ਕਾਵਿ-ਨਾਟਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਵਿ-ਨਾਟਕ : ਛਾਪੇਖ਼ਾਨੇ ਦੀ ਕਾਢ ਤੋਂ ਪਹਿਲਾਂ ਸਾਹਿਤ ਕਵਿਤਾ ਵਿੱਚ ਹੀ ਸਿਰਜਿਆ ਜਾਂਦਾ ਸੀ ਅਤੇ ਸਾਹਿਤ ਲਈ ਸ਼੍ਰਵ-ਕਾਵਿ ਅਤੇ ਦ੍ਰਿਸ਼-ਕਾਵਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸ਼੍ਰਵ-ਕਾਵਿ ਉਸ ਸਾਹਿਤ ਨੂੰ ਕਿਹਾ ਜਾਂਦਾ ਸੀ ਜਿਹੜਾ ਸੁਣਿਆ ਜਾ ਸਕੇ ਅਤੇ ਦ੍ਰਿਸ਼-ਕਾਵਿ ਤੋਂ ਭਾਵ ਨਾਟਕ ਤੋਂ ਸੀ। ਸਾਰਾ ਸਾਹਿਤ ਕਵਿਤਾ ਵਿੱਚ ਸਿਰਜਿਆ ਜਾਂਦਾ ਸੀ ਇਸ ਲਈ ਸਾਹਿਤ ਦੀ ਥਾਂ ਕਾਵਿ ਸ਼ਬਦ ਹੀ ਵਰਤਿਆ ਜਾਂਦਾ ਸੀ। ਕਵਿਤਾ ਵਿੱਚ ਰਚਿਆ ਸਾਹਿਤ ਯਾਦ ਕਰਨਾ ਸੌਖਾ ਹੁੰਦਾ ਸੀ ਕਿਉਂਕਿ ਇਹ ਹੋਰ ਗੁਣਾਂ ਦੇ ਨਾਲ-ਨਾਲ ਲੈਅ-ਬੱਧ ਵੀ ਹੁੰਦਾ ਸੀ। ਹੁਣ ਸਾਹਿਤ ਦੀ ਸਿਰਜਣਾ ਕਵਿਤਾ ਅਤੇ ਵਾਰਤਕ ਦੋਵੇਂ ਰੂਪਾਂ ਵਿੱਚ ਹੁੰਦੀ ਹੈ। ਨਾਟਕ ਵਧੇਰੇ ਕਰ ਕੇ ਵਾਰਤਕ ਵਿੱਚ ਸਿਰਜਿਆ ਜਾ ਰਿਹਾ ਹੈ। ਜਿਹੜਾ ਨਾਟਕ ਕਵਿਤਾ ਵਿੱਚ ਸਿਰਜਿਆ ਹੋਇਆ ਹੁੰਦਾ ਹੈ, ਉਸ ਨੂੰ ਕਾਵਿ-ਨਾਟਕ ਕਿਹਾ ਜਾਂਦਾ ਹੈ। ਕਾਵਿ-ਨਾਟਕ ਵਿੱਚ ਸੰਵਾਦ ਕਵਿਤਾ ਵਿੱਚ ਹੁੰਦੇ ਹਨ ਅਤੇ ਨਾਟਕਕਾਰ ਆਪਣੇ ਭਾਵਾਂ ਨੂੰ ਕਵਿਤਾ ਰਾਹੀਂ ਵਿਅਕਤ ਕਰਦਾ ਹੈ ਅਤੇ ਇਸ ਨੂੰ ਭਾਵ-ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਨਾਟਕਕਾਰ ਕਵਿਤਾ ਨੂੰ ਛੰਦ ਬੱਧ ਅਤੇ ਅਲੰਕ੍ਰਿਤ ਕਰਦਾ ਹੋਇਆ ਪ੍ਰਤੀਕ ਅਤੇ ਬਿੰਬਾਂ ਦਾ ਸਹਾਰਾ ਲੈਂਦਾ ਹੈ। ਇਸ ਵਿਉਂਤ ਅਧੀਨ ਉਹ ਭਾਵਾਂ ਨੂੰ ਤੀਖਣਤਾ ਨਾਲ ਦਰਸ਼ਕਾਂ ਤੱਕ ਪਹੁੰਚਾਉਂਦਾ ਹੈ। ਜਦੋਂ ਨਾਟਕਕਾਰ ਕਵਿਤਾ ਰਾਹੀਂ ਭਾਵਾਂ ਦੀ ਪੇਸ਼ਕਾਰੀ ਕਰਦਾ ਹੈ ਤਾਂ ਅਰਥ ਹੋਰ ਵੀ ਡੂੰਘੇਰੇ ਅਤੇ ਵਿਸ਼ਾਲ ਹੋ ਜਾਂਦੇ ਹਨ। ਇਹ ਨਾਟ-ਰੂਪ ਕਵਿਤਾ ਦਾ ਅਨੰਦ ਵੀ ਦਿੰਦਾ ਹੈ ਅਤੇ ਨਾਟਕ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕਰਦਾ ਹੈ। ਕਾਵਿ-ਨਾਟਕ ਵਿੱਚ ਕਾਵਿ ਅਭਿਨੈ ਵਾਲੀ ਸ਼ੈਲੀ ਵਾਲਾ ਹੁੰਦਾ ਹੈ। ਕਾਵਿ-ਨਾਟਕ ਵਿੱਚ ਇਸ ਤਰ੍ਹਾਂ ਦੇ ਗੁਣਾਂ ਦਾ ਪ੍ਰਗਟਾਵਾ ਕਰਨ ਹਿਤ ਨਾਟਕਕਾਰ ਕੋਲ ਕਾਵਿ-ਪ੍ਰਤਿਭਾ ਦਾ ਹੋਣਾ ਵੀ ਜ਼ਰੂਰੀ ਬਣ ਜਾਂਦਾ ਹੈ। ਨਾਟਕਕਾਰ ਕੋਲ ਨਾਟਕੀ ਸੂਝ ਅਤੇ ਰੰਗ-ਮੰਚੀ ਲੋੜਾਂ ਦਾ ਗਿਆਨ ਤਾਂ ਹੁੰਦਾ ਹੀ ਹੈ, ਪਰ ਜਦੋਂ ਉਹ ਕਾਵਿ-ਨਾਟਕ ਸਿਰਜਦਾ ਹੈ ਤਾਂ ਨਾਟਕ ਨੂੰ ਵਿਲੱਖਣਤਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਕਾਵਿ-ਨਾਟਕ ਦੇ ਬੋਲਾਂ ਵਿੱਚ ਵਿਸ਼ੇਸ਼ ਤਾਲ ਅਤੇ ਲੈਅ ਹੁੰਦੀ ਹੈ ਜਿਸ ਅਧੀਨ ਕਾਵਿ-ਨਾਟਕ ਇੱਕ ਵੇਗ ਵਿੱਚ ਵਹਿੰਦਾ ਰਹਿੰਦਾ ਹੈ ਅਤੇ ਦਰਸ਼ਕਾਂ ਨੂੰ ਮਨੋਰੰਜਨ ਦਿੰਦਾ ਹੋਇਆ ਉਚੇਰੇ ਜੀਵਨ ਦੀ ਪ੍ਰੇਰਨਾ ਵੀ ਬਣਦਾ ਹੈ। ਮੁਢਲੇ ਕਾਵਿ-ਨਾਟਕ ਵਿੱਚ ਇਹ ਆਸ ਰੱਖੀ ਵੀ ਜਾਂਦੀ ਸੀ। ਭਰਤ ਮੁਨੀ ਨੇ ਨਾਟਯ-ਸ਼ਾਸਤਰ ਦੇ ਪਹਿਲੇ ਅਧਿਆਇ ਵਿੱਚ ਕਿਹਾ ਹੈ ਕਿ ਸੰਸਾਰੀ ਲੋਕਾਂ ਦੇ ਸੁੱਖ-ਦੁੱਖ ਦੀ ਕਹਾਣੀ ਅਤੇ ਲੋਕ-ਸੁਝਾਵਾਂ ਦਾ ਵਰਣਨ ਜਿੱਥੇ ਅਭਿਨੈ ਦੇ ਭਿੰਨ-ਭਿੰਨ ਅੰਗਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ, ਉਸ ਅਭਿਨੈ-ਪ੍ਰਧਾਨ ਕਹਾਣੀ ਨੂੰ ਨਾਟਯ ਕਿਹਾ ਜਾਂਦਾ ਹੈ। ਭਰਤ ਮੁਨੀ ਨੇ ਨਾਟਯ-ਸ਼ਾਸਤਰ ਵਿੱਚ ਇਹ ਵੀ ਕਿਹਾ ਹੈ ਕਿ ਨਾਟਯ-ਵੇਦ ਮਨੁੱਖੀ ਗਿਆਨ, ਵਿਗਿਆਨ, ਇਤਿਹਾਸ ਅਤੇ ਕਲਪਨਾ ਪ੍ਰਧਾਨ ਕਥਾਵਾਂ ਰਾਹੀਂ ਲੋਕਾਂ ਦਾ ਮਨੋਰੰਜਨ ਵੀ ਕਰੇਗਾ ਅਤੇ ਉਹਨਾਂ ਨੂੰ ਉਚੇਰੇ ਜੀਵਨ ਦੀ ਪ੍ਰੇਰਨਾ ਵੀ ਦੇਵੇਗਾ। ਭਰਤ ਮੁਨੀ ਨੇ ਨਾਟਯ-ਸ਼ਾਸਤਰ ਵਿੱਚ ਨਾਟਕ ਦੇ ਤੱਤਾਂ ਬਾਰੇ ਸਪਸ਼ਟ ਰੂਪ ਵਿੱਚ ਵਿਵੇਚਨ ਨਹੀਂ ਕੀਤਾ ਪਰ ਉਸ ਨੇ ਵਸਤੂ, ਨੇਤਾ ਅਤੇ ਰਸ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ। ਪੱਛਮੀ ਕਾਵਿ-ਸ਼ਾਸਤਰ ਵਿੱਚ ਅਰਸਤੂ ਨੇ ਤ੍ਰਾਸਦੀ ਦਾ ਵਿਵੇਚਨ ਕਰਦਿਆਂ ਕਥਾਨਕ, ਚਰਿੱਤਰ-ਚਿਤਰਨ ਪਦ-ਰਚਨਾ, ਵਿਚਾਰ- ਤੱਤ, ਦ੍ਰਿਸ਼ ਵਿਧਾਨ ਅਤੇ ਗੀਤ, ਨਾਟਕ ਦੇ ਤੱਤ ਮੰਨੇ ਹਨ। ਇਹਨਾਂ ਵਿੱਚੋਂ ਕਥਾਨਕ ਚਰਿੱਤਰ-ਚਿਤਰਨ ਅਤੇ ਵਿਚਾਰ ਤੱਤ ਅਨੁਕਰਨ ਦੇ ਵਿਸ਼ੇ ਹਨ; ਦ੍ਰਿਸ਼ ਵਿਧਾਨ ਮਾਧਿਅਮ ਹੈ ਅਤੇ ਪਦ-ਰਚਨਾ ਗੀਤ ਅਨੁਕਰਨ ਦੀਆਂ ਵਿਧੀਆਂ ਹਨ। ਇਹਨਾਂ ਤੱਤਾਂ ਸੰਬੰਧੀ ਕਾਵਿ-ਸ਼ਾਸਤਰ ਵਿੱਚ ਵਿਸਤ੍ਰਿਤ ਵਿਵੇਚਨ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਕਾਵਿ-ਨਾਟਕ ਸਿਰਜਦਿਆਂ ਨਾਟਕਕਾਰ ਇਹਨਾਂ ਤੱਤਾਂ ਨੂੰ ਧਿਆਨ ਵਿੱਚ ਰੱਖਦੇ ਹਨ। ਅਜੋਕਾ ਕਾਵਿ-ਨਾਟਕ ਭਾਰਤੀ ਅਤੇ ਪੱਛਮੀ ਨਾਟ-ਸ਼ਾਸਤਰ ਤੋਂ ਪ੍ਰਭਾਵਿਤ ਹੈ ਅਤੇ ਪੱਛਮੀ ਨਾਟਕ ਨੇ ਇਸ ਰੂਪ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਜਦੋਂ ਅਸੀਂ ਕਾਵਿ-ਨਾਟਕ ਦੇ ਕਥਾਨਕ ਦੀ ਗੱਲ ਕਰਦੇ ਹਾਂ ਤਾਂ ਇਸ ਸੰਬੰਧੀ ਦੋਵੇਂ ਨਾਟ-ਸ਼ਾਸਤਰਾਂ ਵਿੱਚ ਵੱਖਰੀ-ਵੱਖਰੀ ਗੱਲ ਕੀਤੀ ਗਈ ਹੈ। ਅਰਸਤੂ ਨੇ ਪੱਛਮੀ ਨਾਟ-ਸ਼ਾਸਤਰ ਵਿੱਚ ਦੰਦ- ਕਥਾਮੂਲਕ, ਕਲਪਨਾਮੂਲਕ ਅਤੇ ਇਤਿਹਾਸਮੂਲਕ ਕਥਾਨਕ ਦੀ ਗੱਲ ਕੀਤੀ ਹੈ। ਭਾਰਤੀ ਕਾਵਿ-ਸ਼ਾਸਤਰ ਵਿੱਚ ਪ੍ਰਸਿੱਧ ਅਤੇ ਆਪਘੜੀ ਦਾ ਵਿਵੇਚਨ ਹੈ। ਅਰਸਤੂ ਤ੍ਰਾਸਦੀ ਨਾਟਕ ਦੇ ਪ੍ਰਸੰਗ ਵਿੱਚ ਅਜਿਹੇ ਕਥਾਨਕ ਦੀ ਮੰਗ ਕਰਦਾ ਹੈ, ਜਿਹੜਾ ਸਮੁੱਚਾ ਯਾਦ ਕੀਤਾ ਜਾ ਸਕੇ ਅਤੇ ਉਸ ਦਾ ਸਮੁੱਚਾ ਰੂਪ ਸਪਸ਼ਟਤਾ ਨਾਲ ਉਜਾਗਰ ਹੋ ਸਕਦਾ ਹੋਵੇ। ਉਹ ਇਹ ਵੀ ਮੰਗ ਕਰਦਾ ਹੈ ਕਿ ਉਸ ਵਿੱਚ ਏਕਤਾ, ਪੂਰਨਤਾ, ਸੰਭਾਵਿਤਾ, ਸਹਿਜ- ਵਿਕਾਸ, ਕੁਤੂਹਲ ਅਤੇ ਸਧਾਰਨੀਕਰਨ ਦੇ ਅੰਸ਼ ਹੋਣ। ਚਰਿੱਤਰ ਚਿਤਰਨ ਦੇ ਪ੍ਰਸੰਗ ਵਿੱਚ ਅਰਸਤੂ ਨੇ ਛੇ ਬੁਨਿਆਦੀ ਸਿਧਾਂਤਾਂ ਦਾ ਵਰਣਨ ਕੀਤਾ ਹੈ ਅਤੇ ਇਹ ਗੁਣ ਪਾਤਰ ਯੋਜਨਾ ਨਾਲ ਸੰਬੰਧਿਤ ਹਨ। ਪਹਿਲਾ ਗੁਣ ਇਹ ਹੈ ਕਿ ਪਾਤਰ ਉੱਤਮ ਹੋਣਾ ਚਾਹੀਦਾ ਹੈ, ਉਸ ਵਿੱਚ ਸੂਰਬੀਰਤਾ ਹੋਵੇ। ਇਸਤਰੀ ਚਰਿੱਤਰ ਵਿੱਚ ਸੂਰਬੀਰਤਾ ਜਾਂ ਚਤੁਰਾਈ ਅਨੁਚਿਤ ਹੋਵੇਗੀ। ਪਾਤਰ ਜੀਵਨ ਦੇ ਅਨੁਰੂਪੀ ਹੋਵੇ। ਪਾਤਰ ਦੇ ਚਰਿੱਤਰ ਵਿੱਚ ਇਕਰੂਪਤਾ ਹੋਵੇ। ਪਾਤਰ ਦੇ ਚਰਿੱਤਰ ਵਿੱਚ ਸੰਭਾਵਿਤਾ ਨੂੰ ਹੀ ਆਪਣੀ ਸੇਧ ਵਿੱਚ ਰੱਖਣਾ ਚਾਹੀਦਾ ਹੈ। ਪਾਤਰ ਵਿੱਚ ਇੱਕ ਖਿੱਚ ਹੋਣੀ ਚਾਹੀਦੀ ਹੈ। ਕਾਵਿ-ਨਾਟਕ ਦੀ ਭਾਸ਼ਾ ਵਿੱਚ ਕਾਵਿਕਤਾ ਅਤੇ ਨਾਟਕੀਅਤਾ ਦਾ ਸੁਮੇਲ ਹੋਣਾ ਚਾਹੀਦਾ ਹੈ, ਕਿਉਂਕਿ ਇਸ ਸੁਮੇਲ ਨੇ ਹੀ ਕਾਵਿ- ਨਾਟਕ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ। ਇਸ ਵਿੱਚ ਨਾਟਕਕਾਰ ਦਾ ਉਦੇਸ਼ ਸਮਾਇਆ ਹੁੰਦਾ ਹੈ। ਪੰਜਾਬੀ ਵਿੱਚ ਕਾਵਿ- ਨਾਟਕ ਸਿਰਜਣ ਵਾਲਿਆਂ ਵਿੱਚ ਪ੍ਰਮੁੱਖ ਨਾਟਕਕਾਰ ਬ੍ਰਿਜ ਲਾਲ ਸ਼ਾਸਤਰੀ, ਸੰਤ ਸਿੰਘ ਸੇਖੋਂ, ਹਰਿਭਜਨ ਸਿੰਘ, ਦੀਦਾਰ ਸਿੰਘ, ਰਵਿੰਦਰ ਰਵੀ, ਸੁਰਜੀਤ ਹਾਂਸ, ਸ. ਨ. ਸੇਵਕ, ਮਨਜੀਤਪਾਲ ਕੌਰ, ਗਰਦਿਆਲ ਸਿੰਘ ਫੁੱਲ, ਗੁਰਚਰਨ ਸਿੰਘ, ਸੀ. ਐਲ. ਨਾਰੰਗ, ਬਲਵੰਤ ਗਾਰਗੀ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਸਿੰਘ ਸੇਠੀ, ਕਰਤਾਰ ਸਿੰਘ ਦੁੱਗਲ, ਸਵਰਾਜਬੀਰ ਆਦਿ ਹਨ।


ਲੇਖਕ : ਸਤਨਾਮ ਸਿੰਘ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.