ਕਰਨਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਨਾਲ. ਪੰਜਾਬ ਦਾ ਇੱਕ ਜਿਲਾ, ਜੋ ਅੰਬਾਲੇ ਦੀ ਕਮਿਸ਼ਨਰੀ ਵਿੱਚ ਹੈ. ਲੋਕਾਂ ਦਾ ਇਹ ਖ਼ਿਆਲ ਹੈ ਕਿ ਇਹ ਕਰਣ ਨੇ ਵਸਾਇਆ ਹੈ (ਕਰਣਾਲਯ).

ਬੰਦਾ ਬਹਾਦੁਰ ਨੇ ਸਨ ੧੭੦੯ ਵਿੱਚ ਕਰਨਾਲ ਫ਼ਤੇ ਕੀਤਾ. ਸ਼੍ਰੀ ਗੁਰੂ ਨਾਨਕ ਦੇਵ ਇਸ ਸ਼ਹਿਰ ਦਿੱਲੀ ਨੂੰ ਜਾਂਦੇ ਹੋਏ ਵਿਰਾਜੇ ਹਨ. ਮਹੱਲਾ ਠਠੇਰਾਂ ਵਿੱਚ ਗੁਰਦ੍ਵਾਰਾ ਹੈ। ੨ ਉਹ ਬੰਦੂਕ, ਜੋ ਹੱਥ ਪੁਰ ਰੱਖਕੇ ਬਿਨਾ ਕਿਸੇ ਸਹਾਰੇ ਦੇ ਚਲਾਈ ਜਾਵੇ. ਇਸੇ ਦਾ ਨਾਉਂ “ਹਥਨਾਲ” ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਨਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਨਾਲ (29°-42’ ਉ, 76°-59’ ਪੂ): ਹਰਿਆਣਾ ਦਾ ਇਕ ਜ਼ਿਲਾ, ਜੋ ਦਿੱਲੀ ਤੋਂ ਉੱਤਰ ਵੱਲ 123 ਕਿਲੋਮੀਟਰ ਦੂਰ ਇਤਿਹਾਸਿਕ ਜਰਨੈਲੀ ਸੜਕ (ਜੀ.ਟੀ.ਰੋਡ) ਉੱਤੇ ਸਥਿਤ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਨਾਲ ਸੰਬੰਧਿਤ ਹੈ। ‘ਗੁਰਦੁਆਰਾ ਮੰਜੀ ਸਾਹਿਬ’ ਗੁਰੂ ਜੀ ਦੇ 1515 ਵਿਚ ਕਰਨਾਲ ਆਗਮਨ ਦੀ ਯਾਦ ਵਿਚ ਬਣਿਆ ਹੋਇਆ ਹੈ ਜਿੱਥੇ ਉਹਨਾਂ ਨੇ ਇਕ ਸ਼ੇਖ਼ ਤਾਹਿਰ ਨਾਲ ਧਾਰਮਿਕ ਸੰਵਾਦ ਕੀਤਾ ਸੀ। ਵਲਾਇਤ ਵਾਲੀ ਜਨਮ ਸਾਖੀ ਵਿਚ ਇਸ ਨੂੰ ਪਾਣੀਪਤ ਦਾ ਸ਼ੇਖ਼ ‘ਟਟੀਹਰ’ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਹ ਦੱਸਿਆ ਕਿ ਮੜ੍ਹੀਆਂ ਅਤੇ ਮਕਬਰੇ ਪੂਜਣ ਦਾ ਰਿਵਾਜ ਇਸਲਾਮ ਦੇ ਆਦੇਸ਼ਾਂ ਦੇ ਉਲਟ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਇਸ ਅਸਥਾਨ ਉੱਤੇ 1670 ਨੂੰ ਦਿੱਲੀ ਤੋਂ ਲਖਨੌਰ ਦੀ ਯਾਤਰਾ ਸਮੇਂ ਆਏ ਸਨ। ਜੀਂਦ ਦੇ ਰਾਜਾ ਗਜਪਤ ਸਿੰਘ (1738-1789) ਨੇ ਮੰਜੀ ਸਾਹਿਬ ਦੇ ਅਸਥਾਨ ਉੱਤੇ ਇਕ ਗੁਰਦੁਆਰਾ ਬਣਵਾਇਆ ਸੀ। ਪਹਿਲੀ ਮੰਜ਼ਲ ਉੱਤੇ ਸੰਗਤ ਲਈ ਇਕ ਹਾਲ , ਲੰਗਰ ਅਸਥਾਨ ਅਤੇ ਦੋ ਮੰਜ਼ਲਾ ਵਰਾਂਡਾ ਪਿੱਛੋਂ ਬਣਾਏ ਗਏ ਹਨ। ਇਹ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਜੋ ਸਥਾਨਿਕ ਕਮੇਟੀ ਰਾਹੀਂ ਇਸ ਦਾ ਪ੍ਰਬੰਧ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਨਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਨਾਲ : ਜ਼ਿਲ੍ਹਾ––ਹਰਿਆਣਾ ਰਾਜ (ਭਾਰਤ) ਦਾ ਇਕ ਜ਼ਿਲ੍ਹਾ ਹੈ ਜਿਸ ਦੇ ਉੱਤਰ ਤੇ ਉੱਤਰ-ਪੱਛਮ ਵਿਚ ਕੁਰਕਸ਼ੇਤਰ, ਦੱਖਣ-ਪੱਛਮ ਵਿਚ ਜੀਂਦ, ਦੱਖਣ ਵਿਚ ਸੋਨੀਪਤ ਅਤੇ ਪੂਰਬ ਵਿਚ (ਉੱਤਰ ਪ੍ਰਦੇਸ਼ ਰਾਜ) ਦੇ ਜ਼ਿਲ੍ਹੇ ਹਨ। ਜ਼ਿਲ੍ਹੇ ਦਾ ਕੁਲ ਰਕਬਾ 3,721 ਵ. ਕਿ. ਮੀ. ਅਤੇ ਵਸੋਂ 1,322,826 (1981) ਹੈ।

          ਵਧੇਰੇ ਕਰਕੇ ਕਰਨਾਲ ਜ਼ਿਲ੍ਹਾ ਪੱਧਰ ਜਲੌਢ ਮਿੱਟੀ ਵਾਲਾ ਮੈਦਾਨ ਹੈ। ਉੱਤਰ ਤੋਂ ਦੱਖਣ ਵੱਲ ਯਮਨਾ ਅਤੇ ਘੱਗਰ ਦਿਆਂ ਪਾਣੀਆਂ ਨੂੰ ਵੱਖ ਕਰਨ ਵਾਲਾ ਜਲ-ਨਿਖੇੜ ਜ਼ਿਲ੍ਹੇ ਨੂੰ ਪਾਰ ਕਰਦਾ ਹੈ। ਜਲ-ਨਿਖੇੜ ਦੇ ਪੂਰਬ ਵਲ ਨੂੰ ਯਮਨਾ ਦਰਿਆਈ ਖੇਤਰ ਹੈ ਜਿਸ ਨੂੰ ‘ਖਾਦਰ’ ਕਿਹਾ  ਜਾਂਦਾ ਹੈ। ਇਹ ਨਵੀਂ ਜਲੌਢ ਮਿੱਟੀ ਦਾ ਨੀਵਾਂ ਇਲਾਕਾ ਹੈ ਅਤੇ ਯਮਨਾ ਦਰਿਆ ਦੇ ਚੜ੍ਹਾਵਾਂ ਦੀ ਪੱਛਮੀ ਸਰਹੱਦ ਨੂੰ ਪ੍ਰਗਟ ਕਰਦਾ ਹੈ। ਇਥੋਂ ਦੀ ਮਿੱਟੀ ਹਲਕੀ ਹੈ ਅਤੇ ਪਾਣੀ ਤਲ ਦੇ ਬਹੁਤ ਨੇੜੇ ਹੈ। ਮੈਦਾਨ ਦੀ ਉਚਾਈ, ਉੱਤਰ ਤੋਂ ਦੱਖਣ ਵੱਲ ਨੂੰ ਹੌਲੀ ਹੌਲੀ ਘਟਦੀ ਜਾਂਦੀ ਹੈ।

