ਕਿਸ਼ਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸ਼ਤੀ [ਨਾਂਇ] ਬੇੜੀ , ਨਾਵ, ਨੌ, ਨੌਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਸ਼ਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸ਼ਤੀ. ਫ਼ਾ ਸੰਗ੍ਯਾ—ਨੌਕਾ. ਬੇੜੀ. ਦੇਖੋ, ਨੌਕਾ। ੨ ਕਿਸ਼੍ਤੀ ਦੀ ਸ਼ਕਲ ਦਾ ਇੱਕ ਭਿਖ੍ਯਾਪਾਤ੍ਰ, ਜਿਸ ਨੂੰ ਫ਼ਕ਼ੀਰ ਰਖਦੇ ਹਨ। ੩ ਕਿਸ਼ਤੀ ਦੀ ਸ਼ਕਲ ਦਾ ਇੱਕ ਥਾਲ , ਜਿਸ ਵਿੱਚ ਢੋਏ ਆਦਿ ਦੀਆਂ ਚੀਜਾਂ ਰੱਖਕੇ ਪੇਸ਼ ਕਰੀਦੀਆਂ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਸ਼ਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Boat_ਕਿਸ਼ਤੀ: ਪਾਂਡੂਰੰਗਾ ਟਿੰਬੋ ਇੰਡਸਟਰੀਜ਼ ਬਨਾਮ ਭਾਰਤ ਦਾ ਸੰਘ (ਏ ਆਈ ਆਰ 1992 ਐਸ ਸੀ 1194) ਅਨੁਸਾਰ ਛੋਟਾ ਖੁਲ੍ਹਾ ਪੋਤ ਜੋ ਚਪੂਆਂ ਨਾਲ ਚਲਦਾ ਹੈ, ਲੇਕਿਨ ਕਈ ਵਾਰੀ ਬਾਦਬਾਨਾਂ ਨਾਲ ਵੀ ਚਲਾਇਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕਿਸ਼ਤੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿਸ਼ਤੀ : ਇਸ ਨੂੰ ਬੇੜੀ ਵੀ ਕਿਹਾ ਜਾਂਦਾ ਹੈ। ਇਹ ਪਾਣੀ ਉਤੇ ਚੱਪੂ ਦੀ ਸਹਾਇਤਾ ਨਾਲ ਚਲਣ ਵਾਲਾ ਇਕ ਯੰਤਰ ਹੈ। ਅੱਜ ਕਲ੍ਹ ਕਿਸ਼ਤੀਆਂ ਇੰਜਣ ਨਾਲ ਵੀ ਚਲਣ ਲਗ ਪਈਆਂ ਹਨ, ਇਨ੍ਹਾਂ ਨੂੰ ਅਗਨ-ਬੋਟ ਵੀ ਕਿਹਾ ਜਾਂਦਾ ਹੈ। ਕਈ ਕਿਸ਼ਤੀਆਂ ਇੰਨੀਆਂ ਵੱਡੀਆਂ ਬਣਨ ਲਗ ਪਈਆਂ ਹਨ ਕਿ ਛੋਟੇ ਸਮੁੰਦਰੀ ਜਹਾਜ਼ ਅਤੇ ਵੱਡੀ ਕਿਸ਼ਤੀ ਵਿਚ ਕੋਈ ਫ਼ਰਕ ਵਿਖਾਈ ਨਹੀਂ ਦਿੰਦਾ।

