ਕਿਵ ਸਚਿਆਰਾ ਹੋਈਐ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਿਵ ਸਚਿਆਰਾ ਹੋਈਐ: ਇਹ ਤੁਕਾਂਸ਼ ‘ਜਪੁਜੀ ’ ਦੀ ਮੂਲ ਅਧਿਆਤਮਿਕ ਸਮਸਿਆ ਨਾਲ ਸੰਬੰਧਿਤ ਹੈ। ਮੱਧ- ਯੁਗ ਦੇ ਸਾਰੇ ਮਹਾਪੁਰਸ਼ਾਂ ਨੇ ਮਾਨਵ ਕਲਿਆਣ ਜਾਂ ਮਨੁੱਖ ਨੂੰ ਸਚਿਆਰਾ ਬਣਨ ਉਤੇ ਬਹੁਤ ਬਲ ਦਿੱਤਾ ਹੈ, ਕਿਉਂਕਿ ਉਸ ਯੁਗ ਵਿਚ ਮਨੁੱਖ ਆਪਣੇ ਵਾਸਤਵਿਕ ਮਾਰਗ ਤੋਂ ਖੁੰਝ ਕੇ ਸੰਸਾਰਿਕਤਾ ਵਿਚ ਲੀਨ ਹੋ ਗਿਆ ਸੀ ਅਤੇ ਵਿਸ਼ੇ- ਵਾਸਨਾਵਾਂ ਵਿਚ ਮਗਨ ਹੋ ਕੇ ਆਪਣਾ ਜਨਮ ਭ੍ਰਸ਼ਟ ਕਰ ਰਿਹਾ ਸੀ। ਵਾਸਤਵਿ ਵਿਚ ਮਾਨਵ ਜਨਮ ਦੁਰਲਭ ਹੈ, ਇਸ ਲਈ ਇਸ ਦਾ ਉਚਿਤ ਉਪਯੋਗ ਕਰਨਾ ਜ਼ਰੂਰੀ ਹੈ— ਕਬੀਰ ਮਾਨਸ ਜਨਮੁ ਦੁਲਿੰਭੁ ਹੈ ਹੋਇ ਨ ਬਾਰੈ ਬਾਰ। ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ। (ਗੁ. ਗ੍ਰੰ.1366)।
ਗੁਰਬਾਣੀ ਵਿਚ ਮਾਨਵ ਕਲਿਆਣ ਦੀ ਗੱਲ ਬਹੁਤ ਉਘੜ ਕੇ ਸਾਹਮਣੇ ਆਈ ਹੈ। ਸਚ ਤਾਂ ਇਹ ਹੈ ਕਿ ਗੁਰਬਾਣੀ ਵਿਚਲਾ ਉਪਦੇਸ਼ ਹੈ ਹੀ ਮਾਨਵਤਾ ਦੇ ਕਲਿਆਣ ਲਈ। ਗੁਰੂ ਅਰਜਨ ਦੇਵ ਜੀ ਅਨੁਸਾਰ ਸਾਰੀਆਂ ਜੂਨਾਂ ਵਿਚੋਂ ਸਰਬ-ਸ੍ਰੇਸ਼ਠ ਜੂਨ ਮਨੁੱਖ ਦੀ ਹੈ, ਇਸ ਧਰਤੀ ਉਤੇ ਉਸੇ ਦੀ ਪ੍ਰਭੁਤਾ ਹੈ। ਇਸ ਜਨਮ ਵਿਚ ਜੋ ਸਹੀ ਮਾਰਗ ਉਤੇ ਨਹੀਂ ਚਲਦਾ, ਉਹ ਆਵਾਗਵਣ ਦੇ ਚੱਕਰਾਂ ਵਿਚ ਪੈ ਕੇ ਦੁਖ ਸਹਿੰਦਾ ਹੈ— ਲਖ ਚਉਰਾਸੀਹ ਜੋਨਿ ਸਬਾਈ। ਮਾਣਸ ਕਉ ਪ੍ਰਭਿ ਦੀਈ ਵਡਿਆਈ। ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ। (ਗੁ.ਗ੍ਰੰ.1075)।
ਪਰਮਾਤਮਾ ਨੂੰ ਮਿਲਣ ਦਾ ਇਕੋ-ਇਕ ਅਵਸਰ ਮਾਨਵ ਜਨਮ ਹੈ, ਇਸ ਤੋਂ ਭਿੰਨ ਹੋਰ ਸਾਰੇ ਕਾਰਜ ਵਿਅਰਥ ਹਨ— ਭਈ ਪਰਾਪਤਿ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰਿ ਕਾਜ ਤੇਰੈ ਕਿਤੈ ਨ ਕਾਮ। ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ। (ਗੁ.ਗ੍ਰੰ.12)।
ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਧਰਮ ਅਤੇ ਸਮਾਜ ਵਿਚ ਸੱਚੀ ਮਾਨਵਤਾ ਦੀ ਥਾਂ’ਤੇ ਪਾਪਾਂ ਦੀ ਪ੍ਰਧਾਨਤਾ ਹੋ ਗਈ ਸੀ, ਉਸ ਸਥਿਤੀ ਦਾ ਚਿਤ੍ਰਣ ਕਰਦਿਆਂ ਭਾਈ ਗੁਰਦਾਸ ਨੇ ਲਿਖਿਆ ਹੈ— ਬਾਬਾ ਦੇਖੈ ਧਿਆਨ ਧਰਿ ਜਲਤੀ ਸਭ ਪ੍ਰਿਥਵੀ ਦਿਸਿ ਆਈ। (1/24)। ਅਸਲ ਵਿਚ, ਉਦੋਂ ਵਿਸ਼ੇ-ਵਾਸਨਾਵਾਂ ਦੀ ਅੱਗ ਵਿਚ ਸਾਰੀ ਸ੍ਰਿਸ਼ਟੀ ਸੜ ਰਹੀ ਸੀ। ਮਾਨਵ ਕਲਿਆਣ ਲਈ ਇਸ ਸਥਿਤੀ ਨੂੰ ਸੁਧਾਰਨਾ ਬੜਾ ਜ਼ਰੂਰੀ ਸੀ ਅਤੇ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਧਾਰਣ ਕਰਕੇ ਥਾਂ ਥਾਂ, ਸ਼ਹਿਰ ਸ਼ਹਿਰ, ਦੇਸ਼ ਦੇਸ਼ ਜਾ ਕੇ ਕੁਮਾਰਗ-ਗਾਮੀ ਧਰਮ ਆਗੂਆਂ ਨੂੰ ਸਮਝਾਇਆ, ਤਾਂ ਜੁ ਉਹ ਮਾਨਵਤਾ ਦੇ ਸਹੀ ਰੂਪ ਦਾ ਪ੍ਰਚਾਰ ਕਰ ਸਕਣ ।
ਗੁਰੂ ਅਮਰਦਾਸ ਜੀ ਨੇ ਵੀ ਸਾਰਾ ਸੰਸਾਰ ਵਾਸਨਾਵਾਂ ਦੀ ਅੱਗ ਵਿਚ ਸੜਦਾ ਦਸਿਆ ਅਤੇ ਉਸ ਦੇ ਉੱਧਾਰ ਲਈ ਪਰਮਾਤਮਾ ਅਗੇ ਪ੍ਰਾਰਥਨਾ ਕੀਤੀ— ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ। ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ। (ਗੁ.ਗ੍ਰੰ.853)।
‘ਪੁਰਾਤਨ ਜਨਮਸਾਖੀ ’ ਵਿਚ ਉੱਲੇਖ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਉਦਾਸ ਰਹਿਣ ਅਤੇ ਕੁਝ ਨ ਖਾਣ ਪੀਣ ਕਰਕੇ ਉਨ੍ਹਾਂ ਦਾ ਇਲਾਜ ਕਰਾਉਣ ਲਈ ਵੈਦ ਨੂੰ ਬੁਲਾਇਆ ਗਿਆ। ਵੈਦ ਦੇ ਨਬਜ਼ ਵੇਖਣ’ਤੇ ਗੁਰੂ ਜੀ ਨੇ ਕਿਹਾ — ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ। ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ। (ਗੁ.ਗ੍ਰੰ. 1279)। ਗੁਰੂ ਸਾਹਿਬ ਦੇ ਕਲੇਜੇ ਵਿਚ ਕਿਹੜੀ ਕਰਕ ਸੀ? ਕਿਹੜੀ ਪੀੜ ਸੀ ? ਜਿਸ ਨਾਲ ਬਾਰ ਬਾਰ ਚੀਸ ਪੈ ਰਹੀ ਸੀ? ਉਤਰ ਸਪੱਸ਼ਟ ਹੈ ਕਿ ਮਾਨਵਤਾ ਦੀ ਵਿਗੜੀ ਹੋਈ ਦਸ਼ਾ ਨੂੰ ਸੁਧਾਰਨ ਦੀ ਚਿੰਤਾ। ਇਹ ਗੱਲ ਉਨ੍ਹਾਂ ਨੇ ਇਕ ਸ਼ਲੋਕ ਤੋਂ ਭਲੀ-ਭਾਂਤ ਪ੍ਰਗਟ ਕੀਤੀ ਹੈ— ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ। ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ। ਹਉ ਭਾਲਿ ਵਿਕੁੰਨੀ ਹੋਈ। ਆਧੇਰੈ ਰਾਹੁ ਨ ਕੋਈ। ਵਿਚਿ ਹਉਮੈ ਕਰਿ ਦੂਖੁ ਰੋਈ। ਕਹੁ ਨਾਨਕ ਕਿਨਿ ਬਿਧਿ ਗਤਿ ਹੋਈ। (ਗੁ.ਗ੍ਰੰ.145)।
ਹਉਮੈ ਨੂੰ ਨਿਵਾਰਨ ਦਾ ਇਕੋ-ਇਕ ਉਪਾ ਹੈ— ਸਚ ਦੀ ਭਾਲ। ਸਾਰੀ ਗੁਰਬਾਣੀ ਸਚ ਦੀ ਭਾਲ ਉਤੇ ਜ਼ੋਰ ਦਿੰਦੀ ਹੈ। ਗੁਰਬਾਣੀ ਅਨੁਸਾਰ ਸਾਰਿਆਂ ਦੁਖਾਂ ਦਾ ਦਾਰੂ ਕੇਵਲ ਸਚ ਹੀ ਹੈ—ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ। (ਗੁ.ਗ੍ਰੰ. 468)। ਗੁਰੂ ਨਾਨਕ ਦੇਵ ਜੀ ਨੇ ਆਪਣੀ ਪ੍ਰਮੁਖ ਬਾਣੀ ‘ਜਪੁਜੀ’ ਵਿਚ ਜਿਸ ਸਮਸਿਆ ਨੂੰ ਆਧਾਰ ਬਣਾਇਆ ਹੈ, ਉਹ ਹੈ— ਮਨੁੱਖ ਕਿਵੇਂ ਸਚ ਦੇ ਮਾਰਗ ਉਤੇ ਚਲਣ ਯੋਗ ਬਣੇ ਅਤੇ ਕਿਵੇਂ ਉਸ ਦੇ ਦੁਆਲੇ ਉਸਰੀ ਵਿਸ਼ੇ- ਵਾਸਨਾਵਾਂ ਦੀ ਦੀਵਾਰ ਨਸ਼ਟ ਹੋਏ—ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। (ਗੁ.ਗ੍ਰੰ.1)। ਇਸ ਦਾ ਸੰਕੇਤਿਕ ਉਤਰ ਅਗਲੀ ਤੁਕ ਵਿਚ ਦੇ ਦਿੱਤਾ ਗਿਆ ਹੈ— ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। (ਗੁ. ਗ੍ਰੰ.1)। ਸਚਿਆਰ ਬਣਨ ਲਈ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਅਤੇ ਉਸ ਦੀ ਰਜ਼ਾ ਵਿਚ ਰਹਿਣਾ ਅਤਿ ਆਵੱਸ਼ਕ ਹੈ— ਜਿਵ ਜਿਵ ਹੁਕਮੁ ਤਿਵੈ ਤਿਵ ਕਾਰ। (ਗੁ.ਗ੍ਰੰ.8)।