          ਜਲ-ਨਿਖੇੜ ਦੇ ਪੱਛਮ ਵਲ ਨੂੰ ਬਾਂਗਰ ਉੱਚ ਭੂਮੀ-ਵਾਲਾ ਮੈਦਾਨ ਹੈ ਜੋ 8 ਤੋਂ 16 ਕਿ. ਮੀ. ਤੀਕ ਚੌੜਾ ਹੈ ਅਤੇ ਪਾਨੀਪਤ, ਕਰਨਾਲ ਅਤੇ ਥਨੇਸਰ ਤਹਿਸੀਲ ਵਿਚ ਖਾਦਰ ਦੇ ਸਮਾਂਤਰ ਫੈਲਿਆ ਹੋਇਆ ਹੈ। ਇਥੇ ਨਹਿਰਾਂ ਤੇ ਖੂਹਾਂ ਨਾਲ ਸਿੰਜਾਈ ਕੀਤੀ ਜਾਂਦੀ ਹੈ।

          ਕਰਨਾਲ ਅਤੇ ਕੈਥਲ ਤਹਿਸੀਲਾਂ ਦੇ ਪੱਛਮ ਵਲ ਨੂੰ ਉੱਚ-ਸਮਭੂਮੀ ਜਿਸ ਨੂੰ ਨਾਰਦਾਕ ਕਿਹਾ ਜਾਂਦਾ ਹੈ, ਫੈਲੀ ਹੋਈ ਹੈ। ਇਥੇ ਪਾਣੀ ਬਹੁਤ ਡੂੰਘਾ ਹੈ ਅਤੇ ਇਹ ਕਈ ਕਿਸਮ ਦੇ ਘਾਹਾਂ ਅਤੇ ਢੱਕ ਦੇ ਰੁੱਖਾਂ ਨਾਲ ਢੱਕਿਆ ਪਿਆ ਹੈ। ਬਾਂਗਰ ਅਤੇ ਨਰਦਾਕ ਖੇਤਰ ਪੁਰਾਣੀ ਜਲੌਢੀ ਮਿੱਟੀ ਵਾਲਾ ਹੈ।

          ਨਰਦਾਕ ਦੇ ਪੱਛਮ ਨੂੰ ਫਿਰ ਕੈਥਲ ਤਹਿਸੀਲ ਦਾ ਬਾਂਗਰ ਹੈ ਜੋ ਰੋਹਤਕ ਅਤੇ ਹਾਂਸੀ ਦੀਆਂ ਉੱਚ-ਭੂਮੀਆਂ ਨਾਲ ਮੇਲ ਖਾਂਦਾ ਹੈ। ਬਾਂਗਰ ਦੇ ਪੱਛਮ ਵੱਲ ਦਾ ਇਲਾਕਾ ਜਿਸ ਵਿਚ ਥਾਨੇਸਰ ਤਹਿਸੀਲ ਦਾ ਪੱਛਮੀ ਹਿੱਸਾ ਅਤੇ ਗੂਹਲਾ ਉਪ-ਮੰਡਲ ਹੈ, ਨੇਲੀ ਜਾਂ ਛੱਚਰਾ ਖੇਤਰ ਕਿਹਾ ਜਾਂਦਾ ਹੈ। ਇਸ ਨੂੰ ਕਈ ਨਦੀਆਂ ਅਤੇ ਨਾਲੇ ਪਾਰ ਕਰਦੇ ਹਨ। ਮਾਰਕੰਡਾ ਨਦੀ ਦੇ ਨਾਲ ਲਗਦਾ ਹੜ੍ਹਾਂ ਦੁਆਰਾ ਬਣਿਆ ਮੈਦਾਨ ਹੈ ਜਿਸ ਨੂੰ ਬੇਟ ਕਹਿੰਦੇ ਹਨ। ਇਥੋਂ ਦੀ ਮਿੱਟੀ ਬਹੁਤ ਚੀਕਣੀ ਹੈ। ਚਾਉਲ ਇਸ ਇਲਾਕੇ ਦੀ ਮੁੱਖ ਫਸਲ ਹੈ।

          ਜ਼ਿਲ੍ਹੇ ਦੇ ਪੂਰਬੀ ਹਿੱਸੇ ਦੇ ਨਾਲ ਨਾਲ, ਲਗਭਗ 80 ਕਿ. ਮੀ. ਤੀਕ, ਯਮਨਾ ਦਰਿਆ ਵਗਦਾ ਹੈ। ਬੂੜ੍ਹੀ ਨਦੀ ਜੋ ਖਾਦਰ ਇਲਾਕੇ ਦੇ ਪੱਛਮੀ ਸਿਰੇ ਦੇ ਨਾਲ ਨਾਲ ਵਗਦੀ ਹੈ, ਕਿਸੇ ਸਮੇਂ ਯਮਨਾ ਦਰਿਆ ਦਾ ਤਲ ਹੁੰਦੀ ਸੀ।

          ਘੱਗਰ ਦਰਿਆ ਜ਼ਿਲ੍ਹੇ ਦੇ ਉੱਤਰੀ ਹਿੱਸੇ ਵਿਚ ਵਹਿੰਦਾ ਹੈ। ਮਾਰਕੰਡਾ, ਕਰਨਾਲ ਜ਼ਿਲ੍ਹੇ ਵਿਚ ਦਾਮਲੀ ਪਿੰਡ ਦੇ ਨੇੜਿਉਂ ਦਾਖਲ ਹੁੰਦਾ ਹੈ ਅਤੇ ਸ਼ਾਹਬਾਦ ਦੇ ਕੋਲੋਂ ਦੀ ਲੰਘਦਾ ਹੈ। ਲਗਭਗ 50 ਕਿ. ਮੀ. ਤੀਕ ਦੱਖਣ-ਪੱਛਮ ਵਲ ਨੂੰ ਵਹਿਣ ਉਪਰੰਤ ਇਹ ਸਰਸਵਤੀ ਵਿਚ ਜਾ ਮਿਲਦਾ ਹੈ। ਇਹ ਮੌਸਮੀ ਦਰਿਆ ਹੈ ਅਤੇ ਬਰਸਾਤੀ ਮੌਸਮ ਵਿਚ ਇਸ ਵਿਚ ਹੜ੍ਹ ਆ ਜਾਂਦੇ ਹਨ। ਸਰਸਵਤੀ ਨਦੀ ਹੋਰ ਛੋਟੇ ਛੋਟੇ ਨਾਲਿਆਂ ਦੇ ਨਾਲ ਨਾਲ ਥਾਨੇਸਰ ਤਹਿਸੀਲ ਦੇ ਵਧੇਰੇ ਹਿੱਸੇ ਦਾ ਜਲ-ਨਿਕਾਸ ਕਰਦੀ ਹੈ ਅਤੇ ਨੀਵੇਂ ਨੇਲੀ ਇਲਾਕੇ ਵਿਚ, ਬਰਸਾਤੀ ਮੌਸਮ ਵਿਚ ਹੜ੍ਹ ਲੈ ਆਉਂਦੀ ਹੈ। ਜ਼ਿਲ੍ਹੇ ਦੀ ਸਰਹੱਦ ਪਾਰ ਕਰਨ ਤੋਂ ਬਾਅਦ ਇਹ ਘੱਗਰ ਦਰਿਆ ਵਿਚ ਜਾ ਡਿਗਦੀ ਹੈ। ਉਕਤ ਵਰਣਿਤ ਨਦੀਆਂ ਤੋਂ ਇਲਾਵਾ ਰਖਸ਼ੀ ਨਦੀ, ਛੁਟਾਂਗ ਨਦੀ, ਓਮਲਾ ਨਦੀ, ਪਟਿਆਲਾ ਨਦੀ, ਨਾਈ ਨਦੀ ਅਤੇ ਗੰਦਾ ਨਾਲ ਇਥੇ ਦੇ ਹੋਰ ਨਾਲੇ ਹਨ ਜੋ ਜ਼ਿਲ੍ਹੇ ਦੇ ਉੱਤਰੀ-ਪੱਛਮੀ ਹਿੱਸੇ ਵਿਚ ਵਗਦੇ ਹਨ।

          ਜ਼ਿਲ੍ਹੇ ਦੇ ਉੱਤਰ ਅਤੇ ਉੱਤਰ-ਪੱਛਮ ਵਲ ਨੂੰ ਕਈ ਝੀਲਾਂ ਹਨ। ਬੀਬੀਪੁਰ ਝੀਲ, ਪਰਾਣ ਝੀਲ, ਬਜ਼ਾਦ ਝੀਲ, ਨੋਹਰਾ ਝੀਲ, ਸ਼ੇਰਾ ਝੀਲ, ਦੋਸੀਆਂ ਝੀਲ ਅਤੇ ਕਰਨ ਝੀਲ ਜ਼ਿਲ੍ਹੇ ਦੀਆਂ ਪ੍ਰਸਿੱਧ ਝੀਲਾਂ ਹਨ।

          ਇਥੇ ਕੰਕਰ ਅਤੇ ਸ਼ੋਰਾ ਖਣਿਜ-ਪਦਾਰਥ ਦੇ ਤੌਰ ਤੇ ਮਿਲਦੇ ਹਨ।

          ਜ਼ਿਲ੍ਹੇ ਦਾ ਜਲਵਾਯੂ ਪੰਜਾਬ ਦੇ ਮੈਦਾਨਾਂ ਵਰਗਾ ਹੈ। ਇਥੇ ਗਰਮੀਆਂ ਵਿਚ ਸਖਤ ਗਰਮੀ ਅਤੇ ਸਰਦੀਆਂ ਵਿਚ ਸਖਤ ਸਰਦੀ ਪੈਂਦੀ ਹੈ। ਇਥੇ ਔਸਤਲ ਸਲਾਨਾ ਵਰਖਾ 75 ਸੈਂ. ਮੀ. ਹੁੰਦੀ ਹੈ।

          ਜ਼ਿਲ੍ਹੇ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਥੋਂ  ਦੀ ਭੂਮੀ ਬਹੁਤ ਉਪਜਾਊ ਹੈ। ਚਾਉਲ ਅਤੇ ਗੰਨਾ ਜ਼ਿਲ੍ਹੇ ਦੀਆਂ ਮੁੱਖ ਫਸਲਾਂ ਹਨ। ਇਸ ਤੋਂ ਇਲਾਵਾ ਇਥੇ ਕਣਕ, ਕਪਾਹ, ਮੱਕੀ, ਬਾਜਰਾ ਵੀ ਉਗਾਇਆ ਜਾਂਦਾ ਹੈ। ਚਰਾਂਦਾਂ ਦੀਆਂ ਵਧੇਰੇ ਸਹੂਲਤਾਂ ਕਾਰਨ ਇਥੇ ਮੱਝਾਂ, ਭੇਡਾਂ ਅਤੇ ਬੱਕਰੀਆਂ ਕਾਫ਼ੀ ਗਿਣਤੀ ਵਿਚ ਪਾਲੀਆਂ ਜਾਂਦੀਆਂ ਹਨ। ਇਥੇ ਪਸ਼ੂ ਵਿਕਾਸ ਪ੍ਰਾਜੈਕਟ ਵੀ ਚਲ ਰਿਹਾ ਹੈ।

          ਜ਼ਿਲ੍ਹੇ ਵਿਚ ਸਿੰਜਾਈ ਮੁੱਖ ਤੌਰ ਤੇ ਨਹਿਰਾਂ ਦੁਆਰਾ ਕੀਤੀ ਜਾਂਦੀ ਹੈ। ਪੱਛਮੀ ਯਮਨਾ ਨਹਿਰ, ਭਾਖੜਾ ਨਹਿਰ ਦੀ ਨਰਵਾਣਾ ਸ਼ਾਖਾ, ਸਰਸਵਤੀ ਨਹਿਰ ਅਤੇ ਛੁਟਾਂਗ ਨਹਿਰਾ ਜ਼ਿਲ੍ਹੇ ਨੂੰ ਸਿੰਜਦੀਆਂ ਹਨ। ਨਹਿਰਾਂ ਤੋਂ ਇਲਾਵਾ ਇਥੇ ਟਿਊਬਵੈਲਾਂ ਅਤੇ ਖੂਹਾਂ ਦੁਆਰਾ ਵੀ ਸਿੰਜਾਈ ਕੀਤੀ ਜਾਂਦੀ ਹੈ।

          ਉਦਯੋਗਿਕ ਪੱਖੋਂ ਇਹ ਵਧੇਰੇ ਮਹੱਤਤਾ ਵਾਲਾ ਜ਼ਿਲ੍ਹਾ ਨਹੀਂ ਹੈ। ਇਥੇ ਖੰਡ, ਸ਼ਰਾਬ, ਸਪਿਰਿਟ, ਹੱਥ-ਖੱਡੀ ਕੱਪੜਾ, ਉਨੀ ਕਪੜਾ, ਜ਼ਰਾਇਤੀ ਸੰਦ, ਇੰਜੀਨੀਅਰਿੰਗ, ਢਲਾਈ, ਸਾਈਕਲਾਂ ਅਤੇ ਮਸ਼ੀਨਾਂ ਦੇ ਪੁਰਜ਼ੇ, ਕੰਡਿਊਟ ਫੌਲਾਦ ਦਾ ਬਣਿਆ ਸਾਮਾਨ, ਸ਼ੈਲਰ, ਸਟੀਲ ਰੋਲਿੰਗ ਮਿਲ, ਬੀਜਾਂ ਤੋਂ ਤੇਲ ਕੱਢਣਾ ਅਤੇ ਰਬੜ ਦੀਆਂ ਵਸਤਾਂ ਤਿਆਰ ਕਰਨ ਦੇ ਉਦਯੋਗ ਸਥਾਪਤ ਹਨ। ਚਮੜਾ ਬਣਾਉਣਾ, ਜੁੱਤੀਆਂ ਬਣਾਉਣਾ, ਹਾਥੀ ਦੰਦ ਦੀਆਂ ਵਸਤਾਂ, ਵਾਣ ਅਤੇ ਰੱਸੀਆਂ ਵੱਟਣਾ ਅਤੇ ਗੁੜ ਬਣਾਉਣਾ ਇਥੋਂ ਦੇ ਘਰੇਲੂ ਉਦਯੋਗ ਹਨ।

