ਕਰਤਾਰ ਸਿੰਘ ਝੱਬਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾਰ ਸਿੰਘ ਝੱਬਰ (1874-1962): ਗੁਰਦੁਆਰਾ ਸੁਧਾਰ ਲਹਿਰ ਵਿਚ ਆਪਣੀ ਉਤਸ਼ਾਹਪੂਰਨ ਭੂਮਿਕਾ ਲਈ ਪ੍ਰਸਿੱਧ ਇਕ ਗੁਰਸਿੱਖ ਸੀ। ਇਸ ਦਾ ਜਨਮ 1874 ਵਿਚ ਤੇਜਾ ਸਿੰਘ ਦੇ ਘਰ ਪਿੰਡ ਝੱਬਰ ਵਿਖੇ ਹੋਇਆ। ਇਹ ਅਸਥਾਨ ਅੱਜ-ਕੱਲ੍ਹ ਪਾਕਿਸਤਾਨ ਦੇ ਜ਼ਿਲਾ ਸ਼ੇਖ਼ੂਪੁਰਾ ਵਿਚ ਸਥਿਤ ਹੈ। ਇਸ ਦੇ ਦਾਦੇ, ਮੰਗਲ ਸਿੰਘ, ਨੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਕਮਾਂਡੈਂਟ ਵਜੋਂ ਨੌਕਰੀ ਕੀਤੀ ਸੀ। ਕਰਤਾਰ ਸਿੰਘ ਕੋਲ ਕੋਈ ਰਵਾਇਤੀ ਸਿੱਖਿਆ ਨਹੀਂ ਸੀ ਪਰ ਜੀਵਨ ਵਿਚ ਕੁਝ ਪਛੜ ਕੇ ਇਸ ਨੇ ਖ਼ਾਲਸਾ ਉਪਦੇਸ਼ਕ ਮਹਾਵਿਦਿਆਲਾ, ਘਰਜਾਖ, ਤੋਂ ਸਿੱਖ ਧਾਰਮਿਕ ਸਿੱਖਿਆ ਦਾ ਇਕ ਕੋਰਸ (1906-09) ਪਾਸ ਕਰਕੇ ਆਪਣੇ ਆਪ ਨੂੰ ਇਕ ਮਿਸ਼ਨਰੀ ਦੇ ਤੌਰ ਤੇ ਸਿੱਖਿਅਤ ਕਰ ਲਿਆ। ਇਹ ਕੋਰਸ ਇਸ ਨੇ 1906 ਤੋਂ 1909 ਵਿਚ ਪਾਸ ਕੀਤਾ। ਕੋਰਸ ਖ਼ਤਮ ਹੋਣ ਉਪਰੰਤ ਇਸ ਨੇ ਧਰਮ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। 1912 ਵਿਚ ਇਸ ਨੇ ਗੁਰਦੁਆਰਾ ਸੱਚਾ ਸੌਦਾ , ਚੂਹੜਕਾਣਾ, ਵਿਖੇ ਖ਼ਾਲਸਾ ਦੀਵਾਨ , ਖਰਾ ਸੌਦਾ ਬਾਰ, ਸਥਾਪਿਤ ਕੀਤਾ। ਇਸ ਨੇ 1917 ਵਿਚ ਸ਼ਹਿਰ ਵਿਖੇ ਇਕ ਮਿਡਲ ਸਕੂਲ ਵੀ ਖੋਲ੍ਹਿਆ। 1919 ਵਿਚ ਕਰਤਾਰ ਸਿੰਘ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਸਰਗਰਮੀ ਨਾਲ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਵਿਰੋਧ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਸੀ। ਇਸ ਕਾਰਨ ਇਸ ਨੂੰ ਗ੍ਰਿਫ਼ਤਾਰ ਕਰਕੇ ਇਸ ਤੇ ਕੇਸ ਚਲਾਇਆ ਗਿਆ ਅਤੇ 22 ਮਈ 1919 ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਸਜ਼ਾ ਵਿਚ ਕੁਝ ਨਰਮੀ ਵਰਤਦੇ ਹੋਏ 30 ਮਈ 1919 ਨੂੰ ਇਹ ਸਜ਼ਾ ਜੀਵਨ ਭਰ ਲਈ ਦੇਸ ਨਿਕਾਲੇ ਵਿਚ ਤਬਦੀਲ ਕਰ ਦਿੱਤੀ ਗਈ। ਪਰ ਮਾਰਚ 1920 ਵਿਚ ਇਸ ਨੂੰ ਸ਼ਾਹੀ ਉਦਾਰਤਾ ਦੇ ਸਿੱਟੇ ਵਜੋਂ ਅੰਡੇਮਾਨ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