ਸਚਿਆਰ ਬਣਨ ਲਈ ਕੀਰਤਨ , ਸ਼੍ਰਵਣ , ਮੰਨਨ , ਭਾਉ-ਭਗਤੀ , ਨਾਮ-ਸਿਮਰਨ ਆਦਿ ਸਾਧਨਾਂ ਉਤੇ ਬਹੁਤ ਬਲ ਦਿੱਤਾ ਗਿਆ ਹੈ ਅਤੇ ਇਨ੍ਹਾਂ ਗੱਲਾਂ ਦਾ ਜੋ ਜਿਗਿਆਸੂ ਸ਼ਰਧਾ-ਪੂਰਵਕ ਅਨੁਸਰਣ ਕਰਦਾ ਹੈ, ਉਹ ਇਸ ਭਵ- ਸਾਗਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦਾ ਵੀ ਪਾਰ-ਉਤਾਰਾ ਕਰ ਦਿੰਦਾ ਹੈ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾਲਿ। (ਗੁ.ਗ੍ਰੰ. 8)। ਇਸ ਤਰ੍ਹਾਂ ਸਚ ਦੀ ਪ੍ਰਾਪਤੀ ਹੀ ਮਾਨਵ ਕਲਿਆਣ ਲਈ ਅਧਿਆਤ -ਮਿਕ ਦ੍ਰਿਸ਼ਟੀ ਤੋਂ ਸਰਵ ਸ੍ਰੇਸ਼ਠ ਸਾਧਨ ਹੈ।
ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਧਰਮ ਅਤੇ ਸਮਾਜ ਵਿਚ ਵੀ ਵੰਡੀਆਂ ਪਈਆਂ ਹੋਈਆਂ ਸਨ। ਗੁਰੂ ਜੀ ਲਈ ਇਹ ਅਵਸਥਾ ਅਸਹਿ ਸੀ। ਵੇਈਂ-ਪ੍ਰਵੇਸ਼ ਉਪਰੰਤ ਗੁਰੂ ਜੀ ਨੇ ਸਪੱਸ਼ਟ ਅਤੇ ਨਿਸੰਗ ਰੂਪ ਵਿਚ ਐਲਾਨ ਕੀਤਾ— ਨ ਕੋਈ (ਵਾਸਤਵਿਕ ਰੂਪ ਵਿਚ) ਹਿੰਦੂ ਹੈ, ਨ ਕੋਈ ਮੁਸਲਮਾਨ ਹੈ, ਕਿਉਂਕਿ ਇਨ੍ਹਾਂ ਵਿਥਾਂ ਕਰਕੇ ਮਨੁੱਖ ਮਨੁੱਖ ਨ ਰਹਿ ਕੇ ਹਿੰਦੂ ਜਾਂ ਮੁਸਲਮਾਨ ਬਣ ਗਿਆ ਹੈ, ਇਨਸਾਨ ਨਹੀਂ ਰਿਹਾ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਨਾ ਹਮ ਹਿੰਦੂ ਨ ਮੁਸਲਮਾਨ। ਅਲਹ ਰਾਮ ਕੇ ਪਿੰਡੁ ਪਰਾਨ। (ਗੁ.ਗ੍ਰੰ. 1136)।
