ਕਾਜ਼ੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਜ਼ੀ [ਨਾਂਪੁ] ਇਸਲਾਮੀ ਸ਼ਰ੍ਹੀਅਤ ਅਨੁਸਾਰ ਫ਼ੈਸਲਾ ਕਰਨ ਵਾਲ਼ਾ ਵਿਅਕਤੀ , ਮੁਗ਼ਲ ਕਾਲ ਦਾ ਇੱਕ ਨਿਆਂਕਾਰ ਅਧਿਕਾਰੀ, ਜੱਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਜ਼ੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Kazi_ਕਾਜ਼ੀ: ਮੁਸਲਮਾਨੀ ਕਾਨੂੰਨ ਵਿਚ ਜੱਜ ਦੇ ਫ਼ਰਜ਼ ਅਦਾ ਕਰ ਵਾਲੇ ਵਿਅਕਤੀ ਨੂੰ ਕਾਜ਼ੀ ਕਿਹਾ ਜਾਂਦਾ ਹੈ। ਕੁਰਾਨ ਸ਼ਰੀਫ਼ ਵਿਚ ਦਰਜ ਅਸੂਲਾਂ ਦੇ ਮੁਤਾਬਕ ਨਿਆਂ ਕਰਨਾ ਉਸ ਦਾ ਕੰਮ ਹੁੰਦਾ ਸੀ। ਬਰਤਾਨਵੀ ਹਕੂਮਤ ਕਾਇਮ ਹੋਣ ਨਾਲ ਕਾਜ਼ੀ ਦੇ ਨਿਆਂਇਕ ਕੰਮ ਖ਼ਤਮ ਹੋ ਗਏ ਪਰ ਉਹ ਮੁਸਲਮਾਨੀ ਕਾਨੂੰਨ ਬਾਰੇ ਅਦਾਲਤਾਂ ਨੂੰ ਸਲਾਹ ਦੇਣ ਦਾ ਕੰਮ ਕਰਦਾ ਸੀ। ਅਜ ਕੱਲ ਕਾਜ਼ੀ ਦਾ ਮਤਲਬ ਸਰਕਾਰ ਦੁਆਰਾ ਮਾਨਤਾ-ਪ੍ਰਾਪਤ ਉਹ ਵਿਅਕਤੀ ਹੈ ਜੋ ਵਿਆਹ ਦੀਆਂ ਲਿਖਤਾਂ ਤਿਆਰ ਕਰਦਾ ਅਤੇ ਉਨ੍ਹਾਂ ਦੀ ਤਸਦੀਕ ਕਰਦਾ ਹੈ ਅਤੇ ਕਈ ਥਾਵਾਂ ਤੇ ਕਾਨੂੰਨੀ ਦਸਤਾਵੇਜ਼ ਦੀ ਤਸਦੀਕ ਅਤੇ ਰਜਿਸਟਰੀ-ਕਰਣ ਦਾ ਕੰਮ ਵੀ ਉਹੀ ਹੀ ਕਰਦਾ ਹੈ। ਮੁਸਲਮਾਨੀ ਕਾਨੂੰਨ ਵਿਚ ਕਾਜ਼ੀ ਦਾ ਅਹੁਦਾ ਜੱਦੀ ਨਹੀਂ ਗਿਣਿਆ ਜਾਂਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਾਜ਼ੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਾਜ਼ੀ : ਇਹ ਇਸਲਾਮੀ ਰਾਜਾਂ ਵਿਚ ਨਿਆਂ ਵਿਭਾਗ ਦਾ ਮੁੱਖ ਅਧਿਕਾਰੀ ਹੁੰਦਾ ਹੈ। ਆਰੰਭ ਵਿਚ ਨਿਆਂ ਵਿਭਾਗ ਦੀ ਦੇਖ ਰੇਖ ਖਲੀਫੇ ਦੇ ਅਧੀਨ ਹੁੰਦੀ ਸੀ ਜੋ ਪੂਰੇ ਇਸਲਾਮੀ ਰਾਜ ਦਾ ਹੁਕਮ ਹੁੰਦਾ ਹੈ। ਦੂਸਰੇ ਖਲੀਫ਼ਾ ਹਜ਼ਰਤ ਉਮਰ (634-644 ਈ.) ਨੇ ਕਈ ਲੋਕਾਂ ਨੂੰ ਕਾਜ਼ੀ ਨਿਯੁਕਤ ਕੀਤਾ ਕਿਉਂਕਿ ਰਾਜ ਦੇ ਪਸਾਰ ਕਾਰਨ ਉਸ ਵਲੋਂ ਨਿਆਂ ਵਿਭਾਗ ਵੀ ਨਾਲ-ਨਾਲ ਸੰਭਾਲਣਾ ਔਖਾ ਹੋ ਗਿਆ ਸੀ। ਅਬੂ ਮੂਸਾ ਦੀ ਕੂਫ਼ੇ ਦੀ ਕਾਜ਼ੀ ਵਜੋਂ ਨਿਯੁਕਤੀ ਸਮੇਂ ਹਜ਼ਰਤ ਉਮਰ ਨੇ ਇਕ ਪੱਤਰ ਲਿਖਿਆ ਜਿਸ ਨੂੰ ਕਜ਼ਾ ਵਿਭਾਗ (ਜਿਸ ਦਾ ਸਬੰਧ ਕਾਜ਼ੀਆਂ ਨਾਲ ਹੁੰਦਾ ਸੀ) ਦੇ ਆਦੇਸ਼ਾਂ ਅਤੇ ਕਾਰਜ਼ਾਂ ਦਾ ਪੂਰਨ ਵਿਧਾਨ ਸਮਝਣਾ ਚਾਹੀਦਾ ਹੈ। ਇਸ ਪੱਤਰ ਵਿਚ ਬਚਨ ਦਾ ਪਾਲਣ ਕਰਨ, ਨਿਆਂ ਦਾ ਨਿਰਾਦਰ ਨਾ ਕਰਨ, ਪੱਖਪਾਤ ਨਾ ਕਰਨ ਅਤੇ ਸ਼ਕਤੀਹੀਨ ਲੋਕਾਂ ਨੂੰ ਸਹਾਰਾ ਦੇਣ ਤੇ ਬਹੁਤ ਜ਼ੋਰ ਦਿੱਤਾ ਗਿਆ ਸੀ। ਕਾਜ਼ੀ ਲਈ ਇਹ ਵੀ ਆਦੇਸ਼ ਸੀ ਕਿ ਇਹ ਦੰਢ ਦੇਣ ਤੋਂ ਪਿਛੋਂ ਉਸ ਉਪਰ ਠੰਢੇ ਦਿਲ ਨਾਲ ਵਿਚਾਰ ਕਰਕੇ ਅਤੇ ਜੇ ਇਨਸਾਫ਼ ਕਿਸੇ ਹੋਰ ਢੰਗ ਨਾਲ ਹੋ ਸਕਦਾ ਪ੍ਰਤੀਤ ਹੋਵੇ ਤਾਂ ਉਹ ਢੰਗ ਅਪਣਾਉਣ ਤੋਂ ਸੰਕੋਚ ਨਾ ਕੀਤਾ ਜਾਵੇ। ਕੋੜਿਆਂ ਦੀ ਸਜ਼ਾ ਭੁਗਤ ਚੁੱਕੇ ਅਤੇ ਗਵਾਹੀ ਵਿਚ ਝੂਠਾ ਸਿੱਧ ਹੋ ਚੁੱਕੇ ਵਿਅਕਤੀ ਦੀ ਗਵਾਹੀ ਪ੍ਰਵਾਨ ਕਰਨ ਦੀ ਮਨਾਹੀ ਸੀ।