      1920 ਦੇ ਸ਼ੁਰੂ ਵਿਚ, ਕਰਤਾਰ ਸਿੰਘ ਗੁਰਦੁਆਰਾ ਬਾਬੇ ਦੀ ਬੇਰ ਨੂੰ ਭ੍ਰਿਸ਼ਟ ਮਹੰਤ ਦੇ ਕਬਜ਼ੇ ਵਿਚੋਂ ਛੁਡਾਉਣ ਲਈ ਸਿੱਖ ਵਲੰਟੀਅਰਾਂ ਦਾ ਇਕ ਜਥਾ ਲੈ ਕੇ ਸਿਆਲਕੋਟ ਗਿਆ। ਪਵਿੱਤਰ ਅਸਥਾਨ ਤੇ ਕਬਜ਼ਾ ਕਰਕੇ ਇਸਦੇ ਪ੍ਰਬੰਧ ਲਈ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਸ਼ਰਧਾਲੂ ਸਿੱਖਾਂ ਦੀ ਇਕ ਕਮੇਟੀ ਬਣਾਈ ਗਈ। ਇਹ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸੀ। ਕਰਤਾਰ ਸਿੰਘ ਝੱਬਰ ਨੇ ਤੇਜਾ ਸਿੰਘ ਭੁੱਚਰ ਨਾਲ ਮਿਲਕੇ 12 ਅਕਤੂਬਰ 1920 ਵਿਚ ਅਕਾਲ ਤਖ਼ਤ ਨੂੰ ਅਜ਼ਾਦ ਕਰਵਾਇਆ। ਤੇਜਾ ਸਿੰਘ ਨੂੰ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਝੱਬਰ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਬਣਾਈ 9 ਮੈਂਬਰੀ ਕਮੇਟੀ ਵਿਚ ਵੀ ਸ਼ਾਮਲ ਸੀ। ਇਹ ਇਤਿਹਾਸਿਕ ਧਰਮ-ਅਸਥਾਨਾਂ ਦੀ ਅਜ਼ਾਦੀ ਲਈ ਸਿੱਖਾਂ ਦੀ ਸੁਧਾਰ ਲਹਿਰ ਵਿਚ ਹਮੇਸ਼ਾਂ ਅੱਗੇ ਹੋ ਕੇ ਭਾਗ ਲੈਂਦਾ ਰਿਹਾ। ਇਸ ਨੇ ਜਿਨ੍ਹਾਂ ਮਹੱਤਵਪੂਰਨ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਪਾਸੋਂ ਅਜ਼ਾਦ ਕਰਵਾਉਣ ਵਿਚ ਸਹਾਇਤਾ ਕੀਤੀ ਉਹਨਾਂ ਵਿਚ ਗੁਰਦੁਆਰਾ ਪੰਜਾ ਸਾਹਿਬ (ਨਵੰਬਰ 1920), ਗੁਰਦੁਆਰਾ ਸੱਚਾ ਸੌਦਾ (ਦਸੰਬਰ 1920), ਗੁਰਦੁਆਰਾ ਤਰਨ ਤਾਰਨ (26 ਜਨਵਰੀ 1921) ਅਤੇ ਗੁਰਦੁਆਰਾ ਗੁਰੂ ਕਾ ਬਾਗ਼ (31 ਜਨਵਰੀ 1921) ਸ਼ਾਮਲ ਹਨ। ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦਾ ਕਬਜ਼ਾ ਲੈਂਦੇ ਹੋਏ 20 ਫ਼ਰਵਰੀ 1921 ਨੂੰ ਲਗ-ਪਗ 150 ਸੁਧਾਰਕ ਸਿੱਖਾਂ ਨੂੰ ਮਹੰਤ ਅਤੇ ਉਸਦੇ ਬੰਦਿਆਂ ਨੇ ਕਤਲ ਕਰ ਦਿੱਤਾ ਅਤੇ 11 ਮਾਰਚ 1921 ਨੂੰ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਗ-ਪਗ ਛੇ ਮਹੀਨੇ ਲਈ ਜੇਲ੍ਹ ਭੇਜ ਦਿੱਤਾ। ਇਸ ਨੂੰ 1924 ਵਿਚ ਦੁਬਾਰਾ ਗ੍ਰਿਫ਼ਤਾਰ ਕਰਕੇ ਕੈਂਬਲਪੁਰ ਜੇਲ੍ਹ ਭੇਜ ਦਿੱਤਾ ਗਿਆ। ਸਤੰਬਰ 1925 ਵਿਚ ਇਸ ਨੂੰ ਮੁਲਤਾਨ ਜੇਲ੍ਹ ਅਤੇ ਅਪ੍ਰੈਲ 1926 ਵਿਚ ਰਾਵਲਪਿੰਡੀ ਤਬਦੀਲ ਕਰ ਦਿੱਤਾ ਗਿਆ। ਚਾਰ ਸਾਲ ਤੋਂ ਵੀ ਵੱਧ ਸਮਾਂ ਇਹ ਜੇਲ੍ਹ ਵਿਚ ਰਿਹਾ ਅਤੇ ਦਸਬੰਰ 1928 ਵਿਚ ਇਸ ਨੂੰ ਰਿਹਾਅ ਕਰ ਦਿੱਤਾ ਗਿਆ।

