ਕੇਬਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਬਲ [ਨਾਂਇ] ਰਬੜ ਚੜ੍ਹੀ ਹੋਈ ਤਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਬਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੇਬਲ : ਮੁੱਢ ਵਿਚ ਸਣ ਜਾਂ ਅਜਿਹੇ ਹੋਰ ਪਦਾਰਥਾਂ ਤੋਂ ਬਣਾਏ ਗਏ ਕਾਫ਼ੀ ਮੋਟੇ ਰੱਸੇ ਨੂੰ ਕੇਬਲ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਜਹਾਜ਼ਾਂ ਦੇ ਲੰਗਰਾਂ ਲਈ ਵਰਤੀ ਜਾਣ ਵਾਲੀ ਭਾਰੀ ਚੇਨ ਨੂੰ ਵੀ ਕੇਬਲ ਕਿਹਾ ਜਾਣ ਲੱਗਾ। ਸੰਨ 1806 ਦੇ ਲਗਭਗ ਸਰ ਸੈਮੂਅਲ ਬ੍ਰਾਊਨ ਦੁਆਰਾ ਬਣਾਈ ਗਈ ਚੇਨ ਅਕਰ ਕੇਬਲ ਦੀ ਵਰਤੋਂ ਬ੍ਰਿਟਿਸ਼ ਨੇਵੀ ਨੇ ਕੀਤੀ।

          ਇਸ ਕੰਮ ਲਈ ਮੁੜਵੀਆਂ ਕੜੀਆਂ ਅਤੇ ਸੱਟਡ ਦੀ ਵਰਤੋਂ ਦਾ ਸੁਝਾਅ 1813 ਵਿਚ ਦਿੱਤਾ ਗਿਆ। ਚੇਨ ਨੂੰ ਉਲਝ ਜਾਣ ਤੋਂ ਬਚਾਉਣ ਅਤੇ ਕੜੀਆਂ ਨੂੰ ਜੋੜਨ ਲਈ ਕ੍ਰਾੱਸ-ਪੀਸ ਦੀ ਵਰਤੋਂ 1816 ਵਿਚ ਸ਼ੁਰੂ ਹੋਈ (ਚਿੱਤਰ 1 ਅਤੇ 2)

 

          ਲੋਹੇ ਦੀ ਚੇਨ ਦੀ ਥਾਂ ਕਾਸਟ ਸਟੀਲ ਦੀ ਅਤੇ ਵਧੇਰੇ ਸਮਰੱਥਾ ਵਾਲੇ ਵੈਲਡ ਕੀਤੇ ਸਟੀਲ ਦੀ ਬਣੀ ਚੇਨ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ। ਫੋਰਜਡ ਸਟੀਲ ਦੇ ਚੇਨ ਨੂੰ ਡਾਈ-ਲਾੱਕ ਕਰਕੇ ਜਾਣਿਆ ਜਾਂਦਾ ਹੈ।

ਇਹ ਕੜੀਆਂ ਡਾਈਆਂ ਦੇ ਵਿਚਕਾਰ ਇਕ ਦੂਜੇ ਨਾਲ ਜੋੜੀਆਂ ਜਾਂਦੀਆਂ ਹਨ। (ਚਿੱਤਰ 3)

          ਇਨ੍ਹਾਂ ਤਿੰਨੇ ਤਰ੍ਹਾਂ ਦੀਆਂ ਚੇਨਾਂ ਦੀ ਲਚਕ-ਸੀਮਾ ਕਾਫ਼ੀ ਹੋਣ ਕਾਰਨ ਇਨ੍ਹਾਂ ਵਿਚ ਬਹੁਤ ਜਿਆਦਾ ਝਟਕੇ ਸਹਿਣ ਦੀ ਸਮਰੱਥਾ ਹੁੰਦੀ ਹੈ। ਡਾਈ-ਲਾੱਕ ਅਤੇ ਵੈਲਡਿਡ ਸਟੀਲ ਦੀਆਂ ਕੇਬਲਾਂ ਲੋਹੇ ਦੀਆਂ ਚੇਨਾਂ ਨਾਲੋਂ ਹਲਕੀਆਂ ਪਰ ਵਧੇਰੇ ਮਜ਼ਬੂਤ ਹੁੰਦੀਆਂ ਹਨ। ਇਹ ਜਹਾਜ਼ਰਾਨੀ ਲਈ ਵਧੇਰੇ ਵਰਤੀਆਂ ਜਾਂਦੀਆਂ ਹਨ।