          ਨਰਵਾਣਾ ਅਤੇ ਪਾਨੀਪਤ, ਜ਼ਿਲ੍ਹੇ ਦੇ ਵੱਡੇ ਸ਼ਹਿਰ ਹਨ।

          ਪੁਰਾਤਤਵੀ ਹਿਤ ਦੇ ਪੱਖੋਂ ਇਥੇ ਕਈ ਅਸਥਾਨ ਹਨ। ਕੈਥਲ ਤਹਿਸੀਲ ਦੇ ਸੀਵਨ ਪਿੰਡ ਵਿਚ ਸੀਤਾ ਜੀ ਦਾ ਇਕ ਮੰਦਰ ਬਣਿਆ ਹੋਇਆ ਹੈ। ਕੈਥਲ ਅਤੇ ਥਾਨੇਸਰ ਦੀਆਂ ਤਹਿਸੀਲਾਂ ਦੇ ਕਾਫੀ ਇਲਾਕੇ ਵਿਚ ਕਈ ਤੀਰਥ ਹਨ। ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਵਿਕਾਸ ਰਿਸ਼ੀ ਬਸਤਲੀ ਪਿੰਡ ਵਿਚ ਰਿਹਾ ਸੀ। ਗੌਂਦਰ ਪਿੰਡ ਦਾ ਸਬੰਧ ਗੌਤਮ ਰਿਸ਼ੀ ਨਾਲ ਜੋੜਿਆ ਜਾਂਦਾ ਹੈ। ਮਹਾਂਭਾਰਤ ਦੀ ਲੜਾਈ ਦੇ ਅੰਤ ਵਿਚ ਦੁਰਯੋਧਨ ਬਹਿਲੋਲਪੁਰ ਪਿੰਡ ਪ੍ਰਾਸ਼ਰ ਤਲਾਅ ਵਿਚ ਲੁਕਿਆ ਸੀ। ਫਰਾਲ ਪਿੰਡ ਵਿਚ ਫਲਗੂ ਤਲਾਅ ਉੱਤੇ ਪਾਂਡਵਾਂ ਨੇ ਯੁੱਧ ਵਿਚ ਸ਼ਹੀਦ ਹੋਏ ਯੋਧਿਆਂ ਦੀਆਂ ਅੰਤਮ ਰਸਮਾਂ ਨਿਭਾਈਆਂ ਸਨ। ਇਸ ਸਮੇਂ ਹਰਿਆਣਾ ਰਾਜ ਦਾ ਸਭ ਤੋਂ ਵੱਡਾ ਮੇਲਾ ਇਥੇ ਲਗਦਾ ਹੈ। ਪਾਨੀਪਤ ਵਿਖੇ ਸਥਿਤ ਕਲੰਦਰ ਸਾਹਿਬ ਦੇ ਮਕਬਰੇ ਨੂੰ ਅਲਾਉਦੀਨ ਖਿਲਜੀ ਦੇ ਪੁੱਤਰਾਂ ਅਤੇ ਕਾਬਲੀ ਬਾਗ਼ ਨੂੰ ਬਾਬਰ ਨੇ ਬਣਵਾਇਆ ਸੀ। ਘਰੌਂਡਾਂ ਵਿਖੇ, ਸ਼ਾਹ ਜਹਾਨ ਦੇ ਰਾਜ-ਕਾਲ ਦੌਰਾਨ ਦੀ ਬਣੀ ਸਰਾਂ ਦੇ ਖੰਡਰਾਤ ਅਜੇ ਵੀ ਮੌਜੂਦ ਹਨ। ਆਜ਼ਾਦੀ ਉਪਰੰਤ ਹੋਂਦ ਵਿਚ ਆਇਆ ਕਸਬਾ ਨੀਲੋਖੇੜੀ ਵੀ ਇਸੇ ਜ਼ਿਲ੍ਹੇ ਵਿਚ ਹੈ। ਇਹ ਕਸਬਾ ਓਰੀਐਂਟੇਸ਼ਨ ਐਂਡ ਸਟੱਡੀ ਸੈਂਟਰ, ਐਕਸਟੈਨਸ਼ਨ ਇੰਸਟੀਚਿਊਟ, ਖਾਦੀ ਗ੍ਰਾਮ ਉਦਯੋਗ ਵਿਦਿਆਲਾ ਅਤੇ ਸਰਕਾਰੀ ਪਾਲੀਟੈਕਨਿਕ ਲਈ ਪ੍ਰਸਿੱਧ ਹੈ।

          ਕਰਨਾਲ ਦਾ ਇਤਿਹਾਸ ਬੜਾ ਪੁਰਾਣਾ ਹੈ, ਵੇਦਾਂ ਵਿਚ ਇਸ ਦਾ ਜ਼ਿਕਰ ਬ੍ਰਹਮਾਰਿਸ਼ੀ ਦੇਸ਼ ਦੇ ਹਿੱਸੇ ਵਜੋਂ ਆਇਆ ਹੈ। ਈਸਾ ਮਸੀਹ ਤੋਂ ਪਹਿਲਾਂ ਇਥੇ ਤੀਜੀ ਅਤੇ ਦੂਜੀ ਸਦੀ ਵਿਚ ਮੋਰੀਆ ਖ਼ਾਨਦਾਨ ਦੇ ਬਾਦਸ਼ਾਹਾਂ ਚੰਦਰਗੁਪਤ ਅਤੇ ਅਸ਼ੋਕ ਦਾ ਰਾਜ ਹੁੰਦਾ ਸੀ। ਛੇਵੀਂ ਸਦੀ ਦੇ ਅੰਤ ਵਿਚ ਇਹ ਰਾਜਾ ਪ੍ਰਭਾਕਰ ਵਰਧਨ ਦੀ ਰਾਜਧਾਨੀ ਰਹੀ ਪ੍ਰਤੀਤ ਹੁੰਦੀ ਹੈ। ਰਾਜਾ ਹਰਸ਼ ਦੇ ਰਾਜ ਕਾਲ ਦੌਰਾਨ ਥਾਨੇਸਰ ਉੱਤਰੀ ਭਾਰਤ ਵਿਚ ਸ਼ਕਤੀਸ਼ਾਲੀ ਥਾਂ ਬਣਾ ਚੁੱਕਾ ਸੀ। ਸੰਨ 1104 ਵਿਚ ਮਹਿਮੂਦ ਗਜ਼ਨਵੀ ਨੇ ਥਾਨੇਸਰ ਨੂੰ ਖੂਬ ਬਰਬਾਦ ਕੀਤਾ। ਸੰਨ 1039 ਵਿਚ ਮਹਿਮੂਦ ਗਜ਼ਨਵੀ ਦੇ ਪੁੱਤਰ ਸੁਲਤਾਨ ਮਸਊਦ ਨੇ ਇਸ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ। ਅੱਠਾਂ ਕੁ ਸਾਲਾਂ ਬਾਅਦ ਹਿੰਦੂਆਂ ਨੇ ਇਸ ਨੂੰ ਫ਼ਤਹਿ ਕਰ ਲਿਆ ਅਤੇ ਲਗਭਗ ਡੇਢ ਸਦੀ ਤੀਕ ਇਹ ਉਨ੍ਹਾਂ ਅਧੀਨ ਹੀ ਰਿਹਾ। ਸੰਨ 1191 ਵਿਚ ਮੁਹੰਮਦ ਗੌਰੀ ਨੇ ਹਮਲਾ ਕੀਤਾ ਪਰ ਰਾਜਪੂਤ ਬਾਦਸ਼ਾਹ ਪ੍ਰਿਥਵੀ ਚੰਦ ਨੇ ਉਸ ਨੂੰ ਤਰਾਉੜੀ ਦੇ ਸਥਾਨ ਤੇ ਚੰਗੀ ਹਾਰ ਦਿੱਤੀ। ਅਗਲੇ ਸਾਲ ਮੁਹੰਮਦ ਗੌਰੀ ਨੇ ਫਿਰ ਹਮਲਾ ਕੀਤਾ ਅਤੇ ਪ੍ਰਿਥਵੀ ਰਾਜ ਨੂੰ ਮਾਰ ਕੇ ਦਿੱਲੀ ਫ਼ਤਿਹ ਕਰ ਲਈ। ਅਖੀਰ ਦਿੱਲੀ ਦੇ ਇਲਾਕੇ ਉਤੇ ਮੁਸਲਮਾਨੀ ਰਾਜ ਕਾਇਮ ਹੋ ਗਿਆ। ਕਰਨਾਲ ਜ਼ਿਲ੍ਹੇ ਦਾ ਇਲਾਕਾ ਵੀ ਇਸੇ ਰਾਜ ਵਿਚ ਸ਼ਾਮਲ ਹੈ।

