾਹੀਂ ਰੱਖਣਾ ਬਹੁਤ ਅਸਾਨ ਹੋ ਗਿਆ ਹੈ।

ਸਿੱਖਿਆ (Education)

ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਨੇ ਬਹੁਤ ਮੱਲਾਂ ਮਾਰੀਆਂ ਹਨ। ਵੱਖ-ਵੱਖ ਜਮਾਤਾਂ ਦੀ ਸਮਾਂ-ਸਾਰਨੀ ਤਿਆਰ ਕਰਨ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ ਦੇ ਪਾਠਕ੍ਰਮ ਅਤੇ ਜਾਣਕਾਰੀ ਨੂੰ ਤਿਆਰ ਕਰਨਾ ਅਤੇ ਸੁਰੱਖਿਅਤ ਕਰਨ ਦਾ ਕੰਮ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ। ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਵਾਲੇ ਵਿਦਿਆਰਥੀ ਕੰਪਿਊਟਰ ਦੀ ਵਰਤੋਂ ਗੁੰਝਲਦਾਰ ਗਣਨਾਵਾਂ ਅਤੇ ਲੌਜਿਕ (Logic) ਕੰਮ ਕਰਵਾਉਣ ਲਈ ਕਰਦੇ ਹਨ। ਸਕੂਲਾਂ-ਕਾਲਜਾਂ ਵਿੱਚ ਕੰਪਿਊਟਰ ਦੀ ਵਰਤੋਂ ਇੱਕ ਚੰਗੇ ਅਧਿਆਪਕ ਵਜੋਂ ਕੀਤੀ ਜਾ ਸਕਦੀ ਹੈ। ਕੰਪਿਊਟਰ ਵਿੱਚ ਇੱਕ ਵਿਸ਼ੇਸ਼ ਕਿਸਮ ਦੇ ਸਾਫਟਵੇਅਰ ਜਿਵੇਂ ਕਿ ਸੀਏਆਈ (Computer Assisted Instructor) ਦੀ ਮਦਦ ਨਾਲ ਸਵਾਲ ਭਰੇ ਜਾਂਦੇ ਹਨ। ਵਿਦਿਆਰਥੀ ਇਹਨਾਂ ਸਵਾਲਾਂ ਦੇ ਜਵਾਬ ਕੰਪਿਊਟਰ ਉੱਤੇ ਦਿੰਦਾ ਹੈ। ਕੰਪਿਊਟਰ ਵਿਦਿਆਰਥੀ ਦੀ ਪ੍ਰੀਖਿਆ ਦਾ ਮੁਲਾਂਕਣ ਕਰਕੇ ਨੰਬਰ ਦਿੰਦਾ ਹੈ।   

ਕੰਪਿਊਟਰ ਲਿਖੇ ਗਏ ਡਾਕੂਮੈਂਟ ਦੇ ਸ਼ਬਦ-ਜੋੜ ਠੀਕ ਕਰ ਸਕਦਾ ਹੈ ਤੇ ਉਸ ਨੂੰ ਵਿਆਕਰਣ ਪੱਖੋਂ ਸੋਧ ਸਕਦਾ ਹੈ। ਇੰਟਰਨੈੱਟ ਉੱਤੇ ਵੱਖ-ਵੱਖ ਵੈੱਬਸਾਈਟਾਂ ਰਾਹੀਂ ਦੇਸ਼-ਵਿਦੇਸ਼ ਦੇ ਵੱਖ-ਵੱਖ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਅਰਜੀਆਂ ਮੰਗੀਆਂ ਜਾਂਦੀਆਂ ਹਨ। ਉਮੀਦਵਾਰ ਆਪਣਾ ਬਾਇਓਡਾਟਾ ਅਤੇ ਵਿੱਦਿਅਕ ਪ੍ਰਮਾਣ-ਪੱਤਰ ਇੰਟਰਨੈੱਟ ਰਾਹੀਂ ਭੇਜ ਸਕਦਾ ਹੈ। ਕੰਪਿਊਟਰ ਰਾਹੀਂ ਉਮੀਦਵਾਰਾਂ ਨੂੰ ਨਿਯੁਕਤੀ-ਪੱਤਰ ਜਾਰੀ ਕੀਤੇ ਜਾਂਦੇ ਹਨ। ਕੈਰੀਅਰ ਗਾਈਡੈਂਸ ਲਈ ਵਿਸ਼ੇਸ਼ ਕਿਸਮ ਦੇ ਕੰਪਿਊਟਰੀ ਪੈਕੇਜ ਭਵਿੱਖ ਸਬੰਧੀ ਨਰੋਈ ਸੇਧ ਦਿੰਦੇ ਹਨ। ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੰਪਿਊਟਰ ਦੀ ਮਦਦ ਨਾਲ ਆਕਰਸ਼ਕ ਸਿੱਖਣ ਸਮੱਗਰੀ (ਟੀਚਿੰਗ ਏਡ) ਤਿਆਰ ਕੀਤੀ ਜਾ ਸਕਦੀ ਹੈ। ਮਲਟੀਮੀਡੀਆ ਦੀ ਮਦਦ ਨਾਲ ਸਕੂਲਾਂ ਦੇ ਬਹੁਤ ਸਾਰੇ ਵਿਸ਼ੇ ਕੰਪਿਊਟਰ ਰਾਹੀਂ ਪੜ੍ਹਾਉਣੇ ਸੰਭਵ ਹੋਏ ਹਨ।

