ਕਰੋੜਸਿੰਘੀਆ ਮਿਸਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੋੜਸਿੰਘੀਆ ਮਿਸਲ: ਦਾ ਨਾਂ ਕਰੋੜਾ ਸਿੰਘ ਦੇ ਨਾਂ ਤੇ ਪਿਆ ਜੋ ਲਾਹੌਰ ਜ਼ਿਲੇ ਵਿਚ ਬਰਕੀ ਦਾ ਵਿਰਕ ਜੱਟ ਸੀ। ਇਸ ਜਥੇ ਦਾ ਮੋਢੀ ਸ਼ਿਆਮ ਸਿੰਘ ਨਾਰਲੀ ਸੀ ਜਿਸਨੇ 1739 ਵਿਚ ਨਾਦਿਰ ਸ਼ਾਹ ਦੀਆਂ ਹਮਲਾਵਰ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਇਸ ਪਿੱਛੋਂ ਇਸ ਮਿਸਲ ਦਾ ਮੁਖੀ ਕਰਮ ਸਿੰਘ ਬਣਿਆ ਜੋ ਉੱਪਲ ਖੱਤਰੀ ਅਤੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਪੈਜਗੜ ਦਾ ਵਾਸੀ ਸੀ। ਕਰਮ ਸਿੰਘ ਜਨਵਰੀ 1748 ਵਿਚ ਅਹਮਦ ਸ਼ਾਹ ਦੁਰਾੱਨੀ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਅਤੇ ਇਸ ਪਿੱਛੋਂ ਇਸਦਾ ਉੱਤਰਾਧਿਕਾਰੀ ਕਰੋੜਾ ਸਿੰਘ ਬਣਿਆ। ਕਰੋੜਾ ਸਿੰਘ ਨੇ ਹੁਸ਼ਿਆਰਪੁਰ ਜ਼ਿਲੇ ਵਿਚ ਕਾਂਗੜਾ ਪਹਾੜੀਆਂ ਦੇ ਦੱਖਣ ਵੱਲ ਸਥਿਤ ਖੇਤਰਾਂ ਤਕ ਹੀ ਆਪਣੀਆਂ ਸਰਗਰਮੀਆਂ ਸੀਮਿਤ ਰੱਖੀਆਂ ਹੋਈਆਂ ਸਨ ਅਤੇ 1761 ਵਿਚ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਕਈ ਮਹੱਤਵਪੂਰਨ ਨਗਰਾਂ, ਜਿਵੇਂ ਹੁਸ਼ਿਆਰਪੁਰ, ਹਰਿਆਣਾ ਅਤੇ ਸ਼ਾਮ ਚੌਰਾਸੀ, ਉੱਤੇ ਕਬਜ਼ਾ ਕਰ ਲਿਆ ਸੀ। ਬਘੇਲ ਸਿੰਘ ਜੋ ਕਰੋੜਾ ਸਿੰਘ ਤੋਂ ਪਿੱਛੋਂ ਕਰੋੜਸਿੰਘੀਆ ਮਿਸਲ ਦਾ ਸਰਦਾਰ ਜਾਂ ਮੁਖੀ ਬਣਿਆ, ਸਿੱਖ ਇਤਿਹਾਸ ਵਿਚ ਮੁਗ਼ਲ ਦਿੱਲੀ ਦੇ ਜੇਤੂ ਦੇ ਤੌਰ ਤੇ ਪ੍ਰਸਿੱਧ ਹੈ। ਬਘੇਲ ਸਿੰਘ, ਇਕ ਧਾਲੀਵਾਲ ਜੱਟ, ਜੋ ਅੰਮ੍ਰਿਤਸਰ ਦੇ ਪਿੰਡ ਝਬਾਲ ਦਾ ਰਹਿਣ ਵਾਲਾ ਸੀ, ਸਤਲੁਜ-ਉਰਾਰ ਇਲਾਕੇ ਵਿਚ ਇਕ ਸ਼ਕਤੀਸ਼ਾਲੀ ਸਰਦਾਰ ਵਜੋਂ ਉੱਭਰਿਆ। ਸਯਦ ਮੁਹੰਮਦ ਲਤੀਫ਼ ਅਨੁਸਾਰ ਇਸ ਦੇ ਅਧੀਨ 12,000 ਜੰਗੀ ਯੋਧੇ ਸਨ। ਜਨਵਰੀ 1764 ਵਿਚ ਸਿੱਖਾਂ ਦੇ ਸਿਰਹਿੰਦ (ਸਰਹਿੰਦ) ਜਿੱਤਣ ਤੋਂ ਛੇਤੀ ਪਿੱਛੋਂ , ਇਸਨੇ ਆਪਣਾ ਰੁਖ਼ ਕਰਨਾਲ ਵੱਲ ਮੋੜਿਆ ਅਤੇ ਕਈ ਪਿੰਡਾਂ, ਜਿਸ ਵਿਚ ਛਲੌਦੀ ਵੀ ਸ਼ਾਮਲ ਸੀ, ਉੱਤੇ ਕਬਜ਼ਾ ਕਰ ਲਿਆ ਅਤੇ ਛਲੌਦੀ ਨੂੰ ਆਪਣਾ ਹੈੱਡਕੁਆਟਰ ਬਣਾ ਲਿਆ। ਫ਼ਰਵਰੀ 1764 ਵਿਚ ਬਘੇਲ ਸਿੰਘ ਦੇ ਅਧੀਨ 40,000 ਸਿੱਖ ਫ਼ੌਜੀ ਅਤੇ ਹੋਰ ਪ੍ਰਮੁਖ ਯੋਧੇ ਯਮੁਨਾ ਪਾਰ ਕਰ ਗਏ ਅਤੇ ਸਹਾਰਨਪੁਰ ਉੱਤੇ ਕਬਜ਼ਾ ਕਰ ਲਿਆ। ਇਹਨਾਂ ਨੇ ਰੁਹੇਲਾ ਸਰਦਾਰ ਨਜੀਬ ਉਦ-ਦੌਲਾਹ ਦੇ ਇਲਾਕੇ ਨੂੰ ਖੂਬ ਲੁੱਟਿਆ ਅਤੇ ਗਿਆਰ੍ਹਾਂ ਲੱਖ ਰੁਪਏ ਨਜ਼ਰਾਨੇ ਵਜੋਂ ਵਸੂਲ ਕੀਤੇ। ਅਪ੍ਰੈਲ 1775 ਵਿਚ ਬਘੇਲ ਸਿੰਘ ਨੇ ਦੋ ਹੋਰ ਸਰਦਾਰਾਂ, ਰਾਏ ਸਿੰਘ ਭੰਗੀ ਅਤੇ ਤਾਰਾ ਸਿੰਘ ਘੇਬਾ ਨਾਲ ਮਿਲ ਕੇ ਯਮੁਨਾ ਨੂੰ ਪਾਰ ਕੀਤਾ ਤਾਂ ਜੋ ਉਹ ਉਸ ਸਮੇਂ ਸ਼ਾਸਨ ਕਰ ਰਹੇ ਨਜੀਬ ਉਦ-ਦੌਲਾਹ ਦੇ ਉੱਤਰਾਧਿਕਾਰੀ ਅਤੇ ਪੁੱਤਰ , ਜ਼ਾਬਿਤਾ ਖ਼ਾਨ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਸਕੇ। ਜ਼ਾਬਿਤਾ ਖ਼ਾਨ ਨੇ ਨਿਰਾਸ਼ਤਾ ਵਿਚ ਬਘੇਲ ਸਿੰਘ ਨੂੰ ਕਾਫ਼ੀ ਧਨ ਭੇਟ ਕੀਤਾ ਅਤੇ ਸ਼ਾਹੀ ਇਲਾਕਿਆਂ ਨੂੰ ਮਿਲ ਕੇ ਲੁੱਟਣ ਦੀ ਤਜਵੀਜ਼ ਵੀ ਪੇਸ਼ ਕੀਤੀ। ਸਿੱਖਾਂ ਅਤੇ ਰੁਹੇਲਿਆਂ ਦੀਆਂ ਫ਼ੌਜਾਂ ਨੇ ਮਿਲ ਕੇ ਅਜੋਕੀ ਨਵੀਂ ਦਿੱਲੀ ਦੇ ਨੇੜੇ-ਤੇੜੇ ਕਈ ਪਿੰਡਾਂ ਨੂੰ ਲੁੱਟਿਆ। ਹੁਣ ਯਮੁਨਾ-ਗੰਗਾ ਦੁਆਬ ਦਾ ਸਾਰਾ ਇਲਾਕਾ ਇਹਨਾਂ ਦੇ ਰਹਿਮ ਉੱਤੇ ਸੀ। ਅਪ੍ਰੈਲ 1781 ਵਿਚ ਜਦੋਂ ਮੁਗ਼ਲ ਪ੍ਰਧਾਨ ਮੰਤਰੀ ਦੇ ਨੇੜੇ ਦੇ ਰਿਸ਼ਤੇਦਾਰ ਮਿਰਜ਼ਾ ਸ਼ਫ਼ੀ ਨੇ ਲਾਡਵਾ ਤੋਂ 10 ਕਿਲੋਮੀਟਰ ਦੱਖਣ ਵੱਲ ਸਿੱਖ ਫ਼ੌਜੀ ਚੌਂਕੀ , ਇੰਦਰੀ ਵਿਖੇ ਕਬਜ਼ਾ ਕਰ ਲਿਆ ਤਾਂ ਬਘੇਲ ਸਿੰਘ ਨੇ ਬਦਲਾ ਲੈਣ ਲਈ ਸ਼ਾਹਬਾਦ ਦੇ ਖ਼ਲੀਲ ਬੇਗ਼ ਖ਼ਾਨ ਉੱਤੇ ਹਮਲਾ ਕਰ ਦਿੱਤਾ ਜਿਸਨੇ 300 ਘੋੜਿਆਂ, 800 ਜਵਾਨਾਂ ਅਤੇ ਦੋ ਤੋਪਾਂ ਸਮੇਤ ਆਤਮ ਸਮਰਪਣ ਕਰ ਦਿੱਤਾ। 11 ਮਾਰਚ 1783 ਵਿਚ ਜਦੋਂ ਸਿੱਖ ਦਿੱਲੀ ਵਿਖੇ ਲਾਲ ਕਿਲ੍ਹੇ ਵਿਚ ਦਾਖ਼ਲ ਹੋਏ ਅਤੇ ਦੀਵਾਨ-ੲ-ਆਮ ਉੱਤੇ ਕਬਜ਼ਾ ਕੀਤਾ ਤਾਂ ਮੁਗ਼ਲ ਬਾਦਸ਼ਾਹ ਸ਼ਾਹ ਆਲਮ-II ਨੇ ਸਿੱਖਾਂ ਨਾਲ ਸਮਝੌਤਾ ਕਰਦੇ ਹੋਏ ਬਘੇਲ ਸਿੰਘ ਨੂੰ ਸਿੱਖ ਇਤਿਹਾਸਿਕ ਅਸਥਾਨਾਂ ਉੱਤੇ ਗੁਰਦੁਆਰੇ ਉਸਾਰਨ ਅਤੇ ਰਾਜਧਾਨੀ ਦੀਆਂ ਸਾਰੀਆਂ ਚੁੰਗੀਆਂ ਤੋਂ ਰੁਪਏ ਪਿੱਛੇ ਆਨੇ (37.5%) ਉਗਰਾਹੁਣ ਦੀ ਮਨਜ਼ੂਰੀ ਦੇ ਦਿੱਤੀ। ਬਘੇਲ ਸਿੰਘ ਨੇ 4,000 ਸਿੱਖ ਘੋੜਸਵਾਰਾਂ ਨਾਲ ਸਬਜ਼ੀ ਮੰਡੀ ਵਿਖੇ ਡੇਰਾ ਲਾ ਕੇ ਚਾਂਦਨੀ ਚੌਂਕ ਦੀ ਜ਼ੁੰਮੇਵਾਰੀ ਸੰਭਾਲ ਲਈ। ਇਸ ਨੇ ਸਿੱਖਾਂ ਦੇ ਸੱਤ (7) ਪਵਿੱਤਰ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਅਪ੍ਰੈਲ ਤੋਂ ਨਵੰਬਰ 1783 ਤਕ, ਅੱਠ ਮਹੀਨਿਆਂ ਦੇ ਸਮੇਂ ਅੰਦਰ ਇਹਨਾਂ ਗੁਰਦੁਆਰਿਆਂ ਦੀ ਉਸਾਰੀ ਪੂਰੀ ਕਰਵਾਈ।