ਇਸ ਵਿਥ ਨੂੰ ਖ਼ਤਮ ਕਰਕੇ ਸਾਰੇ ਮਨੁੱਖਾਂ ਵਿਚ ਸਮ-ਭਾਵ ਦੀ ਚੇਤਨਾ ਪੈਦਾ ਕਰਨ ਲਈ ਦਸਮ-ਗੁਰੂ ਨੇ ‘ਅਕਾਲ ਉਸਤਤਿ ’ ਵਿਚ ਫੁਰਮਾਇਆ ਹੈ— ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ।... ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ। ਸਭ ਵਿਚ ਇਕੋ ਪਰਮਾਤਮਾ ਦੀ ਜੋਤਿ ਵਿਦਮਾਨ ਹੈ, ਸਭ ਦਾ ਸਰੂਪ ਇਕੋ ਜਿਹਾ ਹੈ, ਪਰ ਸਹੀ ਧਾਰਮਿਕ ਸੇਧ ਦੇ ਅਭਾਵ ਵਿਚ ਸਭ ਭਟਕ ਰਹੇ ਹਨ।
ਅਧਿਆਤਮਿਕ ਅਤੇ ਧਾਰਮਿਕ ਪੱਖਾਂ ਤੋਂ ਇਲਾਵਾ ਗੁਰਬਾਣੀ ਵਿਚ ਮਨੁੱਖ ਨੂੰ ਆਪਣਾ ਸਮਾਜਿਕ ਵਿਵਹਾਰ ਵੀ ਸੁਧਾਰਨ ਲਈ ਕਿਹਾ ਗਿਆ ਹੈ, ਕਿਉਂਕਿ ਅਜਿਹਾ ਕੀਤੇ ਬਿਨਾ ਮਾਨਵਤਾ ਦਾ ਕਲਿਆਣ ਸੰਭਵ ਨਹੀਂ। ਮਨੁੱਖ ਨੂੰ ਸ੍ਰੇਸ਼ਠ ਬਣਨ ਲਈ ਚੰਗੀਆਂ ਬਿਰਤੀਆਂ ਨੂੰ ਅਪਣਾਉਣਾ ਅਤੇ ਮਾੜੀਆਂ ਬਿਰਤੀਆਂ ਨੂੰ ਛਡਣਾ ਚਾਹੀਦਾ ਹੈ। ਕਰਨੀ ਅਤੇ ਕਥਨੀ ਵਿਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਰਖਣਾ ਚਾਹੀਦਾ। ਸੇਵਾ ਕਰਨਾ ਵੀ ਚੰਗੇ ਮਨੁੱਖ ਦੀ ਬੁਨਿਆਦੀ ਲੋੜ ਹੈ।
ਵਰਣ-ਵਿਵਸਥਾ ਕਰਕੇ ਵੀ ਮਨੁੱਖਾਂ ਵਿਚ ਵਿੱਥਾਂ ਵਧੀਆਂ ਹਨ, ਇਸ ਲਈ ਗੁਰਬਾਣੀ ਵਿਚ ਜਾਤਿ-ਪਾਤਿ ਦਾ ਖੰਡਨ ਕਰਕੇ ਗੁਰ-ਉਪਦੇਸ਼ ਸਭ ਲਈ ਸਾਂਝਾ ਦਸਿਆ ਗਿਆ ਹੈ— ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ। (ਗੁ.ਗ੍ਰੰ. 747)। ਆਸ਼੍ਰਮ-ਵਿਵਸਥਾ ਪ੍ਰਤਿ ਵੀ ਗੁਰਬਾਣੀ ਵਿਚ ਆਸਥਾ ਨਹੀਂ ਵਿਖਾਈ ਗਈ, ਕਿਉਂਕਿ ਇਸ ਨਾਲ ਮਨੁੱਖ ਆਪਣੇ ਕਰਤੱਵ ਤੋਂ ਹਟ ਕੇ ਸੰਨਿਆਸ ਵਲ ਰੁਚਿਤ ਹੁੰਦਾ ਹੈ, ਹੋਰਨਾਂ ਉਤੇ ਭਾਰ ਬਣਦਾ ਹੈ। ਮਿਹਨਤ ਨਾਲ ਕੀਤੀ ਕਮਾਈ ਨੂੰ ਵੰਡ ਕੇ ਛਕਣਾ ਹੀ ਸਹੀ ਮਾਨਵੀ ਗੁਣ ਹੈ— ਗੁਰ ਪੀਰੁ ਸਦਾਏ ਮੰਗਣ ਜਾਇਉ ਤਾ ਕੈ ਮੂਲਿ ਨ ਲਗੀਐ ਪਾਇ। ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੋਇ। (ਗੁ.ਗ੍ਰੰ. 