          ਕਿਸ਼ਤੀਆਂ ਦੋ ਢੰਗਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਪਹਿਲੇ ਢੰਗ ਅਨੁਸਾਰ ਕਿਸ਼ਤੀ ਦਾ ਮਜ਼ਬੂਤ ਢਾਂਚਾ ਤਿਆਰ ਕਰਕੇ ਮਗਰੋਂ ਇਸ ਦੇ ਚਾਰੇ ਪਾਸੇ ਇਕ ਦੂਜੇ ਨਾਲ ਧਾਰੀ ਮੇਲ ਕੇ ਫੱਟੇ ਜੜ੍ਹ ਦਿਤੇ ਜਾਂਦੇ ਹਨ। ਦੂਜੇ ਢੰਗ ਵਿਚ ਫੱਟੇ ਇਕ ਦੂਜੇ ਨਾਲ ਜੋੜ ਕੇ ਕਿਸੇ ਮਜ਼ਬੂਤ ਢਾਂਚੇ ਨਾਲ ਜੜ੍ਹ ਦਿਤੇ ਜਾਂਦੇ ਹਨ। ਫੱਟਿਆਂ ਨੂੰ ਇਕ ਦੂਜੇ ਨਾਲ ਇਸ ਤਰ੍ਹਾਂ ਜੜ੍ਹਿਆ ਜਾਂਦਾ ਹੈ ਕਿ ਪਾਣੀ ਇਨ੍ਹਾਂ ਦੇ ਜੋੜਾਂ ਵਿਚੋਂ ਦੀ ਲੰਘ ਕੇ ਕਿਸ਼ਤੀ ਦੇ ਖ਼ੋਲ ਅੰਦਰ ਨਾ ਜਾ ਸਕੇ। ਕਿਸ਼ਤੀ ਵਿਚ ਇੰਨਾ ਭਾਰ ਲੱਦਿਆ ਜਾ ਸਕਦਾ ਹੈ ਜਿੰਨਾ ਕਿ ਉਸ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਬਣਦਾ ਹੋਵੇ ਜਾਂ ਦੂਜੇ ਅਰਥਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਸ ਉਤੇ ਇੰਨਾ ਭਾਰ ਲੱਦਿਆ ਜਾਂਦਾ ਹੈ ਜਿੰਨਾ ਇਹ ਆਰਕਿਮੀਡੀਜ਼ ਨਿਯਮ ਅਨੁਸਾਰ ਭਾਰ ਚੁੱਕ ਸਕਣ ਦੀ ਸਮਰੱਥਾ ਰਖਦੀ ਹੈ।

          ਕਿਸ਼ਤੀ ਨੂੰ ਚਲਾਉਣ ਦਾ ਸਿੱਧਾਂਤ ਨਿਊਟਨ ਦਾ (ਗਤੀ ਦਾ) ਤੀਜਾ ਨਿਯਮ ਹੈ, ਭਾਵ ਚੱਪੂਆਂ ਦੀ ਸਹਾਇਤਾ ਨਾਲ ਜਦੋਂ ਪਾਣੀ ਪਿੱਛੇ ਧੱਕਿਆ ਜਾਂਦਾ ਹੈ ਤਾਂ ਓਨੇ ਹੀ ਬਲ ਨਾਲ ਕਿਸ਼ਤੀ ਅੱਗੇ ਵਲ ਸਰਕ ਜਾਂਦੀ ਹੈ।

          ਪੌਣ ਪਾਣੀ ਦੇ ਲਿਹਾਜ਼ ਨਾਂਲ ਕਿਸ਼ਤੀਆਂ ਦੀ ਬਣਤਰ ਵੀ ਹਰ ਥਾਂ ਵਖੋ ਵਖਰੀ ਹੁੰਦੀ ਹੈ ਜਿਵੇਂ ਕਿ ਭਾਰਤੀ ਮਹਾਸਾਗਰ ਅਤੇ ਦੱਖਣੀ ਪ੍ਰਸ਼ਾਤ ਮਹਾਸਾਗਰ ਵਿਚ ‘ਡਰੈਗਨ ਕਿਸ਼ਤੀ’, ਜਿਸ ਦੀ ਲੰਬਾਈ ਤਕਰੀਬਨ 22 ਮੀ. ਚੌੜਾਈ 1.2 ਮੀ. ਅਤੇ ਡੂੰਘਾਈ 53 ਸੈਂ. ਮੀ. ਦੇ ਕਰੀਬ ਹੁੰਦੀ ਹੈ, ਵਰਤੀ ਜਾਂਦੀ ਹੈ। ਇਸ ਦੇ ਚੱਪੂ ਫੌੜ੍ਹੇ ਦੀ ਸ਼ਕਲ ਦੇ ਹੁੰਦੇ ਹਨ, ਜਿਨ੍ਹਾਂ ਦੀ ਚੌੜਾਈ ਲਗਭਗ 17 ਸੈਂ. ਮੀ. ਰਖੀ ਜਾਂਦੀ ਹੈ। ਸਿਆਮ ਅਤੇ ਬਰਮਾ ਦੇ ਤੱਟਾਂ ਉਤੇ ਵਸੋਂ ਵੱਧ ਹੋਣ ਕਰਕੇ ‘ਹੰਸਕ ਕਿਸ਼ਤੀ’ ਵਰਤੀ ਜਾਂਦੀ ਹੈ। ਮਲਾਇਆ ਵਾਲੇ ਕਿਸ਼ਤੀ-ਨਿਰਮਾਣ ਕਲਾ ਵਿਚ ਕਾਫ਼ੀ ਮਾਹਰ ਹਨ, ਭਾਵੇਂ ਉਥੋਂ ਦਾ ਸਥਾਨਕ ਜਲਵਾਯੂ ਅਨੁਕੂਲ ਨਹੀਂ ਹੈ। ਉਨ੍ਹਾਂ ਦੀ ਕਿਸ਼ਤੀ ਦਾ ਫੈਲਾਓ ਕਾਫ਼ੀ ਘੱਟ ਹੁੰਦਾ ਹੈ ਅਤੇ ਮੱਥਾ ਅੰਗ੍ਰੇਜ਼ੀ ਦੇ ਅੱਖਰ ‘V’ ਦੀ ਸ਼ਕਲ ਦਾ ਬਣਾਇਆ ਜਾਂਦਾ ਹੈ।