      ਕਰੋੜਸਿੰਘੀਆ ਮਿਸਲ ਦੇ ਇਕ ਹੋਰ ਵਾਰਸ ਮੱਸੇ ਖ਼ਾਨ ਰੰਘੜ ਨੂੰ ਮਾਰਨ ਵਾਲੇ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੇ 1764 ਵਿਚ ਸਿੱਖਾਂ ਦੀ ਸਿਰਹਿੰਦ (ਸਰਹਿੰਦ) ਦੀ ਮੁਹਿੰਮ ਤੋਂ ਬਾਅਦ ਲੁਧਿਆਣਾ ਜ਼ਿਲੇ ਦੀ ਤਹਿਸੀਲ ਸਮਰਾਲਾ ਦੇ ਕਈ ਪਿੰਡਾਂ ਉੱਤੇ ਕਬਜ਼ਾ ਕਰ ਲਿਆ ਸੀ। ਲਾਹੌਰ ਜ਼ਿਲੇ ਦੀ ਤਹਿਸੀਲ ਕਸੂਰ ਵਿਚ ਬਘੇਲ ਸਿੰਘ ਦੇ ਪ੍ਰਮੁਖ ਸਾਥੀ ਕਲਸੀਆ ਪਿੰਡ ਦੇ ਸੰਧੂ ਜੱਟ ਗੁਰਬਖ਼ਸ਼ ਸਿੰਘ ਨੇ ਕਰੋੜਸਿੰਘੀਆ ਸਰਦਾਰ ਦੁਆਰਾ ਕੀਤੀਆਂ ਕਈ ਮੁਹਿੰਮਾਂ ਅਤੇ ਲੁੱਟਾਂ ਵਿਚ ਆਪਣਾ ਹਿੱਸਾ ਵੰਡਾਇਆ ਅਤੇ ਇਸ ਨੇ ਛਛਰੌਲੀ , ਸਿਆਲਬਾ ਆਦਿ ਪਰਗਣਿਆ ਉੱਤੇ ਕਬਜ਼ਾ ਕਰ ਲਿਆ ਸੀ। ਕਲਸੀਆ ਤੋਂ ਕਰਮ ਸਿੰਘ ਅਤੇ ਦਿਆਲ ਸਿੰਘ ਨੇ ਵੀ ਅਜੋਕੇ ਅੰਬਾਲਾ ਜ਼ਿਲੇ ਦੀ ਤਹਿਸੀਲ ਜਗਾਧਰੀ ਵਿਚ ਬਿਲਾਸਪੁਰ ਪਰਗਨੇ ਤੇ ਫ਼ਿਰੋਜ਼ਪੁਰ ਜ਼ਿਲੇ ਵਿਚ ਧਰਮਕੋਟ ਪਰਗਨੇ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ। ਮਿਸਲ ਦੇ ਇਕ ਹੋਰ ਸਰਦਾਰ ਦੁਲਚਾ ਸਿੰਘ ਨੇ ਕਰਨਾਲ ਜ਼ਿਲੇ ਦੇ ਰਦੌਰ ਅਤੇ ਦਾਮਲਾ ਉੱਤੇ ਅਧਿਕਾਰ ਕਰ ਲਿਆ ਸੀ। ਅਕਤੂਬਰ 1774 ਵਿਚ ‘ਦੁਲਚਾ ਸਿੰਘ ਬਹਾਦਰ’ ਨੂੰ ਪੰਜ ਹੋਰ ਸਿੱਖ ਸਰਦਾਰਾਂ ਸਮੇਤ ਮੁਗ਼ਲ ਬਾਦਸ਼ਾਹ ਵੱਲੋਂ 1,000 ਘੋੜੇ ਅਤੇ 500 ਪੈਦਲ ਫ਼ੌਜ ਦੇ ਮੁਖੀ ਦੇ ਤੌਰ ਤੇ ਸ਼ਾਹੀ ਨੌਕਰੀ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ , ਪਰ ਇਸ ਵੱਲੋਂ ਇਸ ਪੇਸ਼ਕਸ਼ ਨੂੰ ਅਸਵੀਕਾਰ ਕਰ ਦਿੱਤਾ ਗਿਆ।

      ਕਰੋੜਸਿੰਘੀਆ ਮਿਸਲ ਦੇ ਪ੍ਰਮੁਖ ਸਰਦਾਰਾਂ ਵਿਚੋਂ ਅੰਤਿਮ ਸਰਦਾਰ ਕਲਸੀਆ ਦੇ ਗੁਰਬਖ਼ਸ਼ ਸਿੰਘ ਦਾ ਪੁੱਤਰ ਜੋਧ ਸਿੰਘ (1751-1818) ਸੀ। ਜੋਧ ਸਿੰਘ ਨੇ ਆਪਣੀ ਛੋਟੀ ਜਿਹੀ ਵਿਰਾਸਤ ਵਿਚ ਕਾਫ਼ੀ ਵਾਧਾ ਕੀਤਾ। 