      1925 ਦੇ ਸਰਕਾਰੀ ਵਿਧਾਨ ਦੁਆਰਾ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਪ੍ਰਤਿਨਿਧ ਬੋਰਡ ਕੋਲ ਆ ਜਾਣ ਤੋਂ ਬਾਅਦ ਕਰਤਾਰ ਸਿੰਘ ਲਗ-ਪਗ ਸ਼ਾਂਤ ਜੀਵਨ ਬਤੀਤ ਕਰਨ ਲਈ ਆਪਣੇ ਪਿੰਡ ਚੱਲਾ ਗਿਆ। ਜਨਵਰੀ 1933 ਵਿਚ ਨਨਕਾਣਾ ਸਾਹਿਬ ਵਿਖੇ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਝਗੜੇ ਸਮੇਂ ਇਸ ਉੱਪਰ ਇਕ ਕਤਲ ਦਾ ਦੋਸ਼ ਲਾਇਆ ਗਿਆ, ਪਰ ਅਦਾਲਤ ਨੇ ਇਸ ਨੂੰ ਬਰੀ ਕਰ ਦਿੱਤਾ ਸੀ। 1937 ਵਿਚ ਇਹ ਇਕ ਜਥਾ ਲੈ ਕੇ ਕੋਟ ਭਾਈ ਥਾਨ ਸਿੰਘ ਗਿਆ ਅਤੇ ਉੱਥੋਂ ਦੇ ਮੁਸਲਮਾਨ ਮੁਖੀ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੇ ਉੱਥੇ ਇਕ ਧਾਰਮਿਕ ਦੀਵਾਨ ਸਜਾਇਆ। ਅਗਸਤ 1947 ਵਿਚ ਪੰਜਾਬ ਦੀ ਵੰਡ ਹੋ ਜਾਣ ਪਿੱਛੋਂ ਕਰਤਾਰ ਸਿੰਘ ਪੂਰਬੀ ਪੰਜਾਬ ਆ ਕੇ ਕਰਨਾਲ ਜ਼ਿਲੇ ਦੇ ਹਾਬੜੀ ਪਿੰਡ ਵਿਚ ਵੱਸ ਗਿਆ ਜਿੱਥੇ 20 ਨਵੰਬਰ 1962 ਨੂੰ ਇਹ ਅਕਾਲ ਚਲਾਣਾ ਕਰ ਗਿਆ।


