ਕ੍ਰਿਸ਼ਨਾ ਸੋਬਤੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕ੍ਰਿਸ਼ਨਾ ਸੋਬਤੀ : ਆਪਣੀਆਂ ਵੱਖ-ਵੱਖ ਕਥਾ ਕਿਰਤਾਂ ਰਾਹੀਂ ਕ੍ਰਿਸ਼ਨਾ ਸੋਬਤੀ ਨੇ ਸੰਸਕ੍ਰਿਤੀ, ਸੰਵੇਦਨਾ ਅਤੇ ਭਾਸ਼ਾ ਸ਼ਿਲਪ ਦੀ ਦ੍ਰਿਸ਼ਟੀ ਤੋਂ ਹਿੰਦੀ ਸਾਹਿਤ ਨੂੰ ਇੱਕ ਨਵੀਂ ਖ਼ਾਸੀਅਤ ਅਤੇ ਵਿਆਪਕਤਾ ਪ੍ਰਦਾਨ ਕੀਤੀ ਹੈ। ਪੰਜਾਬ ਦੀ ਖੁੱਲ੍ਹੀ-ਡੁੱਲ੍ਹੀ ਰਹਿਣੀ-ਬਹਿਣੀ, ਵਿਆਪਕ ਸੱਭਿਆਚਾਰ, ਇੱਥੇ ਦੀ ਧਰਤੀ ਦੀ ਖ਼ੁਸ਼ਬੂ, ਸੰਵੇਦ- ਨਾਤਮਿਕ ਪਹਿਲੂਆਂ ਵਿੱਚੋਂ ਪ੍ਰਗਟ ਹੁੰਦੀ ਹੈ। ਉਰਦੂ, ਪੰਜਾਬੀ, ਹਿੰਦੀ ਦੇ ਰਲੇ-ਮਿਲੇ ਰੂਪ ਵਿੱਚ ਲਿਖੀਆਂ ਉਸ ਦੀਆਂ ਲਿਖਤਾਂ ਅਤੇ ਫੱਕੜ ਅਤੇ ਬੇਖ਼ੌਫ਼ ਅੰਦਾਜ਼ ਵਿੱਚ ਕੀਤੀਆਂ ਉਸ ਦੀਆਂ ਟਿੱਪਣੀਆਂ ਸਾਡੇ ਸਮੇਂ ਨੂੰ ਰੇਖਾਂਕਿਤ ਕਰਦੀਆਂ ਹਨ।