          ਇਸ ਤੋਂ ਪਿਛਲੀ ਪਠਾਣ ਅਤੇ ਮੁਗਲ ਹਕੂਮਤ ਦੌਰਾਨ ਇਸ ਇਲਾਕੇ ਵਿਚ ਕਈ ਫੈਸਲਾਕੁੰਨ ਲੜਾਈਆਂ ਹੋਈਆਂ। ਰਜ਼ੀਆ ਸੁਲਤਾਨਾ ਦੀ ਕੈਥਲ ਦੇ ਨੇੜੇ ਹੀ ਲੜਾਈ ਹੋਈ ਸੀ ਜਿਸਦੇ ਨਤੀਜੇ ਵਜੋਂ ਦਿੱਲੀ ਦਾ ਤਖ਼ਤ ਉਸ ਦੇ ਹਥੋਂ ਸਦਾ ਲਈ ਖੁੱਸ ਗਿਆ। ਸੰਨ 1526 ਵਿਚ ਬਾਬਰ ਅਤੇ ਇਬਰਾਹੀਮ ਲੋਧੀ ਵਿਚਕਾਰ ਪਾਨੀਪਤ ਦੇ ਸਥਾਨ ਤੇ ਲੜਾਈ ਹੋਈ ਸੀ ਅਤੇ ਬਾਬਰ ਦੀ ਜਿੱਤ ਹੋਈ। ਪਠਾਣਾਂ ਦਾ ਰਾਜ ਖਤਮ ਹੋ ਗਿਆ ਅਤੇ ਭਾਰਤ ਉੱਤੇ ਮੁਗਲ ਰਾਜ ਦਾ ਆਰੰਭ ਹੋਇਆ। ਸੰਨ 1556 ਵਿਚ ਅਕਬਰ ਅਤੇ ਪਠਾਣਾਂ ਦੇ ਹਿੰਦੂ ਵਜ਼ੀਰ ਹੇਮੂ ਵਿਚਕਾਰ ਪਾਨੀਪਤ ਦੀ ਦੂਜੀ ਲੜਾਈ ਹੋਈ। ਅਕਬਰ ਨੇ ਹੇਮੂ ਨੂੰ ਮਾਰ ਦਿੱਤਾ ਅਤੇ ਆਪ ਦਿੱਲੀ ਦਾ ਤਖ਼ਤ ਜਾ ਮੱਲਿਆ। ਇਸ ਤੋਂ ਅੱਗੇ ਮੁਗ਼ਲ ਰਾਜ ਪੱਕੀਆਂ ਜੜ੍ਹਾਂ ਫੜ ਗਿਆ ਅਤੇ ਦੋ ਸਦੀਆਂ ਤੀਕ ਕਰਨਾਲ ਦੇ ਇਲਾਕੇ ਵਿਚ ਅਮਨ-ਅਮਾਨ ਨਾਲ ਰਾਜ-ਪ੍ਰਬੰਧ ਚਲਦਾ ਰਿਹਾ।

          ਸਤਾਰ੍ਹਵੀਂ ਸਦੀ ਦਾ ਅਖੀਰ ਮੁਗ਼ਲਾਂ ਦੀ ਢਹਿੰਦੀਆਂ ਕਲਾਂ ਦਾ ਸਮਾਂ ਸੀ ਤੇ ਸਿੱਖਾਂ ਦੀ ਚੜ੍ਹਦੀ ਕਲਾ ਦਾ। ਸੰਨ 1709 ਵਿਚ ਬੰਦਾ ਸਿੰਘ ਬਹਾਦਰ ਨੇ ਬਗ਼ਾਵਤ ਕਰ ਦਿੱਤੀ ਅਤੇ ਯਮਨਾ ਦੇ ਪੱਛਮ ਵਲ ਦਾ ਸਾਰਾ ਇਲਾਕਾ ਆਪਣੇ ਕਬਜ਼ੇ ਹੇਠ ਕਰ ਲਿਆ। ਸੰਨ 1738 ਵਿਚ ਨਾਦਰਸ਼ਾਹ ਨੇ ਭਾਰਤ ਤੇ ਹਮਲਾ ਕੀਤਾ ਅਤੇ ਮੁਹੰਮਦ ਸ਼ਾਹ ਦੀਆਂ ਫੌਜਾਂ ਦੀ ਉਸ ਨਾਲ ਕਰਨਾਲ ਦੇ ਸਥਾਨ ਤੇ ਲੜਾਈ ਹੋਈ। ਮੁਹੰਮਦ ਸ਼ਾਹ ਦੀ ਇਸ ਲੜਾਈ ਵਿਚ ਬੁਰੀ ਤਰ੍ਹਾਂ ਹਾਰ ਹੋਈ। ਦਿੱਲੀ ਉਪਰ ਕਬਜ਼ਾ ਕਰਨ ਉਪਰੰਤ ਨਾਦਰ ਸ਼ਾਹ ਚਲਾ ਗਿਆ ਅਤੇ ਦਿੱਲੀ ਮੁਗ਼ਲ ਹਾਕਮਾਂ ਦੇ ਅਧੀਨ ਕਰ ਗਿਆ। ਪਰ ਇਹ ਹਾਕਮ ਕਮਜ਼ੋਰ ਹੋਣ ਕਾਰਨ ਦੱਖਣ ਵਿਚੋਂ ਮਰਹੱਟਿਆਂ ਨੇ ਇਸ ਉੱਤੇ ਧਾਵਾ ਕਰ ਦਿੱਤਾ ਅਤੇ ਕੁੰਜਪੁਰੇ ਦੇ ਸਥਾਨ ਪਠਾਣ ਫ਼ੌਜਾਂ ਦਾ ਬਹੁਤ ਜਾਨੀ ਨੁਕਸਾਨ ਕੀਤਾ। ਜਿਸ ਦੇ ਸਿੱਟੇ ਵਜੋਂ ਅਹਿਮਦਸ਼ਾਹ ਅਬਦਾਲੀ 1761 ਈ. ਵਿਚ ਬੜੇ ਰੋਹ ਵਿਚ ਚੜ੍ਹਕੇ ਆਇਆ ਅਤੇ ਮਰਹੱਟਿਆਾਂ ਨੂੰ ਖੇਰੂੰ ਖੇਰੂੰ ਹੀ ਕਰ ਦਿੱਤਾ। ਇਹ ਪਾਨੀਪਤ ਦੀ ਤੀਜੀ ਲੜਾਈ ਸੀ।

