ਕਾਰ-ਭੇਟ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਰ-ਭੇਟ: ਸੰਸਕ੍ਰਿਤ ਅਤੇ ਫ਼ਾਰਸੀ ਦੋਹਾਂ ਭਾਸ਼ਾਵਾਂ ਵਿਚ ਵਰਤੇ ਜਾਣ ਵਾਲੇਕਾਰਸ਼ਬਦ ਦਾ ਅਰਥ ਹੈ ਕੰਮ , ਕਾਰਜ , ਕ੍ਰਿਆ। ਪ੍ਰਯੋਗ ਵੇਲੇ ਸੰਦਰਭ ਅਨੁਸਾਰ ਇਸ ਸ਼ਬਦ ਦੇ ਅਰਥਾਂ ਦੇ ਘੇਰੇ ਵਿਚ ਕੁਝ ਵਿਸਤਾਰ ਵੀ ਹੋ ਜਾਂਦਾ ਹੈ। ਸਿੱਖ -ਜਗਤ ਵਿਚ ਇਹ ਸ਼ਬਦ ‘ਭੇਟ ’ ਅਤੇ ‘ਸੇਵਾਨਾਲ ਮਿਲ ਕੇ ਦੋ ਸੰਯੁਕਤ ਰੂਪ ਧਾਰਣ ਕਰਦਾ ਹੈ, ਜਿਵੇਂ ‘ਕਾਰ-ਭੇਟ’ ਅਤੇ ‘ਕਾਰ-ਸੇਵਾ ’ (ਵੇਖੋ)। ਇਨ੍ਹਾਂ ਵਿਚੋਂ ‘ਕਾਰ-ਭੇਟ’ ਦਾ ਪਰਿਭਾਸ਼ਿਕ ਅਰਥ ਬਣਦਾ ਹੈ — ਦਸ-ਨਹੁੰਆਂ ਦੀ ਕਮਾਈ ਵਿਚੋਂ ਗੁਰੂ ਅਗੇ ਅਰਪਿਤ ਕੀਤੀ ਜਾਣ ਵਾਲੀ ਨਗਦੀ , ਵਸਤੂ ਆਦਿ। ਬਾਣੀ ਵਿਚ ਸਪੱਸ਼ਟ ਕਿਹਾ ਗਿਆ ਹੈ—ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਗੁ.ਗ੍ਰੰ.1245)। ਇਸ ਨੂੰ ਕਿਸੇ ਸੀਮਾ ਤਕਦਸਵੰਧ ’ ਵੀ ਕਿਹਾ ਜਾ ਸਕਦਾ ਹੈ। ਇਸ ਪ੍ਰਕਾਰ ਦੀ ਭੇਟ ਨੂੰ ਆਮ ਤੌਰ ’ਤੇ ਧਰਮ-ਅਰਥ ਕਾਰਜਾਂ, ਗੁਰੂ-ਧਾਮਾਂ ਦੀ ਸੇਵਾ, ਲੰਗਰ ਦੀ ਰਸਦ ਆਦਿ ਖ਼ਰੀਦਣ ਉਤੇ ਖ਼ਰਚ ਕੀਤਾ ਜਾਂਦਾ ਹੈ।

            ਉਂਜ ਤਾਂ ਇਸ ਪ੍ਰਕਾਰ ਦੀ ਭੇਟ ਦੀ ਪਰੰਪਰਾ ਭਾਰਤ ਵਿਚ ਕਿਸੇ ਨ ਕਿਸੇ ਰੂਪ ਵਿਚ ਆਦਿ-ਕਾਲ ਤੋਂ ਚਲੀਰਹੀ ਹੈ, ਪਰ ਸਿੱਖ ਜਗਤ ਵਿਚ ਇਹ ਇਕ ਨਿਖੜਵੇਂ ਰੂਪ ਵਿਚ ਸਾਹਮਣੇ ਆਈ ਹੈ। ਗੁਰੂ-ਕਾਲ ਵਿਚ ਇਹ ਭੇਟ ਸਿਧੀ ਗੁਰੂ ਜੀ ਨੂੰ ਪ੍ਰਸਤੁਤ ਕੀਤੀ ਜਾਂਦੀ ਸੀ , ਜਾਂ ਫਿਰ ਮਸੰਦਾਂ ਦੁਆਰਾ ਗੁਰੂ ਜੀ ਤਕ ਪਹੁੰਚਾਈ ਜਾਂਦੀ ਸੀ। ਪਰ ਮਸੰਦਾਂ ਵਿਚ ਪਸਰੀਆਂ ਦੁਰਾਚਾਰੀ ਵ੍ਰਿਤੀਆਂ ਕਾਰਣ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ-ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸਥਾਨਕ ਸੰਗਤਾਂ ਦੁਆਰਾ ਹੀ ਇਹ ਭੇਟਾ ਇਕੱਠੀ ਕੀਤੀ ਜਾਣ ਲਗੀ ਜੋ ਬਾਦ ਵਿਚ ਸੰਗਤ ਖ਼ੁਦ ਜਾ ਕੇ ਜਾਂ ਹੁੰਡੀ ਰਾਹੀਂ ਗੁਰੂ ਜੀ ਅਗੇ ਪੇਸ਼ ਕਰਦੀ ਸੀ। ਹੁਣ ਇਸ ਪ੍ਰਕਾਰ ਦੀ ਭੇਟ ਸ਼ਰਧਾਲੂ ਖ਼ੁਦ ਹੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰਖੀ ਗੋਲਕ ਵਿਚ ਪਾ ਦਿੰਦੇ ਹਨ, ਜਾਂ ਕਿਸੇ ਹੋਰ ਸਾਧਨ ਜਿਵੇਂ ਬੈਂਕ ਡਰਾਫਟ, ਮਨੀਆਰਡਰ ਰਾਹੀਂ ਭੇਜ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਗੁਰੂ- ਧਾਮਾਂ ਦਾ ਪ੍ਰਬੰਧ ਚਲਾਉਣ ਜਾਂ ਹੋਰ ਸਮਾਜਿਕ ਜਾਂ ਧਾਰਮਿਕ ਕਾਰਜਾਂ ਨੂੰ ਮੁਕੰਮਲ ਕਰਨ ਵਿਚ ਸੁਵਿਧਾ ਰਹਿੰਦੀ ਹੈ। ਇਸ ਦੇ ਖ਼ਰਚਣ ਦੀ ਵਿਵਸਥਾ ਸਥਾਨਕ ਸੰਗਤਾਂ, ਸਭਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸੰਸਥਾਵਾਂ ਕਰਦੀਆਂ ਹਨ। ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਗ਼ਾਮਾਂ ਅਤੇ ਹੁਕਮਨਾਮਿਆਂ ਵਿਚ ਇਹ ਭੇਟ ਸ਼ਸਤ੍ਰਾਂ ਜਾਂ ਘੋੜਿਆਂ ਦੇ ਰੂਪ ਵਿਚ ਮੰਗੀ ਜਾਂਦੀ ਰਹੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.