ਹਸਪਤਾਲ (Hospitals)

ਹਸਪਤਾਲਾਂ ਵਿੱਚ ਕੰਪਿਊਟਰ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ। ਹਸਪਤਾਲਾਂ ਵਿੱਚ ਕੰਪਿਊਟਰ ਦੀ ਵਰਤੋਂ ਡਾਕਟਰੀ ਮੁਆਇਨਾ ਕਰਨ ਵਾਲੀਆਂ ਮਸ਼ੀਨਾਂ ਦੇ ਨਤੀਜਿਆਂ ਨੂੰ ਸਮਝਣ ਅਤੇ ਮੁਲਾਂਕਣ ਕਰਨ ਲਈ ਕੀਤੀ ਜਾ ਸਕਦੀ ਹੈ। ਕੈਂਸਰ ਦਾ ਪਤਾ ਲਗਾਉਣ ਵਾਲੀਆਂ ਸੀਏਟੀ (CAT) ਮਸ਼ੀਨਾਂ ਅਤੇ ਅਲਟ੍ਰਾਸਾਊਂਡ ਮਸ਼ੀਨਾਂ ਨਾਲ ਕੰਪਿਊਟਰ ਨੂੰ ਜੋੜ ਕੇ ਭਰੋਸੇਯੋਗ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਕਈ ਡਾਕਟਰੀ ਸਾਫਟਵੇਅਰ ਮਰੀਜ਼ ਦੀ ਡਾਕਟਰੀ ਰਿਪੋਰਟ, ਲੱਛਣ ਅਤੇ ਡਾਕਟਰੀ ਇਤਿਹਾਸ ਦੇ ਅਧਾਰ 'ਤੇ ਖ਼ੁਦ ਦਵਾਈ ਦੀ ਸਿਫਾਰਿਸ਼ ਕਰਦੇ ਹਨ।

ਵਿਗਿਆਨ ਅਤੇ ਇੰਜੀਨੀਅਰਿੰਗ (Science and Engineering)

ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਕੰਪਿਊਟਰ ਦਾ ਮਹੱਤਵਪੂਰਨ ਸਥਾਨ ਹੈ। ਵੱਡੇ ਅਤੇ ਗੁੰਝਲਦਾਰ ਕੰਮਾਂ ਜਾਂ ਫਿਰ ਵਾਰ-ਵਾਰ ਦੁਹਰਾਏ ਜਾਣ ਵਾਲੇ ਕੰਮਾਂ ਨੂੰ ਕਰਵਾਉਣ ਲਈ ਕੰਪਿਊਟਰ ਦੀ ਵਰਤੋਂ ਲਾਹੇਵੰਦ ਮੰਨੀ ਗਈ ਹੈ। ਵਿਗਿਆਨ ਦੀਆਂ ਖੋਜਾਂ ਵਿੱਚ ਕੰਪਿਊਟਰ ਦਾ ਮਹੱਤਵਪੂਰਨ ਸਥਾਨ ਹੈ। ਵਿਗਿਆਨ ਨਾਲ ਸਬੰਧਿਤ ਸਿੱਖਣ ਸਮੱਗਰੀ ਤਿਆਰ ਕਰਨ 'ਚ ਕੰਪਿਊਟਰ ਕਾਫ਼ੀ ਲਾਹੇਵੰਦ ਸਿੱਧ ਹੋਇਆ ਹੈ।

