ਕਾਰਲਾਈਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਰਲਾਈਲ (1795–1881) : ਅੰਗਰੇਜ਼ੀ ਸਾਹਿਤ ਵਿੱਚ ਕਾਰਲਾਈਲ (Carlyle Thomas) ਇੱਕ ਪ੍ਰਸਿੱਧ ਕਵੀ, ਆਲੋਚਕ ਅਤੇ ਨਿਬੰਧਕਾਰ ਵਜੋਂ ਜਾਣਿਆ ਜਾਂਦਾ ਹੈ। ਕਾਰਲਾਈਲ ਦਾ ਜਨਮ 1795 ਵਿੱਚ ਡਮਫ਼ਰੀ ਜ਼ਸਾਇਰ ਵਿੱਚ ਹੋਇਆ ਅਤੇ ਉੱਥੇ ਹੀ ਉਸਦੇ ਜੀਵਨ ਦੇ ਸਫ਼ਰ ਦਾ ਅੰਤ ਵੀ ਹੋਇਆ। ਉਹ ਇੱਕ ਸਕਾਟਿਸ਼ ਪੱਥਰ ਮਿਸਤਰੀ ਦਾ ਪੜ੍ਹਿਆ ਲਿਖਿਆ ਪੁੱਤਰ ਸੀ। ਚੌਦਾਂ ਸਾਲ ਦੀ ਉਮਰ ਵਿੱਚ ਉਹ 90 ਮੀਲ ਚੱਲ ਕੇ ਐਡਿਨਬਰਾ ਯੂਨੀਵਰਸਿਟੀ ਗਿਆ ਜਿੱਥੇ ਉਹ ਇੱਕ ਕਾਮਯਾਬ ਵਿਦਿਆਰਥੀ ਸਾਬਤ ਹੋਇਆ। ਸਾਹਿਤ ਅਤੇ ਗਣਿਤ ਦੇ ਖੇਤਰ ਵਿੱਚ ਉਹ ਮਾਹਰ ਸੀ। ਉਹ ਪਹਿਲੇ ਸਕੂਲ ਵਿੱਚ ਅਧਿਆਪਕ ਬਣਿਆ ਅਤੇ ਬਾਅਦ ਵਿੱਚ ਘਰੋਗੀ ਅਧਿਆਪਕ ਦਾ ਕੰਮ ਕੀਤਾ। 29 ਵਰ੍ਹਿਆਂ ਦੀ ਉਮਰ ਵਿੱਚ ਉੁਸਨੇ ਇਹ ਫ਼ੈਸਲਾ ਕੀਤਾ ਕਿ ਉਹ ਇੱਕ ਲੇਖਕ ਦੇ ਤੌਰ ਤੇ ਹੀ ਕੰਮ ਕਰ ਕੇ ਰੋਜ਼ੀ ਕਮਾਏਗਾ ਅਤੇ ਉਸ ਨੇ ਜਰਮਨ ਭਾਸ਼ਾ ਨੂੰ ਆਪਣੀ ਖ਼ਾਸੀਅਤ ਬਣਾਇਆ। ਉਸ ਨੇ ਸਾਹਿਤਿਕ ਵਿਸ਼ਿਆਂ ਤੇ ਅਨੇਕ ਲੇਖ ਲਿਖੇ ਜਿਹੜੇ ਫ਼ਰੇਜ਼ਰਜ਼ ਮੈਗਜ਼ੀਨ, ਐਡਿਨਬਰਾ ਰੀਵਿਊ ਅਤੇ ਹੋਰ ਰਸਾਲਿਆਂ ਵਿੱਚ ਛਪੇ। ਇੱਕ ਆਲੋਚਕ ਦੇ ਤੌਰ ਤੇ ਉਹ ਬਹੁਤ ਕਾਮਯਾਬ ਹੋਇਆ ਅਤੇ ਸਾਹਿਤਿਕ ਮੰਡਲੀ ਵਿੱਚ ਆਪਣੀ ਸੋਚ ਅਤੇ ਸ਼ੈਲੀ ਕਾਰਨ ਉਸ ਦਾ ਬੜਾ ਹੀ ਪ੍ਰਭਾਵਸ਼ਾਲੀ ਯੋਗਦਾਨ ਰਿਹਾ।