     ਉਸ ਦੀ ਧਾਰਨਾ ਹੈ ਕਿ ਜੇ ਹਿੰਦੀ ਕਿਸੇ ਪ੍ਰਦੇਸ਼ ਵਿਸ਼ੇਸ਼ ਜਾਂ ਧਰਮ ਵਿਸ਼ੇਸ਼ ਦੀ ਭਾਸ਼ਾ ਨਹੀਂ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਆਪਣੇ ਸੰਸਕਾਰਾਂ ਨੂੰ ਖੋਲ੍ਹੇ, ਵਿਆਪਕ ਬਣਾਵੇ। ਵੱਡੇ ਤੇ ਮੁਢਲੇ ਹਿੰਦੀ ਅਚਾਰੀਆ-ਵਿਦਵਾਨਾਂ ਨਾਲੋਂ ਵੀ ਖੁੱਲ੍ਹੀ ਇਹ ਟਿੱਪਣੀ, ਲੇਖਕਾ ਦੇ ਖੁੱਲ੍ਹੇ-ਦਿਲ ਨੂੰ ਕਿਸੇ ਖੁੱਲ੍ਹੀ ਖਿੜਕੀ ਵਾਂਗ ਹੀ ਪੇਸ਼ ਕਰਦੀ ਹੈ। ਇਸੇ ਲਈ ਉਸ ਨੇ ਭਾਸ਼ਾ-ਸ਼ਿਲਪ ਦੇ ਬਣੇ-ਬਣਾਏ ਸਾਂਚੇ, ਚੌਖਟੇ, ਹੱਦਾਂ-ਬੰਨੇ ਹਰੇਕ ਪੱਧਰ ਤੇ ਨਕਾਰੇ ਹਨ, ਅਸਵੀਕਾਰ ਕੀਤੇ ਹਨ। ਉਸ ਵਾਸਤੇ ਰਚਨਾਕਾਰ ਵਾਂਗ ਹੀ ਰਚਨਾ ਵੀ ਇੱਕ ਜਿਊਂਦਾ ਸੱਚ ਹੈ। ਫਿਰ ਉਸ ਨਾਲ ਭਲਾ ਮਨ-ਭਾਉਂਦਾ ਖਿਲਵਾੜ ਕੋਈ ਕਿਵੇਂ ਕਰ ਸਕਦਾ ਹੈ। ਕ੍ਰਿਸ਼ਨਾ ਸੋਬਤੀ ਦਾ ਖ਼ਿਆਲ ਹੈ ਕਿ ਰਚਨਾ ਬਾਹਰਲੀ ਪ੍ਰੇਰਨਾ ਤੋਂ ਪੈਦਾ ਨਹੀਂ ਹੁੰਦੀ, ਸਿਰਜੀ ਜਾਂਦੀ ਹੈ ਤੇ ਇਹ ਸਿਰਜਨਾ ਰਚਨਾਕਾਰ ਦੇ ਮਾਨਸਿਕ ਦਬਾਅ ਅਤੇ ਤਣਾਅ ਤੋਂ ਵੀ ਜਨਮ ਨਹੀਂ ਲੈਂਦੀ। ਅਸਲ ਵਿੱਚ ਰਚਨਾ ਅਤੇ ਰਚਨਾਕਾਰ ਦੋਵੇਂ ਇੱਕ ਦੂਸਰੇ ਦੇ ਆਰ-ਪਾਰ ਹੁੰਦੇ ਹਨ ਅਤੇ ਇੱਕ ਹੋ ਜਾਂਦੇ ਹਨ। ਸ਼ਾਇਦ ਇਸੇ ਲਈ ਲੇਖਕ ਤੇ ਰਚਨਾ ਦੀਆਂ ਸ਼ਰਤਾਂ ਲਾਗੂ ਹੋ ਜਾਂਦੀਆਂ ਹਨ ਅਤੇ ਲੇਖਕੀ ਸੰਜਮ ਲਿਖਤ ਉੱਤੇ ਆਪਣੇ ਅਨੁਸ਼ਾਸਨ ਸਮੇਤ ਬਣਿਆ ਰਹਿੰਦਾ ਹੈ।

