ਕਿਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਲਾ. ਅ਼ ਕਿ਼ਲਅ਼. ਸੰਗ੍ਯਾ—ਦੁਰਗ. ਗੜ੍ਹ. ਅੰ. Fort. Citadel. ਕਿਲੇ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਜੰਗੀ, ਜਿਨ੍ਹਾਂ ਵਿੱਚ ਤੋਪ ਆਦਿ ਸ਼ਸਤ੍ਰ ਅਤੇ ਫ਼ੌਜ ਰਹਿਂਦੀ ਹੈ, ਅਰ ਜੰਗ ਲਈ ਬਹੁਤ ਦ੍ਰਿੜ੍ਹ ਬਣਾਏ ਜਾਂਦੇ ਹਨ, ਦੂਜੇ ਮਹਾਰਾਜਿਆਂ ਦੇ ਰਹਿਣ ਦੇ ਕਿਲੇ, ਜਿਨ੍ਹਾਂ ਵਿੱਚ ਰਣਵਾਸ ਭੀ ਹੋਂਦਾ ਹੈ, ਅਤੇ ਇਹ ਕਿਲੇ ਆਬਾਦੀ ਨਾਲ ਘਿਰੇ ਹੋਏ ਹੋਇਆ ਕਰਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਿਲਾ : ਕਿਲਾ ਉਹ ਇਮਾਰਤ ਹੁੰਦੀ ਹੈ ਜਿਸ ਦੇ ਦੌਂਹੀ ਪਾਸੇ ਉੱਚੀ ਕੰਧ ਬਣੀ ਹੋਵੇ, ਥਾਂ ਥਾਂ ਮੋਰਚਿਆਂ ਲਈ ਬੁਰਜ ਬਣੇ ਹੋਣ ਅਤੇ ਜਿਸ ਅੰਦਰ ਫੌਜ ਰਹਿੰਦੀ ਹੋਵੇ।
ਕਿਲੇ ਦਾ ਨਿਰਮਾਣ ਨਗਰ ਅਤੇ ਪਿੰਡਾਂ ਦੇ ਵਸਣ ਨਾਲ ਹੀ ਸ਼ੁਰੂ ਹੋਇਆ। ਵੈਦਿਕ ਕਾਲ ਵਿਚ ਭਾਰਤ ਵਿਚ ਪੁਰ ਜਾਂ ਦੁਰਗ ਸ਼ਬਦ ਕਿਲੇ ਵਰਗੀਆਂ ਬਸਤੀਆਂ ਦਾ ਪ੍ਰਤੀਕ ਸੀ। ਮਹਾਭਾਰਤ ਅਤੇ ਰਾਮਾਇਣ ਤੋਂ ਪਤਾ ਲਗਦਾ ਹੈ ਕਿ ਇੰਦਰਪ੍ਰਸਤ, ਮਥੁਰਾ, ਲੰਕਾ, ਅਯੁੱਧਿਆ, ਦਵਾਰਿਕਾ ਆਦਿ ਬਸਤੀਆਂ ਕਿਲੇ ਦੀ ਤਰ੍ਹਾਂ ਬਣੀਆ ਹੋਈਆਂ ਸਨ। ਭੋਜ ਦੇ ਯੁਕਤੀ ਕਲਪਤਰੂ ਅਨੁਸਾਰ ਕਿਲੇ, ਜਾਂ ਦੁਰਗ ਦੋ ਭਾਗਾਂ ਵਿਚ ਵੰਡੇ ਜਾਂਦੇ ਹਨ (1) ਕੁਦਰਤੀ ਕਿਲੇ ਜਿਹੜੇ ਪਾਣੀ, ਪਹਾੜਾਂ, ਜੰਗਲ ਆਦਿ ਨਾਲ ਸੁਰੱਖਿਅਤ ਹੁੰਦੇ ਹਨ (2) ਇੱਟਾਂ, ਪਥਰਾਂ ਆਦਿ ਤੋਂ ਉਸਾਰੇ ਹੋਏ ਕਿਲੇ। ਯੂਨਾਨ ਦੇ ਪ੍ਰਾਚੀਨ ਇਤਿਹਾਸ ਤੋਂ ਬਹੁਤ ਹੀ ਮਜ਼ਬੂਤ ਕਿਲਿਆਂ ਦੇ ਨਿਰਮਾਣ ਦਾ ਪਤਾ ਲਗਦਾ ਹੈ। ਭੂ-ਮੱਧ ਸਾਗਰ ਦੇ ਪੂਰਬੀ ਤੱਟ ਤੇ ਸਥਿਤ ਤੀਰ ਉੱਤੇ ਕਬਜ਼ਾ ਕਰਨ ਲਈ ਸਿਕੰਦਰ ਨੂੰ ਲਗਭਗ 7 ਮਹੀਨੇ ਤੱਕ ਕਿਲੇ ਨੂੰ ਘੇਰ ਕੇ ਯੁੱਧ ਕਰਨਾ ਪਿਆ ਸੀ। ਯੂਨਾਨ ਅਤੇ ਰੋਮ ਦੇ ਕਿਲੇ ਆਧੁਨਿਕ ਇੰਜੀਨੀਅਰਾਂ ਨੂੰ ਵੀ ਹੈਰਾਨ ਕਰ ਦਿੰਦੇ ਹਨ।
ਭਾਰਤ ਵਿਚ ਬਿਲਡਿੰਗ ਬਣਾਉਣ ਲਈ ਲੋੜੀਂਦੀ ਸਮਗਰੀ ਦਾ ਆਸਾਨੀ ਨਾਲ ਉਪਲੱਬਧ ਹੋਣ ਕਾਰਨ ਕਿਲਿਆਂ ਦੇ ਨਿਰਮਾਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣ ਲੱਗ ਪਿਆ।
ਰੋਮ ਸਾਮਰਾਜ ਦੇ ਪਤਨ ਤੋਂ ਬਾਅਦ ਪੱਛਮੀ ਯੂਰਪ ਨੂੰ ਆਪਣੀ ਸੁਰੱਖਿਆ ਸਬੰਧੀ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਚੀਨ ਕਾਲ ਦੇ ਕਿਲੇ ਆਮ ਕਰਕੇ ਨਗਰ ਜਾਂ ਸ਼ਹਿਰ ਦੇ ਬਚਾਉ ਲਈ ਬਣਾਏ ਜਾਂਦੇ ਸਨ, ਪਰ ਮੱਧ-ਕਾਲ ਵਿਚ ਇਹ ਟਾਪੂਆਂ, ਪਹਾੜੀਆਂ ਦਲਦਲ ਵਿਚਕਾਰ ਸੁੱਕੀ ਥਾਂ ਜਾਂ ਹੋਰ ਅਜਿਹੇ ਸਥਾਨਾਂ ਉੱਤੇ ਬਣਾਏ ਜਾਂਦੇ ਸਨ ; ਜਿਥੇ ਪਹੁੰਚਣਾ ਕਾਫ਼ੀ ਕਠਿਨ ਹੁੰਦਾ ਸੀ। ਪੂਰਬੀ ਦੇਸ਼ਾਂ ਵਿਚ ਹੌਏ ਧਰਮ ਯੁੱਧਾਂ ਨੇ ਵੀ ਕਿਲਿਆਂ ਦੇ ਨਿਰਮਾਣ ਉੱਤੇ ਬਹੁਤ ਅਸਰ ਪਾਇਆ । ਬਾਰੂਦ ਦੀ ਕਾਢ ਅਤੇ ਵਰਤੋਂ ਨੇ ਕਿਲਿਆਂ ਦੇ ਨਿਰਮਾਣ ਢੰਗ ਵਿਚ ਕਾਫ਼ੀ ਤਬਦੀਲੀ ਲੈ ਆਂਦੀ।
ਯੂਰਪ ਦੀ ਰਜਵਾੜਾਸ਼ਾਹੀ ਵਿਚ ਕਿਲਿਆਂ ਦਾ ਵਿਸ਼ੇਸ਼ ਸਥਾਨ ਹੈ। ਐਂਗਲੋ-ਸੈਕਸਨ ਕਾਲ ਦੇ ਕਿਲਿਆਂ ਦੀ ਵਸਤੂਕਲਾ ਦੀ ਕੋਈ ਖ਼ਾਸ ਵਿਸ਼ੇਸ਼ਤਾ ਨਹੀਂ ਸੀ। ਗਿਆਰ੍ਹਵੀਂ ਸਦੀ ਵਿਚ ਨਿਰਮਾਣ ਯੁਗ ਦੇ ਕਿਲਿਆਂ ਦੀ ਨਿਰਮਾਣ ਕਲਾ ਵਲ ਵਿਸ਼ੇਸ਼ ਧਿਆਨ ਦਿੱਤਾ ਜਾਣ ਲੱਗਾ। ਸ਼ਾਰਪਸ਼ਿਰ ਦੇ ਸਟੋਕਸੇ ਕੈਸਿਲ ਅਤੇ ਵਾਰਵਿਕਸ਼ਿਰ ਦੇ ਕੇਨਿਲਵਾਥ ਉਸ ਸਮੇਂ ਦੀ ਨਿਰਮਾਣ ਕਲਾ ਦੇ ਉੱਚਤਮ ਨਮੂਨੇ ਹਨ। ਇਨ੍ਹਾਂ ਕਿਲਿਆਂ ਦੀ ਵਿਸ਼ੇਸ਼ਤਾ ਇਨ੍ਹਾਂ ਦੀਆਂ ਖਾਈਆਂ ਅਤੇ ਕਈ ਹਿੱਸਿਆਂ ਵਿਚ ਵੱਡੇ ਭਵਨ ਹਨ।