ਲੇਖਕ : ਕ.ਸ.ਵ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਤਾਰ ਸਿੰਘ ਝੱਬਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਤਾਰ ਸਿੰਘ ਝੱਬਰ : ਅਕਾਲੀ ਲਹਿਰ ਦੇ ਇਸ ਨਾਮਵਰ ਅਤੇ ਬਹਾਦਰ ਸਿੱਖ ਨੇਤਾ ਦਾ ਜਨਮ ਸੰਨ 1874 ਵਿਚ ਸ਼ੇਖੂਪੁਰਾ ਜ਼ਿਲ੍ਹੇ (ਪਾਕਿਸਤਾਨ) ਦੇ ਪਿੰਡ ਝੱਬੀਆਂ ਵਿਖੇ ਹੋਇਆ। ਇਸ ਦੇ ਪਿਤਾ ਦਾ ਨਾਂ ਸਰਦਾਰ ਤੇਜਾ ਸਿੰਘ ਸੀ ਜੋ ਇਕ ਰੱਜਿਆ ਪੁੱਜਿਆ ਵਿਰਕ ਜੱਟ ਸੀ। ਪਿੰਡ ਵਿਚ ਪੜ੍ਹਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇਸਨੂੰ ਪਿੰਡ ਦੇ ਗੁਰਦੁਆਰੇ ਵਿਚ ਹੀ ਪੜ੍ਹਨ ਲਈ ਭੇਜਿਆ ਗਿਆ ਅਤੇ ਥੋੜ੍ਹੇ ਚਿਰ ਵਿਚ ਹੀ ਇਹ ਗੁਰਮੁਖੀ ਸਿਖ ਗਿਆ। ਪਰ ਪਿੱਛੋਂ ਆਪਣੇ ਹੀ ਉਪਰਾਲਿਆਂ ਨਾਲ ਇਹ ਗੁਰਮਤ ਵਿਦਿਆਲਾ ਅੰਮ੍ਰਿਤਸਰ ਵਿਚ ਦਾਖ਼ਲ ਹੋ ਗਿਆ ਅਤੇ ਇਸ ਨੂੰ ਸਿੱਖ ਸਾਹਿਤ ਦਾ ਵੀ ਕਾਫੀ ਗਿਆਨ ਹੋ ਗਿਆ। ਵਿਦਿਆਲੇ ਦੀ ਸਿੱਖਿਆ ਨੇ ਇਸ ਨੂੰ ਇਕ ਪ੍ਰਭਾਵਸ਼ਾਲੀ ਬੁਲਾਰਾ ਅਤੇ ਵਧੀਆ ਲੇਖਕ ਬਣਾ ਦਿਤਾ। ਇਸ ਤੋਂ ਪਿੱਛੋਂ ਇਹ ਲਾਹੌਰ ਵਿਚ ਹੀ ਰਹਿਣ ਲੱਗ ਪਿਆ ਅਤੇ ਇਥੇ ਰਹਿੰਦਿਆਂ ਇਹ ਸ਼ਹਿਰ ਅਤੇ ਪਿੰਡਾਂ ਵਿਚ ਸਿੱਖ ਧਰਮ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਨ ਲਗ ਪਿਆ। ਲਹੌਰ ਸ਼ਹਿਰ ਵਿਚ ਇਹ ਸੱਤ ਸਾਲ ਰਿਹਾ। ਸਿੱਖ ਧਰਮ ਤੋਂ ਇਲਾਵਾ ਇਹ ਵਿਦਿਅਕ ਉੱਨਤੀ ਵਿਚ ਵੀ ਦਿਲਚਸਪੀ ਲੈਣ ਲੱਗ ਪਿਆ। ਸੰਨ 1917 ਵਿਚ ਇਸ ਨੇ ਸ਼ੇਖੂਪੁਰਾ ਜ਼ਿਲ੍ਹੇ ਦੇ ਸੱਚਾ ਸੌਦਾ ਨਾਮੀ ਪਿੰਡ ਵਿਚ ਇਕ ਮਿਡਲ ਸਕੂਲ ਚਾਲੂ ਕਰ ਦਿੱਤਾ।