ਇੰਜੀਨੀਅਰਿੰਗ ਦੇ ਖੇਤਰ ਵਿੱਚ ਕੰਪਿਊਟਰ ਇੱਕ ਵਰਦਾਨ ਸਿੱਧ ਹੋਇਆ ਹੈ। ਪਾਸਕਲ , ਫੋਰਟਰਾਨ , ਫੋਕਸਪਰੋ, ਬੇਸਿਕ , ਸੀ ਪਲੱਸ-ਪਲੱਸ, ਜਾਵਾ , ਵੀਬੀ ਆਦਿ ਕੰਪਿਊਟਰੀ ਭਾਸ਼ਾਵਾਂ ਅਤੇ ਮਾਈਕਰੋਸਾਫਟ ਆਫਿਸ ਦੇ ਵਿਭਿੰਨ ਪੈਕੇਜਾਂ ਨੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।

ਮਨੋਰੰਜਨ (Entertainment)

ਕੰਪਿਊਟਰ ਸਾਡਾ ਵੱਖ-ਵੱਖ ਤਰੀਕਿਆਂ ਨਾਲ ਮਨੋਰੰਜਨ ਵੀ ਕਰਦਾ ਹੈ। ਕੰਪਿਊਟਰ ਦੁਆਰਾ ਤਿਆਰ ਕੀਤੇ ਫੋਟੋਗ੍ਰਾਫ, ਸਕੈੱਚ, ਚਾਰਟ, ਚਲ-ਚਿੱਤਰ ਆਦਿ ਮੈਗਜ਼ੀਨਾਂ, ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ਦੀ ਮੁੱਖ ਲੋੜ ਬਣ ਗਏ ਹਨ। ਕੰਪਿਊਟਰ ਰਾਹੀਂ ਤਿਆਰ ਕੀਤੀਆਂ ਫਿਲਮਾਂ ਕਾਫ਼ੀ ਲੋਕ-ਪ੍ਰਿਆ ਹੋ ਰਹੀਆਂ ਹਨ। ਫ਼ਿਲਮਾਂ ਵਿੱਚ ਵਿਸ਼ੇਸ਼ ਕਿਸਮ ਦੇ ਪ੍ਰਭਾਵ ਭਰਨ ਲਈ ਕੰਪਿਊਟਰ ਵਰਤਿਆ ਜਾਂਦਾ ਹੈ। ਕੰਪਿਊਟਰ 'ਤੇ ਚੱਲਣ ਵਾਲੀਆਂ ਗੇਮਾਂ ਸਾਡਾ ਭਰਪੂਰ ਮਨੋਰੰਜਨ ਕਰਦੀਆਂ ਹਨ। ਕੰਪਿਊਟਰ ਉਪਭੋਗਤਾ ਖੁਦ ਕੰਪਿਊਟਰ ਦੀ ਵਰਤੋਂ ਕਰਕੇ ਕਾਰਟੂਨ ਫਿਲਮਾਂ ਦਾ ਨਿਰਮਾਣ ਕਰ ਸਕਦਾ ਹੈ। ਕੰਪਿਊਟਰ ਰਾਹੀਂ ਸਲਾਈਡ ਪ੍ਰਦਰਸ਼ਨ ਅਤੇ ਵੰਨ-ਸੁਵੰਨੀਆਂ ਆਵਾਜ਼ਾਂ ਕੱਢਣ ਦਾ ਕੰਮ ਵੀ ਕਰਵਾਇਆ ਜਾ ਸਕਦਾ ਹੈ।

ਰੇਲਵੇ ਅਤੇ ਹਵਾਬਾਜ਼ੀ (Railway and Airline)