     ਭਾਰਤੀ ਸਾਹਿਤ ਦੇ ਮੰਚ ਉੱਤੇ ਕ੍ਰਿਸ਼ਨਾ ਸੋਬਤੀ ਆਪਣੀ ਸੰਜਮੀ-ਅਭਿਵਿਅਕਤੀ ਅਤੇ ਸਾਫ਼-ਸੁਥਰੀ ਰਚਨਾਸ਼ੀਲਤਾ ਕਰ ਕੇ ਪ੍ਰਸਿੱਧ ਹੈ। ਘੱਟ ਲਿਖਣ ਨੂੰ ਉਸ ਨੇ ਆਪਣਾ ਪਰਿਚੈ ਮੰਨਿਆ ਹੈ। ਇਸ ਦਾ ਭਾਵ, ਖ਼ਾਸ ਲੀਕ ਤੋਂ ਹਟ ਕੇ ਲਿਖਣਾ ਹੀ ਉਸ ਲਈ ਵਿਸ਼ਿਸ਼ਟ ਹੈ। ਆਪਣੇ ਲਈ ਇੱਕ ਪਛਾਣ, ਇੱਕ ਪ੍ਰਵਾਨਗੀ, ਕ੍ਰਿਸ਼ਨਾ ਸੋਬਤੀ ਨੇ ਇਵੇਂ ਹੀ ਸਥਾਪਿਤ ਕੀਤੀ ਹੈ। ਵੈਸੇ ਕਿਸੇ ਵੀ ਕਾਲ ਜਾਂ ਕਿਸੇ ਭਾਸ਼ਾ ਦੇ ਕੁਝ ਕੁ ਲੇਖਕ ਹੀ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀਆਂ ਰਚਨਾਵਾਂ ਸਾਹਿਤ ਅਤੇ ਸਮਾਜ ਵਿੱਚ ਅਨਾਰ ਵਾਂਗ ਫੁੱਟਦੀਆਂ, ਫਟਦੀਆਂ, ਰੋਸ਼ਨੀ ਦਿੰਦੀਆਂ ਹਨ ਅਤੇ ਉਹ ਆਪਣੀ ਭਾਵਾਤਮਿਕ ਸ਼ਕਤੀ, ਨਿੱਜੀ ਊਰਜਾ ਅਤੇ ਕਲਾਮਈ ਉਤੇਜਨਾ ਵਾਸਤੇ ਇੱਕ ਨਵੇਕਲਾ ਪਾਠਕ ਵਰਗ ਲਗਾਤਾਰ ਤਿਆਰ ਕਰਦੇ ਹਨ। ਕ੍ਰਿਸ਼ਨਾ ਸੋਬਤੀ ਨੇ ਇਹ ਸੰਭਵ ਕਰ ਵਿਖਾਇਆ ਹੈ।

     ਆਪਣੀ ਲੰਬੀ ਸਾਹਿਤਿਕ ਯਾਤਰਾ `ਚ ਕ੍ਰਿਸ਼ਨਾ ਸੋਬਤੀ ਨੇ ਹਰੇਕ ਨਵੀਂ ਕਿਰਤ ਨਾਲ ਧਮਾਕਾ ਕੀਤਾ ਹੈ। ਉਹ ਆਪਣੀਆਂ ਸੰਭਾਵਨਾਵਾਂ, ਸਮਰਥਾਵਾਂ ਤੋਂ ਅੱਗੇ ਵਧੀ ਹੈ। ਡਾਰ ਸੇ ਬਿਛੁੜੀ ਤੋਂ ਸ਼ੁਰੂ ਕਰ ਕੇ ਮਿੱਤਰੋ ਮਰਜਾਣੀ, ਯਾਰੋਂ ਕੇ ਯਾਰ, ਬਾਦਲੋਂ ਕੇ ਘੇਰੇ, ਸੂਰਜਮੁਖੀ ਅੰਧੇਰੇ ਕੇ, ਜ਼ਿੰਦਗੀਨਾਮਾ, ਏ ਲੜਕੀ, ਦਿਲੋ ਦਾਨਿਸ਼ ਅਤੇ ਹਮ ਹਸ਼ਮਤ ਤਕ ਦੀਆਂ ਲਿਖਤਾਂ ਵਿੱਚ ਬੌਧਿਕ ਉਤੇਜਨਾ ਹੈ ਤੇ ਇਸ ਦੇ ਨਾਲ ਹੀ ਆਲੋਚਨਾਤਮਿਕ ਸੰਵਾਦ, ਸਮਾਜਿਕ ਅਤੇ ਨੈਤਿਕ ਬਹਿਸਾਂ ਵੀ ਹਨ। ਪੰਜਾਬੀ ਸੰਸਕਾਰ, ਸੁਭਾਅ ਦੀ ਖੁੱਲ੍ਹ, ਸਾਡੀ ਮਿੱਟੀ ਦੀ ਮਹਿਕ ਵੀ ਹੈ। ਕ੍ਰਿਸ਼ਨਾ ਸੋਬਤੀ ਦੀਆਂ ਲਿਖਤਾਂ ਮੰਡੀ ਦਾ ਮਾਲ ਨਹੀਂ, ਉਸਦੇ ਪਾਠਕਾਂ ਨੂੰ ਇਹਨਾਂ ਲਈ ਨਿੱਠ ਕੇ ਉਡੀਕ ਕਰਨੀ ਪਈ ਹੈ।

     ਸਾਹਿਤਿਕ ਤਾਜ਼ਗੀ ਦੇ ਪੱਖੋਂ ਕ੍ਰਿਸ਼ਨਾ ਸੋਬਤੀ ਬੇਜੋੜ ਹੈ। ਸਮਾਜ ਅਤੇ ਸਮੇਂ ਦੇ ਕਈ ਸਾਹਿਤਿਕ ਸੱਚ ਉਸ ਨੇ ਉਜਾਗਰ ਕੀਤੇ ਹਨ। ਸਚਾਈ ਦੇ ਰੂ-ਬਰੂ ਇਸ ਦੀ ਕਲਮ ਰੋਸ਼ਨੀ ਨੂੰ ਉਜਾਗਰ ਕਰਦੀ ਰਹੀ ਹੈ। ਇਸ ਲਈ ਇੱਕ ਵੱਡਾ ਪਾਠਕ-ਵਰਗ ਸੋਬਤੀ ਦੀਆਂ ਲਿਖਤਾਂ ਦਾ ਦੀਵਾਨਾ ਹੈ, ਉਸ ਦੀ ਕਲਮ ਦੀ ਪ੍ਰਮਾਣਿਕਤਾ ਦਾ ਸਤਿਕਾਰ ਕਰਦਾ ਹੈ। ਪਾਠਕਾਂ ਨੂੰ ਜਿਸ ਭਰੋਸੇ ਦੀ ਲੋੜ ਹੁੰਦੀ ਹੈ, ਉਹ ਕ੍ਰਿਸ਼ਨਾ ਸੋਬਤੀ ਨੇ ਉਹਨਾਂ ਨੂੰ ਮੁਹੱਈਆ ਕਰਵਾ ਕੇ ਆਪਣੇ ਲੇਖਨ ਨਾਲ ਤੋਰਿਆ ਤੇ ਜੋੜਿਆ ਹੈ। ਇਸ ਲੇਖਕਾ ਨੇ ਆਪਣੇ ਸਮਕਾਲੀਆਂ ਨੂੰ ਅਤੇ ਅਗਲੇਰੀਆਂ ਪੀੜ੍ਹੀਆਂ ਨੂੰ ਮਨੁੱਖੀ ਸੁਤੰਤਰਤਾ ਅਤੇ ਨੈਤਿਕ ਉਤਸੁਕਤਾ ਵਾਸਤੇ ਪ੍ਰੇਰਿਤ ਵੀ ਕੀਤਾ ਹੈ ਅਤੇ ਪ੍ਰਭਾਵਿਤ ਵੀ। ਆਪਣੇ ਨਿਜ ਦੇ ਪ੍ਰਤਿ ਸੁਚੇਤ ਅਤੇ ਸਮਾਜ ਪ੍ਰਤਿ ਪਾਠਕ ਨੂੰ ਚੇਤੰਨ ਕਰ ਕੇ, ਜਾਗਰੂਕ ਬਣਾ ਕੇ ਸੋਬਤੀ ਨੇ ਇੱਕ ਵਡੇਰਾ ਰੋਲ ਅਦਾ ਕੀਤਾ ਹੈ।