ਭਾਵੇ ਖ਼ਲੀਫ਼ਿਆਂ ਨੇ ਨਿਆਂ ਵਿਭਾਗ ਕਾਜ਼ੀਆਂ ਦੇ ਸਪੁਰਦ ਕਰ ਦਿੱਤਾ ਸੀ ਫਿਰ ਵੀ ਮਹੱਤਵਪੂਰਨ ਨਿਰਣੇ ਉਹ ਆਪ ਹੀ ਕਰਦੇ ਸਨ। ਖ਼ਲੀਫ਼ਿਆਂ ਦੇ ਕਾਲ ਵਿਚ ਕਾਜ਼ੀਆਂ ਨੂੰ ਕੇਵਲ ਫਰਿਆਦਾਂ ਦੇ ਫੈਸਲੇ ਕਰਨ ਦਾ ਅਧਿਕਾਰ ਸੀ ਪਰੰਤੂ ਹੌਲੀ-ਹੌਲੀ ਕਾਜ਼ੀਆਂ ਦੇ ਅਧਿਕਾਰ ਵਧਦੇ ਗਏ ਅਤੇ ਹੋਰ ਕਾਰਜ ਵੀ ਇਨ੍ਹਾਂ ਨੂੰ ਸਭਾਲੇ ਜਾਣ ਲਗੇ, ਇਥੋਂ ਤੱਕ ਕਿ ਜਨ-ਸਾਧਾਰਨ ਦੇ ਹਿਤਾਂ ਦੀ ਰਖਿਆ ਵੀ ਇਨ੍ਹਾਂ ਨੂੰ ਸੌਂਪ ਦਿੱਤੀ ਗਈ। ਪਾਗਲਾਂ, ਅੰਨ੍ਹਿਆਂ, ਦਰਿੱਦਰਾਂ ਅਤੇ ਮੂਰਖਾਂ ਦੀ ਧਨ-ਸੰਪਤੀ ਦੀ ਦੇਖ-ਭਾਲ, ਵਸੀਅਤਾਂ ਦੀ ਪਾਲਨਾ, ਵਕਫ਼ਾਂ ਦਾ ਪ੍ਰਬੰਧ, ਵਿਧਵਾਵਾਂ ਦੇ ਵਿਆਹ ਦੀ ਵਿਵਸਥਾ, ਰਸਤਿਆਂ ਅਤੇ ਘਰਾਂ ਦੀ ਦੇਖ-ਭਾਲ, ਦਸਤਾਵੇਜ਼ਾਂ ਦੀ ਜਾਂਚ ਪੜਤਾਲ, ਗਵਾਹਾਂ ਦੀ ਛਾਣ-ਬੀਣ, ਅਮੀਨਾਂ ਅਤੇ ਨਾਇਬਾਂ ਦੀ ਦੇਖ-ਰੇਖ ਕਾਜ਼ੀ ਦੇ ਸਪੁਰਤ ਰਹਿਣ ਲੱਗੀ। ਕਦੀ ਕਦੀ ਸੈਨਿਕ ਦਸਤੇ ਵੀ ਜੰਗ ਵਿਚ ਕਾਜ਼ੀ ਦੀ ਅਗਵਾਈ ਹੇਠ ਭੇਜੇ ਜਾਂਦੇ ਸਨ। ਭਾਰਤ ਵਿਚ ਵੀ ਦਿੱਲੀ ਦੇ ਸੁਲਤਾਨਾਂ ਅਤ ਮੁਗ਼ਲਾਂ ਦੇ ਰਾਜਕਾਲ ਵਿਚ ਕਾਜ਼ੀਆਂ ਦੇ ਸਪੁਰਤ ਲਗਭਗ ਇਹੋ ਕੰਮ ਸਨ ਅਤ ਸਰਬਉੱਚ ਕਾਜ਼ੀ, ਕਾਜ਼ੀ-ਉਲ-ਕੁਜ਼ਜ਼ਾਤਾ ਕਹਾਉਂਦਾ ਸੀ।
ਹ. ਪੁ.––ਹਿੰ. ਵਿ. ਕੋ. 2 : 441.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਕਾਜ਼ੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਜ਼ੀ, (ਅਰਬੀ : ਕ਼ਾਜ਼ੀ√ਕ਼ਜ਼ਾ ਜਾਂ√ਕ਼ਜ਼ੀ=ਹੁਕਮ ਕਰਨਾ) \ ਪੁਲਿੰਗ : ਕਾਜ਼ੀ, ਸ਼ਰਹ ਅਨੁਸਾਰ ਫ਼ੈਸਲੇ ਕਰਨ ਵਾਲਾ ਮੁਸਲਮਾਨੀ ਹਾਕਮ, ਮੁਗਲੀਆ ਕਾਲ ਦਾ ਇੱਕ ਨਿਆਂਕਾਰ ਅਫ਼ਸਰ