ਕੰਪਿਊਟਰ ਦੀ ਬਦੌਲਤ ਰੇਲਵੇ ਅਤੇ ਹਵਾਬਾਜ਼ੀ ਲਈ ਔਨਲਾਈਨ ਟਿਕਟਿੰਗ (Online Ticketing) ਅਤੇ ਬੁਕਿੰਗ ਦੀ ਸੁਵਿਧਾ ਉਪਲਬਧ ਹੋ ਗਈ ਹੈ। ਇਸ ਨਾਲ ਯਾਤਰੀਆਂ ਨੂੰ ਘਰ ਬੈਠਿਆਂ ਗੱਡੀਆਂ ਅਤੇ ਹਵਾਈ ਜਹਾਜ਼ਾਂ ਦੇ ਆਉਣ ਦੀ ਸਮਾਂ-ਸਾਰਨੀ, ਰਾਖਵੀਂਆਂ ਅਤੇ ਖਾਲੀ ਸੀਟਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਨਵੇਂ ਪਾਈਲਟਾਂ ਨੂੰ ਸਿਖਲਾਈ ਦੇਣ ਲਈ ਕੰਪਿਊਟਰ ਇੱਕ ਚੰਗੇ ਅਧਿਆਪਕ ਦਾ ਰੋਲ ਅਦਾ ਕਰ ਰਹੇ ਹਨ। ਕੰਪਿਊਟਰ

ਜਹਾਜ਼ ਦੀ ਉਡਾਣ ਭਰਨ ਤੋਂ ਲੈ ਕੇ ਵਾਪਿਸ ਆਉਣ ਤੱਕ ਦੇ ਸਾਰੇ ਸਮੇਂ ਵਿੱਚ ਪਾਈਲਟ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਰਿਕਾਰਡ ਰੱਖਦੇ ਹਨ। ਇਹ ਪਾਈਲਟ ਵਲੋਂ ਕੀਤੀਆਂ ਗਈਆਂ ਗ਼ਲਤੀਆਂ ਦਾ ਲੇਖਾ ਜੋਖਾ ਵੀ ਰੱਖਦੇ ਹਨ। ਕਈ ਮਹੱਤਵਪੂਰਨ ਕੰਪਿਊਟਰ ਜਹਾਜ਼ਾਂ ਦੇ ਬਲੈਕ-ਬਾਕਸ ਨੂੰ ਪੜ੍ਹਨ ਲਈ ਵਰਤੇ ਜਾਂਦੇ ਹਨ।

ਸੰਚਾਰ (Communication)

ਸੰਚਾਰ ਦੇ ਖੇਤਰ ਵਿੱਚ ਕੰਪਿਊਟਰ ਦੀ ਨਿਵੇਕਲੀ ਪਹਿਚਾਣ ਹੈ। ਕੰਪਿਊਟਰ ਦੀ ਸਹਾਇਤਾ ਨਾਲ ਅੱਜ ਇਲੈਕਟ੍ਰੋਨਿਕ ਡਾਕ ਪ੍ਰਣਾਲੀ (ਈ-ਮੇਲ) ਅਤੇ ਵੈੱਬਸਾਈਟਾਂ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰ ਰਹੀਆਂ ਹਨ। ਅਜਿਹੇ ਕੰਪਿਊਟਰ ਆਧਾਰਿਤ ਸੰਚਾਰ ਟੂਲਜ਼ ਦੀ ਬਦੌਲਤ ਇਹ ਵਿਸ਼ਾਲ ਦੁਨੀਆ ਸੁੰਗੜ ਦੇ ਇੱਕ 'ਗਲੋਬਲ ਪਿੰਡ' ਬਣ ਗਈ ਹੈ। ਲੈਨ (Local Area Network) ਅਤੇ ਵੈਨ (Wide Area Network) ਦੀ ਬਦੌਲਤ ਸੰਚਾਰ ਸਬੰਧ ਸਥਾਪਿਤ ਕਰਕੇ ਦੂਰ ਦੁਰਾਡੇ ਪਏ ਕੰਪਿਊਟਰਾਂ ਵਿਚਕਾਰ ਸੂਚਨਾਵਾਂ ਦਾ ਅਦਾਨ ਪ੍ਰਦਾਨ ਕਰਵਾਇਆ ਜਾ ਸਕਦਾ ਹੈ। ਸੰਖੇਪ ਵਿੱਚ ਕਿਹਾ ਜਾਵੇ ਤਾਂ ਈ-ਮੇਲ , ਵੈੱਬਸਾਈਟਾਂ, ਚੈਟਿੰਗ , ਨੈੱਟਵਰਕ ਰਾਹੀਂ ਸਾਂਝਦਾਰੀ ਅਤੇ ਵੰਡ ਆਦਿ ਸੁਵਿਧਾਵਾਂ ਨੇ ਸੰਚਾਰ ਦੇ ਖੇਤਰ ਵਿੱਚ ਇਕ ਨਵੀਂ ਕ੍ਰਾਂਤੀ ਲਿਆਂਦੀ ਹੈ।