     ਹਿੰਦੀ ਸਾਹਿਤ ਦੇ ਅਜੋਕੇ ਫਲਕ ਉੱਤੇ ਕ੍ਰਿਸ਼ਨਾ ਸੋਬਤੀ ਇੱਕ ਵਿਲੱਖਣ ਰਚਨਾਕਾਰ ਦੇ ਰੂਪ ਵਿੱਚ ਸਥਾਪਿਤ ਹੈ। ਉਸ ਦਾ ਬਹੁਚਰਚਿਤ ਕਥਾ ਸਾਹਿਤ ਸੰਸਮਰਨ (ਯਾਦਾਂ), ਰੇਖਾ ਚਿੱਤਰ, ਇੰਟਰਵਿਊ ਅਤੇ ਕਵਿਤਾ ਆਦਿ ਵੀ ਹਲੂਣਦੀਆਂ ਰਚਨਾਵਾਂ ਹਨ। ਇਸ ਦੇ ਬਿਆਨ ਬੇਲਾਗ, ਦੋ ਟੁੱਕ, ਮੂੰਹ ਫੱਟ, ਸਾਫ਼ਗੋਈ ਨਾਲ ਲਬਰੇਜ਼ ਹਨ। ਵਿਚਾਰਾਂ ਨੂੰ ਉਤੇਜਨਾ ਦੇਣ ਵਾਲੇ ਇਸ ਦੇ ਨਿਬੰਧ ਚਿੰਤਨ ਦੇ ਨਵੇਂ ਦਿਸਹੱਦੇ ਪੇਸ਼ ਕਰਦੇ ਹਨ।

     ਬਹੁਪਰਤੀ ਲੇਖਕਾਂ ਵਾਂਗ, ਕ੍ਰਿਸ਼ਨਾ ਸੋਬਤੀ ਦੀਆਂ ਰਚਨਾਵਾਂ ਦਾ ਖੇਤਰ ਬਹੁ-ਪਸਾਰੀ ਵੀ ਹੈ। ਉਸ ਦੀ ਲਿਖਤ ਨੇ ਨਵੀਆਂ ਸਥਾਪਨਾਵਾਂ ਘੜੀਆਂ ਹਨ। ਸਮਕਾਲੀ ਰਚਨਾਤਮਿਕਤਾ ਦੇ ਅਨੇਕ ਨਵੇਂ ਸਵਾਲ ‘ਸੋਬਤੀ ਦੀ ਸੁਹਬਤ’ ਖੜ੍ਹੇ ਕਰਦੀ ਹੈ। ਸਾਹਿਤ ਅਕਾਦਮੀ ਦੀ ਸਨਮਾਨਿਤ ਫੈਲੋਸ਼ਿਪ ਤੇ ਅਨੇਕ ਕੌਮੀ ਇਨਾਮ-ਸਨਮਾਨ ਉਸ ਨੇ ਹਾਸਲ ਕੀਤੇ ਹਨ।


ਲੇਖਕ : ਯੋਗੇਸ਼ਵਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕ੍ਰਿਸ਼ਨਾ ਸੋਬਤੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕ੍ਰਿਸ਼ਨਾ ਸੋਬਤੀ : ਇਸ ਪ੍ਰਤਿਭਾਸ਼ਾਲੀ ਹਿੰਦੀ ਸਾਹਿਤਕਾਰ ਦਾ ਜਨਮ 18 ਫ਼ਰਵਰੀ, 1925 ਨੂੰ ਗੁਜਰਾਤ (ਪੰਜਾਬ, ਪਾਕਿਸਤਾਨ) ਵਿਚ ਹੋਇਆ। ਇਸ ਦਾ ਪਿਤਾ ਭਾਰਤ ਸਰਕਾਰ ਵਿਚ ਇਕ ਉੱਚਾ ਅਫ਼ਸਰ ਲਗਿਆ ਹੋਇਆ ਸੀ। ਇਸ ਨੇ ਦਿੱਲੀ, ਸ਼ਿਮਲਾ ਅਤੇ ਲਾਹੌਰ ਵਿਖੇ ਵਿਦਿਆ ਪ੍ਰਾਪਤ ਕੀਤੀ। ਇਸ ਨੂੰ ਬਚਪਨ ਤੋਂ ਹੀ ਸਾਹਿਤ ਦੀ ਲਗਨ ਲਗ ਗਈ ਸੀ ਅਤੇ 10 ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਇਸ ਨੇ ਛੋਟੀਆਂ ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮਗਰੋਂ ਇਸ ਨੇ ਕਵਿਤਾ ਛੱਡ ਕੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।