          ਪਾਨੀਪਤ ਦੀ ਤੀਜੀ ਲੜਾਈ ਵਿਚ ਹਾਰ ਖਾਣ ਤੋਂ ਬਾਅਦ ਮਰਹੱਟੇ ਥੋੜ੍ਹਾ ਚਿਰ ਲਈ ਪਿਛਾਂਹ ਹਟ ਗਏ ਅਤੇ ਉਨ੍ਹਾਂ ਦੀ ਥਾਂ ਸਿੱਖ-ਸੂਰਮਿਆਂ ਨੇ ਮੱਲ ਲਈ। ਸਿੱਖਾਂ ਨੇ ਸਰਹਿੰਦ ਦੇ ਦੁਰਾਨੀ ਗਵਰਨਰ ਨੂੰ ਹਰਾ ਦਿੱਤਾ ਅਤੇ ਪਾਨੀਪਤ ਤੀਕ ਦੇ ਸਰਹਿੰਦ ਦੇ ਸਾਰੇ ਇਲਾਕੇ ਉੱਤੇ ਆਪਣਾ ਕਬਜ਼ਾ ਜਮਾ ਲਿਆ। ਇਹ ਇਲਾਕਾ ਕਈ ਸਿੱਖ ਸਰਦਾਰਾਂ ਅਤੇ ਉਨ੍ਹਾਂ ਦੇ ਪੱਖੀਆਂ ਜਿਨ੍ਹਾਂ ਵਿਚੋਂ ਕੈਥਲ ਦੇ ਭਾਈ ਥਾਨੇਸਰ ਅਤੇ ਲਾਡਵਾ ਦੇ ਸਰਦਾਰ ਅਤੇ ਕੁੰਜਪੁਰਾ ਦੇ ਪਠਾਣ ਸਰਦਾਰ ਉੱਘੇ ਸਨ, ਵਿਚਕਾਰ ਵੰਡਿਆ ਹੋਇਆ ਸੀ। ਕਰਨਾਲ ਦੇ ਦੱਖਣ ਵਲ ਦੇ ਇਲਾਕੇ ਉੱਤੇ ਕਿਸੇ ਦਾ ਕਬਜ਼ਾ ਨਹੀਂ ਸੀ ਇਸ ਇਲਾਕੇ ਉਤੇ ਕਈ ਵਾਰ ਸਿੱਖਾਂ ਤੇ ਮਰਹੱਟਿਆ ਦਾ ਵਾਰੀ ਵਾਰੀ ਕਬਜ਼ਾ ਰਿਹਾ। ਸਿੱਖਾਂ ਦੀ ਜਿੱਤ ਨੂੰ ਵੇਖ ਕੇ ਅਹਿਮਦ ਸ਼ਾਹ ਅਬਦਾਲੀ ਫਿਰ ਚੜ੍ਹ ਆਇਆ। ਸੰਨ 1767 ਵਿਚ ਉਸ ਨੇ ਸਿੱਖਾਂ ਨੂੰ ਕਈ ਲੜਾਈਆਂ ਵਿਚ ਹਰਾਇਆ ਪਰ ਉਹ ਲੁਧਿਆਣੇ ਤੋਂ ਹੀ ਪਿਛਾਂਹ ਮੁੜ ਗਿਆ। ਇਸ ਤੋਂ ਪਿਛੋਂ ਦੇਸ਼ ਦੀ ਵਾਗਡੋਰ ਸਿੱਖਾ ਨੇ ਸੰਭਾਲ ਲਈ। ਸਿੱਖ ਸਰਦਾਰਾਂ ਦੀ ਆਪਸੀ ਫੁੱਟ ਕਾਰਨ, ਮਰਹੱਟੇ ਫਿਰ ਮੈਦਾਨ ਵਿਚ ਆ ਗਏ। ਸੰਨ 1798 ਵਿਚ ਸਿੰਧੀਆ ਨੇ ਦਿੱਲੀ ਤੋਂ ਥਾਨੇਸਰ ਵਲ ਨੂੰ ਕੂਚ ਕੀਤਾ ਇਸ ਤੋਂ ਪਿਛੋਂ ਪਟਿਆਲੇ ਵਲ ਨੂੰ ਵਧਿਆ। ਇਸ ਤਰ੍ਹਾਂ ਉਸ ਨੇ ਯਮਨਾ ਦੇ ਪੱਛਮੀ ਹਿੱਸੇ ਵਿਚ ਥੋੜ੍ਹਾ ਬਹੁਤ ਅਮਨ-ਅਮਾਨ ਸਥਾਪਤ ਕੀਤਾ ਪਰ ਇਹ ਸਰਦਾਰੀ ਕਮਜ਼ੋਰ ਹੀ ਰਹੀ। ਸੰਨ 1803 ਈ. ਵਿਚ ਜਦੋਂ ਅੰਗਰੇਜ਼ਾਂ ਨੇ ਦਿੱਲੀ ਦੀ ਲੜਾਈ ਵਿਚ ਮਰਹੱਟਿਆਂ ਨੂੰ ਹਰਾ ਦਿੱਤਾ ਤਾਂ ਇਹ ਸਰਦਾਰੀ ਵੀ ਖਤਮ ਹੋ ਗਈ। ਮਗਰੋਂ ਹੋਈ ਸੰਧੀ ਦੇ ਨਤੀਜੇ ਵਜੋਂ ਮਰਹੱਟਿਆਂ ਨੇ ਭਾਰਤ ਦੇ ਉੱਤਰ ਵਲ ਦੇ ਇਲਾਕਿਆਂ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿਤਾ। ਜੀਂਦ ਦੇ ਰਾਜੇ, ਕੈਥਲ ਦੇ ਭਾਈ ਅਤੇ ਪਾਨੀਪਤ ਦੀ ਬੇਗ਼ਮ ਸਮਰੂ ਨੇ ਅੰਗਰੇਜ਼ਾਂ ਦੀ ਈਨ ਮੰਨ ਲਈ। ਥਾਨੇਸਰ ਅਤੇ ਲਾਡਵਾ ਦੇ ਸਰਦਾਰ ਅਤੇ ਦਿੱਲੀ ਦੀ ਲੜਾਈ ਵਿਚ ਮਰਹੱਟਿਆਂ ਦਾ ਸਾਥ ਦੇਣ ਵਾਲੇ ਸਰਦਾਰ ਵੀ ਅੰਗਰੇਜ਼ਾਂ ਅਧੀਨ ਹੋ ਗਏ। ਸੰਨ 1805 ਵਿਚ ਅੰਗਰੇਜ਼ਾਂ ਨੇ, ਸ਼ਾਂਤਮਈ ਸਲੂਕ ਰੱਖਣ ਦੀ ਸ਼ਰਤ ਤੇ ਸਿੱਖਾਂ ਨੂੰ ਆਮ ਮੁਆਫ਼ੀ ਦਾ ਐਲਾਨ ਕਰ ਦਿਤਾ ਪਰ ਲਾਡਵਾ ਦੇ ਗੁਰਦਿੱਤ ਸਿੰਘ ਨੂੰ ਆਮ ਮੁਆਫ਼ੀ ਨਾ ਦਿੱਤੀ ਅਤੇ ਉਸਦੇ ਕਿਲੇ ਤੇ ਆਪਣਾ ਕਬਜ਼ਾ ਕਰ ਲਿਆ।