          ਠੋਸ ਸੱਟਡ, ਕੜੀ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਹਰ ਇਕ ਸਮੁੱਚੀ ਕੜੀ ਦੀ ਮਜ਼ਬੂਤੀ ਇਸ ਸਟੱਡ ਉੱਤੇ ਨਿਰਭਰ ਕਰਦੀ ਹੈ। ਡਾਈ-ਲਾੱਕ ਚੇਨ ਦੇ ਸਟੱਡ, ਕੜੀ ਦੇ ਅਨਿੱਖੜਵੇਂ ਅੰਗ ਹਨ। ਕਾਸਟ-ਸਟੀਲ, ਡਾਈ-ਲਾੱਕ ਅਤੇ ਵਧੇਰੇ ਸਮਰੱਥਾ ਵਾਲੀਆਂ ਵੈਲਡ ਕੀਤੀਆਂ ਸਟੀਲ ਦੀਆਂ ਚੇਨਾਂ ਦਾ ਲਾਭ ਇਹ ਹੈ ਕਿ ਇਨ੍ਹਾਂ ਦੇ ਸਟੱਡ ਨਹੀਂ ਡਿਗਦੇ ਅਤੇ ਕੜੀਆਂ ਇਕ ਦੂਜੇ ਵਿਚ ਨਹੀਂ ਫਸਦੀਆਂ (ਚਿੱਤਰ 4)। ਚੇਨ ਦੀ ਲੰਬਾਈ 15 ਫੈਦਮ ਅਰਥਾਤ ਲਗਭਗ 27.4 ਮੀ. ਰੱਖੀ ਜਾਂਦੀ ਹੈ।

          ਕੇਬਲ, ਬਿਜਲੱਈ – ਬਿਜਲੱਈ ਕੇਬਲਾਂ ਆਮ ਕਰਕੇ ਪਾਵਰ ਜਾਂ ਸੰਕੇਤ ਆਦਿ ਦੇ ਸੰਚਾਰ ਲਈ ਵਰਤੀਆਂ ਜਾਂਦੀਆਂ ਹਨ। ਕੰਮ, ਵਰਤੋਂ ਦੇ ਢੰਗ ਅਤੇ ਬਣਤਰ ਦੇ ਲਿਹਾਜ਼ ਨਾਲ ਕੇਬਲ ਦੇ ਨਾਂ ਵੱਖੋ ਵੱਖਰੇ ਹੁੰਦੇ ਹਨ। ਉਦਾਹਰਣ ਵਜੋਂ ਪਾਵਰ ਕੇਬਲਾਂ, ਅਨਇਨਸੂਲੇਟਿਡ, ਆਇਲਫ਼ਿਲਡ, ਗੈਸ ਫ਼ਿਲਡ ਅਤੇ ਵਰਟੀਕਲ ਰਾਈਜ਼ਰ ਆਦਿ। ਸੰਚਾਰ ਕੇਬਲਾਂ ਨੂੰ ਕੋ-ਐਕਸੀਅਲ, ਟੈਲੀਫ਼ੂਨ ਅਤੇ ਟੈਲੀਗ੍ਰਾਫ਼ ਕੰਟਰੋਲ ਕੇਬਲ ਆਦਿ ਵੀ ਕਿਹਾ ਜਾਂਦਾ ਹੈ। ਪਾਵਰ ਤੇ ਸੂਚਨਾ ਸੰਚਾਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਕੇਬਲਾਂ ਨੂੰ ਏਰੀਅਲ ਅੰਡਰਗ੍ਰਾਊਂਡ ਅਤੇ ਸਬਮੈਰੀਨ ਵੀ ਕਿਹਾ ਜਾਂਦਾ ਹੈ। ਇਕਹਿਰੇ ਠੋਸ ਧਾਤਵੀ ਚਾਲਕ (ਇਨਸੂਲੇਟਿਡ ਜਾਂ ਅਨਇਨਸੂਲੇਟਿਡ) ਨੂੰ ਬਿਜਲੱਈ ਤਾਰ ਅਤ ਵਲੇ ਹੋਏ ਚਾਲਕ ਨੂੰ ਬਿਜਲੱਈ ਕੇਬਲ ਕਿਹਾ ਜਾਂਦਾ ਹੈ।

