ਕੇਸਾਧਾਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸਾਧਾਰੀ: ਪਦ ਸਿੱਖ ਨੂੰ ਪਰਿਭਾਸ਼ਿਕ ਕਰਦੇ ਹੋਏ ਉਸ ਵਿਅਕਤੀ ਬਾਰੇ ਦੱਸਦਾ ਹੈ ਜਿਸ ਨੇ ਸਿਰ ਦੇ ਕੇਸਾਂ ਨੂੰ ਕਿਸੇ ਵੀ ਕਾਰਨ ਕਰਕੇ ਕਦੇ ਵੀ ਨਾ ਕੱਟਿਆ ਹੋਵੇ। ਕੋਈ ਵੀ, ਸਿੱਖ ਜਾਂ ਗ਼ੈਰ-ਸਿੱਖ, ਅਣਕੱਟੇ ਕੇਸ ਰੱਖ ਸਕਦਾ ਹੈ ਪਰ ਸਿੱਖ ਲਈ ਕੇਸ ਉਸ ਦੇ ਧਰਮ ਦਾ ਮੂਲ ਅੰਗ ਹਨ ਅਤੇ ਇਹ ਇਕ ਅਜਿਹੀ ਪ੍ਰਤਿਗਿਆ ਹੈ ਜਿਸ ਨੂੰ ਤੋੜਿਆ ਨਹੀਂ ਜਾ ਸਕਦਾ। ਸਿੱਖ ਗੁਰਧਾਮਾਂ ਦੀ ਸੇਵਾ- ਸੰਭਾਲ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਸਿੱਖ ਵਿਸ਼ਵਾਸਾਂ ਅਤੇ ਰੀਤਾਂ ਸੰਬੰਧੀ ਨਿਯਮ ਬਣਾਉਣ ਵਾਲੀ ਸੰਵਿਧਾਨਿਕ ਸੰਸਥਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1945 ਵਿਚ ਸਿੱਖ ਵਿਦਵਾਨਾਂ ਅਤੇ ਧਰਮ- ਸ਼ਾਸਤਰੀਆਂ ਵਿਚਕਾਰ ਲੰਮੀ ਸੋਚ-ਵਿਚਾਰ ਤੋਂ ਬਾਅਦ ਸਿੱਖ ਰਹਿਤ ਮਰਯਾਦਾ ਨੂੰ ਜਾਰੀ ਕੀਤਾ ਗਿਆ ਸੀ। ਜਿਸ ਵਿਚ ਸਿੱਖ ਨੂੰ ਪਰਿਭਾਸ਼ਿਕ ਕਰਦੇ ਹੋਏ ਦੱਸਿਆ ਗਿਆ ਹੈ:

      ਹਰ ਸਿੱਖ ਜਿਸ ਨੇ ਅੰਮ੍ਰਿਤ ਛਕਿਆ ਹੈ ਅਰਥਾਤ ਜਿਸਨੇ ਸਿੱਖੀ ਨੂੰ ਅਪਣਾਇਆ ਹੈ ਉਸ ਲਈ ਅੱਵਸ਼ਕ ਹੈ ਕਿ ਉਹ ਕੇਸਾਂ ਨੂੰ ਉਹਨਾਂ ਦੀ ਕੁਦਰਤੀ ਲੰਮਾਈ ਤਕ ਵਧਦਾ ਰਹਿਣ ਦੇਵੇ। ਇਹ ਨਿਯਮ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਜਿਹੜੇ ਸਿੱਖ ਪਰਵਾਰਾਂ ਵਿਚ ਪੈਦਾ ਹੋਏ ਹਨ ਪਰ ਉਹਨਾਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਜੇ ਤਕ ਅੰਮ੍ਰਿਤ ਪਾਨ ਨਹੀਂ ਕੀਤਾ ਹੈ।

      ਸਿੱਖ ਆਚਾਰ ਨੂੰ ਦਰਸਾਉਂਦੇ ਸਾਰੇ ਨਿਯਮ ਅਤੇ ਪੁਸਤਕਾਂ ਇਸ ਗੱਲ ‘ਤੇ ਇਕਮਤ ਹਨ ਕਿ ਹਰ ਸਿੱਖ ਲਈ ਸਾਬਤ-ਸੂਰਤ ਕੇਸ ਰੱਖਣੇ ਜ਼ਰੂਰੀ ਹਨ। ਇਹਨਾਂ ਵਿਚੋਂ ਇਕ, ਭਾਈ ਚੌਪਾ ਸਿੰਘ , ਲਿਖਦੇ ਹਨ: “ਗੁਰੂ ਕਾ ਸਿੱਖ ਕੇਸਾਂ ਦੀ ਪਾਲਣਾ ਕਰੈ। ਦੋ ਵਕਤ ਕੰਘਾ ਹੋਵੈ। ਧੋਵੈ ਦਹੀਂ ਨਾਲ , ਮੈਲਾ ਹੱਥ ਨਾ ਲਾਏ।"

      ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ :

      “ਜੋ ਮੇਰਾ ਸਿਖੁ ਹੋਸੀ, ਸੋ ਉਸਤਰਾ ਨ ਲਾਵਸੀ ਅਤੇ ਮੇਰੇ ਸਿਖ ਨੋ ਜਿਹਾ ਉਸਤਰਾ ਲਾਇਆ ਅਤੇ ਦਾੜ੍ਹੀ ਮੁੰਨੀ ਤੇਹਾ ਧੀਅ ਨਾਲਿ ਸੰਗੁ ਕੀਤਾ-- ----- ਸੋ ਖਾਲਸੇ ਨੂੰ ਏਹੁ ਨਿਸਾਨੀ ਲੱਗੀ ਹੈ। ਜੋ ਲੱਖ ਹਿੰਦੂ ਅਤੇ ਲੱਖ ਮੁਸਲਮਾਨ ਹੋਵਨਿ ਤਾਂ ਭੀ ਸਿਖੁ ਵਿਚ ਛੁਪਦਾ ਨਹੀਂ: ਕਿਉਂ ਜੋ ਹੱਛਾ ਦਾੜ੍ਹਾ ਸਿਰ ਤੇ ਕੇਸ, ਸੋ ਕਿਥੋਂ ਛੁਪੈ ।”

            ਭਾਈ ਦੇਸਾ ਸਿੰਘ ਆਪਣੇ ਰਹਿਤਨਾਮੇ ਵਿਚ ਧਰਮ-ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਵਿਚਾਰ ਪੇਸ਼ ਕਰਦੇ ਹੋਏ ਦੱਸਦੇ ਹਨ ਕਿ :

      ਜਬ ਪਹਿਲੇ ਸਬ ਸ੍ਰਿਸਟ ਉਪਾਈ॥

      ਤਬ ਹੀ ਮਾਨੁਖ ਦੇਹਿ ਬਨਾਈ॥

      ਤਨ ਇਸ ਕੇ ਸਿਰ ਕੇਸ ਜੁ ਦੀਨੋ॥

      ਸੋ ਇਹ ਤਨ ਸਿੰਗਾਰਹਿ ਕੀਨੋ॥

      ਦਾੜ੍ਹਾ ਮੁਛ ਸਿਰ ਕੇਸ ਬਨਾਈ॥

      ਹੈ ਇਹ ਦ੍ਰਿੜ ਜਿਹ ਪ੍ਰਭੂ ਰਜ਼ਾਈ॥

      ਮੇਟ ਰਜ਼ਾਇ ਜੁ ਸੀਸ ਮੁੰਡਾਵੈ॥

      ਕਹੁ ਤੇ ਜਗ ਕੈਸੇ ਹਰਿ ਪਾਵੈ॥

      ਕੇਸ ਕੱਟਣੇ ਜਾਂ ਹਜਾਮਤ ਕਰਨੀ ਸਿੱਖਾਂ ਲਈ ਵਰਜਿਤ ਹੈ ਅਤੇ ਅਜਿਹਾ ਕਰਨਾ ਸੰਗੀਨ ਧਰਮ-ਬੇਮੁੱਖਤਾ ਹੈ। ਸੱਚੇ ਸਿੱਖ ਦੀ ਸੱਚੀ ਕਾਮਨਾ ਉਸਨੂੰ ਇਸ ਯੋਗ ਬਣਾਉਣ ਲਈ ਹੁੰਦੀ ਹੈ ਕਿ ਉਹ “ਆਪਣੇ ਸਿਰ ਦੇ ਕੇਸਾਂ ਨੂੰ ਆਪਣੇ ਅੰਤਿਮ ਸਵਾਸਾਂ ਤਕ ਸਾਂਭ ਕੇ ਰੱਖੇ।" ਇਹ ਸੱਚੀ ਅਰਦਾਸ ਸਿੱਖ ਦਿਲਾਂ ਵਿਚ ਅਠਾਰਵੀਂ ਸਦੀ ਵਿਚ ਹੋਏ ਭਿਆਨਕ ਜ਼ੁਲਮਾਂ ਸਮੇਂ ਉਤਪੰਨ ਹੋਈ ਜਦੋਂ ਸਿੱਖ ਹੋਣ ਦਾ ਅਰਥ ਮੌਤ ਦੀ ਸਜ਼ਾ ਸੀ। ਇੱਥੇ ਭਾਈ ਤਾਰੂ ਸਿੰਘ ਸ਼ਹੀਦ ਦੀ ਉਦਾਹਰਨ ਦਿੱਤੀ ਜਾ ਰਹੀ ਹੈ ਜਿਸ ਨੇ ਜ਼ਾਲਮ ਮੁਗ਼ਲਾਂ ਦੀਆਂ ਸਾਰੀਆਂ ਮਨ- ਭਰਮਾਊ ਤਜਵੀਜ਼ਾਂ ਨੂੰ ਘ੍ਰਿਣਾਪੂਰਨ ਢੰਗ ਨਾਲ ਠੁਕਰਾ ਦਿੱਤਾ ਅਤੇ ਇਸਲਾਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ :

      ਭਾਈ ਤਾਰੂ ਸਿੰਘ ਨੇ ਕਿਹਾ, “ਮੈਂ ਮੌਤ ਤੋਂ ਕਿਉਂ ਡਰਾਂ? ਮੈਂ ਮੁਸਲਮਾਨ ਕਿਉਂ ਬਣਾਂ? ਕੀ ਮੁਸਲਮਾਨ ਮਰਦੇ ਨਹੀਂ? ਮੈਂ ਆਪਣਾ ਧਰਮ ਕਿਉਂ ਛੱਡਾਂ? ਮੇਰੇ ਅੰਤਿਮ ਕੇਸਾਂ ਤਕ-ਮੇਰੇ ਅੰਤਿਮ ਸਵਾਸਾਂ ਤਕ ਮੇਰਾ ਧਰਮ ਕਾਇਮ ਰਹੇ ।"

      ਨਵਾਬ ਨੇ ਉਸਨੂੰ ਧਨ ਅਤੇ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਤਾਰੂ ਸਿੰਘ ਦੀ ਦ੍ਰਿੜਤਾ ਨੂੰ ਕਮਜ਼ੋਰ ਨਾ ਕਰ ਸਕਿਆ ਤਾਂ ਉਸਨੇ ਉਸਦੀ ਖੋਪੜੀ ਉਤਾਰਨ ਦਾ ਫ਼ੈਸਲਾ ਕੀਤਾ। ਨਾਈ ਤਿੱਖੇ ਉਸਤਰੇ ਲੈ ਕੇ ਆਇਆ ਅਤੇ ਹੌਲੀ-ਹੌਲੀ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ। ਉਸਨੂੰ (ਤਾਰੂ ਸਿੰਘ) ਇਸ ਗੱਲ ਦੀ ਖ਼ੁਸ਼ੀ ਸੀ ਕਿ ਉਸਦੇ ਸਿਰ ਦੇ ਵਾਲ ਅਜੇ ਤਕ ਸਲਾਮਤ ਸਨ

      ਕੇਸਾਂ ਦੀ ਮਹੱਤਤਾ ਸੰਬੰਧੀ ਅਜਿਹੀਆਂ ਉਦਾਹਰਨਾਂ ਦਾ ਵਰਨਨ ਸਿੱਖ ਇਤਿਹਾਸ ਵਿਚ ਵਾਰ-ਵਾਰ ਵੇਖਣ ਨੂੰ ਮਿਲਦਾ ਹੈ। ਕੇਸ ਸਿੱਖਾਂ ਦੀ ਸਵੈ-ਰੱਖਿਆ ਦੀ ਜਾਮਨੀ ਹਨ। ਇਸ ਤੋਂ ਵੀ ਵੱਧ ਮਹੱਤਵਪੂਰਨ ਹੈ ਕਿ ਕੇਸ ਰੱਖਣ ਨਾਲ ਉਹਨਾਂ ਦੀ ਦੁਨਿਆਵੀ ਇਤਿਹਾਸ ਵਿਚ ਇਕ ਵਿਸ਼ੇਸ਼ ਪਹਿਚਾਣ ਬਣ ਗਈ ਹੈ।

      ਸਿੱਖ ਪ੍ਰਣਾਲੀ ਵਿਚ ਇਸ ਦੇ ਬਰਾਬਰ ਵਰਤਿਆ ਜਾਂਦਾ ਇਕ ਹੋਰ ਪਦ ਸਹਿਜਧਾਰੀ ਹੈ। ਸਹਿਜਧਾਰੀ ਸੰਪੂਰਨ ਸਿੱਖ ਨਹੀਂ ਹੁੰਦਾ ਪਰ ਸਿੱਖ ਬਣਨ ਦੇ ਰਾਹ ‘ਤੇ ਚੱਲਦਾ ਹੈ। ਉਹ ਗੁਰੂ ਜੀ ਦੇ ਦੱਸੇ ਹੋਏ ਰਾਹ ਤੇ ਚੱਲਦਾ ਹੈ ਪਰ ਉਸਨੇ ਧਰਮ ਦੇ ਪੂਰੇ ਚਿੰਨ੍ਹ ਧਾਰਨ ਨਹੀਂ ਕੀਤੇ ਹੁੰਦੇ। ਉਹ ਗੁਰੂਆਂ ਦੇ ਸਿਧਾਂਤਾਂ ਨੂੰ ਪੂਰਨ ਰੂਪ ਵਿਚ ਮੰਨਦਾ ਹੈ; ਉਹ ਨਾ ਤਾਂ ਕਿਸੇ ਹੋਰ ਗੁਰੂ ਜਾਂ ਦੇਵਤੇ ਨੂੰ ਅਪਣਾਉਂਦਾ ਹੈ ਅਤੇ ਨਾ ਹੀ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਰੱਖਦਾ ਹੈ। ਉਸਦੀ ਭਗਤੀ ਸਿੱਖ ਭਗਤੀ ਹੁੰਦੀ ਹੈ ਪਰੰਤੂ ਅਜੇ ਤਕ ਉਸ ਨੇ ਸਿੰਘ ਹੋਣ ਵਾਲੀ ਮਰਯਾਦਾ ਧਾਰਨ ਨਹੀਂ ਕੀਤੀ ਹੁੰਦੀ। ਉਹ ਸਿੱਖਾਂ ਲਈ ਨਿਰਧਾਰਿਤ ਭਗਤੀ ਜਾਂ ਵਿਸ਼ਵਾਸ ਤੋਂ ਬਿਨਾਂ ਕਿਸੇ ਵੀ ਹੋਰ ਰੂਪ ਦੀ ਪੂਜਾ ਅਰਚਨਾ ਨਹੀਂ ਕਰਦਾ। ਉਸਨੂੰ ਕੇਵਲ ਇਕ ਛੋਟ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਅਖਵਾਉਂਦਾ ਹੈ। ਇਸ ਲਈ ਸਹਿਜਧਾਰੀ ਉਸਨੂੰ ਕਿਹਾ ਜਾਂਦਾ ਹੈ ਜੋ ਕਿ ਸਹਿਜੇ-ਸਹਿਜੇ ਖ਼ਾਲਸਾ ਬਣਨ ਦੇ ਰਾਹ ‘ਤੇ ਚੱਲਦਾ ਹੈ। ਖ਼ਾਲਸਾ ਪੰਥ ਦੀ ਸਥਾਪਨਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀਆਂ ਵਿਚੋਂ ਇਕ ਸ੍ਰੇਸ਼ਟ ਉਦਾਹਰਨ ਭਾਈ ਨੰਦ ਲਾਲ ਦੀ ਦਿੱਤੀ ਜਾਂਦੀ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਿਚ ਸੁੰਦਰ ਕਾਵਿ ਰਚਨਾ ਤੋਂ ਇਲਾਵਾ ਸਿੱਖਾਂ ਲਈ ਇਕ ਰਹਿਤਨਾਮੇ ਦੀ ਰਚਨਾ ਵੀ ਕੀਤੀ ਸੀ।

      ਮੌਜੂਦਾ ਗੁਰਦੁਆਰਾ ਐਕਟ 1977, ਸਿੱਖ ਕੌਮ ਦੀ ਮੰਗ ਉੱਪਰ ਭਾਰਤੀ ਸੰਸਦ ਦੁਆਰਾ ਪਾਸ ਕੀਤਾ ਗਿਆ ਹੈ। ਇਸ ਐਕਟ ਅਨੁਸਾਰ ਪੰਜਾਬ ਤੋਂ ਇਲਾਵਾ ਦਿੱਲੀ ਖੇਤਰ ਦੇ ਸਿੱਖ ਧਾਰਮਿਕ ਅਸਥਾਨਾਂ ਦੀ ਨਿਗਰਾਨੀ ਅਤੇ ਪ੍ਰਬੰਧ ਵੀ ਸਿੱਖਾਂ ਦੁਆਰਾ ਕੀਤੇ ਜਾਣਗੇ। ਇਸ ਐਕਟ ਦੇ ਹੋਂਦ ਵਿਚ ਆਉਣ ਨਾਲ ਸਿੱਖ ਦੀ ਪਰਿਭਾਸ਼ਾ ਨੂੰ ਹੋਰ ਵੀ ਕਰੜਾ ਕਰ ਦਿੱਤਾ ਗਿਆ ਅਤੇ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਕਿ ਇਸ ਐਕਟ ਅਨੁਸਾਰ ਸਿੱਖ ਦੀ ਪਰਿਭਾਸ਼ਾ ਦੇ ਘੇਰੇ ਵਿਚ ਆਉਣ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ ਸਾਬਤ-ਸੂਰਤ ਹੋਵੇ।


ਲੇਖਕ : ਪ.ਸ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.