ਕਲ੍ਹਾ ਰਾਏ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਲ੍ਹਾ ਰਾਏ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਕਸਬੇ ਦਾ ਇਕ ਜਾਗੀਰਦਾਰ ਜੋ ਭਾਵੇਂ ਹਿੰਦੂਓਂ ਮੁਸਲਮਾਨ ਬਣ ਚੁਕਿਆ ਸੀ , ਪਰ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸ਼ਰਧਾਲੂ ਸੀ। ਜਦੋਂ ਮਾਛੀਵਾੜੇ ਤੋਂ ਨਿਕਲ ਕੇ ਗੁਰੂ ਜੀ ਇਸ ਦੀ ਜਾਗੀਰ ਵਿਚ ਪਹੁੰਚੇ ਤਾਂ ਇਸ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਇਸ ਪਾਸ ਲਗਭਗ ਦੋ ਹਫ਼ਤੇ ਰਹੇ। ਇਸ ਨੇ ਆਪਣਾ ਨੂਰਾ (ਨਾਮਾਂਤਰ—ਮਾਹੀ) ਨਾਮਕ ਬੰਦਾ ਸਰਹਿੰਦ ਭੇਜ ਕੇ ਗੁਰੂ ਜੀ ਦੀ ਮਾਤਾ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਬਾਰੇ ਖ਼ਬਰ ਮੰਗਵਾਈ ਅਤੇ ਉਨ੍ਹਾਂ ਦੇ ਸ਼ਹੀਦ ਹੋ ਜਾਣ ਦੀ ਗੱਲ ਸੁਣ ਕੇ ਬਹੁਤ ਦੁਖੀ ਹੋਇਆ। ਗੁਰੂ ਜੀ ਨੇ ਇਸ ਨੂੰ ਤਸੱਲੀ ਦੇ ਕੇ ਸਹਿਜ ਕੀਤਾ ਅਤੇ ਉਥੋਂ ਜਾਣ ਵੇਲੇ ਇਸ ਨੂੰ ਤਿੰਨ ਯਾਦਗਾਰੀ ਵਸਤੂਆਂ ਪ੍ਰਦਾਨ ਕੀਤੀਆਂ। ਇਕ ਤਲਵਾਰ, ਇਕ ਗੰਗਾਸਾਗਰ ਅਤੇ ਪੋਥੀ ਨੂੰ ਖੋਲ ਕੇ ਪੜ੍ਹਨ ਲਈ ਇਕ ਰਹੇਲ ।
ਰਾਏਕਲਾ ਦਾ ਪੋਤਾ ਇਕ ਵਾਰ ਗੁਰੂ ਜੀ ਦੀ ਬਖ਼ਸ਼ੀ ਤਲਵਾਰ ਨੂੰ ਧਾਰਣ ਕਰਕੇ ਸ਼ਿਕਾਰ ਚੜ੍ਹਿਆ, ਪਰ ਘੋੜੇ ਤੋਂ ਡਿਗ ਕੇ ਉਸੇ ਤਲਵਾਰ ਨਾਲ ਘਾਇਲ ਹੋਇਆ ਅਤੇ ਮਰ ਗਿਆ। ਉਹ ਤਲਵਾਰ ਇਸ ਦੇ ਵਾਰਸਾਂ ਵਿਚੋਂ ਕਿਸੇ ਨੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਭੇਂਟ ਕਰ ਦਿੱਤੀ ਜੋ ਉਸ ਨੇ ਅਗੋਂ ਇੰਗਲੈਂਡ ਭੇਜ ਦਿੱਤੀ। ਉਹ ਤਲਵਾਰ ਅਜ- ਕਲ ਬ੍ਰਿਟਿਸ਼ ਅਜਾਇਬ ਘਰ ਵਿਚ ਪਈ ਹੋਈ ਹੈ। ਬਾਕੀ ਦੀਆਂ ਦੋ ਯਾਦਗਾਰੀ ਵਸਤੂਆਂ ਪਾਕਿਸਤਾਨ ਬਣਨ ਤਕ ਇਸ ਦੇ ਪਰਿਵਾਰ ਪਾਸ ਮੌਜੂਦ ਰਹੀਆਂ। ਉਸ ਤੋਂ ਬਾਦ ਇਸ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਹੁਣ ਰਾਏ ਅਜ਼ੀਜ਼ਉੱਲਾ ਖ਼ਾਨ, ਮੈਂਬਰ ਪਾਰਲੀਮੈਂਟ, ਲਾਹੌਰ ਕੋਲ ਸਾਂਭੀਆਂ ਹੋਈਆਂ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First