          ਭਾਰਤੀ ਕਿਸ਼ਤੀਆਂ ਵਿਚੋਂ ਮਦਰਾਸ ਦੀ ਤਰੰਗ ਨੌਕਾ’ ਦੀ ਬਣਾਵਟ ਸਭ ਤੋਂ ਉੱਤਮ ਮੰਨੀ ਗਈ ਹੈ। ਹੁਗਲੀ ਨਦੀ ਵਿਚ ਚਲਣ ਵਾਲੀਆਂ ਕਿਸ਼ਤੀਆਂ ਦੀ ਬਣਤਰ ਮਿਸਰ ਦੇ ਪ੍ਰਾਚੀਨ ਨਮੂਨਿਆਂ ਨਾਲ ਮਿਲਦੀ-ਜੁਲਦੀ ਹੈ।

          ਭੂ-ਮੱਧ-ਸਾਗਰ ਦੀਆਂ ਕਿਸ਼ਤੀਆਂ ਦੀ ਵਿਸ਼ੇਸ਼ਤਾ ਉਨ੍ਹਾਂ ਦਾ ਗੋਲ ਮੱਥਾ ਅਤੇ ਪਿਛਲੇ ਪਾਸੇ ਲਟਕੀ ਹੋਈ ਕਾਫ਼ੀ ਡੂੰਘਾਈ ਤਕ ਪਤਵਾਰੀ ਹੁੰਦੀ ਹੈ। ਯੂਨਾਨ ਅਤੇ ਇਟਲੀ ਦੇ ਸਮੁੰਦਰਾਂ ਵਿਚ ਬਹੁਤ ਸਮੁੰਦਰ ਸਜਾਵਟ ਵਾਲੀਆਂ ਤੇ ਵਧੇਰੇ ਤੈਰਨ ਸ਼ਕਤੀ ਵਾਲੀਆਂ ਅਨੇਕਾਂ ਪ੍ਰਕਾਰਬ ਦੀਆਂ ਕਿਸ਼ਤੀਆਂ ਹਨ। ਨੀਲ ਨਦੀ ਵਿਚ ਚਮਚੇ ਵਰਗੀਆਂ ਚੌੜੀ ਪੂਛ ਵਾਲੀਆਂ ਅਨਪੜ੍ਹ ਕਿਸ਼ਤੀਆਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਲੰਬਾਈ ਲਗਭਗ 18.3 ਮੀ. ਤਕ ਹੁੰਦੀ ਹੈ ਅਤੇ 45 ਟਨ ਭਾਰ ਚੁੱਕ ਸਕਣ ਦੀ ਸਮਰੱਥਾ ਰਖਦੀਆਂ ਹਨ।