1807 ਵਿਚ, ਅੰਬਾਲਾ ਜ਼ਿਲੇ ਦੇ ਨਰਾਇਣਗੜ੍ਹ ਉੱਤੇ ਹਮਲੇ ਸਮੇਂ ਇਹ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਗਿਆ ਅਤੇ ਬਾਅਦ ਵਿਚ ਵੀ ਇਸ ਨੇ ਮਹਾਰਾਜੇ ਲਈ ਪੰਜਾਬ ਦੀਆਂ ਸੇਵਾਵਾਂ ਦੇ ਬਦਲੇ ਉਸਨੂੰ ਹੁਸ਼ਿਆਰਪੁਰ ਜ਼ਿਲੇ ਵਿਚ ਗੜ੍ਹਦੀਵਾਲਾ ਅਤੇ ਫ਼ਿਰੋਜ਼ਪੁਰ ਜ਼ਿਲੇ ਵਿਚ ਚੜਿਕ ਦੇ ਇਲਾਕੇ ਇਨਾਮ ਵਜੋਂ ਦਿੱਤੇ। ਜੋਧ ਸਿੰਘ 1818 ਵਿਚ ਮੁਲਤਾਨ ਦੀ ਜੰਗ ਵਿਚ ਮਾਰਿਆ ਗਿਆ ਅਤੇ ਉਸਦਾ ਪੁੱਤਰ ਸੋਭਾ ਸਿੰਘ , ਜੋ ਉਸਦਾ ਉੱਤਰਾਧਿਕਾਰੀ ਬਣਿਆ, 1758 ਵਿਚ ਆਪਣੇ ਦੇਹਾਂਤ ਤਕ 40 ਸਾਲਾਂ ਤਕ ਕਲਸੀਆ ਰਿਆਸਤ ਉੱਤੇ ਰਾਜ ਕਰਦਾ ਰਿਹਾ। 1869 ਵਿਚ ਅਕਾਲ ਚਲਾਣਾ ਕਰ ਗਏ ਸੋਭਾ ਸਿੰਘ ਦੇ ਪੁੱਤਰ ਲਹਿਣਾ ਸਿੰਘ ਦਾ ਵਾਰਸ ਉਸਦਾ ਲੜਕਾ ਬਿਸ਼ਨ ਸਿੰਘ (ਅ.ਚ. 1883) ਅਤੇ ਪੋਤਰੇ ਜਗਜੀਤ ਸਿੰਘ (ਅ.ਚ. 1886) ਅਤੇ ਰਣਜੀਤ ਸਿੰਘ (ਅ.ਚ. 1908) ਬਣੇ। ਵੀਹਵੀਂ ਸਦੀ ਵਿਚ ਕਲਸੀਆ ਦਾ ਪ੍ਰਮੁਖ ਨੇਤਾ ਰਾਜ ਰਵੀ ਸ਼ੇਰ ਸਿੰਘ (1902-1947) ਸੀ ਜੋ ਆਪਣੇ ਪਿਤਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਵਜੋਂ 1908 ਵਿਚ ਗੱਦੀ ਉੱਤੇ ਬੈਠਾ। 1947 ਵਿਚ ਬਰਤਾਨਵੀ ਸਰਵਉੱਚਤਾ ਦੇ ਖ਼ਤਮ ਹੋ ਜਾਣ ਨਾਲ ਕਲਸੀਆ ਰਿਆਸਤ ਨੂੰ ਇੰਡੀਅਨ ਯੂਨੀਅਨ ਵਿਚ ਮਿਲਾ ਦਿੱਤਾ ਗਿਆ ਅਤੇ 1948 ਵਿਚ ਇਸ ਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਵਿਚ ਸ਼ਾਮਲ ਕਰ ਦਿੱਤਾ ਗਿਆ।

ਦੇਖੋ ਕਨ੍ਹਈਆ ਮਿਸਲ


ਲੇਖਕ : ਹ.ਰ.ਗ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.