ਡੈਸਕ ਟਾਪ ਪਬਲਿਸ਼ਿੰਗ (Desktop Publishing)

ਕੰਪਿਊਟਰ ਦੀ ਮਦਦ ਨਾਲ ਅਖ਼ਬਾਰਾਂ, ਕਿਤਾਬਾਂ, ਰਸਾਲੇ , ਕਿਤਾਬਚੇ, ਇਸ਼ਤਿਹਾਰ ਅਤੇ ਹੋਰ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਡੈਸਕ ਟਾਪ ਪਬਲਿਸ਼ਿੰਗ (ਡੀਟੀਪੀ) ਦਾ ਨਾਮ ਦਿੱਤਾ ਜਾਂਦਾ ਹੈ। ਡੈਸਕ ਟਾਪ ਪਬਲਿਸ਼ਿੰਗ ਦੇ ਸੰਬੰਧ ਵਿੱਚ ਅਨੇਕਾਂ ਸਾਫਟਵੇਅਰਾਂ ਦਾ ਨਿਰਮਾਣ ਹੋ ਚੁੱਕਾ ਹੈ। ਅਜਿਹੇ ਸਾਫਟਵੇਅਰਾਂ (ਵਰਡ ਪ੍ਰੋਸੈਸਰਾਂ) ਦੀ ਮਦਦ ਨਾਲ ਡਾਕੂਮੈਂਟ ਦਾ ਅਕਾਰ, ਫੌਂਟ ਸਾਈਜ਼, ਫੌਂਟ ਸਟਾਈਲ ਆਦਿ ਬਦਲਿਆ ਜਾ ਸਕਦਾ ਹੈ। ਕੰਪਿਊਟਰ ਪ੍ਰਿੰਟਰ ਦੀ ਮਦਦ ਨਾਲ ਅਜਿਹੇ ਦਸਤਾਵੇਜ਼ਾਂ ਨੂੰ ਚੰਗੇ ਮਿਆਰ ਵਿੱਚ ਛਾਪਿਆ ਜਾਂਦਾ ਹੈ।

ਕੰਪਿਊਟਰ ਗ੍ਰਾਫਿਕਸ ਪ੍ਰੋਗਰਾਮਾਂ ਦੀ ਮਦਦ ਨਾਲ ਦੋ ਅਤੇ ਤਿੰਨ ਅਯਾਮੀ (Dimentional) ਚਿੱਤਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਡਿਜ਼ਾਈਨਿੰਗ ਦੇ ਖੇਤਰ ਵਿੱਚ ਕੰਪਿਊਟਰ ਪ੍ਰੋਗਰਾਮ ਸਾਡੀ ਕਾਫ਼ੀ ਸਹਾਇਤਾ ਕਰਦੇ ਹਨ। ਅਜਿਹੇ ਪ੍ਰੋਗਰਾਮਾਂ ਦੀ ਮਦਦ ਨਾਲ ਪੁਸਤਕਾਂ ਦੇ ਆਕਰਸ਼ਕ ਟਾਈਟਲ ਪੰਨੇ ਬਣਾਏ ਜਾਂਦੇ ਹਨ।

ਬੈਂਕਿੰਗ (Banking)