          ਸੰਨ 1805 ਵਿਚ ਲਾਰਡ ਕਾਰਨਵਾਲਿਸ ਦੇ ਪਿਛੋਂ ਅੰਗਰੇਜ਼ਾਂ ਨੇ ਯਮਨਾ ਦੇ ਪੱਛਮ ਵਲ ਦੇ ਇਲਾਕੇ ਵਿਚੋਂ ਪਿਛਾਂਹ ਮੁੜਣ ਦੀ ਨੀਤੀ ਅਪਣਾਈ। ਇਹ ਇਲਾਕਾ ਬਹੁਤ ਸਾਰੇ ਸਿੱਖ ਸਰਦਾਰਾਂ ਅਤੇ ਹੋਰ ਅੰਗਰੇਜ਼-ਪੱਖੀਆਂ ਵਿਚਕਾਰ ਵੰਡਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਤਲੁਜ ਪਾਰ ਦੇ ਹਮਲੇ ਕਾਰਨ, ਅੰਗਰੇਜ਼ਾਂ ਨੂੰ ਯਮਨਾ ਦੇ ਪੱਛਮ ਵਲ ਦੇ ਇਲਾਕੇ ਸਬੰਧੀ ਆਪਣੀ ਬੇ-ਦੱਖਲੀ ਦੀ ਨੀਤੀ ਬਦਲਣੀ ਪਈ। ਸੰਨ 1809 ਵਿਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਲਾਹੌਰ ਦੀ ਸੰਧੀ ਹੋਈ। ਸੰਧੀ ਅਨੁਸਾਰ ਸਤਲੁਜ ਪਾਰ ਦੇ ਸਰਦਾਰਾਂ ਉੱਤੇ ਅੰਰੇਜ਼ਾਂ ਦੀ ਅਧਿਰਾਜਤਾ ਨੂੰ ਮਾਨਤਾ ਦੇ ਦਿਤੀ ਗਈ। ਸੰਨ 1845 ਵਿਚ ਸਿੱਖਾਂ ਦੀ ਪਹਿਲੀ ਲੜਾਈ ਦੌਰਾਨ ਸਤਲੁਜ ਪਾਰ ਦੇ ਸਿੱਖ ਸਰਦਾਰਾਂ ਵਿਚੋਂ ਥੋੜ੍ਹਿਆਂ ਜਿਹਿਆਂ ਨੇ ਅੰਗਰੇਜ਼ਾਂ ਪ੍ਰਤਿ ਆਪਣੀ ਵਫਾਦਰੀ ਦਾ ਸਬੂਤ ਦਿਤਾ। ਸਿੱਖਾਂ ਦੀ ਦੂਜੀ ਲੜਾਈ ਦੇ ਨਤੀਜੇ ਵਜੋਂ ਪੰਜਾਬ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਪਿੱਛੋਂ ਕੁੰਜਪੁਰਾ, ਥਾਨੇਸਰ ਅਤੇ ਸ਼ਾਮਗੜ੍ਹ ਦੇ ਸਰਦਾਰਾਂ ਦੀ ਪਦਵੀ ਘਟਾਕੇ ਸਾਧਾਰਨ ਜਾਗੀਰਦਾਰਾਂ ਵਰਗੀ ਕਰ ਦਿਤੀ। ਸੰਨ 1843 ਵਿਚ ਕੈਥਲ ਰਿਆਸਤ ਅੰਗਰੇਜ਼ਾਂ ਦੇ ਹਵਾਲੇ ਹੋ ਗਈ।

          ਸੰਨ 1857 ਦੇ ਵਿਦਰੋਹ ਦੌਰਾਨ ਪਟਿਆਲਾ ਅਤੇ ਜੀਂਦ ਦੇ ਸਰਦਾਰਾਂ ਦੀ ਅੰਗਰੇਜ਼ਾਂ ਪ੍ਰਤਿ ਵਫਾਦਾਰੀ ਕਾਰਨ, ਕਰਨਾਲ ਜ਼ਿਲ੍ਹੇ ਦਾ ਬਿਲਕੁਲ ਨੁਕਸਾਨ ਨਾ ਹੋਇਆ। ਇਸ ਸਮੇਂ ਤੋਂ ਲੈ ਕੇ ਇਥੇ ਕੋਈ ਇਤਿਹਾਸਕ ਘਟਨਾ ਨਹੀਂ ਵਾਪਰੀ। ਸੰਨ 1947 ਵਿਚ ਭਾਰਤ ਦੀ ਵੰਡ ਹੋ ਗਈ ਅਤੇ ਕਰਨਾਲ (ਭਾਰਤ) ਦੇ ਪੰਜਾਬ ਰਾਜ ਦਾ ਜ਼ਿਲ੍ਹਾ ਬਣ ਗਿਆ।

          ਨਵੰਬਰ 1, 1966 ਨੂੰ ਪੰਜਾਬ ਰਾਜ ਦਾ ਭਾਸ਼ਾਈ ਪੱਧਰ ਤੇ ਪੁਨਰ-ਸੰਗਠਨ ਹੋਇਆ ਅਤੇ ਕਰਨਾਲ ਜ਼ਿਲ੍ਹਾ, ਨਵੇਂ ਹੋਂਦ ਵਿਚ ਆਏ ਰਾਜ ਹਰਿਆਣਾ ਦਾ ਜ਼ਿਲ੍ਹਾ ਬਣ ਗਿਆ। ਪਰ ਉਦੋਂ ਤੋਂ ਹੀ ਇਹ ਜ਼ਿਲ੍ਹਾ ਪੰਜਾਬ ਅਤੇ ਹਰਿਆਣੇ ਵਿਚਕਾਰ ਵਾਦ-ਵਿਵਾਦ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਇਲਾਕੇ ਉੱਤੇ ਜਿਥੋਂ ਦੇ ਲੋਕ ਪੰਜਾਬੀ ਬੋਲਦੇ ਹਨ ਪੰਜਾਬ ਆਪਣਾ ਹੱਕ ਸਮਝਦਾ ਹੈ ਅਤੇ ਉਸ ਨੂੰ ਪੰਜਾਬ ਵਿਚ ਸ਼ਾਮਲ ਕਰਨ ਲਈ ਲਗਾਤਾਰ ਮੰਗ ਕਰ ਰਿਹਾ ਹੈ।

          ਹ. ਪੁ.––ਇੰਪ. ਗ. ਇੰਡ. 15 : 48 ; ਡਿਸਟ੍ਰਿਕਟ ਸੈਂਸਿਸ ਹੈਂਡ ਬੁੱਕ-ਕਰਨਾਲ ਡਿਸਟ੍ਰਿਕਟ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਰਨਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਨਾਲ : ਸ਼ਹਿਰ––ਹਰਿਆਣਾ ਰਾਜ (ਭਾਰਤ) ਦੇ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਯਮਨਾ ਦਰਿਆ ਦੇ ਪੁਰਾਣੇ ਕੰਢੇ ਦੇ ਉੱਚੇ ਹਿੱਸੇ ਉੱਤੇ ਵਸਿਆ ਹੋਇਆ ਹੈ। ਸ਼ਹਿਰ ਦਾ ਨਾਂ ਮਹਾਂਭਾਰਤ ਦੇ ਰਾਜਾ ਕਰਨ ਦੇ ਨਾਂ ਪਿੱਛੇ ਪਿਆ ਹੈ। ਭਾਰਤ ਦੇ ਮੁੱਢਲੇ ਇਤਿਹਾਸ ਵਿਚ ਇਸ ਸਥਾਨ ਦੀ ਕੋਈ ਬਹੁਤੀ ਮਹੱਤਤਾ ਨਹੀਂ ਲਗਦੀ ਕਿਉਂਕਿ ਪਠਾਣ-ਕਾਲ ਦੇ ਅੰਤ ਤੀਕ ਵੀ ਇਸ ਦਾ ਜ਼ਿਕਰ ਕਿਤੇ ਨਹੀਂ ਆਇਆ। ਸੰਨ 1573 ਵਿਚ ਇਬਰਾਹੀਮ ਹੁਸੈਨ ਮਿਰਜ਼ਾ ਨੇ ਅਕਬਰ ਵਿਰੁੱਧ ਵਿਦਰੋਹ ਖੜ੍ਹਾ ਕਰ ਦਿਤਾ ਅਤੇ ਕਰਨਾਲ ਨੂੰ ਖੂਬ ਲੁਟਿਆ। ਸੰਨ 1709 ਵਿਚ ਬੰਦਾ ਬਹਾਦੁਰ ਨੇ ਇਸ ਨੂੰ ਫ਼ਤਹਿ ਕੀਤਾ। ਸੰਨ 1763 ਵਿਚ ਸਰਹਿੰਦ ਦੇ ਅਧੀਨ ਹੋ ਜਾਣ ਉਪਰੰਤ ਜੀਂਦ ਦੇ ਰਾਜੇ ਗਜਪਤ ਸਿੰਘ ਨੇ ਇਸ ਉੱਤੇ ਕਬਜ਼ਾ ਕਰ ਲਿਆ। ਉਸ ਨੇ ਇਥੇ ਇਕ ਕਿਲਾ ਅਤੇ ਇਕ ਕੰਧ ਜਿਸ ਦੇ ਦਸ ਦਰਵਾਜ਼ੇ ਸਨ, ਬਣਵਾਈ ਸੀ। ਇਨ੍ਹਾਂ ਦਰਵਾਜ਼ਿਆਂ ਵਿਚੋਂ ਕੁਝ ਦਰਵਾਜ਼ੇ ਹਾਲੇ ਵੀ ਮੌਜੂਦ ਹਨ। ਸੰਨ 1787 ਵਿਚ ਇਹ ਰਾਜਾ ਗਜਪਤ ਸਿੰਘ ਦੇ ਹੱਥੋਂ ਨਿਕਲ ਗਿਆ ਅਤੇ ਮਰਹੱਟਿਆਂ ਅਧੀਨ ਚਲਾ ਗਿਆ ਅਤੇ ਥੋੜ੍ਹੇ ਵਿਚ ਪਿਛੋਂ ਇਹ ਲਾਡਵਾ ਦੇ ਰਾਜੇ ਦੇ ਹੱਥਾਂ ਵਿਚ ਆ ਗਿਆ ਅਤੇ ਅਖੀਰ ਸੰਨ 1805 ਵਿਚ ਅੰਗਰੇਜ਼ਾਂ ਨੇ ਇਸ ਉਤੇ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੇ ਇਥੇ ਛਾਉਣੀ ਸਥਾਪਤ ਕੀਤੀ ਪਰ ਪੌਣ-ਪਾਣੀ ਕੁਝ ਮਾਫ਼ਕ ਨਾ ਹੋਣ ਕਾਰਨ ਉਨ੍ਹਾਂ ਨੇ ਸੰਨ 1841 ਵਿਚ ਇਹ ਛਾਉਣੀ ਅੰਬਾਲੇ ਲੈ ਆਂਦੀ। ਸੰਨ 1854 ਈ. ਵਿਚ ਇਹ ਪਾਨੀਪਤ ਦੀ ਬਜਾਇ ਜ਼ਿਲ੍ਹੇ ਦਾ ਸਦਰ-ਮੁਕਾਮ ਬਣ ਗਿਆ ਅਤੇ ਸੰਨ 1868 ਵਿਚ ਕਰਨਾਲ ਤਹਿਸੀਲ ਦਾ ਸਦਰ-ਮੁਕਾਮ ਵੀ ਘਰੌਂਡਾ ਤੋਂ ਬਦਲ ਕੇ ਕਰਨਾਲ ਬਣਾ ਲਿਆ ਗਿਆ।