ਫੌਜੀ ਸੁਰੱਖਿਆ ਦੇ ਪੱਖੋਂ ਭਾਰਤ ਦੇ ਇਤਿਹਾਸ ਵਿਚ ਮੱਧ-ਕਾਲ ਦੇ ਕਿਲਿਆਂ ਦਾ ਵਿਸ਼ੇਸ਼ ਸਥਾਨ ਹੈ, ਜਿਹੜਾ ਕਿ ਯੂਰਪ ਅਤੇ ਚੀਨ ਨਾਲੋਂ ਵੱਖਰੀ ਹੀ ਕਿਸਮ ਦਾ ਹੈ। ਇਨ੍ਹਾਂ ਕਿਲਿਆਂ ਦੀਆਂ ਕੰਧਾਂ ਕਾਫੀ ਚੌੜੀਆਂ ਅਤੇ ਉਚੀਆਂ ਬਣਾਈਆਂ ਜਾਂਦੀਆਂ ਸਨ, ਜਿਨ੍ਹਾਂ ਵਿਚਕਾਰ ਉੱਚੇ ਉੱਚੇ ਬੁਰਜ ਅਤੇ ਵੱਡੇ ਵੱਡੇ ਫਾਟਕ ਰੱਖੇ ਜਾਂਦੇ ਸਨ। ਭਾਰਤ ਦੇ ਮੱਧ-ਕਾਲ ਵਿਚ ਛੋਟੀਆਂ ਛੋਟੀਆਂ ਪਹਾੜੀਆਂ ਉੱਤੇ ਠਨੇਕਾਂ ਕਿਲੇ ਬਣਾਏ ਗਏ। ਰਾਜਸਥਾਨ ਅਤੇ ਦੱਖਣੀ ਭਾਰਤ ਦੇ ਅਜਿਹੇ ਲਗਭਗ ਸਾਰੇ ਕਿਲੇ ਹੀ ਪਹਾੜੀਆਂ ਉੱਤੇ ਉਸਾਰੇ ਹੋਏ ਹਨ। ਕੁਝ ਕੁ ਕਿਲਿਆਂ ਦਾ ਫੈਲਾਉ ਤਾਂ ਕਈ ਕਿ. ਮੀ. ਤਕ ਹੈ। ਪਹਾੜੀਆਂ ਉੱਤੇ ਬਣੀ ਕਿਲਿਆਂ ਦੀਆਂ ਦੀਵਾਰਾਂ ਦੂਹਰੀਆਂ, ਤੀਹਰੀਆਂ ਜਾਂ ਚੌਹਰੀਆਂ ਹਨ। ਸਭ ਤੋਂ ਉੱਚੀ ਚਾਰਦੀਵਾਰੀ ਦੇ ਅੰਦਰ ਮੁਖ ਕਿਲਾ ਬਣਿਆ ਹੁੰਦਾ ਹੈ ਭਾਵ ਚਾਰਦੀਵਾਰੀ ਦੇ ਅੰਦਰ ਹੀ ਸਮੁੱਚਾ ਨਗਰ ਵਸਦਾ ਸੀ। ਮੁੱਖ ਕਿਲੇ ਦੇ ਇਕ ਪਾਸੇ ਉੱਚੀ ਪਹਾੜੀ ਜਾਂ ਨਦੀ ਦਾ ਕਿਨਾਰਾ ਹੁੰਦਾ ਸੀ। ਕਿਲੇ ਦੇ ਨਿਰਮਾਣ ਸਮੇਂ ਉਹਨਾਂ ਸਾਰਿਆਂ ਰਸਤਿਆਂ ਦੇ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਂਦਾ ਸੀ ਜਿਨ੍ਹਾਂ ਰਾਹੀਂ ਦੁਸ਼ਮਨ ਹਮਲਾ ਕਰ ਸਕਦਾ ਸੀ। ਜੇਕਰ ਪਹਾੜੀ ਉੱਪਰ ਬਣੇ ਕਿਲੇ ਦੇ ਰਸਤੇ ਉਪਰ ਦੁਸ਼ਮਨ ਦੇ ਆਸਾਨੀ ਨਾਲ ਚੜ੍ਹਨ ਦੀ ਸੰਭਾਵਨਾ ਹੁੰਦੀ ਸੀ ਤਾਂ ਉਸ ਪਹਾੜੀ ਨੂੰ ਕੱਟ ਕੇ ਇੰਨੀ ਢਲਾਨ ਬਣਾ ਦਿੱਤੀ ਜਾਦੀ ਸੀ ਕਿ ਚੜ੍ਹਨਾ ਮੁਸ਼ਕਲ ਹੋ ਜਾਵੇ। ਇਨ੍ਹਾਂ ਢਲਾਨ ਵਾਲੇ ਰਸਤਿਆਂ ਉੱਪਰ ਚਾਰ ਤੋਂ ਸੱਤ ਤੱਕ ਵੱਡੇ ਵੱਡੇ ਦਰਵਾਜ਼ੇ ਬਣਾਏ ਹੁੰਦੇ ਸਨ। ਕਿਲਿਆਂ ਦੀ ਬਾਹਰਲੀ ਚਾਰਦੀਵਾਰੀ ਸਮਤਲ ਧਰਤੀ ਉੱਤੇ ਬਣਾਈ ਜਾਂਦੀ ਸੀ, ਜਿਸ ਦੀ ਰੱਖਿਆ ਲਈ ਇਕ ਚੌੜੀ ਅਤੇ ਡੂੰਘੀ ਖਾਈ ਪੁੱਟੀ ਜਾਂਦੀ ਸੀ। ਜੇਕਰ ਕਿਲਾ ਨਦੀ ਦੇ ਕਿਨਾਰੇ ਹੁੰਦਾ ਤਾਂ ਇਕ ਪਾਸੇ ਨਦੀ ਤੇ ਦੂਜੇ ਪਾਸੇ ਖਾਈ ਉਸ ਦੀ ਰੱਖਿਆ ਕਰਦੀ । ਖਾਈ ਨੂੰ ਢੁੱਕਵੇਂ ਪੁਲ ਰਾਹੀਂ ਪਾਰ ਕੀਤਾ ਜਾਂਦਾ ਸੀ ਜਿਵੇਂ ਕਿ ਆਗਰੇ ਦੇ ਕਿਲੇ ਵਿਚ ਪ੍ਰਬੰਧ ਕੀਤਾ ਹੋਇਆ ਹੈ। ਦੌਲਤਾਬਾਦ ਦੇ ਕਿਲੇ ਦੇ ਮੁੱਖ ਦਰਵਾਜ਼ੇ ਦੀ ਰੱਖਿਆ ਡੂੰਘੀਆਂ ਖਾਈਆਂ ਕਰਦੀਆਂ ਸਨ ਜਿਨ੍ਹਾਂ ਵਿਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਸੀ। ਕੁਝ ਕਿਲਿਆਂ ਦੀਆਂ ਕੰਧਾਂ ਦੀ ਮੋਟਾਈ 9.4 ਕਿ. ਮੀ. ਤੋਂ 11 ਮੀ. ਤਕ (31 ਤੋਂ 35 ਫੁੱਟ) ਹੁੰਦੀ ਸੀ, ਖ਼ਾਸ ਕਰਕੇ ਜਿਹੜੀਆਂ ਸਮਤਲ ਥਾਂ ਉੱਤੇ ਬਣੀਆਂ ਹੁੰਦੀਆਂ ਸਨ। ਕੁਝ ਕੁ ਕਿਲਿਆਂ ਵਿਚ, ਗੋਲਕੁੰਡਾ ਜਾਂ ਤੁਗਲਕਾਬਾਦ ਅਤੇ ਆਗਰੇ ਦੇ ਕਿਲਿਆਂ ਦੀ ਤਰ੍ਹਾਂ ਦੂਹਰੀਆਂ ਕੰਧਾਂ ਬਣਾਈਆਂ ਜਾਂਦੀਆਂ ਸਨ ਤੇ ਅੰਦਰਲੀ ਕੰਧ ਨੂੰ ਕਾਫ਼ੀ ਉੱਚਾ ਰੱਖਿਆ ਜਾਂਦਾ ਸੀ ਕੰਧਾਂ ਨੂੰ ਚਬੂਤਰਿਆਂ ਤੇ ਬੁਰਜਾਂ ਨਾਲ ਹੋਰ ਵੀ ਉੱਚਾ ਕਰ ਦਿੱਤਾ ਜਾਂਦਾ ਸੀ।
ਕਿਲੇ ਦੀ ਰੱਖਿਆ ਮੋਰਚਿਆਂ ਵਾਲੀਆਂ ਕੰਧਾਂ ਵਿਚਕਾਰ ਕੀਤੀ ਜਾਂਦੀ ਸੀ। ਇਨ੍ਹਾਂ ਵਿਚ ਅਕਸਰ 8 ਸੈ. ਮੀ. ਚੌੜੇ ਅਤੇ ਲਗਭਗ ਇਕ ਮੀਟਰ ਉੱਚੇ ਸਮਾਂਤਰ ਝਰੋਖੇ ਰੱਖੇ ਹੁੰਦੇ ਸਨ। ਚਿਤੌੜ ਦੇ ਕਿਲੇ ਵਿਚ ਇਹ ਝਰੋਖੇ ਇਸੇ ਆਕਾਰ ਦੇ ਹਨ, ਪਰੰਤੂ ਤੁਗਲਕਾਬਾਦ ਦੇ ਕਿਲੇ ਵਿਚ ਇਹ 15 ਸੈ. ਮੀ. ਚੌੜੇ ਅਤੇ ਲਗਭਗ 2 ਮੀਟਰ ਉੱਚੇ ਹਨ। ਦਿੱਲੀ ਦੇ ਪੁਰਾਣੇ ਕਿਲੇ ਵਿਚ ਝਰੋਖਿਆਂ ਦੀਆਂ ਤਿੰਨ ਪੰਗਤੀਆਂ ਹਨ ਜਦੋਂ ਕਿ ਤੁਗਲਕਾਬਾਦ ਦੇ ਕਿਲੇ ਵਿਚ ਚਾਰ। ਅਜਿਹਾ ਕੇਵਲ ਬੀਜਾਪੁਰ, ਫਤਿਹਪੁਰ ਸੀਕਰੀ ਅਤੇ ਆਗਰੇ ਦੇ ਕੁਝ ਕਿਲਿਆਂ ਵਿਚ ਝਰੋਖਿਆਂ ਦੇ ਬਾਹਰਲੇ ਹਿੱਸੇ ਵਿਚ ਗੋਲੀ ਚਲਾਉਣ ਲਈ ਸਿਪਾਹੀਆਂ ਦੀ ਰੱਖਿਆ ਲਈ ਪੱਥਰਾਂ ਦੀਆਂ ਛਤਰੀਆਂ ਬਣਾਈਆਂ ਹੋਈਆਂ ਹਨ।
ਮਜ਼ਬੂਤੀ ਦੇ ਲਿਹਾਜ਼ ਨਾਲ ਫਾਟਕ ਵੀ ਅਨੇਕਾਂ ਤਰ੍ਹਾਂ ਦੇ ਬਣਾਏ ਜਾਂਦੇ ਸਨ। ਕਈ ਕਿਲਿਆਂ ਵਿਚ ਤਿੰਨ ਤਿੰਨ ਜਾਂ ਇਸ ਤੋਂ ਵੀ ਵਧ ਫਾਟਕ ਲਗਾਏ ਗਏ ਹਨ। ਦੌਲਤਾਬਾਦ ਦੇ ਕਿਲੇ ਵਿਚ ਤਿੰਨ ਦਰਵਾਜ਼ਿਆਂ ਵਿਚੋਂ ਬਾਹਰਲੇ ਦਰਵਾਜ਼ੇ ਵਿਚ ਦੋ ਫਾਟਕ ਹਨ, ਇਕ ਅੰਦਰ ਜਾਣ ਲਈ ਅਤੇ ਦੂਜਾ ਅੰਦਰਲੇ ਵਿਹੜੇ ਵਿਚ ਖੁੱਲ੍ਹਦਾ ਹੈ। ਇਨ੍ਹਾਂ ਦੇ ਵਿਚਲੇ ਭਾਗ ਨੂੰ ਡਿਊੜੀ ਕਿਹਾ ਜਾਂਦਾ ਹੈ।
ਕਿਲੇ ਦੇ ਦਰਵਾਜ਼ੇ ਭਾਰੀ ਤੇ ਮਜ਼ਬੂਤ ਲੱਕੜੀ ਤੋਂ ਤਿਆਰ ਕੀਤੇ ਜਾਂਦੇ ਸਨ, ਜੋ ਕਿ ਲਗਭਗ 15 ਸੈਂ. ਮੀ. ਤਕ ਮੋਟੀ ਹੁੰਦੀ ਸੀ। ਇਸ ਦੇ ਪਿਛਲੇ ਪਾਸੇ ਲੱਕੜੀ ਦੀਆਂ ਰੋਕਾਂ ਲਗਾ ਕੇ ਇਸ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾਂਦਾ ਸੀ। ਬਾਹਰਲੇ ਪਾਸੇ ਲੋਹੇ ਦੀਆਂ ਤਿੱਖੀ ਨੇਕ ਵਾਲੀਆਂ ਮੇਖਾਂ ਆਦਿ ਲਗਾਈਆਂ ਜਾਂਦੀਆਂ ਸਨ ਜਿਹੜੀਆਂ ਕਿ 7 ਸੈਂ. ਮੀ. ਤੋਂ 35 ਸੈਂ. ਮੀ. ਤੱਕ ਲੰਬੀਆਂ ਹੁੰਦੀਆਂ ਸਨ। ਇਹ ਮੇਖਾਂ ਹਾਥੀ ਆਦਿ ਦੇ ਗੇਟ ਨਾਲ ਟਕਰਾਉਣ ਤੇ ਦਰਵਾਜ਼ੇ ਨੂੰ ਟੁੱਟਣ ਤੋਂ ਰੋਕਦੀਆਂ ਸਨ। ਦਰਵਾਜ਼ੇ ਦੀ ਇਕ ਨੁੱਕਰ ਵਿਚ ਇਕ ਮੀਟਰ ਚੌੜੀ ਅਤੇ ਲਗਭਗ ਇੰਨੀ ਹੀ ਉੱਚੀ ਖਿੜਕੀ ਰੱਖੀ ਜਾਂਦੀ ਸੀ। ਇਸ ਖਿੜਕੀ ਵਿਚ ਵੀ ਨੋਕੀਲੀਆਂ ਮੇਖਾਂ ਲਗਾਈਆਂ ਜਾਂਦੀਆਂ ਸਨ। ਦਰਵਾਜ਼ਾ ਬੰਦ ਕਰਨ ਤੋਂ ਬਾਦ ਇਸ ਦੇ ਪਿੱਛੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਇਕ ਮੂਸਲੀ ਕੱਸ ਦਿੱਤੀ ਜਾਂਦੀ ਸੀ ਤਾਂ ਜੋ ਦਰਵਾਜ਼ਾ ਬਿਲਕੁਲ ਹੀ ਨਾ ਹਿਲ ਸਕੇ। ਬੀਜਾਪੁਰ ਕਿਲੇ ਦੇ ਸ਼ਾਹਪੁਰ ਦਰਵਾਜ਼ੇ ਅਤੇ ਅਹਿਮਦਨਗਰ ਦੇ ਕਿਲੇ ਦੇ ਦਰਵਾਜ਼ਿਆਂ ਵਿਚ ਅਜਿਹੀਆਂ ਮਸੂਲੀਆਂ ਲਗੀਆਂ ਹੋਈਆਂ ਹਨ। ਕਿਲੇ ਉੱਤੇ ਹਮਲੇ ਸਮੇਂ ਦਰਵਾਜ਼ੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਭਾਰੀ ਤੇ ਵੱਡੀ ਜੰਜ਼ੀਰ ਕੱਸ ਦਿੱਤੀ ਜਾਂਦੀ ਸੀ। ਕਿਲਿਆਂ ਦੇ ਅੰਦਰ ਪਾਣੀ ਅਤੇ ਰਾਸ਼ਨ ਦਾ ਪੂਰਾ ਪੂਰਾ ਪ੍ਰਬੰਧ ਹੁੰਦਾ ਸੀ। ਪੱਕੀਆਂ ਚਟਾਨਾਂ ਨੂੰ ਕੱਟ ਕੇ ਕਿਲੇ ਦੇ ਅੰਦਰ ਪਾਣੀ ਦੇ ਤਲਾਅ ਬਣਾਏ ਜਾਂਦੇ ਸਨ ਤਾਂ ਜੋ ਯੁੱਧ ਦੇ ਸਮੇਂ ਪਾਣੀ ਦੀ ਕਮੀ ਨਾ ਹੋ ਜਾਵੇ। ਜੀਵਨ ਦੀਆਂ ਹੋਰ ਸਾਰੀਆਂ ਸਹੂਲਤਾਂ ਕਿਲੇ ਦੇ ਅੰਦਰ ਪੂਰੀਆਂ ਕੀਤੀਆਂ ਜਾਂਦੀਆਂ ਸਨ। ਇਹ ਕਿਲੇ ਆਪਣੇ ਆਪ ਵਿਚ ਇਕ ਛੋਟੇ ਜਿਹੇ ਸੁੰਦਰ ਨਗਰ ਦਾ ਪ੍ਰਤੀਕ ਹੁੰਦੇ ਸਨ।
ਆਧੁਨਿਕ ਯੁੱਗ ਵਿਚ ਜੰਗ ਦੇ ਢੰਗਾਂ ਵਿਚ ਪਰਿਵਰਤਨ ਹੋ ਜਾਣ ਨਾਲ ਭਾਵੇਂ ਕਿਲਿਆਂ ਦੀ ਮਹੱਤਤਾ ਖ਼ਤਮ ਹੋ ਗਈ ਪਰ ਫਿਰ ਵੀ ਕਿਲੇ ਪੁਰਾਤਨ ਜੰਗੀ ਤਿਆਰੀਆਂ ਤੇ ਸੁਰੱਖਿਆ ਦੇ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ ਹਨ ਜਿਨ੍ਹਾਂ ਨੂੰ ਜਿਉਂ ਦੀ ਤਿਉਂ ਰੱਖ ਕੇ ਸੁਰੱਖਿਆ-ਵਿਗਿਆਨ ਦੇ ਅਧਿਐਨ ਵਿਚ ਅਹਿਮ ਹਿੱਸਾ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਪੁਰਾਤਤੱਵੀ ਖੋਜ ਲਈ ਵੀ ਲਾਹੇਵੰਦ ਸਿੱਧ ਹੋ ਸਕਦੇ ਹਨ।