ਅੱਜ ਦੁਨੀਆ ਭਰ ਦੇ ਲਗਭਗ ਸਾਰੇ ਬੈਂਕਾਂ ਵਿੱਚ ਕੰਪਿਊਟਰ ਦਾ ਆਗਮਨ ਹੋ ਚੁੱਕਾ ਹੈ। ਕੰਪਿਊਟਰ ਦੀ 'ਆਨ ਲਾਈਨ ਪੁੱਛ-ਗਿੱਛ' (ਇਨਕੁਆਇਰੀ) ਸੁਵਿਧਾ ਦੇ ਜ਼ਰੀਏ ਗਾਹਕ ਆਪਣੇ ਖਾਤੇ ਦਾ ਬਕਾਇਆ, ਸ਼ੇਅਰ ਦਰਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬੈਂਕਾਂ ਵਿੱਚ ਲੰਬੇ ਇੰਦਰਾਜਾਂ ਦੀਆਂ ਵਿਆਜ ਦਰਾਂ ਦਾ ਪਰਿਕਲਨ ਕਰਨਾ ਅੱਜ ਦੇ ਕੰਪਿਊਟਰ ਲਈ ਚੁਟਕੀ ਦਾ ਕੰਮ ਹੈ। ਪ੍ਰਿੰਟਰ ਦੀ ਮਦਦ ਨਾਲ ਬੈਂਕ ਦੀ ਪਾਸ ਬੁੱਕ ਉੱਤੇ ਪੈਸੇ ਕਢਵਾਉਣ, ਅਤੇ ਜਮ੍ਹਾਂ ਕਰਵਾਉਣ ਦੇ ਇੰਦਰਾਜ, ਰਿਪੋਰਟਾਂ, ਫਾਰਮ , ਬਿੱਲ ਆਦਿ ਬਹੁਤ ਹੀ ਤੇਜ਼ ਰਫ਼ਤਾਰ ਨਾਲ ਪ੍ਰਿੰਟ ਕਰਵਾਏ ਜਾ ਸਕਦੇ ਹਨ। ਬੈਂਕਾਂ ਦੀ ਚੈੱਕ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਫੁਰਤੀਲਾ ਬਣਾਉਣ ਲਈ ਮੈਗਨੈਟਿਕ ਇੰਕ ਕਰੈਕਟਰ ਰੀਡਰ (MICR) ਦੀ ਵਰਤੋਂ ਕਾਫ਼ੀ ਲਾਹੇਵੰਦ ਸਿੱਧ ਹੋਈ ਹੈ। ਹੁਣ ਬੈਂਕਾਂ ਵਿੱਚ ਸਵੈਚਾਲਿਤ ਟੇਲਰ ਮਸ਼ੀਨਾਂ (ATM) ਕੰਮ ਕਰ ਰਹੀਆਂ ਹਨ। ਇਹ ਮਸ਼ੀਨਾਂ ਪੈਸਿਆਂ ਦੀ ਅਦਾਇਗੀ ਅਤੇ ਵਸੂਲੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਟਰੈਫਿਕ ਕੰਟਰੋਲ (Traffic Control)

ਕੰਪਿਊਟਰ ਦੀ ਵਰਤੋਂ ਆਵਾਜਾਈ ਦੇ ਸਾਧਨਾਂ ਨੂੰ ਕੰਟਰੋਲ ਕਰਨ ਵਾਲੀਆਂ ਟਰੈਫਿਕ ਲਾਈਟਾਂ ਵਿੱਚ ਕੀਤੀ ਜਾਂਦੀ ਹੈ। ਕੰਪਿਊਟਰ ਵਿੱਚ ਵੱਖ-ਵੱਖ ਰੰਗਾਂ ਵਾਲੀਆਂ ਲਾਈਟਾਂ ਨੂੰ ਵੱਖ-ਵੱਖ ਸਮਿਆਂ ਤੇ ਜਗਾਉਣ ਤੇ ਬੁਝਾਉਣ ਲਈ ਪ੍ਰੋਗਰਾਮ ਪਾਇਆ ਜਾਂਦਾ ਹੈ। ਟ੍ਰੈਫਿਕ ਪੁਲਿਸ ਕੰਪਿਊਟਰੀਕ੍ਰਿਤ ਰੇਡਾਰ ਤੋਂ ਗੱਡੀਆਂ ਦੀ ਰਫ਼ਤਾਰ ਪਤਾ ਲਗਾਉਣ ਦਾ ਕੰਮ ਲੈਂਦੀ ਹੈ।

ਖੇਡਾਂ (Sports)