–ਕਾਜੀ ਕੋਟਲਾ, ਕਾਜੀ ਕੋਟਲੇ ਦੀ ਮਾਰ, ਕਾਜੀ ਟੱਪ ਗਿਆ ਬਾਜ਼ਾਰ, ਕਾਜੀ ਕੋਟੜਿਆਂ ਦੀ ਮਾਰ, ਪੁਲਿੰਗ : ਬੱਚਿਆਂ ਦੀ ਇੱਕ ਖੇਡ ਜਿਸ ਵਿੱਚ ਸਾਰੇ ਚੱਕਰ ਬਣਾ ਕੇ ਬੈਠ ਜਾਂਦੇ ਹਨ ਤੇ ਇੱਕ ਮੁੰਡਾ ਕੋਟਲਾ ਲੁਕੋ ਕੇ ਆਲੇ ਦੁਆਲੇ ਦੌੜਦਾ ਹੈ ਤੇ ਲੁਕਾਇਆ ਹੋਇਆ ਕੋਟਲਾ ਕਿਸੇ ਇੱਕ ਦੇ ਮਗਰ ਚੁੱਪ ਚਪੀਤੇ ਰੱਖ ਦਿੰਦਾ ਹੈ ਤੇ ਉਵੇਂ ਹੀ ਦੌੜਦਾ ਰਹਿੰਦਾ ਹੈ ਜੇ ਉਸ ਦੇ ਮੁੜ ਕੇ ਆਉਣ ਸਮੇਂ ਤਕ ਜਿਸ ਮੁੰਡੇ ਪਿੱਛੇ ਕੋਟਲਾ ਲੁਕਾਇਆ ਹੁੰਦਾ ਹੈ ਉਹ ਉਠ ਕੇ ਨਾ ਨੱਠ ਲਵੇ ਤਦ ਉਸ ਮੁੰਡੇ ਦੇ ਉਹ ਕੋਟਲੇ ਪਿੱਠ ਵਿੱਚ ਸਜ਼ਾ ਵਜੋਂ ਚੱਕਰ ਪੂਰਾ ਹੋਣ ਤੱਕ ਲਾਏ ਜਾਂਦੇ ਹਨ
–ਕਾਜੀ ਦਾ ਪਿਆਦਾ, ਪੁਲਿੰਗ : ਕਚਹਿਰੀ ਦਾ ਸਿਪਾਹੀ ਜਾਂ ਪਿਆਦਾ
–ਕਾਜੀ ਦੇ ਘਰ ਦੇ ਚੂਹੇ ਵੀ ਸਿਆਣੇ, ਅਖੌਤ : ਬੜੇ ਆਦਮੀਆਂ ਦੇ ਨੌਕਰ ਚਾਕਰ ਵੀ ਹੁਸ਼ਿਆਰ ਹੁੰਦੇ ਹਨ
–ਕਾਜੀ ਨਿਆਉਂ ਨਾ ਕਰੇਗਾ ਤਾਂ ਘਰ ਤਾਂ ਆਉਣ ਦੇਵੇਗਾ, ਅਖੌਤ : ਜੇ ਫਾਇਦਾ ਨਾ ਹੋਵੇ ਤਾਂ ਕੁਝ ਨੁਕਸਾਨ ਵੀ ਨਹੀਂ ਹੋਵੇਗਾ
–ਕਾਜੀ ਨੂੰ ਸ਼ਹਿਰ ਦਾ ਅੰਦੇਸ਼ਾਂ, ਅਖੌਤ : ਜਦ ਕੋਈ ਆਦਮੀ ਕਿਸੇ ਸੱਦੇ ਪੁਛੇ ਵਿੱਚ ਤਾਂ ਨਾ ਹੋਵੇ ਪਰ ਉਹ ਐਵੇਂ ਥਾਂ ਥਾਂ ਦਖਲ ਦੇਵੇ ਜਾਂ ਬਦੋ ਬਦੀ ਕਿਸੇ ਨੁਕਸਾਨ ਜਾਂ ਫਿਕਰ ਆਪਣੇ ਸਿਰ ਪਾਈ ਜਾਵੇ ਤਾਂ ਵਰਤਦੇ ਹਨ
