ਕੁਰੂਕਸ਼ੇਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਰੂਕਸ਼ੇਤਰ [ਨਿਪੁ] ਹਰਿਆਣਾ ਦਾ ਇੱਕ ਪ੍ਰਸਿੱਧ ਸ਼ਹਿਰ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਸੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਰੂਕਸ਼ੇਤਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੁਰੂਕਸ਼ੇਤਰ : ਇਹ ਭਾਰਤ ਦੇ ਹਰਿਆਣਾ ਰਾਜ ਦੇ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਅਤੇ ਇਕ ਇਤਿਹਾਸਕ ਸ਼ਹਿਰ ਹੈ ਜੋ ਦਿੱਲੀ-ਅੰਬਾਲਾ ਰੇਲਵੇ ਲਾਈਨ ਤੇ ਦਿੱਲੀ ਤੋਂ 155 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਦੇ ਉੱਤਰ ਵੱਲ ਅੰਬਾਲਾ ਤੇ ਪੱਛਮ ਵੱਲ ਥਾਨੇਸਰ ਸ਼ਹਿਰ ਹਨ ਤੇ ਇਹ ਜ਼ੀਂਦ ਜ਼ਿਲ੍ਹੇ ਤਕ ਫੈਲਿਆ ਹੋਇਆ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦਾ ਕੁਲ ਖੇਤਰਫਲ 3,740,00 ਵ. ਕਿ. ਮੀ. ਅਤੇ ਆਬਾਦੀ 1,30,026 (1981) ਹੈ। ਕੁਰੂਕਸ਼ੇਤਰ ਸ਼ਹਿਰ ਨੂੰ ਧਰਮਕਸ਼ੇਤਰ, ਕੁਰੂਕਸ਼ੇਤਰ ਅਰਥਾਤ ਕੁਰੂ ਦਾ ਖੇਤਰ (ਰਾਜਾ ਕੁਰੂ ਦੇ ਨਾਂ ਤੇ) ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਇਹ ਇਕ ਧਾਰਮਕ, ਇਤਿਹਾਸਕ, ਸੰਸਕ੍ਰਿਤਕ ਅਤੇ ਸਮਾਜਕ ਦ੍ਰਿਸ਼ਟੀ ਤੋਂ ਸੰਸਾਰ ਭਰ ਵਿਚ ਪ੍ਰਸਿੱਧ ਹੋਇਆ ਤੀਰਥ ਹੈ। ਸ਼ਹਿਰ ਦਾ ਮਹੱਤਵ ਇਸ ਖੇਤਰ ਵਿਚ ਸਥਿਤ 350 ਤੋਂ ਵਧ ਧਾਰਮਕ ਸਥਾਨਾਂ ਕਰਕੇ ਹੈ। ਇਸ ਸਥਾਨ ਤੇ ਸੁਰਸਤੀ ਨਦੀ ਦੇ ਕੰਢੇ ਤੇ ਹਜ਼ਾਰਾਂ ਸਾਲ ਪਹਿਲਾਂ ਰਿਸ਼ੀਆਂ ਨੇ ਵੇਦਾਂ ਮੰਤਰਾਂ, ਉਨਿਸ਼ਦਾਂ ਅਤੇ ਹੋਰ ਧਰਮ ਗ੍ਰੰਥਾਂ ਦਾ ਉਚਾਰਨ ਅਤੇ ਰਚਨਾ ਕੀਤੀ ਸੀ। ਇਥੇ ਹੀ ਮਹਾਂ ਰਿਸ਼ੀ ਵੇਦ ਵਿਆਸ ਨੇ ਮਹਾਭਾਰਤ ਅਤੇ ਮਨੂੰ ਜੀ ਨੇ ਮਨੂੰ ਸਿਮਰਤੀ ਲਿਖੀ। ਇਸੇ ਸਥਾਨ ਤੇ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ, ਪਾਂਡਵਾਂ ਅਤੇ ਕੌਰਵਾਂ ਵਿਚਕਾਰ 18 ਦਿਨ ਤਕ ਮਹਾਭਾਰਤ ਦਾ ਯੁੱਧ ਹੋਇਆ ਸੀ। ਇਸੇ ਪਵਿੱਤਰ ਧਰਤੀ ਤੇ ਜਯੋਤੀਸਰ ਦੇ ਸਥਾਨ ਤੇ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਅਮਰ ਸੰਦੇਸ਼ ਦਿਤਾ ਸੀ। ਇਥੇ ਮਹਾਰਾਜਾ ਕੌਰਵ ਨੇ ਆਪ ਹਲ ਚਲਾਇਆ ਸੀ। ਇਹ ਧਰਤੀ ਆਰੀਆ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਕੇਂਦਰ ਰਹੀ ਹੈ। ਧਰਮ ਗ੍ਰੰਥਾਂ ਵਿਚ ਮੁਨੀ ਵਸ਼ਿਸ਼ਟ, ਵੇਦ ਵਿਆਸ ਅਤੇ ਕਮਲ ਮੁਨੀ ਦੇ ਆਸ਼ਰਮਾਂ ਦਾ ਜ਼ਿਕਰ ਵੀ ਮਿਲਦਾ ਹੈ। ਥਨੇਸਰ ਦੇ ਨਜ਼ਦੀਕ ਰਾਜਾ ਹਰਸ਼ ਵਰਧਨ ਰਾਜਧਾਨੀ (606––647) ਸੀ ਜਿਸ ਦੀ ਆਬਾਦੀ ਉਸ ਸਮੇਂ ਲੱਖਾਂ ਵਿਚ ਸੀ। ਕਵੀ ਬਾਨ ਭੱਟ ਅਤੇ ਚੀਨੀ ਯਾਤਰੀ ਹਿਊਨ ਸਾਂਗ ਨੇ ਵੀ ਉਸ ਸਮੇਂ ਦੇ ਕੁਰੂਕਸ਼ੇਤਰ ਦਾ ਸ਼ਾਨਦਾਰ ਨਕਸ਼ਾ ਖਿਚਿਆ ਹੈ। ਵਿਦੇਸ਼ੀ ਹਮਲਾਵਰਾਂ ਦੇ ਲਗਾਤਾਰ ਹਮਲਿਆਂ ਦੇ ਬਾਵਜੂਦ ਵੀ ਕੁਰੂਕਸ਼ੇਤਰ ਕਾਫੀ ਹਦ ਤੀਕ ਬਚਿਆ ਰਿਹਾ।