          ਖੰਡ ਤਿਆਰ ਕਰਨਾ, ਇਥੋਂ ਦਾ ਮੁੱਖ ਉਦਯੋਗ ਹੈ। ਇਸ ਤੋਂ ਇਲਾਵਾ ਇਥੇ ਜ਼ਰਾਇਤੀ ਸੰਦ ਬਣਾਉਣ ਅਤੇ ਸ਼ਰਾਬ ਤਿਆਰ ਕਰਨ ਦੇ ਕਾਰਖ਼ਾਨੇ ਹਨ। ਨੈਸ਼ਨਲ ਡੇਅਰੀ ਰੀਸਰਚ ਇੰਸਟੀਚਿਊਟ, ਦਿਆਲ ਸਿੰਘ ਕਾਲਜ ਅਤੇ ਲੜਕੇ ਅਤੇ ਲੜਕੀਆਂ ਲਈ ਦੋ ਡੀ. ਏ. ਵੀ ਕਾਲਜ, ਸਰਕਾਰੀ ਕਾਲਜ, ਖਾਲਸਾ ਕਾਲਜ ਇਥੋਂ ਦੇ ਪ੍ਰਸਿੱਧ ਵਿਦਿਅਕ ਅਦਾਰੇ ਹਨ। ਕਰਨ ਤਲਾਅ (ਜੋ ਰਾਜਾ ਕਰਨ ਨੇ ਬਣਾਇਆ ਦਸਿਆ ਜਾਂਦਾ ਹੈ), ਭਾਰਾ ਮਲ ਦੀ ਸਰਾਂ, ਪੁਰਾਣਾ ਕਿਲ੍ਹਾ, ਬੂਅਲੀ ਸ਼ਾਹ ਕਲੰਦਰ ਅਤੇ ਮੀਰਾਂ ਸਾਹਿਬ ਦੇ ਮਕਬਰੇ, ਸੇਂਟ ਜੇਮਜ਼ ਦਾ ਗਿਰਜ਼ਾ ਘਰ, ਨੌ ਗਜ਼ੀਏ ਦਾ ਮਕਬਰਾ ਅਤੇ ਗੁਰਦਵਾਰਾ ਮੰਜੀ ਸਾਹਿਬ (ਇਥੇ ਗੁਰੂ ਨਾਨਕ ਦੇਵ ਜੀ ਦੀ ਬੂਅਲੀ ਸ਼ਾਹ ਕਲੰਦਰ ਨਾਲ ਮੁਲਾਕਾਤ ਹੋਈ ਸੀ ਅਤੇ ਦਿੱਲੀ ਨੂੰ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਇਥੇ ਠਹਿਰੇ ਸਨ) ਆਦਿ ਇਥੋਂ ਦੇ ਪ੍ਰਾਚੀਨ ਇਤਿਹਾਸਕ ਅਸਥਾਨ ਹਨ।

          ਆਬਾਦੀ––132, 107 (1981)

          29° 41' ਉ. ਵਿਥ.; 76° 59' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 15 : 58; ਐਨ. ਬ੍ਰਿ. ਮਾ. 5 : 714 ਡਿਸਟ੍ਰਿਕਟ ਸੇਂਸਿਸ ਹੈਂਡ ਬੁੱਕ––ਕਰਨਾਲ ਡਿਸਟ੍ਰਿਕਟ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਰਨਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਨਾਲ, (ਅਰਬੀ : ਕਰਨ=ਉਹ ਰੱਸੀ ਜਿਸ ਨਾਲ ਦੋ ਊੱਠਾਂ ਨੂੰ ਬੰਨ੍ਹਦੇ ਹਨ) \ ਪੁਲਿੰਗ : ੧. ਰੱਸਾ ਜੋ ਪੰਜਾਲੀ ਨੂੰ ਪਾ ਕੇ ਅੰਦਰ ਕਿਸੇ ਥਾਂ ਬੱਧਾ ਹੁੰਦਾ ਹੈ ਤਾਂ ਜੋ ਬਲ੍ਹਦ ਬਾਹਰ ਨਾ ਜਾਣ, ਮਾਝਾ; ੨. ਕਨੇਰਨਾ, ਕਲੇਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-24-11-52-59, ਹਵਾਲੇ/ਟਿੱਪਣੀਆਂ:

ਕਰਨਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਨਾਲ, (ਸੰਸਕ੍ਰਿਤ : कर्ण =ਰਾਜਾ   ਕਰਣ+कालय=ਘਰ) \ ਪੁਲਿੰਗ : ਪੂਰਬੀ ਪੰਜਾਬ ਦਾ ਇੱਕ ਪਰਸਿੱਧ ਸ਼ਹਿਰ ਤੇ ਜ਼ਿਲ੍ਹਾ ਜੋ ਰਾਜਾ ਕਰਨ ਦੇ ਨਾਉਂ ਨਾਲ ਮਸ਼ਹੂਰ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-24-11-53-24, ਹਵਾਲੇ/ਟਿੱਪਣੀਆਂ:

ਕਰਨਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਨਾਲ, (ਸੰਸਕ੍ਰਿਤ : कर=ਹੱਥ+नाल=ਨਾਲੀ) \ ਇਸਤਰੀ ਲਿੰਗ : ਉਹ ਬੰਦੂਕ ਜੋ ਹੱਥ ਤੇ ਰੱਖ ਕੇ ਬਿਨਾਂ ਕਿਸੇ ਸਹਾਰੇ ਦੇ ਚਲਾਈ ਜਾਵੇ, ਹੱਥ ਨਾਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-24-11-53-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.