–ਕਾਜੀ ਨੂੰ ਰਸਦ ਦੇਣ ਜਾਣਾ, ਕਾਜੀ ਨੂੰ ਰਸਦ ਦੇਣਾ, (ਖਾਲਸਾਈ ਬੋਲਾ) : ਜੰਗਲ ਜਾਣਾ, ਹਾਜਤ ਤੋਂ ਫਰਾਗ ਹੋਣ ਲਈ ਜਾਣਾ, ਟੱਟੀ ਜਾਣਾ
–ਕਾਜੀ ਬਦੋ ਗਵਾਹ ਰਾਜੀ, ਅਖੌਤ : ਸ਼ਰਹ ਅਨੁਸਾਰ ਦੋ ਗਵਾਹਾਂ ਨਾਲ ਮੁਕੱਦਮੇਂ ਦਾ ਫੈਸਲਾ ਹੋ ਜਾਂਦਾ ਹੈ
–ਕਾਜੀ ਬਾ ਰਿਸ਼ਵਤ ਰਾਜੀ, ਅਖੌਤ : ਰਿਸ਼ਵਤ ਨਾਲ ਅਫ਼ਸਰ ਰਾਜੀ ਹੁੰਦੇ ਹਨ
–ਕਾਜੀ ਮਰੇ ਕਜ਼ਾ ਨਾਲ ਅਸੀਂ ਕਿਉਂ ਮਰੀਏ ਰਜ਼ਾ ਨਾਲ, ਅਖੌਤ : ਜਿਸ ਦਾ ਕੰਮ ਹੋਵੇ ਉਸ ਤਾਂ ਬਦੋ ਬਦੀ ਕਰਨਾ ਹੀ ਹੋਇਆ ਦੂਜੇ ਕਿਉਂ ਖਾਹਮਖਾਹ ਮਰਨ
–ਕਾਜ਼ੀ ਵੀ ਮੁਫ਼ਤ ਦੀ ਸ਼ਰਾਬ ਨਹੀਂ ਛੱਡਦਾ, ਅਖੌਤ : ਮੁਫ਼ਤ ਦੀ ਸ਼ਰਾਬ ਤਾਂ ਕਾਜ਼ੀ ਵੀ ਨਹੀਂ ਛੱਡਦਾ, ਬਿਨਾਂ ਕੀਮਤ ਤੋਂ ਮਿਲਦੀ ਚੀਜ਼ ਚਾਹੇ ਭੈੜੀ ਹੀ ਹੋਵੇ ਤਾਂ ਵੀ ਕੌਣ ਛੱਡਦਾ ਹੈ
–ਮੀਆਂ ਬੀਵੀ ਰਾਜੀ ਤਾਂ ਕਿਆ ਕਰੇਗਾ ਕਾਜ਼ੀ, ਅਖੌਤ : ਜੇ ਆਦਮੀ ਤੀਵੀਂ ਦੀ ਮਰਜ਼ੀ ਹੋਵੇ ਤਾਂ ਉਨ੍ਹਾਂ ਨੂੰ ਵਿਆਹ ਕਰਨੋ ਕੌਣ ਰੋਕ ਸਕਦਾ ਹੈ, ਜਦੋਂ ਦੋਵੇਂ ਧਿਰਾਂ ਰਾਜੀ ਹੋਣ ਤਾਂ ਕਿਸੇ ਤੀਜੇ ਦੇ ਦਖਲ ਦੀ ਲੋੜ ਨਹੀਂ ਰਹਿੰਦੀ
–ਮੁਫ਼ਤ ਦੀ ਸ਼ਰਾਬ ਤਾਂ ਕਾਜ਼ੀ ਨੂੰ ਵੀ ਹਲਾਲ ਹੁੰਦੀ ਹੈ,ਅਖੌਤ : ਬਿਨਾਂ ਕੀਮਤ ਤੋਂ ਮਿਲਦੀ ਚੀਜ਼ ਚਾਹੇ ਭੈੜੀ ਹੋਵੇ ਕੋਈ ਨਹੀਂ ਛੱਡਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-22-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First