ਕੁਰੂਕਸ਼ੇਤਰ ਰਾਸ਼ਟਰੀ ਏਕਤਾ ਦਾ ਚਿੰਨ੍ਹ ਹੈ। ਇਥੇ ਵੱਖ-ਵੱਖ ਧਰਮਾਂ ਦੇ ਸੰਸਥਾਪਕ, ਪੀਰ ਪੈਗ਼ੰਬਰ, ਗੁਰੂ ਸਮੇਂ-ਸਮੇਂ ਤੇ ਆਏ। ਇਸ ਸਥਾਨ ਦੀ ਪ੍ਰਸਿੱਧੀ ਕਰਕੇ ਸਿੱਖਾਂ ਦੇ ਦਸ ਗੁਰੂ ਸਾਹਿਬਾਨਾਂ ਵਿਚੋਂ ਨੌਂ ਗੁਰੂ ਵੀ ਇਥੇ ਪਧਾਰੇ ਜਿਨ੍ਹਾਂ ਦੀ ਯਾਦ ਵਿਚ ਇਥੇ ਕਈ ਗੁਰਦਵਾਰੇ ਬਣੇ ਹੋਏ ਹਨ।
ਉਪਰੋਕਤ ਤੋਂ ਇਲਾਵਾ ਕਬੀਰ, ਰਵੀਦਾਸ ਆਦਿ ਜਿਹੇ ਅਨੇਕ ਸੰਤਾਂ ਨੇ ਵੀ ਇਸ ਪਵਿੱਤਰ ਧਰਤੀ ਦੀ ਯਾਤਰਾ ਕੀਤੀ। ਇਥੇ ਹੀ ਬਣਿਆ ਹੋਇਆ ਸ਼ੇਖ ਚਿੱਲੀ ਦਾ ਮਕਬਰਾ, ਦੇਸ਼-ਵਿਦੇਸ਼ ਦੇ ਮੁਸਲਮਾਨਾਂ ਲਈ ਬਹਿਸ ਦਾ ਕੇਂਦਰ ਹੈ।
ਬ੍ਰਹਮ ਸਰੋਵਰ ਦੇ ਧਾਰਮਕ ਅਤੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਤੇ ਸਰਵ ਭਾਰਤੀ ਮਾਨਵ ਧਰਮ ਮਿਸ਼ਨ ਨੇ ਇਸ ਪਵਿੱਤਰ ਸਰੋਵਰ ਅਤੇ ਪ੍ਰਾਚੀਨ ਮੰਦਰਾਂ ਦੇ ਵਿਕਾਸ ਦਾ ਕੰਮ ਸ਼ੁਰੂ ਕੀਤਾ। ਹਰਿਆਣਾ ਸਰਕਾਰ ਨੇ ਵੀ ਕੁਰੂਕਸ਼ੇਤਰ ਵਿਕਾਸ ਬੋਰਡ ਕਾਇਮ ਕੀਤਾ। ਬ੍ਰਹਮ ਸਰੋਵਰ ਦੀ ਲੰਬਾਈ 1,080 ਮੀ. ਅਤੇ ਚੌੜਾਈ 360 ਮੀ. ਹੈ। ਇਸ ਵਿਚ 4.5 ਮੀ. (15 ਫੁੱਟ) ਪਾਣੀ ਹਰ ਵਕਤ ਖੜਾ ਰਹਿੰਦਾ ਹੈ। ਇਹ ਇੰਨਾ ਵੱਡਾ ਸਰੋਵਰ ਹੈ ਕਿ ਸੂਰਜ ਗ੍ਰਹਿਣ ਸਮੇਂ ਦਸ ਲੱਖ ਤੋਂ ਵੀ ਜ਼ਿਆਦਾ ਯਾਤਰੂ ਇਕੋ ਵੇਲੇ ਇਸ ਵਿਚ ਇਸ਼ਨਨ ਕਰ ਸਕਦੇ ਹਨ। ਇਸਤਰੀਆਂ ਲਈ ਵੱਖਰੇ 12 ਘਾਟ ਬਣਾਏ ਗਏ ਹਨ। ਇਹ ਤੀਰਥ ਦੇ ਦਰਮਿਆਨ ਸਰਵੇਸ਼ਵਰ ਮਹਾਦੇਵ ਜੀ ਦਾ ਮੰਦਰ ਹੈ। ਇਹ ਮੰਦਰ ਮਹੰਤ ਸਰਵਣ ਨਾਥ ਜੀ ਨੇ ਬਣਵਾਇਆ ਸੀ। ਇਸ ਤੀਰਥ ਦੇ ਪੱਛਮੀ ਪਾਸੇ ਤੇ ਬਹੁਤ ਪੁਰਾਣਾ ਕੋਪ-ਭਵਨ ਹੈ, ਜਿਸ ਦੇ ਉੱਤਰੀ ਕਿਨਾਰੇ ਤੇ ਗੋੜੀਆ ਮੱਠ, ਗੀਤਾ ਭਵਨ, ਜੈ ਰਾਮ ਵਿਦਿਆ ਪੀਠ ਦਾ ਭਵਨ, ਪਾਂਡਵਾਂ ਦਾ ਮੰਦਰ ਅਤੇ ਬਿਰਲਾ ਮੰਦਰ ਆਦਿ ਹਨ। ਉੱਤਰ ਵਿਚ ਸਾਧਨਾ ਆਸ਼ਰਮ ਹੈ। ਇਸ ਸਰੋਵਰ ਅਤੇ ਪ੍ਰਾਚੀਨ ਸਰੋਵਰ ਦੀ ਸੇਵਾ ਦਾ ਕੰਮ ਵੀ 12 ਅਪ੍ਰੈਲ, 1975 ਤੋਂ ਸ਼ੁਰੂ ਹੋਇਆ ਸੀ। ਇਹ ਉਹ ਸਥਾਨ ਹੈ ਜਿਸ ਦੇ ਕਿਨਾਰੇ ਮਹਾਂਰਿਸ਼ੀ ਧਰੰਜੀ ਨੇ ਦੇਵਤਿਆਂ ਨੂੰ ਜਿੱਤਣ ਲਈ ਇੰਦਰ ਦੇਵਤਾ ਨੂੰ ਅਸਥੀ ਦਾਨ ਦਿਤਾ ਸੀ। ਸ੍ਰੀ ਕ੍ਰਿਸ਼ਨ ਭਗਵਾਨ, ਸੂਰਜ ਗ੍ਰਹਿਣ ਦੇ ਮੌਕੇ ਤੇ ਹੀ ਇਥੇ ਬ੍ਰਿਜ ਦੀਆਂ ਗੋਪੀਆਂ ਨੂੰ ਮਿਲੇ ਸਨ। ਨਾਰਦ ਪੁਰਾਣ ਅਨੁਸਾਰ ਇਸ ਸਰੋਵਰ ਦਾ ਨਿਰਮਾਣ ਬ੍ਰਹਮਾ ਜੀ ਨੇ ਕੀਤਾ ਸੀ। ਸੋਮਵਤੀ ਮਸਿਆ ਤੇ ਇਥੇ ਭਾਰੀ ਮੇਲਾ ਲਗਦਾ ਹੈ। ਸੂਰਜ ਗ੍ਰਹਿਣ ਸਮੇਂ ਲੱਖਾਂ ਦੀ ਗਿਣਤੀ ਵਿਚ ਯਾਤਰੂ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਆਉਂਦੇ ਹਨ ਅਤੇ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਸ ਸਮੇਂ ਇਥੇ ਇਸ਼ਨਾਨ ਕਰਨ ਨਾਲ ਸੌ ਅਸ਼ਵਮੇਧ ਯੱਗਾਂ ਦਾ ਫ਼ਲ ਮਿਲਦਾ ਹੈ ਅਤੇ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦਿਨ ਹੋਰ ਸਾਰੇ ਸਰੋਵਰਾਂ ਦਾ ਪਾਣੀ ਇਸ ਸਰੋਵਰ ਵਿਚ ਆਉਂਦਾ ਹੈ। ਇਥੋਂ ਦੇ ਪਾਂਡਿਆਂ ਕੋਲੋਂ ਸੈਂਕੜੇ ਸਾਲਾਂ ਪੁਰਾਣਾ ਬਜ਼ੁਰਗਾਂ ਦਾ ਕੁਰਸੀਨਾਮਾ ਮਿਲ ਸਕਦਾ ਹੈ। ਇਸ ਤੀਰਥ ਦੇ ਕਿਨਾਰੇ ਤੇ ਕਈ ਨਵੀਆਂ ਇਮਾਰਤਾਂ ਵੀ ਬਣੀਆਂ ਹਨ ਜਿਨ੍ਹਾਂ ਵਿਚ ਕ੍ਰਿਸ਼ਨ ਧਾਮ ਕੰਪਲੈਕਸ, ਇਕ ਧਰਮਸ਼ਾਲਾ, ਇਕ ਹਜ਼ਾਰ ਲੋਕਾਂ ਦੀ ਬੈਠਣ ਦੀ ਸਮਰੱਥਾ ਵਾਲਾ ਬਜਰੰਗ ਭਵਨ, ਸੰਸਕ੍ਰਿਤ ਵਿਦਿਆਲਾ, ਅੱਖਾਂ ਦਾ ਹਸਪਤਾਲ ਅਤੇ ਸਿਵਲ ਹਸਪਤਾਲ ਆਦਿ ਹਨ।