          ਭਾਵੇਂ 1855 ਵਿਚ ਲੈਂਬੋਟ ਨਾਂ ਦੇ ਇਕ ਫ਼ਰਾਂਸੀਸੀ ਨੇ ਕੰਕਰੀਟ ਦੀ ਕਿਸ਼ਤੀ ਪੇਟੈਂਟ ਕਰਵਾਈ ਸੀ ਪਰੰਤੂ ਆਦਿ ਕਾਲ ਤੋਂ ਹੀ ਕਿਸ਼ਤੀਆਂ ਤਿਆਰ ਕਰਨ ਵਿਚ ਲੱਕੜ ਦਾ ਇਸਤੇਮਾਲ ਹੁੰਦਾ ਰਿਹਾ ਹੈ। ਅੱਜ ਕਲ੍ਹ ਕਿਸ਼ਤੀਆਂ ਅਤੇ ਜਹਾਜ਼ਾਂ ਵਿਚ ਐਲੂਮਿਨੀਅਮ ਦੀ ਮਿਸ਼ਰਿਤ-ਧਾਤ, ਬਿਰਮਾ-ਬਰਾਈਟ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਹੜੀ ਕਿ ਬਹੁਤ ਹਲਕੀ ਤੇ ਮਜ਼ਬੂਤ ਹੁੰਦੀ ਹੈ ਅਤੇ ਇਸ ਉਤੇ ਖਾਰੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ।

          ਇੰਜਨ ਵਾਲੀ ਕਿਸ਼ਤੀ––19ਵੀਂ ਸਦੀ ਦੇ ਮੱਧ ਵਿਚ ਕਿਸ਼ਤੀਆਂ ਵਿਚ ਇੰਜਨਾਂ ਦਾ ਪ੍ਰਯੋਗ ਹੋਣਾ ਸ਼ੁਰੂ ਹੋ ਗਿਆ ਸੀ ਅਤੇ 20ਵੀਂ ਸਦੀ ਵਿਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਬਹੁਤ ਤੇਜ਼ੀ ਨਾਲ ਇਸ ਦੇ ਪ੍ਰਯੋਗ ਵਿਚ ਵਾਧਾ ਹੋਇਆ। ਭਾਫ਼ ਨਾਲ ਚਲਣ ਵਾਲੀ ਕਿਸ਼ਤੀ ਵਪਾਰਕ ਤੌਰ ਤੇ ਬਹੁਤ ਲਾਭਦਾਇਕ ਸਿੱਧ ਹੋਈ। ਇਹ 1 ਮੀ. ਜਾਂ ਇਸ ਤੋਂ ਵੀ ਘੱਟ ਡੂੰਘੇ ਪਾਣੀ ਵਿਚ ਅਸਾਨੀ ਨਾਲ ਚਲ ਸਕਦੀਆਂ ਹਨ।

          ਸੜਕਾਂ ਅਤੇ ਰੇਲਾਂ ਉੱਪਰ ਆਵਾਜਾਈ ਦਾ ਭਾਰ ਘਟਾਉਣ ਲਈ ਕਿਸ਼ਤੀਆਂ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ। ਗੰਗਾ, ਜਮਨਾ, ਸਿੰਧ, ਨਰਮਦਾ, ਗੋਦਾਵਰੀ ਆਦਿ ਨਦੀਆਂ ਵਿਚ ਕਿਸ਼ਤੀਆਂ ਦੀ ਆਵਾਜਾਈ ਨੇ ਕਾਫ਼ੀ ਦੂਰੀ ਘਟਾ ਦਿਤੀ ਹੈ।

          ਸੁਰੱਖਿਆ ਕਿਸ਼ਤੀਆਂ––ਪ੍ਰਾਚੀਨ ਕਾਲ ਤੋਂ ਹੀ ਜਹਾਜਾਂ ਦੇ ਨਾਲ ਕਿਸ਼ਤੀਆਂ ਰੱਖੀਆਂ ਜਾਂਦੀਆਂ ਸਨ। ਇਹ ਜਾਂ ਤਾਂ ਉਨ੍ਹਾਂ ਉਤੇ ਲੱਦੀਆਂ ਹੁੰਦੀਆਂ ਸਨ ਜਾਂ ਫਿਰ ਨਾਲ ਹੀ ਬੰਨ੍ਹੀਆਂ ਹੁੰਦੀਆਂ ਸਨ। ਇੰਗਲੈਂਡ ਵਿਚ 19ਵੀਂ ਸਦੀ ਵਿਚ ਇਕ ਕਾਨੂੰਨ ਬਣਾ ਕੇ ਕਿਸ਼ਤੀਆਂ ਦੀ ਗਿਣਤੀ ਨਿਰਧਾਰਤ ਕਰ ਦਿਤੀ ਗਈ, ਇਹ ਗਿਣਤੀ ਜਹਾਜ਼ ਦੇ ਭਾਰ ਅਨੁਸਾਰ ਹੁੰਦੀ ਸੀ, ਯਾਤਰੂਆਂ ਦੀ ਗਿਣਤੀ ਦੇ ਅਨੁਸਾਰ ਨਹੀਂ। ਸੰਨ 1912 ਵਿਚ ਭਿਆਨਕ ਸਮੁੰਦਰੀ ਜਹਾਜ਼ ਦੁਰਘਟਨਾ ਤੋਂ ਬਾਅਦ ਇਹ ਗਿਣਤੀ ਯਾਤਰੂਆਂ ਦੀ ਗਿਣਤੀ ਦੇ ਆਧਾਰ ਤੇ ਨਿਰਧਾਰਤ ਕਰ ਦਿਤੀ ਗਈ।