          ਸ਼੍ਰੀਮਤੀ ਸੋਬਤੀ ਦੀ ਪਹਿਲੀ ਕਹਾਣੀ ‘ਸਿੱਕਾ ਬਦਲ ਗਿਆ’ ਦਿੱਲੀ ਦੇ ਇਕ ਰਸਾਲੇ ‘ਪ੍ਰਤੀਕ’ ਵਿਚ ਸੰਨ 1950 ਵਿਚ ਪ੍ਰਕਾਸ਼ਤ ਹੋਈ ਸੀ। ਇਸ ਕਹਾਣੀ ਦਾ ਵਿਸ਼ਾ ਸੁਤੰਤਰਤਾ ਪ੍ਰਾਪਤੀ ਸੀ। ਇਹ ਪਹਿਲੀ ਮਹਿਲਾ ਸਾਹਿਤਕਾਰ ਹੈ, ਜਿਸ ਨੇ ਆਪਣੀ ਪੁਸਤਕ ‘ਜ਼ਿੰਦਗੀਨਾਮਾ’ ਤੇ ਸਾਹਿਤ ਅਕਾਦਮੀ ਦਾ ਗੌਰਵਮਈ ਪੁਰਸਕਾਰ ਪ੍ਰਾਪਤ ਕਰਕੇ ਸਮੁੱਚੇ ਭਾਰਤੀ ਸਾਹਿਤ ਵਿਚ ਪੰਜਾਬੀ ਸਾਹਿਤਕਾਰਾਂ ਦਾ ਸਿਰ ਉਚਾ ਕੀਤਾ। ਇਸ ਦੀਆਂ ਰਚਨਾਵਾਂ ਨੇ ਸੁਤੰਤਰਾ ਪਿੱਛੋਂ ਦੇ ਹਿੰਦੀ ਗਲਪ ਨੂੰ ਇਕ ਨਵਾਂ ਮੋੜ ਦਿੱਤਾ।

          ਸੋਬਤੀ ਦੀਆਂ ਰਚਨਾਵਾਂ ਵਿਚ ‘ਮਿਤਰੋ ਮਰ ਜਾਨੀ’, ‘ਡਾਰ ਸੇ ਬਿਛੁੜੀ’, ‘ਯਾਰੋਂ ਕੇ ਯਾਰ’, ‘ਤਿੰਨ ਪਹਾੜ’, ‘ਜ਼ਿੰਦਗੀ ਨਾਮਾ’, ‘ਹਮ ਹਸ਼ਮਤ’, ‘ਸੂਰਜਮੁਖੀ ਅੰਧੇਰੇ ਕੇ’ ਅਤੇ ‘ਬਾਦਲੋਂ ਕੇ ਘੇਰੇ’ ਆਦਿ ਸ਼ਾਮਲ ਹਨ।

          ਸ੍ਰੀਮਤੀ ਸੋਬਤੀ ਦਾ ਕਹਿਣਾ ਹੈ ਕਿ ਜੇ ਸਾਹਿਤਕਾਰ ਆਪਣੇ ਪਾਤਰਾਂ ਅਤੇ ਮਾਹੌਲ ਤੋਂ ਦੂਰ ਰਹਿ ਕੇ ਕੁਝ ਲਿਖਦਾ ਹੈ ਤਾਂ ਉਸਦੀ ਰਚਨਾ ਪੂਰੀ ਤਰ੍ਹਾਂ ਯਥਾਰਥਵਾਦੀ ਨਹੀਂ ਹੋ ਸਕਦੀ। ਇਸ ਵਿਚ ਮਰਦਾਂ ਵਰਗਾ ਹੌਸਲਾ, ਸਪੱਸ਼ਟਤਾ ਅਤੇ ਜੀਵਨ ਦੇ ਕੌੜੇ-ਮਿੱਠੇ ਅਨੁਭਵਾਂ ਦੀ ਤੀਬਰਤਾ ਅਤੇ ਵਿਚਾਰਾਂ ਦੀ ਪਰਿਪੱਕਤਾ ਵਿਖਾਈ ਦਿੰਦੀ ਹੈ।