ਖੇਡਾਂ ਵਿੱਚ ਕੰਪਿਊਟਰ ਰਾਹੀਂ ਕੰਟਰੋਲ ਹੋਣ ਵਾਲੇ ਵੀਡੀਓ ਕੈਮਰੇ ਵਰਤੇ ਜਾਂਦੇ ਹਨ। ਇਹ ਕੈਮਰੇ ਖਿਡਾਰੀ ਦੀਆਂ ਗਤੀਵਿਧੀਆਂ ਦਾ ਬੜੀ ਬਰੀਕੀ ਨਾਲ ਫਿਲਮਾਂਕਣ ਕਰਦੇ ਹਨ। ਇਸ ਵੀਡੀਓ (ਫਿਲਮਾਂਕਣ) ਨੂੰ ਰੀ-ਪਲੇਅ ਕਰਕੇ ਗ਼ਲਤੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ। 3-ਡੀ ਪ੍ਰੋਗਰਾਮਾਂ ਦੀ ਮਦਦ ਨਾਲ ਖਿਡਾਰੀਆਂ ਨੂੰ ਸਿੱਖਲਾਈ ਦੇਣ ਦਾ ਕੰਮ ਸੌਖਾ ਹੋ ਗਿਆ ਹੈ। ਕੰਪਿਊਟਰ ਨਾਲ ਜੁੜੇ ਸਕੋਅਰ ਬੋਰਡ ਦਰਸ਼ਕਾਂ ਨੂੰ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿੰਦੇ ਹਨ।

ਉਪਰੋਕਤ ਤੋਂ ਇਲਾਵਾ ਅਨੇਕਾਂ ਅਜਿਹੇ ਖੇਤਰ ਹਨ ਜਿਨ੍ਹਾਂ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।

ਕੰਪਿਊਟਰ ਦੀ ਵਰਤੋਂ ਕਈ ਪ੍ਰਕਾਰ ਦੀਆਂ ਸਵੈਚਾਲਿਤ ਮਸ਼ੀਨਾਂ ਚਲਾਉਣ, ਮੋਬਾਈਲ ਫੋਨ, ਟੈਲੀਫੋਨ ਅਤੇ ਬਿਜਲੀ ਦੇ ਬਿੱਲ ਤਿਆਰ ਕਰਨ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਹਿਸਾਬ ਲਗਾਉਣ ਅਤੇ ਸ਼ੇਅਰ ਬਾਜ਼ਾਰ ਵਿੱਚ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਇਹਨਾਂ ਤੋਂ ਇਲਾਵਾ ਬਿਨਾਂ ਡਰਾਈਵਰ ਵਾਲੀਆਂ ਕਾਰਾਂ , ਬਿਨਾਂ ਪਾਈਲਟ ਵਾਲੇ ਜਹਾਜ਼ਾਂ, ਰੋਬੋਟਾਂ, ਬੱਚਿਆਂ ਦੇ ਕਈ ਪ੍ਰਕਾਰ ਦੇ ਖਿਡੌਣਿਆਂ, ਬੈਂਡਿੰਗ ਮਸ਼ੀਨਾਂ, ਕਪੜੇ ਧੋਣ ਵਾਲੀਆਂ ਅਤੇ ਸੁਕਾਉਣ ਵਾਲੀਆਂ ਮਸ਼ੀਨਾਂ ਵਿੱਚ ਵੀ ਕੰਪਿਊਟਰ ਵਰਤਿਆ ਜਾਂਦਾ ਹੈ। ਕੰਪਿਊਟਰ ਰਾਹੀਂ ਇਕ ਭਾਸ਼ਾ ਵਿੱਚ ਲਿਖੀ ਪਾਠ ਸਮੱਗਰੀ ਨੂੰ ਦੂਸਰੀ ਭਾਸ਼ਾ ਵਿੱਚ ਅਨੁਵਾਦ ਕਰਨਾ ਸੰਭਵ ਹੋ ਗਿਆ ਹੈ। ਕੰਪਿਊਟਰ ਦੁਆਰਾ ਕਰਵਾਏ ਜਾਣ ਵਾਲੇ ਅਜਿਹੇ ਕੰਮ ਨੂੰ ਮਸ਼ੀਨ ਟ੍ਰਾਂਸਲੇਸ਼ਨ (Machine Translation) ਕਿਹਾ ਜਾਂਦਾ ਹੈ। ਅੱਜ ਪੰਜਾਬੀ ਤੋਂ ਹਿੰਦੀ , ਗੁਰਮੁਖੀ ਤੋਂ ਸ਼ਾਹਮੁਖੀ , ਪੰਜਾਬੀ ਤੋਂ ਰੋਮਨ ਅਤੇ ਇਸ ਦੇ ਉਲਟ ਲਿਪੀਅੰਤਰਨ ਕਰਨ ਵਾਲੇ ਟੂਲ ਵਿਕਸਿਤ ਹੋ ਚੁੱਕੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.