          ਕਿਸ਼ਤੀ ਦੇ ਪੁਲ––ਵੱਡੇ-ਵੱਡੇ ਨਦੀਆਂ ਨਾਲਿਆਂ ਨੂੰ ਪਾਰ ਕਰਨ ਲਈ ਕਿਸ਼ਤੀਆਂ ਦੇ ਪੁਲ ਵਰਤੇ ਜਾਂਦੇ ਹਨ ਕਿਉਂਕਿ ਪੱਕੇ ਪੁਲ ਬਣਾਉਣ ਲਈ ਵਧੇਰੇ ਸਮੇਂ ਅਤੇ ਧਨ ਦੀ ਲੋੜ ਹੁੰਦੀ ਹੈ ਪਰ ਤਤਕਾਲੀਨ ਪ੍ਰਬੰਧ ਲਈ ਕਿਸ਼ਤੀ-ਪੁਲਾਂ ਦਾ ਪ੍ਰਯੋਗ ਕੀਤਾਂ ਜਾਂਦਾ ਹੈ। ਸੰਨ 1857 ਦੇ ਸੁਤੰਤਰਤਾ ਸੰਗਰਾਮ ਤੋਂ ਬਾਅਦ ਪ੍ਰਭਾਵਸ਼ਾਲੀ ਪ੍ਰਸ਼ਾਸਨ ਲਈ ਅੰਗਰੇਜ਼ੀ ਸੈਨਾ ਨੇ 1860 ਵਿਚ ਪੰਜਾਬ ਵਿਚ ਵਿਸ਼ੇਸ਼ ਤੌਰ ਤੇ ਕਈ ਆਰਜ਼ੀ ਪੁਲ ਬਣਾਏ।

          ਜਦੋਂ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੋਏ ਤਾਂ ਨਦੀਆਂ ਉੱਪਰ ਤੈਰਦਾ ਹੋਇਆ ਜਾਂ ਆਰਜ਼ੀ ਪੁਲ ਬਣਾਉਣ ਲਈ ਕਿਸ਼ਤੀਆਂ ਦੇ ਪਾਏ ਹੀ ਠੀਕ ਰਹਿੰਦੇ ਹਨ, ਬਸ਼ਰਤੇ ਇਹ ਪਾਏ ਜ਼ਮੀਨ ਉਤੇ ਨਾ ਟਿਕੇ ਹੋਣ। ਹਰ ਇਕ ਕਿਸ਼ਤੀ ਦੀ ਲੰਬਾਈ ਵਾਲੀ ਦਿਸ਼ਾ ਵਿਚ ਸ਼ਤੀਰੀਆਂ ਰਖੀਆਂ ਜਾਂਦੀਆਂ ਹਨ, ਜਿਨ੍ਹਾਂ ਉਤੇ ਸੜਕ ਬਣਾਉਣ ਲਈ ਬਾਲੇ ਅਤੇ ਫੱਟੇ ਕੱਸੇ ਜਾਂਦੇ ਹਨ।