          ਸੰਨ 1981 ਵਿਚ ਪੰਜਾਬ ਸਰਕਾਰ ਨੇ ਇਸ ਨੂੰ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ।

          ਹ. ਪੁ.––ਸੁ. ਸਾ. ਸਨ. ਸਮਾ. 1981––ਭਾ. ਵਿ. ਪੰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕ੍ਰਿਸ਼ਨਾ ਸੋਬਤੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕ੍ਰਿਸ਼ਨਾ ਸੋਬਤੀ : ਇਸ ਪ੍ਰਸਿੱਧ ਹਿੰਦੀ ਸਾਹਿਤਕਾਰ ਦਾ ਜਨਮ 18 ਫ਼ਰਵਰੀ, 1925 ਨੂੰ ਗੁਜਰਾਤ (ਪੱਛਮੀ ਪੰਜਾਬ, ਪਾਕਿਸਤਾਨ) ਵਿਖੇ ਹੋਇਆ। ਦਿੱਲੀ, ਸ਼ਿਮਲਾ ਅਤੇ ਲਾਹੌਰ ਵਿਖੇ ਇਸ ਨੇ ਸਿੱਖਿਆ ਪ੍ਰਾਪਤ ਕੀਤੀ। ਬਚਪਨ ਤੋਂ ਹੀ ਸਾਹਿਤ ਵਿਚ ਦਿਲਚਸਪੀ ਕਾਰਨ ਇਸ ਨੇ 10 ਸਾਲ ਦੀ ਛੋਟੀ ਉਮਰ ਵਿਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮਗਰੋਂ ਇਸਨੇ ਕਵਿਤਾ ਛੱਡ ਕੇ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ।

ਇਸ ਦੀ ਪਹਿਲੀ ਕਹਾਣੀ ‘ਸਿੱਕਾ ਬਦਲ ਗਿਆ' ਦਿੱਲੀ ਦੇ ਇਕ ਪ੍ਰਸਿੱਧ ਰਸਾਲੇ ‘ਪ੍ਰਤੀਕ' ਵਿਚ ਸੰਨ 1950 ਵਿਚ ਪ੍ਰਕਾਸ਼ਤ ਹੋਈ। ਇਸ ਕਹਾਣੀ ਦਾ ਵਿਸ਼ਾ ਸੁਤੰਤਰਤਾ ਪ੍ਰਾਪਤੀ ਸੀ।