ਹ. ਪੁ. ––ਹਿੰ. ਵਿ. ਕੋ. 3 : 25
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no
ਕਿਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਲਾ, (ਅਰਬੀ : ਕਿਲ੍ਹਾ<ਇਕਲਾਅ=ਕਿਲਾ ਬਣਾਉਣਾ) \ ਪੁਲਿੰਗ : ੧. ਗੜ੍ਹ, ਦੁਰਗ, ਉਹ ਇਮਾਰਤ ਜਿਸ ਵਿੱਚ ਫ਼ੌਜ ਰਹਿੰਦੀ ਹੈ ਤੇ ਜਿਸ ਦੀ ਚੌਹੀਂ ਬੰਨੀ ਉੱਚੀ ਕੰਧ ਹੁੰਦੀ ਹੈ। ਇਸ ਵਿੱਚ ਥਾਂ ਥਾਂ ਮੋਰਚਿਆਂ ਲਈ ਬੁਰਜ ਬਣੇ ਹੁੰਦੇ ਹਨ; ੨. ਇੱਕ ਪਰਕਾਰ ਦੀ ਆਤਸ਼ਬਾਜ਼ੀ; ੩. ਸ਼ਤਰੰਜ ਦੀ ਖੇਡ ਵਿਚ ਮੁਹਰਿਆਂ ਨੂੰ ਇਸ ਤਰ੍ਹਾਂ ਰੱਖਣਾ ਕਿ ਬਾਦਸ਼ਾਹ ਨੂੰ ਸ਼ਹਿ ਨਾ ਪਵੇ (ਲਾਗੂ ਕਿਰਿਆ : ਉਸਰਨਾ, ਟੁੱਟਣਾ, ਵਾਹੁਣਾ, ਤੋੜਨਾ, ਬਣਾਉਣਾ, ਬੰਨ੍ਹਣਾ)
–ਕਿਲਾ ਸਰ ਕਰਨਾ, ਕਿਰਿਆ ਸਕਰਮਕ : ਕਿਲਾ ਫਤਹਿ ਕਰਨਾ, ਔਖਾ ਕੰਮ ਨਜਿੱਠ ਲੈਣਾ
–ਕਿਲਾ ਸ਼ਿਕਨ, ਵਿਸ਼ੇਸ਼ਣ : ਕਿਲਾ ਤੋੜਨ ਵਾਲਾ, ਕਿਲਾ-ਭੰਨ
–ਕਿਲਾ ਸ਼ਿਕਨ ਤੋਪ, ਇਸਤਰੀ ਲਿੰਗ : ਉਹ ਵੱਡੀ ਤੋਪ ਜਿਸ ਨਾਲ ਕਿਲਾ ਤੋੜਦੇ ਹਨ, ਕਿਲਾ-ਭੰਨ ਤੋਪ
–ਕਿਲਾ ਟੁੱਟਣਾ, ਮੁਹਾਵਰਾ : ਕਿਸੇ ਬੜੀ ਭਾਰੀ ਅੜਚਣ ਦਾ ਦੂਰ ਹੋਣਾ, ਔਖੇ ਕੰਮ ਦਾ ਨਜਿੱਠਿਆ ਜਾਣਾ
–ਕਿਲਾ ਤੋੜਨਾ, ਮੁਹਾਵਰਾ : ੧. ਕਿਲਾ ਸਰ ਕਰਨਾ, ਕਿਲਾ ਫਤਹਿ ਕਰਨਾ; ੨. ਬਾਦਸ਼ਾਹ ਨੂੰ ਸ਼ਹਿ ਦੇਣਾ (ਸ਼ਤਰੰਜ)
–ਕਿਲਾਦਾਰ, ਪੁਲਿੰਗ : ਕਿਲੇਦਾਰ
–ਕਿਲਾ ਨਸ਼ੀਨ, ਵਿਸ਼ੇਸ਼ਣ / ਪੁਲਿੰਗ : ਕਿਲੇ ਵਿੱਚ ਰਹਿਣ ਵਾਲਾ ਜਾਂ ਕਿਲੇ ਵਿੱਚ ਪਨਾਹ ਲੈਣ ਵਾਲਾ
–ਕਿਲਾ ਫਤਹਿ ਕਰਨਾ, ਕਿਰਿਆ ਸਕਰਮਕ : ਕਿਲਾ ਸਰ ਕਰਨਾ; ਮੁਹਾਵਰਾ : ਕੋਈ ਮੁਸ਼ਕਲ ਕੰਮ ਸਿਰੇ ਚੜ੍ਹਨਾ