          ਕਈ ਵਾਰੀ ਇਨ੍ਹਾਂ ਕਿਸ਼ਤੀਆਂ ਦੀ ਥਾਂ ਸਿਲੰਡਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਇਹ ਮਹਿੰਦੇ ਪੈਂਦੇ ਹਨ, ਭਾਵੇਂ ਦੋਹਾਂ ਦਾ ਕਾਰਜ-ਸਿੱਧਾਂਤ ਇਕੋ ਹੀ ਹੈ। ਤੈਰਨ ਵਾਲੇ ਪੁਲ ਨੂੰ ਭਾਵੇਂ ਕਿਸ਼ਤੀਆਂ ਦਾ ਹੋਵੇ ਜਾਂ ਪੀਪਿਆਂ ਦਾ, ਜ਼ੰਜੀਰਾਂ ਜਾਂ ਤਾਰਾਂ ਨਾਲ ਕਿਨਾਰਿਆਂ ਉਤੇ ਕਿੱਲੇ ਗੱਡ ਕੇ ਬੰਨ੍ਹ ਦਿਤਾ ਜਾਂਦਾ ਹੈ। ਜੇਕਰ ਪਾਣੀ ਦੀ ਰਫ਼ਤਾਰ ਘੱਟ ਹੋਵੇ ਤਾਂ ਹਰ ਦੋ ਪਾਇਆਂ ਤੋਂ ਬਾਅਦ ਲੰਗਰ ਲਗਾਇਆ ਜਾਂਦਾ ਹੈ ਪਰ ਜੇਕਰ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੋਵੇ ਤਾਂ ਹਰ ਇਕ ਪਾਏ ਵਿਚ ਇਕ ਲੰਗਰ ਕਸਿਆ ਜਾਂਦਾ ਹੈ। ਠੀਕ ਪਕੜ ਲਈ ਲੰਗਰ ਦੀ ਡੋਰੀ ਦੀ ਲੰਬਾਈ ਪਾਣੀ ਦੇ ਵਹਾਉ ਦੀ ਡੂੰਘਾਈ ਨਾਲੋਂ ਦਸ ਗੁਣੀ ਹੋਣੀ ਚਾਹੀਦੀ ਹੈ, ਪਰ ਘੱਟ ਤੋਂ ਘੱਟ 27.5 ਮੀ. ਜ਼ਰੂਰ ਹੀ ਹੋਣੀ ਚਾਹੀਦੀ ਹੈ। ਲੰਗਰ ਦਾ ਭਾਰ ਪੁਲ ਦੀ ਪ੍ਰਤਿ ਮੀ. ਲੰਬਾਈ ਪਿੱਛੇ 10 ਤੋਂ 20 ਕਿ. ਗ੍ਰਾ. ਤਕ ਹੋਣਾ ਚਾਹੀਦਾ ਹੈ। ਜਿਥੇ ਲੰਗਰਾਂ ਦਾ ਪ੍ਰਬੰਧ ਨਾ ਹੋ ਸਕੇ ਉਥੇ ਲੱਕੜ ਦੇ ਬਕਸੇ ਬਣਾ ਕੇ ਉਨ੍ਹਾਂ ਨੂੰ ਇੱਟਾਂ, ਪੱਥਰਾਂ ਜਾਂ ਬੱਜਰੀ ਨਾਲ ਭਰ ਦੇਣਾ ਚਾਹੀਦਾ ਹੈ।

          ਸੰਸਾਰ ਵਿਚ ਸਭ ਤੋਂ ਵੱਡਾ ਕਿਸ਼ਤੀ ਪੁਲ ਸੀਏਟਲ ਵਿਖੇ ਵਾਸ਼ਿੰਗਟਨ ਝੀਲ ਉਤੇ ਸੰਨ 1939 ਵਿਚ ਬਣਾਇਆ ਗਿਆ ਸੀ। ਇਸ ਦੇ 106 ਮੀ. ਲੰਬੇ, 18 ਮੀ. ਚੌੜੇ ਅਤੇ 4.27 ਮੀ. ਡੂੰਘੇ ਪੀਪੇ ਪ੍ਰਚਲਿਤ ਕੰਕਰੀਟ ਦੇ ਬਣੇ ਹੋਏ ਹਨ, ਜਿਨ੍ਹਾਂ ਦੇ ਪਰਦੇ ਅਤੇ ਕੰਧਾਂ ਸਾਰੀਆਂ ਹੀ ਲਗਭਗ 20 ਸੈਂ. ਮੀ. ਮੋਟੀਆਂ ਹਨ।