          ਸੰਨ 1914 ਵਿਚ ਰੋਲਟ ਬਿਲ ਵਿਰੁੱਧ ਹੋਏ ਰਾਸ਼ਟਰੀ ਅੰਦੋਲਨ ਅਤੇ ‘ਜਲ੍ਹਿਆਂ ਵਾਲਾ ਬਾਗ ਕਾਂਡ’ ਨੇ ਇਸ ਨੂੰ ਇਕ ਰਾਸ਼ਟਰਵਾਦੀ ਬਣਾ ਦਿਤਾ। ਇਸ ਨੇ ਕਾਲੇ ਬਿੱਲਾਂ ਵਿਰੁੱਧ ਕੀਤੇ ਗਏ ਮੁਜ਼ਾਹਰਿਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਰਕਾਰ ਦੁਆਰਾ ਕੀਤੇ ਗਏ ਜਬਰ ਵਿਰੁੱਧ ਕਈ ਭਾਸ਼ਨ ਦਿਤੇ। ਸਿੱਟੇ ਵਜੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਉਤੇ ਵਿਖਾਵੇ ਦਾ ਮੁਕੱਦਮਾ ਚਲਾ ਕੇ ਇਸ ਨੂੰ ਮੌਤ ਦੀ ਸਜ਼ਾ ਦਿਤੀ ਗਈ। ਪਰ ਖੁਸ਼ਕਿਸਮਤੀ ਨਾਲ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿਤੀ ਗਈ ਅਤੇ ਇਹ ਸਜ਼ਾ ਭੁਗਤਣ ਲਈ ਇਸ ਨੂੰ ਅੰਡੇਮਾਨ ਦੀਪ ਸਮੂਹ ਵਿਚ ਭੇਜ ਦਿੱਤਾ ਗਿਆ। ਸੰਨ 1920 ਵਿਚ ਸ਼ਾਹੀ ਮੁਆਫੀ ਦੇ ਨਤੀਜੇ ਵਜੋਂ ਇਸਨੂੰ ਜੇਲ੍ਹ ਵਿਚੋਂ ਰਿਹਾ ਕਰ ਦਿਤਾ ਗਿਆ।

          ਪੰਜਾਬ ਪਰਤਣ ਤੇ ਵੀ ਸਰਕਾਰ ਇਸ ਦੀਆਂ ਸਰਗਰਮੀਆਂ ਤੇ ਕਰੜੀ ਨਿਗਾਹ ਰੱਖਣ ਲਗ ਪਈ ਹੁਣ ਇਹ ਪੱਕਾ ਕਾਂਗਰਸੀ ਬਣ ਗਿਆ ਸੀ ਅਤੇ ਹਾਕਮਾਂ ਦੀ ਕਾਫੀ ਨਿੰਦਿਆ ਕਰਨ ਲੱਗ ਪਿਆ।