     ਉਸ ਦੀ ਪੁਸਤਕ ਸਾਰਟਰ ਰਿਜ਼ਾਰਟਸ ਜਿਸ ਵਿੱਚ ਉਸ ਨੇ ਇੱਕ ਸੁੱਚੇ ਅਤੇ ਸੱਚੇ ਰਹਿਣ-ਸਹਿਣ ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ, ਨੇ ਕਾਰਲਾਇਲ ਨੂੰ ਸਾਹਿਤਿਕ ਅਦਾਰਿਆਂ, ਵਿੱਚ ਬਹੁਤ ਉੱਚਾ ਸਥਾਨ ਦਿਵਾਇਆ। 1837 ਵਿੱਚ ਉਸ ਦੀ ਕਿਤਾਬ ਫੇਰੈਂਚ ਰੈਵੋਲਿਉਸ਼ਨ ਛਪੀ ਜਿਸ ਨਾਲ ਉਹ ਬਹੁਤ ਮਸ਼ਹੂਰ ਹੋਇਆ। ਇਸ ਕਿਤਾਬ ਦਾ ਹੱਥ ਨਾਲ ਲਿਖਿਆ ਖਰੜਾ ਇੱਕ ਅਨਪੜ੍ਹ ਨੌਕਰਾਣੀ ਨੇ ਅੱਗ ਬਾਲਣ ਲਈ ਵਰਤ ਲਿਆ ਸੀ। ਬੜੀ ਹੀ ਮਿਹਨਤ ਕਰ ਕੇ ਕਾਰਲਾਈਲ ਨੇ ਦੁਬਾਰਾ ਸਾਰਾ ਕੰਮ ਕੀਤਾ। 1841 ਵਿੱਚ ਹੀਰੋਜ਼ ਐਂਡ ਹੀਰੋ ਵਰਸ਼ਿਪ ਛਪ ਗਈ ਅਤੇ ਸਾਰਟਰ ਰਿਜ਼ਾਰਟਸ ਦੀ ਤਰ੍ਹਾਂ ਇਸ ਨੇ ਵੀ ਲੋਕਾਂ ਤੇ ਬਹੁਤ ਡੂੰਘਾ ਅਸਰ ਕੀਤਾ। 1845 ਵਿੱਚ ਉਸ ਨੇ ਕਰਾਮਵੈੱਲ ਦੀਆਂ ਚਿੱਠੀਆਂ ਅਤੇ ਭਾਸ਼ਣ ਨੂੰ ਕਿਤਾਬ ਦੇ ਰੂਪ ਵਿੱਚ ਛਪਵਾਇਆ। ਇਸ ਮਹਾਨ ਪੁਸਤਕ ਰਾਹੀਂ ਕਾਰਲਾਈਲ ਨੇ ਕਰਾਮਵੈਲ ਦੇ ਖਿਲਾਫ਼ ਫ਼ੈਲੀ ਹੋਈ ਨਾਇਨਸਾਫ਼ੀ ਅਤੇ ਘਿਰਨਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਅਸਲੀ ਮਹਾਨਤਾ ਦਿਖਾਉਣ ਦੀ ਹਿੰਮਤ ਕੀਤੀ। ਕਰਾਮਵੈਲ ਦੇ ਦੁਸ਼ਮਣਾਂ ਨੇ ਉਸ ਨੂੰ ਬਹੁਤ ਬਦਨਾਮ ਕੀਤਾ ਹੋਇਆ ਸੀ। ਕਾਰਲਾਈਲ ਦੀ ਕਿਤਾਬ ਛਪਣ ਉਪਰੰਤ ਉਹ ਇੱਕ ਰਾਸ਼ਟਰੀ ਵੀਰ ਬਣ ਗਿਆ।

     1865 ਤੱਕ ਕਾਰਲਾਈਲ ਖ਼ੁਦ ਇੱਕ ਰਾਸ਼ਟਰੀ ਵੀਰ ਦੇ ਤੌਰ ਤੇ ਪਛਾਣਿਆ ਜਾਣ ਲੱਗਿਆ ਅਤੇ ਉਸ ਨੂੰ ਬੜੇ ਹੀ ਉਤਸ਼ਾਹ ਨਾਲ ਆਪਣੇ ਹੀ ਵਿਸ਼ਵ ਵਿਦਿਆਲਾ ਦਾ ਲਾਰਡ ਰੈਕਟਰ ਬਣਾਇਆ ਗਿਆ। ਇਸ ਦੌਰਾਨ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਉਸ ਦੀ ਪਤਨੀ ਦਾ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਉਸ ਨੇ ਆਪਣੀਆਂ ਕਮਜ਼ੋਰੀਆਂ ਬਾਰੇ ਲਿਖ ਕੇ ਪਛਤਾਵਾ ਪ੍ਰਗਟ ਕੀਤਾ ਅਤੇ ਉਸ ਦੀਆਂ ਯਾਦਾਂ ਉਸ ਦੇ ਦਿਹਾਂਤ ਤੋਂ ਬਾਅਦ ਛਾਪੀਆਂ ਗਈਆਂ ਜਿਸ ਵਿੱਚ ਉਸ ਨੇ ਇਹ ਖ਼ਿਆਲ ਵੀ ਪੇਸ਼ ਕੀਤਾ ਹੈ ਕਿ ਆਪਣੇ ਕੰਮ ਵਿੱਚ ਰੁਝੇਵੇਂ ਦੇ ਕਾਰਨ ਉਸ ਨੇ ਆਪਣੀ ਪਤਨੀ ਵੱਲ ਧਿਆਨ ਨਹੀਂ ਦਿੱਤਾ ਸੀ। ਉਸ ਦੀਆਂ ਮਹਾਨ ਰਚਨਾਵਾਂ ਦੇ ਨਾਂ ਇਸ ਪ੍ਰਕਾਰ ਹਨ: ਐੱਸਏਜ਼, ਸਾਰਟਰ ਰਿਜ਼ਾਰਟਸ, ਫਰੈਂਚ ਰੈਵਲਿਉਸ਼ਨ, ਹੀਰੋਜ਼ ਐਂਡ ਹੀਰੋ ਵਰਸ਼ਿਪ, ਕਰਾਮਵੈਲਜ਼ ਲੈਟਰਜ਼, ਪਾਸਟ ਐਂਡ ਪ੍ਰੈਜ਼ੰਟ, ਅਤੇ ਜਾਨ ਸਟਰਲਿੰਗ।

     ਕਾਰਲਾਈਲ ਸੂਝਵਾਨ ਅਤੇ ਨਿਡਰ ਵਿਚਾਰ ਵਾਲਾ ਸੀ। ਉਸ ਨੇ ਸੱਚਾ ਅਤੇ ਸੁਹਿਰਦ ਹੋਣ ਦਾ ਪ੍ਰਣ ਲੈ ਲਿਆ ਸੀ। ਉਹ ਬਹੁਤ ਉਦਾਰਚਿਤ ਅਤੇ ਨਰਮ ਦਿਲ ਇਨਸਾਨ ਸੀ। ਮਨੁੱਖਾਂ ਦੇ ਦੁੱਖ-ਤਕਲੀਫ਼ਾਂ ਨੂੰ ਸਮਝਦਾ ਸੀ। ਉਸ ਵਿੱਚ ਵਿਅੰਗਮਈ ਰੁਚੀ ਵੀ ਸੀ ਪਰ ਉਹ ਕਿਸੇ ਦਾ ਦਿਲ ਨਹੀਂ ਸੀ ਦੁਖਾਉਂਦਾ। ਉਹ ਸਮਝਦਾ ਸੀ ਕਿ ਫ਼ਰਜ਼ ਪੂਰਾ ਕਰਨਾ ਵੀ ਧਰਮ ਹੈ ਅਤੇ ਸੱਚੀ ਮਿਹਨਤ ਨਾਲ ਕੀਤੇ ਕੰਮ ਮਨੁੱਖ ਦੀ ਵਿਗੜੀ ਨੂੰ ਵੀ ਸੁਧਾਰ ਸਕਦਾ ਹੈ। ਉਸ ਨੂੰ ਵਿਸ਼ਵਾਸ ਸੀ ਕਿ ਭਾਵੇਂ ਮਨੁੱਖ ਬਿਲਕੁਲ ਇਕੱਲਾ ਹੋਵੇ, ਜੇ ਉਸ ਦੀ ਰੂਹ ਪਵਿੱਤਰ ਹੈ, ਇਰਾਦਾ ਪੱਕਾ ਹੈ, ਉਹ ਨਿਡਰ ਅਤੇ ਨਿਮਰਤਾ ਵਾਲਾ ਹੈ ਤਾਂ ਉਹ ਸਾਰੇ ਸੰਸਾਰ ਨਾਲ ਮੁਕਾਬਲਾ ਕਰ ਸਕਦਾ ਹੈ। ਉਸ ਨੂੰ ਹਰ ਤਰ੍ਹਾਂ ਦੇ ਢੋਂਗ ਤੋਂ ਘਿਰਨਾ ਸੀ।

     ਕਾਰਲਾਈਲ ਤਹਿ ਦਿਲੋਂ ਸਚਾਈ ਵਿੱਚ ਵਿਸ਼ਵਾਸ ਕਰਦਾ ਸੀ, ਮਨੁੱਖ ਦੀ ਮਿਹਨਤ ਨੂੰ ਵੀ ਬੜੀ ਮਹੱਤਤਾ ਦਿੰਦਾ ਸੀ ਅਤੇ ਉਸ ਦਾ ਰਵੱਈਆ ਅਤੇ ਜੀਵਨ ਪ੍ਰਤਿ ਦ੍ਰਿਸ਼ਟੀ ਹਮੇਸ਼ਾਂ ਹੀ ਦੂਸਰਿਆਂ ਨੂੰ ਪ੍ਰੇਰਨਾ ਦਿੰਦੀ ਹੈ। ਕਈ ਵਿਅਕਤੀਆਂ ਬਾਰੇ ਕਾਰਲਾਈਲ ਦੀ ਰਾਏ ਮੰਨਣੀ ਮੁਸ਼ਕਲ ਹੈ ਪਰ ਉਸ ਦੀ ਸਚਾਈ ਅਤੇ ਮਨੁੱਖਾਂ ਪ੍ਰਤਿ ਚੰਗਿਆਈ ਵੇਖਦੇ ਹੋਏ ਉਸਦੀਆਂ ਗ਼ਲਤੀਆਂ ਨੂੰ ਨਜ਼ਰ- ਅੰਦਾਜ਼ ਕੀਤਾ ਜਾ ਸਕਦਾ ਹੈ। ਸਿਰਫ਼ ਕੋਈ ਕੋਈ ਹੀ ਆਪਣੇ ਖ਼ਿਆਲਾਂ ਨੂੰ ਏਨੇ ਖੁੱਲ੍ਹ੍ਹੇ ਤਰੀਕੇ ਨਾਲ ਦੱਸ ਸਕਦਾ ਹੈ। ਕਿਸੇ-ਕਿਸੇ ਵਿੱਚ ਹੀ ਏਨੀ ਹਿੰਮਤ ਹੁੰਦੀ ਹੈ ਕਿ ਉਹ ਆਪਣੀ ਗੱਲ ਖੁੱਲ੍ਹੇ ਤਰੀਕੇ ਨਾਲ ਕਹੇ। ਕਾਰਲਾਈਲ ਨੇ ਇਹ ਕੰਮ ਬੜੇ ਹੀ ਕਾਰਗਰ ਢੰਗ ਨਾਲ ਕੀਤਾ। ਉਹ ਇੱਕ ਮਹਾਨ ਯੁੱਗ ਦਾ ਬਹੁਤ ਵੱਡਾ ਆਦਮੀ ਸੀ, ਜਿਸਦੀ ਭਾਸ਼ਾ ਅਤੇ ਚਰਿੱਤਰ ਬੇਮਿਸਾਲ ਸਨ। ਕਾਰਲਾਈਲ ਨੇ ਕਵਿਤਾ, ਆਲੋਚਨਾ ਅਤੇ ਇਤਿਹਾਸ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ। ਉਸ ਨੇ ਉਨ੍ਹੀਵੀਂ ਸਦੀ ਦੇ ਹਾਲਾਤ ਅਤੇ ਮਨੁੱਖੀ ਦਿਸ਼ਾ ਨੂੰ ਚੰਗੀ ਤਰ੍ਹਾਂ ਪਰਖ ਕੇ ਉਸ ਬਾਰੇ ਲਿਖਿਆ ਅਤੇ ਚਾਨਣਾ ਪਾਇਆ। ਜੀਵਨ ਦੇ ਸਾਰੇ ਮੁਸ਼ਕਲ ਸੁਆਲਾਂ ਦਾ ਉਸ ਨੇ ਅਧਿਐਨ ਕੀਤਾ ਤੇ ਬੜੀ ਬਹਾਦਰੀ ਨਾਲ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।


ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.