          ਹ. ਪੁ.––ਹਿੰ. ਵਿ. 6 : 334


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਿਸ਼ਤੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਸ਼ਤੀ, (ਫ਼ਾਰਸੀ : ਕਸ਼ਤੀ>ਗਸ਼ਤਨ√ਗਸ਼=ਫਿਰਨਾ, ਟਾਕਰੀ  \ ਸੰਸਕ੍ਰਿਤ : गच्छ√गम्=ਜਾਣਾ) \ ਇਸਤਰੀ ਲਿੰਗ : ੧. ਨਉਕਾ, ਬੇੜੀ; ੨. ਕਿਸ਼ਤੀ ਦੀ ਸ਼ਕਲ ਦਾ ਇੱਕ ਭਿਖਿਆਪਾਤ੍ਰ, ਜਿਸ ਨੂੰ ਇੱਕ ਬਾਲ ਜਾਂ ਤਸ਼ਤਰੀ ਜਿਸ ਵਿੱਚ ਢੋਏ ਆਦਿ ਦੀਆਂ ਚੀਜ਼ਾਂ ਰੱਖ ਕੇ ਪੇਸ਼ ਕਰੀਦੀਆਂ ਹਨ

–ਕਿਸ਼ਤੀਸਵਾਰ, ਵਿਸ਼ੇਸ਼ਣ \ ਪੁਲਿੰਗ : ਕਿਸ਼ਤੀ ਵਿੱਚ ਬੈਠਣ ਵਾਲਾ, ਕਿਸ਼ਤੀ ਦੀ ਸਵਾਰੀ ਕਰਨ ਵਾਲਾ

–ਕਿਸ਼ਤੀਸਾਜ਼, ਵਿਸ਼ੇਸ਼ਣ \ਪੁਲਿੰਗ : ਕਿਸ਼ਤੀਗਰ, ਕਿਸ਼ਤੀ ਬਣਾਉਣ ਵਾਲਾ

–ਕਿਸ਼ਤੀ ਕੰਢੇ ਲੱਗਣਾ, ਮੁਹਾਵਰਾ : ਬੇੜਾ ਪਾਰ ਹੋਣਾ, ਕੰਮ ਦਾ ਭਲੀ ਪਰਕਾਰ ਸਿਰੇ ਚੜ੍ਹ ਜਾਣਾ

–ਕਿਸ਼ਤੀਗਰ, ਵਿਸ਼ੇਸ਼ਣ \ ਪੁਲਿੰਗ : ਕਿਸ਼ਤੀ ਬਣਾਉਣ ਵਾਲਾ, ਕਿਸ਼ਤੀ ਸਾਜ਼

–ਕਿਸ਼ਤੀਘਾਟ,  ਪੁਲਿੰਗ : ਨਹਿਰ ਜਾਂ ਦਰਿਆ ਦੇ ਕੰਢੇ ਦੀ ਉਹ ਥਾਂ ਜਿਥੇ ਆਣ ਕੇ ਬੇੜੀਆਂ ਕੰਢੇ ਲੱਗਦੀਆਂ ਹਨ ਤੇ ਲੋਕੀ ਉਤਰਦੇ ਚੜ੍ਹਦੇ ਹਨ

–ਕਿਸ਼ਤੀ ਟੋਪੀ, ਇਸਤਰੀ ਲਿੰਗ : ਉਹ ਟੋਪੀ ਜਿਸ ਦੀ ਸ਼ਕਲ ਕਿਸ਼ਤੀ ਵਰਗੀ ਹੋਵੇ, ਗਾਂਧੀ ਟੋਪੀ

–ਕਿਸ਼ਤੀ ਨੂਹ, ਇਸਤਰੀ ਲਿੰਗ : ਹਜ਼ਰਤ ਨੂਹ ਦੀ ਕਿਸ਼ਤੀ ਜਿਸ ਉਤੇ ਬੈਠ ਕੇ ਉਹ ਆਪਣੇ ਸਾਥੀਆਂ ਸਮੇਤ ਵੱਡੇ ਭਿਆਨਕ ਤੂਫ਼ਾਨ ਤੋਂ ਪਾਰ ਹੋਇਆ ਸੀ

–ਕਿਸ਼ਤੀ ਪਾਰ ਹੋਣਾ, ਮੁਹਾਵਰਾ :  ਬੇੜਾ ਪਾਰ ਹੋਣਾ, ਕਿਸ਼ਤੀ ਕੰਢੇ ਲੱਗਣਾ

–ਕਿਸ਼ਤੀ ਬਾਨ, ਕਿਸ਼ਤੀ ਵਾਨ, ਪੁਲਿੰਗ : ਮਲਾਹ, ਖਵੱਈਆ, ਨਉਕਾ ਚਲਾਉਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-29-12-57-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.