ਇਸ ਸਥਾਨ ਦੇ ਮਹੱਤਵ ਅਨੁਸਾਰ ਸੰਨ 1956 ਵਿਚ ਇਥੇ ਇਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਜਿਸ ਨੂੰ ‘ਕੁਰੂਕਸ਼ੇਤਰਾ ਯੂਨੀਵਰਸਿਟੀ ਕਹਿੰਦੇ ਹਨ। ਇਹ ਦੇਸ਼ ਦੀਆਂ ਚੰਗੀਆਂ ਵਿਦਿਆਕ ਸੰਸਥਾਵਾਂ ਵਿਚੋਂ ਹੈ।
ਆਬਾਦੀ––29,558 (1971)
29° 58' ਉ. ਵਿਥ.; 76° 53' ਪੂ. ਲੰਬ.
ਹ. ਪੁ.––ਐਨ. ਬ੍ਰਿ. ਮਾ. 5 : 951; ਹਿੰਦ ਸਮਾਚਾਰ 31 ਜਨਵਰੀ, 1980
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੁਰੂਕਸ਼ੇਤਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੁਰੂਕਸ਼ੇਤਰ : ਇਹ ਇਕ ਪ੍ਰਸਿੱਧ ਤੀਰਥ ਅਸਥਾਨ ਹੈ। ਇਹ ਸ਼ਹਿਰ ਪੁਰਾਣੇ ਪੰਜਾਬ ਦਾ ਹੀ ਹਿੱਸਾ ਹੈ ਜੋ ਅੱਜਕੱਲ੍ਹ ਹਰਿਆਣਾ ਰਾਜ ਦੇ ਇਸੇ ਹੀ ਨਾਂ ਦੇ ਜਿਲ੍ਹੇ ਦਾ ਹੈਡ ਕੁਆਟਰ ਹੈ। ਮਹਾਂਭਾਰਤ ਦਾ ਪ੍ਰਸਿੱਧ ਯੁੱਧ ਇਸੇ ਅਸਥਾਨ ਤੇ ਹੀ ਹੋਇਆ ਸੀ।
ਕੁਰੂਕਸ਼ੇਤਰ ਦਾ ਜ਼ਿਕਰ ਸ਼ਤਪਥ ਬ੍ਰਾਹਮਣ ਅਤੇ ਉਪਨਿਸ਼ਦਾਂ ਵਿਚ ਵੀ ਮਿਲਦਾ ਹੈ। ਮਹਾਂਭਾਰਤ ਤੇ ਪੁਰਾਣਾਂ ਵਿਚ ਲਿਖਿਆ ਹੈ ਕਿ ਮਹਾਰਾਜਾ ਕੁਰੂ ਨੇ ਯੱਗ ਕਰਨ ਲਈ,ਧਰਤੀ ਪੱਧਰੀ ਕਰਨ ਵਾਸਤੇ ਇਸ ਜਗ੍ਹਾ ਹਲ ਵਾਹਿਆ ਸੀ। ਮਹਾਂਭਾਰਤ ਦੇ ਸ਼ਲਯ ਪਰਵ ਦੇ 53ਵੇਂ ਅਧਿਆਇ ਵਿਚ ਇਸ ਬਾਰੇ ਲਿਖਿਆ ਹੋਇਆ ਹੈ ਕਿ ਰਿਸ਼ੀਗਣ ਬਲਰਾਮ ਨੂੰ ਕਹਿੰਦੇ ਹਨ, ‘‘ ਰਾਮ ਇਹ ਸਾਮੰਤਪੰਚਕ ਪ੍ਰਜਾਪਤੀ ਦੀ ਸਨਤਾਨੀ ਉਤਰ ਵੇਦੀ ਦੇ ਨਾਮ ਨਾਲ ਪ੍ਰਸਿੱਧ ਸਥਾਨ ਹੈ।