          ਪਾਵਰ ਕੇਬਲ – ਦੋ ਖੰਭਿਆਂ ਜਾ ਟਾਵਰਾਂ ਵਿਚਕਾਰ ਕਸੀ ਸਭ ਤੋਂ ਸਾਧਾਰਨ ਅਤੇ ਆਮ ਵਰਤੀ ਜਾਣ ਵਾਲੀ ਤਾਰ ਨੂੰ ਬਿਜਲੱਈ ਜਾਂ ਪਾਵਰ ਕੇਬਲ ਕਿਹਾ ਜਾਂਦਾ ਹੈ। ਤਾਂਬੇ ਜਾਂ ਐਲੂਮਿਨੀਅਮ ਦੀਆਂ ਬਣੀਆਂ ਇਨ੍ਹਾਂ ਤਾਰਾਂ ਦੀ ਗਿਣਤੀ ਇਕ ਤੋਂ ਵੱਧ ਹੁੰਦੀ ਹੈ। ਇਹ ਇਕ ਦੂਜੇ ਦੁਆਲੇ ਵਲੀਆਂ ਹੁੰਦੀਆਂ ਹਨ। ਤਾਰਾਂ ਨੂੰ ਇਨ੍ਹਾਂ ਦੀ ਲਚਕ ਵਧਾਉਣ ਲਈ ਵਲਿਆ ਜਾਂਦਾ ਹੈ। ਖੰਭਿਆ ਉੱਪਰ ਕਸੀਆਂ ਹੋਈਆਂ ਤਾਰਾਂ ਨੂੰ ਅਕਸਰ ਹਨੇਰੀਆਂ, ਝੱਖੜਾਂ ਅਤੇ ਮੀਂਹ ਆਦਿ ਦੁਆਰਾ ਉਤਪੰਨ ਹੋਣ ਵਾਲੇ ਤਣਾਉ ਅਤੇ ਦਬਾਉ ਨੂੰ ਸਹਿਣਾ ਪੈਂਦਾ ਹੈ। ਇਸ ਲਈ ਲੋੜੀਂਦੀ ਸਮਰੱਥਾ ਵਾਲੀਆਂ ਕੇਬਲਾਂ ਬਣਾਉਣ ਲਈ ਤਾਂਬਾ ਅਤੇ ਐਲੂਮਿਨੀਅਮ ਦੀਆਂ ਮਿਸ਼ਰਤ-ਧਾਤਾਂ ਵਰਤੀਆਂ ਜਾਂਦੀਆਂ ਹਨ।