          ਇਸ ਦੇ ਵਧੇਰੇ ਦਿਲਚਸਪੀ ਗੁਰਦੁਆਰਿਆਂ ਨੂੰ ਸੁਧਾਰਨ ਵਿਚ ਸੀ। ਇਹ ਸਿੱਖ ਗੁਰਦੁਆਰਿਆਂ ਦੇ ਕੁਕਰਮੀ ਮਹੰਤਾਂ ਅਤੇ ਪੁਜਾਰੀਆਂ ਦੀਆਂ ਕਰਤੂਤਾਂ ਤੋਂ ਤੰਗ ਆ ਗਿਆ ਅਤੇ ਇਸ ਨੇ ਗੁਰਦੁਆਰਿਆਂ ਨੂੰ ਸਿੱਧਾ ਆਪਣੇ ਕਬਜ਼ੇ ਵਿਚ ਲੈਣ ਸਬੰਧੀ ਇਕ ਧਰਮ-ਯੋਧਿਆਂ ਦਾ ਜਬਰਦਸਤ ਜੱਥਾ ਤਿਆਰ ਕੀਤਾ। ਇਸ ਨੇ ਸ੍ਰੀ ਹਰਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ), ਬਾਬੇ ਦੀ ਬੇਰ (ਸਿਆਲਕੋਟ), ਪੰਜਾ ਸਾਹਿਬ (ਹਸਨ ਅਬਦਾਲ), ਸੱਚਾ ਸੌਦਾ (ਸ਼ੇਖੂਪੁਰਾ) ਅਤੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਵਿਚੋਂ ਮਹੰਤਾਂ ਨੂੰ ਕੱਢਣ ਵਿਚ ਮਹਾਨ ਰੋਲ ਅਦਾ ਕੀਤਾ। ਨਨਕਾਣਾ ਸਾਹਿਬ ਕਾਂਡ ਤੋਂ ਥੋੜ੍ਹਾ ਚਿਰ ਪਿੱਛੋਂ ਹੀ ਇਸ ਨੂੰ ਦੂਜੀ ਵਾਰ ਪੰਜ ਮਹੀਨਿਆਂ ਲਈ ਕੈਦ ਕਰ ਦਿਤਾ ਗਿਆ। ਸਰਕਾਰ ਵਿਰੁੱਧ ਭਾਸ਼ਣ ਦੇਣ ਕਾਰਨ ਸੰਨ 1925 ਵਿਚ ਇਸ ਨੂੰ ਤੀਜੀ ਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਇਸ ਵਾਰ ਇਸ ਉਤੇ ਬਹੁਤ ਅਤਿਆਚਾਰ ਕੀਤਾ ਗਿਆ ਜਿਸ ਕਰਕੇ ਇਸ ਦੀ ਸਿਹਤ ਵੀ ਕਾਫ਼ੀ ਕਮਜ਼ੋਰ ਹੋ ਗਈ। ਦਸੰਬਰ, 1928 ਤੀਕ ਇਹ ਜੇਲ੍ਹ ਵਿਚ ਬੰਦ ਰਿਹਾ।

          ਸੰਨ 1925 ਵਿਚ ਪੁਲਿਸ ਨੇ ਇਸ ਵਿਰੁਧ ਕਤਲ ਦਾ ਇਕ ਝੂਠਾ ਹੀ ਮੁਕੱਦਮਾ ਚਲਾ ਦਿਤਾ ਪਰ ਮਹਾਰਾਜਾ ਪਟਿਆਲਾ ਦੇ ਵਕਤੀ ਦਖਲ ਕਾਰਨ ਇਹ ਫਾਂਸੀ ਤੋਂ ਬਚ ਗਿਆ।

          ਗੁਰਦੁਆਰਾ ਐਕਟ-1935 ਦੇ ਪਾਸ ਹੋ ਜਾਣ ਉਪਰੰਤ ਇਹ ਆਪਣੇ ਪਿੰਡ ਵਿਚ ਸ਼ਾਂਤੀ ਦਾ ਜੀਵਨ ਗੁਜ਼ਾਰਨ ਲਗ ਪਿਆ। ਇਕੇ ਇਹ ਮੁੱਖ ਤੌਰ ਤੇ ਧਾਰਮਕ ਕੰਮਾਂ ਵਿਚ ਹੀ ਲੀਨ ਰਿਹਾ। ਫਿਰ ਵੀ ਆਪਣੇ ਭਾਈਚਾਰੇ ਵਿਰੁੱਧ ਉੱਠੀ ਕਿਸੇ ਵੀ ਵੰਗਾਰ ਨੂੰ ਇਹ ਚੁਪ-ਚਾਪ ਨਹੀਂ ਸਹਾਰ ਸਕਦਾ ਸੀ ਅਤੇ ਲੋੜ ਪੈਣ ਸਮੇਂ ਇਹ ਆਪਣਾ ਜੀਵਨ ਵੀ ਵਾਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਸੀ।

          ਇਸ ਦੀ ਮੌਤ 20 ਨਵੰਬਰ, 1962 ਨੂੰ ਹਬਰੀ (ਜ਼ਿਲ੍ਹਾ ਕਰਨਾਲ) ਵਿਖੇ ਹੋਈ।

          ਹ. ਪੁ.––ਐਮ. ਫ੍ਰੀ. ਫਾ. ਪੰ. : 149


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.