ਪਹਿਲਾਂ ਇਥੇ ਦੇਵਤਿਆਂ ਦੇ ਪ੍ਰਮੁੱਖ ਯੱਗ ਹੋ ਚੁੱਕੇ ਹਨ। ਮਹਾਨੁਭਾਵ ਰਾਜਰਿਸ਼ੀ ਕੁਰੂ ਨੇ ਇਥੇ ਕ੍ਰਸ਼ਣ ਕੀਤਾ ਸੀ (ਭਾਵ ਹਲ ਵਾਹਿਆ ਸੀ) ਇਸੇ ਕਰ ਕੇ ਹੀ ਇਸ ਅਸਥਾਨ ਨੂੰ ਕੁਰੂਕਸ਼ੇਤਰ ਕਿਹਾ ਜਾਂਦਾ ਹੈ। ''
ਕੁਰੂਕਸ਼ੇਤਰ ਦੀ ਸੀਮਾ ਦੇ ਬਾਰੇ ਵਿਚ ਮਹਾਂਭਾਰਤ ਵਿਚ ਲਿਖਿਆ ਹੈ ਕਿ ਦਰਸ਼ਦਵਤੀ ਨਦੀ (ਘਗਰ ਨਦੀ) ਦੇ ਉੱਤਰ ਤੇ ਸਰਸਵਤੀ ਦੇ ਦੱਖਣ ਵਿਚ ਸਥਿਤ ਹੈ।ਇਸ ਦਾ ਪ੍ਰਮਾਣ ਬਾਰਾਂ ਯੋਜਨ ਹੈ। ਇਸ ਵਿਚ 365 ਤੀਰਥ ਲਿਖੇ ਗਏ ਹਨ। ਕੌਰਵਾਂ-ਪਾਂਡਵਾਂ ਦੇ ਯੁੱਧ ਤੋਂ ਬਿਨਾ ਇਸ ਜਗ੍ਹਾ ਹੋਰ ਵੀ ਕਈ ਵੱਡੇ ਵੱਡੇ ਯੁੱਧ ਹੋਏ ਹਨ।
ਕੁਰੂਕਸ਼ੇਤਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਦ ਵਿਸ਼ਨੂੰ ਜੀ ਨੇ ਮਧੂ ਕੈਟਭ ਦੈਂਤ ਮਾਰੇ ਤਾਂ ਉਨ੍ਹਾਂ ਦੀ ਮਿੱਝ ਸਾਰੇ ਜਲ ਉੱਤੇ ਫੈਲ ਗਈ। ਚੌਕੜੀ ਵਾਲਾ ਅਸਥਾਨ ਕੁਰੂਕਸ਼ੇਤਰ ਦਾ ਇਲਾਕਾ ਹੀ ਸੀ। ਇਸ ਲਈ ਇਸ ਨੂੰ ਪਵਿੱਤਰ ਭੂਮੀ ਕਿਹਾ ਜਾਂਦਾ ਹੈ।
ਕੁਰੂਕਸ਼ੇਤਰ ਵਿਚ ਸਿੱਖ ਧਰਮ ਨਾਲ ਸਬੰਧਤ ਵੀ ਕਈ ਅਸਥਾਨ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-11-32-29, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ.; ਮ. ਕੋ.
ਵਿਚਾਰ / ਸੁਝਾਅ
Please Login First