          ਉੱਚ ਵੋਲਟਤਾ ਦੇ ਸੰਚਾਰ ਲਈ ਖੰਭਿਆਂ ਉਪਰ ਕਸੀਆਂ ਕੇਬਲਾਂ ਉੱਤੇ ਇਨਸੁਲੇਸ਼ਨ ਨਹੀਂ ਚੜ੍ਹਾਈ ਜਾਂਦੀ ਕਿ ਘੱਟ ਵੋਲਟਤਾ ਵਾਲੀਆਂ ਕੇਬਲਾਂ ਉਪਰ ਆਮ ਕਰਕੇ ਅਸਫਾਲਟ ਸੰਤ੍ਰਿਪਤ ਕੱਪੜਾ, ਨੀਓਪਰੀਨ ਜਾਂ ਪਾੱਲੀਐਥਿਲੀਨ ਦੀ ਤਹਿ ਚੜ੍ਹਾਈ ਹੁੰਦੀ ਹੈ। ਇਸ ਤਰ੍ਹਾਂ ਤਾਰਾਂ ਨੂੰ ਢਕਣ ਨਾਲ ਬਿਜਲੱਈ ਸ਼ਾੱਕ, ਲੀਕੇਜ਼ ਅਤੇ ਸ਼ਾਰਟ ਸਰਕਟ ਦੀਆਂ ਸੰਭਾਵਨਾਵਾਂ ਤੋਂ ਬਚਾਇਆ ਜਾ ਸਕਦਾ ਹੈ। ਧਰਤੀ ਦੇ ਹੇਠਾਂ ਨਾਲੀਆਂ ਬਣਾ ਕੇ ਕੇਬਲ ਵਿਛਾਉਣ ਦਾ ਢੰਗ ਆਮ ਤੌਰ ਤੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਵਰਤਿਆ ਜਾਂਦਾ ਹੈ। ਇਨ੍ਹਾਂ ਕੇਬਲਾਂ ਲਈ ਸ਼ੁਧ ਤਾਂਬਾ ਅਤੇ ਐਲੂਮਿਨੀਅਮ ਵਰਤਣਾ ਲਾਹੇਵੰਦ ਹੈ, ਕਿਉਂਕਿ ਅਜਿਹੀ ਹਾਲਤ ਵਿਚ ਯੰਤ੍ਰਿਕ ਸਮਰੱਥਾ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ।

          ਆਮ ਕਰਕੇ ਪੂਰੀ ਵੋਲਟਤਾ ਦੇ ਸੰਚਾਲਣ ਲਈ ਚਾਲਕਾਂ ਦਾ ਪੱਕੇ ਤੌਰ ਤੇ ਹੀ ਭੋਂ-ਸੰਪਰਕ (ਅਰਥ) ਕੀਤਾ ਹੁੰਦਾ ਹੈ ਅਤੇ ਸਾਰੀ ਲੰਬਾਈ ਉੱਤੇ ਇਨਸੁਲੇਸ਼ਨ ਚੜ੍ਹੀ ਹੁੰਦੀ ਹੈ। ਅਸਬੈੱਸਟਾਸ ਜਾਂ ਗਲਾਸ ਫ਼ਾਈਬਰ ਦੀ ਇਨਸੁਲੇਸ਼ਨ ਨਾਲ ਚਾਲਕ ਜ਼ਿਆਦਾ ਤਾਪ-ਸਹਿ ਸਕਦੇ ਹਨ। ਇਨਸ਼ੁਲੇਸ਼ਨ ਦੀ ਮੋਟਾਈ ਵੋਲਟਤਾ ਉੱਤੇ ਨਿਰਭਰ ਕਰਦੀ ਹੈ। ਇਹ ਆਮ ਕਰਕੇ 0.08 ਸੈਂ.ਮੀ. ਤੋਂ 2.54 ਸੈਂ.ਮੀ. ਦੇ ਦਰਮਿਆਨ ਰੱਖੀ ਜਾਂਦੀ ਹੈ। ਹਾਈ ਵੋਲਟਤਾ ਵਾਲੀਆਂ ਤਾਰਾਂ ਉੱਤੇ ਤੇਲ ਨਾਲ ਭਿੱਜੇ ਕਾਗਜ਼ਾਂ ਨਾਲ ਦਬਾਓ ਇਨਸੁਲੇਸ਼ਨ ਕੀਤੀ ਜਾਂਦੀ ਹੈ। ਧਾਤਾਂ ਤੇ ਅਧਾਤਾਂ ਨੂੰ ਅਨੇਕਾਂ ਢੰਗਾਂ ਨਾਲ ਮਿਲਾ ਕੇ ਇੰਸੁਲੇਸ਼ਨ ਦੇ ਤੌਰ ਤੇ ਵਰਤਿਆ ਜਾਂਦਾ ਹੈ। ਜੇਕਰ ਕੇਬਲ ਨੂੰ ਬਹੁਤ ਜ਼ਿਆਦਾ ਯੰਤ੍ਰਿਕ ਝਟਕਿਆਂ ਅਤੇ ਰਗੜਾਂ ਦਾ ਸਾਹਮਣਾ ਕਰਨਾ ਹੋਵੇ ਤਾਂ ਸੰਤ੍ਰਪਿਤ ਪਟਸਨ ਅਤੇ ਫ਼ੌਲਾਦ ਦੀਆਂ ਪਾਈਪਾਂ ਜਾਂ ਤਾਰਾਂ ਆਦਿ ਨਾਲ ਢਕਿਆ ਜਾਂਦਾ ਹੈ।

          ਸੰਚਾਰ ਕੇਬਲ – ਸੰਚਾਰ ਲਈ ਵਰਤੀਆਂ ਜਾਣ ਵਾਲੀਆਂ ਕੇਬਲਾਂ ਡਿਜ਼ਾਈਨ ਅਤੇ ਕੰਮ ਦੇ ਲਿਹਾਜ਼ ਨਾਲ ਪਾਵਰ-ਕੇਬਲਾਂ ਤੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ। ਪਾਵਰ-ਕੇਬਲਾਂ ਨੂੰ ਉੱਚ ਵੋਲਟਤਾ ਅਤੇ ਕਰੰਟ ਲਈ ਡਿਜ਼ਾਇਨ ਕੀਤਾ ਜਾਂਦਾ ਹੈ, ਜਦੋਂ ਕਿ ਸੰਚਾਰ ਕੇਬਲਾਂ ਘੱਟ ਵੋਲਟਤਾ ਅਤੇ ਕਰੰਟ ਲਈ ਬਣਾਈਆਂ ਜਾਂਦੀਆਂ ਹਨ। ਟੈਲੀਫ਼ੂਨ ਕੇਬਲਾਂ ਉੱਚ-ਆਵ੍ਰਿੱਤੀ ਉੱਤੇ ਕੰਮ ਕਰਦੀਆਂ ਹਨ। ਰੇਡਾਰ ਟੈਲੀਵੀਜ਼ਨ ਅਤੇ ਹੋਰ ਅਨੇਕਾਂ ਸੰਚਾਰ ਯੰਤਰਾਂ ਵਿਚ ਕੇਬਲਾਂ 10,000 ਮਿਲੀਅਨ ਸਾਈਕਲ ਪ੍ਰਤਿ ਸੈਕਿੰਡ ਦੀ ਆਵ੍ਰਿਤੀ ਤੱਕ ਕੰਮ ਕਰਦੀਆਂ ਹਨ। ਟੈਲੀਫ਼ੂਨ ਕੇਬਲ ਵਿਚ ਚਾਲਕਾਂ ਦੀ ਗਿਣਤੀ ਕਈ ਹਜ਼ਾਰਾਂ ਤੱਕ ਵੀ ਹੋ ਸਕਦੀ ਹੈ ਅਤੇ ਹਰ ਇਕ ਚਾਲਕ ਦਾ ਵਿਆਸ ਲਗਭਗ 0.12 ਸੈਂ.ਮੀ. ਤੋਂ ਘੱਟ ਨਹੀਂ ਹੋਣਾ ਚਾਹੀਦਾ।

          ਟੈਲੀਫ਼ੂਨ-ਕੇਬਲ ਉੱਤੇ ਖੁਸ਼ਕ ਸੈਲੂਲੋਸ ਜਾਂ ਪਾੱਲੀਐਥਿਲੀਨ ਦੀ ਇਨਸੁਲੇਸ਼ਨ ਚੜ੍ਹਾਈ ਜਾਂਦੀ ਹੈ। ਨਿਯੰਤਰਨ ਕੇਬਲਾਂ ਵਿਚ ਚਾਲਕਾਂ ਦੀ ਗਿਣਤੀ ਅਕਸਰ ਘੱਟ ਹੁੰਦੀ ਹੈ।

          ਇਹ ਚਾਲਕ ਆਕਾਰ ਵਿਚ ਵੀ ਵੱਡੇ ਹੁੰਦੇ ਹਨ ਅਤੇ ਇਨ੍ਹਾਂ ਉਪਰ ਟੈਲੀਫ਼ੂਨ ਕੇਬਲਾਂ ਨਾਲੋਂ ਵਧੇਰੇ ਇਨਸੁਲੇਸ਼ਨ ਚੜ੍ਹੀ ਹੁੰਦੀ ਹੈ।