–ਕਿਲਾ ਬਣਾਉਣਾ, ਕਿਰਿਆ ਸਕਰਮਕ : ੧. ਫ਼ੌਜ, ਸ਼ਹਿਰ ਜਾਂ ਆਪਣੇ ਬਚਾਉ ਲਈ ਕਿਲਾ ਬੰਦੀ ਕਰਨਾ ਜਾਂ ਇੰਤਜ਼ਾਮ ਕਰਨਾ; ੨. ਸ਼ਤਰੰਜ ਦੀ ਖੇਡ ਵਿੱਚ ਬਾਦਸ਼ਾਹ ਅੱਗੇ ਮੁਹਰੇ ਰੱਖਣਾ ਤਾਂ ਜੋ ਸ਼ਹਿ ਨਾ ਪੈ ਸਕੇ
–ਕਿਲਾ ਬੰਦ, ਵਿਸ਼ੇਸ਼ਣ : ੧. ਕਿਲੇ ਵਿੱਚ ਬੰਦ ਹੋ ਕੇ ਬੈਠਣ ਵਾਲਾ ਜਾਂ ਕਿਲੇ ਵਿੱਚ ਪਨਾਹ ਲੈਣ ਵਾਲਾ; ੨. ਮਹਿਫ਼ੂਜ, ਸੁਰੱਖਿਅਤ
–ਕਿਲਾ ਬੰਦ ਹੋਣਾ, ਕਿਰਿਆ ਅਕਰਮਕ : ਕਿਲੇ ਵਿਚ ਪਨਾਹ ਲੈਣਾ, ਕਿਲੇ ਵਿਚ ਬੰਦ ਹੋ ਕੇ ਬੈਠਣਾ
–ਕਿਲਾ ਬੰਦੀ, ਇਸਤਰੀ ਲਿੰਗ : ਕਿਸੇ ਸ਼ਹਿਰ ਜਾਂ ਮੁਲਕ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਖਾਈਆਂ ਪੁੱਟ ਕੇ ਕੰਡੇਦਾਰ ਤਾਰਾਂ ਲਾ ਕੇ ਜਾਂ ਬਰੂਦ ਦੀਆਂ ਲਾਈਨਾਂ ਆਦਿ ਵਿਛਾ ਕੇ ਫ਼ੌਜੀ ਪਰਬੰਧ ਕਰਨ ਦੀ ਕਿਰਿਆ, ਵਿਊਹ ਰਚਣਾ, ਸੈਨਾ ਨੂੰ ਖ਼ਾਸ ਢੰਗ ਨਾਲ ਖੜਾ ਕਰਨਾ ਤਾਂ ਜੋ ਦੁਸ਼ਮਣ ਦੇ ਹਮਲੇ ਸਫ਼ਲ ਨਾ ਹੋਣਾ
–ਕਿਲਾ ਬੰਨ੍ਹਣਾ, ਕਿਰਿਆ ਸਕਰਮਕ :੧. ਕਿਲੇ ਦੀ ਇਮਾਰਤ ਬਣਾਉਣਾ; ੨. ਫ਼ੌਜੀ ਚੌਕੀ ਬਿਠਾਉਣਾ; ੩. ਸ਼ਤਰੰਜ ਦੀ ਖੇਡ ਵਿੱਚ ਬਾਦਸ਼ਾਹ ਅਗੇ ਮੁਹਰੇ ਰੱਖਣਾ ਤਾਂ ਜੋ ਸ਼ਹਿ ਨਾ ਪੈ ਸਕੇ
–ਕਿਲਾ ਰੱਖਿਅਕ ਫ਼ੌਜ, ਇਸਤਰੀ ਲਿੰਗ : ਐਸੀ ਫ਼ੌਜ ਜੋ ਕਿਲੇ ਦੇ ਬਚਾਉ ਲਈ ਸਥਾਪਤ ਕੀਤੀ ਹੋਈ ਹੋਵੇ, ਕਿਲੇ ਦੀ ਗਾਰਦ, (Garrison)
–ਕਿੱਲਾ ਲੈ ਲੈਣਾ, ਮੁਹਾਵਰਾ : ਕਿਲਾ ਸਰ ਕਰ ਲੈਣਾ, ਕਿਲਾ ਫਤਹਿ ਕਰ ਲੈਣਾ
–ਕਿਲੀ, ਕਿੱਲੀ, ਇਸਤਰੀ ਲਿੰਗ : ਛੋਟਾ ਕਿਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-18-03-39-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First