 ਇਸ ਦੀਆਂ ਰਚਨਾਵਾਂ ਨੇ ਸੁਤੰਤਰਤਾ ਪਿਛੋਂ ਦੇ ਹਿੰਦੀ ਗਲਪ ਨੂੰ ਇਕ ਨਵਾਂ ਮੋੜ ਦਿੱਤਾ। ਇਹ ‘ਇਸਤਰੀ ਮਨ' ਨੂੰ ਬੜੇ ਰੌਚਿਕ ਢੰਗ ਨਾਲ ਚਿਤਰਦੀ ਹੈ। ਇਸਦੀ ਮਾਤ-ਭਾਸ਼ਾ ਪੰਜਾਬੀ ਹੈ ਅਤੇ ਇਸੇ ਲਈ ਇਸਦੀਆਂ ਹਿੰਦੀ ਰਚਨਾਵਾਂ ਵਿਚ ਪੰਜਾਬੀ ਸ਼ਬਦਾਂ ਦੀ ਵਰਤੋਂ ਮਿਲਦੀ ਹੈ। ਇਹ ਆਪਣੀ ਰਚਨਾ ਦੇ ਪਾਤਰਾਂ ਅਤੇ ਸਥਾਨ ਨਾਲ ਇਕਮਿਕ ਹੋ ਕੇ ਰਚਨਾ ਨੂੰ ਯਥਾਰਥਵਾਦੀ ਬਣਾ ਦਿੰਦੀ ਹੈ।ਇਸ ਦੀਆਂ ਰਚਨਾਵਾਂ ਵਿਚ ਹੌਸਲਾ, ਸਪੱਸ਼ਟਤਾ, ਜੀਵਨ ਦੇ ਕੌੜੇ ਮਿੱਠੇ ਅਨੁਭਵਾਂ ਦੀ ਗਹਿਰਾਈ ਅਤੇ ਵਿਚਾਰਾਂ ਦੀ ਪਰਿਪੱਕਤਾ ਵਿਖਾਈ ਦਿੰਦੀ ਹੈ।ਇਸ ਦੀਆਂ ਕਹਾਣੀਆਂ ਅਤੇ ਨਾਵਲਾਂ ਦੀ ਇਕ ਵਿਸ਼ੇਸਤਾ ਇਹ ਹੈ ਕਿ ਇਸ ਨੇ ਪੰਜਾਬ ਦੇ ਇਤਿਹਾਸ, ਮਿਥਿਹਾਸ, ਸਭਿਅਤਾ ਅਤੇ ਸੰਸਕ੍ਰਿਤੀ ਤੋਂ ਹਿੰਦੀ ਪਾਠਕਾਂ ਨੂੰ ਜਾਣੂ ਕਰਵਾਇਆ ਹੈ।

    ਡਾਰ ਸੇ ਬਿਛੜੀ (1958), ਮਿਤਰੋ ਮਰਜਾਣੀ (1967); ਜ਼ਿੰਦਗੀਨਾਮਾ (1979); ਜਿੰਦਾ ਰੁੱਖ (1979) ਇਸਦੇ ਬਹੁ-ਚਰਚਿਤ ਨਾਵਲ ਹਨ।ਇਨ੍ਹਾਂ ਤੋਂ ਇਲਾਵਾ ਯਾਰੋਂ ਕੇ ਯਾਰ; ਤੀਨ ਪਹਾੜ; ਸੂਰਜਮੁਖੀ ਅੰਧੇਰੇ ਕੇ ਅਤੇ ਹਮ ਹਸ਼ਮਤ ਨੇ ਵੀ ਇਸਨੂੰ ਕਾਫ਼ੀ ਪ੍ਰਸਿੱਧੀ ਦਿਵਾਈ ਹੈ।ਇਸ ਦੀਆਂ ਰਚਨਾਵਾਂ ਦੇ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਵੀ ਹੋਏ ਹਨ।

     ਪੁਸਤਕ ‘ਜ਼ਿੰਦਗੀਨਾਮਾ' ਲਈ ਇਸ ਨੂੰ ਸਾਹਿਤ ਅਕਾਦਮੀ (ਭਾਰਤ ਸਰਕਾਰ) ਐਵਾਰਡ ਪ੍ਰਾਪਤ ਹੋਇਆ। ਭਾਸ਼ਾ ਵਿਭਾਗ, ਪੰਜਾਬ ਨੇ 1981 ਈ. ਵਿਚ ਇਸਨੂੰ ਸ਼੍ਰੋਮਣੀ ਹਿੰਦੀ ਸਾਹਿਤਕਾਰ ਦਾ ਸਨਮਾਨ ਦਿੱਤਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-12-39-50, ਹਵਾਲੇ/ਟਿੱਪਣੀਆਂ: ਹ. ਪੁ. - ਸ. ਸੁ. -1981;

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.