          ਸੰਚਾਰ ਕੇਬਲ ਉੱਤੇ ਪਾਵਰ ਕੇਬਲਾਂ ਦੀ ਤਰ੍ਹਾਂ ਸੁਰੱਖਿਆ ਤਹਿ ਚੜ੍ਹੀ ਹੁੰਦੀ ਹੈ। ਇਨ੍ਹਾਂ ਉੱਤੇ ਆਮ ਕਰਕੇ ਐਲੂਮਿਨੀਅਮ ਜਾਂ ਲੈੱਡ ਦੀ ਮਿਸ਼ਰਿਤ ਧਾਤ ਦੀਆਂ ਟਿਊਬਾਂ ਜਾਂ ਧਾਤ ਦੀਆਂ ਪੱਤੀਆਂ ਅਤੇ ਥਰਮੋਪਲਾਸਟਿਕ ਪਦਾਰਥ ਮਿਲਾ ਕੇ ਚੜ੍ਹਾਏ ਜਾਂਦੇ ਹਨ।

          ਸਮੁੰਦਰ ਹੇਠਾਂ ਟੈਲੀਫ਼ੂਨ ਜਾਂ ਟੈਲੀਗ੍ਰਾਫ਼ ਸੰਚਾਰ ਲਈ ਵਰਤੀਆਂ ਜਾਣ ਵਾਲੀਆਂ ਕੇਬਲਾਂ, ਉਪਰੋਕਤ ਕੇਬਲਾਂ ਨਾਲੋਂ ਵੱਖ ਹੁੰਦੀਆਂ ਹਨ। ਅਜਿਹੀਆਂ ਕੇਬਲਾਂ ਵਿਚ ਗਟੇ-ਪਰਚੇ ਜਾਂ ਪਾੱਲੀਐਥਲੀਨ ਵਾਲੀ ਇਨਸੁਲੇਸ਼ਨ ਹੁੰਦੀ ਹੈ।

          ਹ. ਪੁ. – ਐਨ. ਬ੍ਰਿ. 4 : 553


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਕੇਬਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਬਲ, (ਪਦਾਰਥ ਵਿਗਿਆਨ) \ (ਅੰਗਰੇਜ਼ੀ : Cable; ਲਾਤੀਨੀ : Caplnm–Caper=ਰੋਕਣਾ) \ ਪੁਲਿੰਗ : ਬਹੁਤ ਮੋਟਾ ਰੱਸਾ, ਰੱਸੇ ਵਰਗੀ ਮੋਟੀ ਨਰੋਧਿਤ ਤਾਰ ਜੋ ਜ਼ਮੀਨ ਹੇਠਾਂ ਜਾਂ ਸਮੁੰਦਰ ਵਿੱਚ ਸੁੱਟੀ ਹੋਈ ਹੁੰਦੀ ਹੈ। ਇਸ ਉਤੇ ਮਿੱਟੀ ਜਾਂ ਪਾਣੀ ਆਦਿ ਦਾ ਕੋਈ ਅਸਰ ਨਹੀਂ ਹੁੰਦਾ। ਤਾਰ ਵਾਂਗ ਹੀ ਇਸ ਦੁਆਰਾ ਵੀ ਸਮੁੰਦਰ ਪਾਰ ਦੇ ਮੁਲਕਾਂ ਨੂੰ ਖ਼ਬਰਾਂ ਘਲੀਆਂ ਜਾਂਦੀਆਂ ਹਨ, ਸਮੁੰਦਰੀ ਤਾਰ (ਲਾਗੂ ਕਿਰਿਆ : ਦੇਣਾ, ਭੇਜਣਾ, ਮਿਲਣਾ)

–ਕੇਬਲ ਗਰਾਮ, ਇਸਤਰੀ ਲਿੰਗ : ਕੇਬਲ ਰਾਹੀਂ ਭੇਜੀ ਤਾਰ, ਸਮੁੰਦਰਪਾਰ ਤੋਂ ਆਈ ਜਾਂ ਭੇਜੀ ਤਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-12-08-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.