1245)। ਗ੍ਰਿਹਸਥ-ਧਰਮ ਨੂੰ ਗੁਰਬਾਣੀ ਵਿਚ ਸ੍ਰੇਸ਼ਠ ਦਸਦੇ ਹੋਇਆਂ ਇਸਤਰੀ ਦੇ ਗੌਰਵ ਦੀ ਵੀ ਸਥਾਪਨਾ ਕੀਤੀ ਗਈ ਹੈ। ਪਤੀ-ਪਤਨੀ ਸੰਬੰਧ ਕਿਸੇ ਗ਼ਰਜ਼ ਉਤੇ ਨਿਰਭਰ ਨਹੀਂ ਹੋਣੇ ਚਾਹੀਦੇ, ਸਗੋਂ ਉਨ੍ਹਾਂ ਵਿਚ ਪਰਸਪਰ ਇਕਾਤਮਕਤਾ ਦੀ ਭਾਵਨਾ ਹੋਣੀ ਚਾਹੀਦੀ ਹੈ— ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ। (ਗੁ.ਗ੍ਰੰ. 788)। ਪਰਾਇਆ ਹੱਕ ਮਾਰਨਾ ਵੀ ਚੰਗੇ ਮਨੁੱਖ ਲਈ ਅਨੁਚਿਤ ਹੈ, ਕਿਉਂਕਿ ਅਜਿਹਾ ਕਰਨ ਨਾਲ ਵੈਰ-ਵਿਰੋਧ ਦਾ ਵਿਸਤਾਰ ਹੁੰਦਾ ਹੈ ਅਤੇ ਮਨੁੱਖਾਂ ਵਿਚ ਭੈੜੀਆਂ ਰੁਚੀਆਂ ਦਾ ਵਿਕਾਸ ਹੁੰਦਾ ਹੈ— ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ। ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ। (ਗੁ.ਗ੍ਰੰ. 141)
ਗੁਰਬਾਣੀ ਵਿਚ ਜਿਸ ਆਦਰਸ਼-ਮਨੁੱਖ ਦੀ ਕਲਪਨਾ ਕੀਤੀ ਗਈ ਹੈ, ਉਹ ‘ਗੁਰਮੁਖ ’ ਹੈ। ਮਾਇਆ ਵਿਚ ਰਹਿੰਦਾ ਹੋਇਆ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਵਿਅਕਤੀ ਹੈ। ਉਹ ਕੇਵਲ ਆਪਣੀ ਮੁਕਤੀ ਅਥਵਾ ਉਨਤੀ ਤੋਂ ਸੰਤੁਸ਼ਟ ਨਹੀਂ, ਉਹ ਤਾਂ ਸਾਰੇ ਸਮਾਜ, ਸਾਰੇ ਭਾਈਚਾਰੇ, ਸਾਰੀ ਮਨੁੱਖਤਾ ਦੇ ਕਲਿਆਣ ਵਿਚ ਵਿਸ਼ਵਾਸ ਰਖਦਾ ਹੈ— ਐਸੇ ਜਨ ਵਿਰਲੇ ਸੰਸਾਰੇ। ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ। ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ। (ਗੁ.ਗ੍ਰੰ. 1039)।
ਸਮੁੱਚੇ ਤੌਰ ’ਤੇ ਗੁਰਬਾਣੀ ਵਿਚ ਮਾਨਵ- ਕਲਿਆਣ ਦੇ ਅਨੇਕ ਪੱਖਾਂ ਉਤੇ ਝਾਤ ਪਾ ਕੇ ਮਨੁੱਖ ਨੂੰ ਸਹੀ ਸੇਧ ਦਿੱਤੀ ਗਈ ਹੈ ਅਤੇ ਉਸ ਨੂੰ ਚੰਗਾ ਮਨੁੱਖ (ਸਚਿਆਰਾ) ਬਣਨ ਲਈ ਬਾਰ ਬਾਰ ਪ੍ਰੇਰਿਤ ਕੀਤਾ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First