ਕਰਤਾਰਪੁਰੀ ਬੀੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਰਤਾਰਪੁਰੀ ਬੀੜ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁ- ਚਰਚਿਤ ਆਦਿ-ਬੀੜ ‘ਕਰਤਾਰਪੁਰੀ ਬੀੜ’ ਦੇ ਨਾਂ ਨਾਲ ਪ੍ਰਸਿੱਧ ਹੈ ਕਿਉਂਕਿ ਇਹ ਧੀਰਮੱਲ ਦੀ ਸੰਤਾਨ ਪਾਸ ਕਰਤਾਰ- ਪੁਰ ਕਸਬੇ ਵਿਚ ਸੁਰਖਿਅਤ ਹੈ। ਅਜ ਕਲ ਇਸ ਦੀ ਸਾਂਭ- ਸੰਭਾਲ ਸੋਢੀ ਅਮਰਜੀਤ ਸਿੰਘ ਕਰ ਰਿਹਾ ਹੈ। ਇਸ ਬੀੜ ਬਾਰੇ ਆਮ ਪ੍ਰਸਿੱਧ ਹੈ ਕਿ ਇਹ ਉਹੀ ਬੀੜ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਲਿਖਵਾ ਕੇ ਸੰਮਤ 1661 ਬਿ. (1604 ਈ.) ਵਿਚ ਤਿਆਰ ਕੀਤਾ ਸੀ ।
ਇਸ ਦੀ ਪ੍ਰਮਾਣਿਕਤਾ ਬਾਰੇ ਵਾਦ-ਵਿਵਾਦ ਸਰਦਾਰ ਜੀ.ਬੀ. ਸਿੰਘ (ਵੇਖੋ) ਦੀ ਪੁਸਤਕ ‘ਪ੍ਰਾਚੀਨ ਬੀੜਾਂ ’ ਦੇ ਛਪਣ ਤੋਂ ਬਾਦ ਸ਼ੁਰੂ ਹੋਇਆ। ਭਾਵੇਂ ਇਸ ਤੋਂ ਪਹਿਲਾਂ ‘ਰਾਗਮਾਲਾ ’ ਦੀ ਸਮਸਿਆ ਵੀ ਭੜਕ ਪਈ ਸੀ। ‘ਰਾਗਮਾਲਾ’ ਸੰਬੰਧੀ ਚਲੇ ਵਾਦ-ਵਿਵਾਦ ਨੂੰ ਠਲ੍ਹ ਪਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਵਿਦਵਾਨਾਂ ਦੀ ਇਕ ਚਾਰ ਮੈਂਬਰੀ ਕਮੇਟੀ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨਿਸਚਿਤ ਕਰਨ ਲਈ ਭੇਜੀ। ਇਸ ਕਮੇਟੀ ਵਿਚ ਭਾਈ ਜੋਧ ਸਿੰਘ, ਪ੍ਰੋ. ਤੇਜਾ ਸਿੰਘ , ਪ੍ਰਿੰਸੀਪਲ ਗੰਗਾ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਨੇ ਆਪਣੀ 11 ਅਕਤੂਬਰ 1945 ਈ. ਦੀ ਰਿਪੋਰਟ ਵਿਚ ਤਸਦੀਕ ਕੀਤਾ ਕਿ ‘ਰਾਗਮਾਲਾ’ ਕਰਤਾਰਪੁਰੀ ਬੀੜ ਵਿਚ ਮੌਜੂਦ ਹੈ। ਇਸ ਤੋਂ ਬਾਦ ਅਗਸਤ 1946 ਈ. ਵਿਚ ਭਾਈ ਜੋਧ ਸਿੰਘ ਫਿਰ ਇਸ ਬੀੜ ਦੇ ਦਰਸ਼ਨਾਂ ਲਈ ਗਏ ਅਤੇ ਆਪਣੇ ਨਾਲ ‘ਖ਼ਾਲਸਾ ਸਮਾਚਾਰ’ ਦੇ ਸੰਪਾਦਕ ਗਿਆਨੀ ਮਹਾਂ ਸਿੰਘ ਨੂੰ ਵੀ ਲੈਂਦੇ ਗਏ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਇਸ ਬੀੜ ਤੋਂ ਨੋਟਸ ਅਤੇ ਉਤਾਰੇ (ਟ੍ਰੇਸਿੰਗ) ਲਏ ਜੋ ਬਾਦ ਵਿਚ ‘ਕਰਤਾਰਪੁਰੀ ਬੀੜ ਦੇ ਦਰਸ਼ਨ ’ (ਵੇਖੋ) ਨਾਂ ਅਧੀਨ ਸੰਨ 1968 ਈ. ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਪੁਸਤਕ ਰੂਪ ਵਿਚ ਛਾਪ ਦਿੱਤੇ ਗਏ, ਇਹ ਸਿੱਧ ਕਰਨ ਲਈ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕਰਵਾਈ ਇਹੀ ਅਸਲ ਬੀੜ ਹੈ। ਕਰਤਾਰਪੁਰੀ ਬੀੜ ਨੂੰ ਪ੍ਰਮਾਣਿਕ ਮੰਨਣ ਵਾਲੇ (ਪੂਰਵ ਪੱਖੀ) ਵਿਦਵਾਨ ਆਮ ਤੌਰ ’ਤੇ ਹੇਠ ਲਿਖੇ ਤੱਥਾਂ ਦੇ ਆਧਾਰ’ਤੇ ਇਸ ਨੂੰ ਪ੍ਰਮਾਣਿਕ ਮੰਨਦੇ ਹਨ :
(1) ਗੁਰੂ ਅਰਜਨ ਸਾਹਿਬ ਦੇ ਨੀਸਾਣ ,
(2) ਲਿਖੇ ਜਾਣ ਦੀ ਤਾਰੀਖ਼ ਸੰਮਤ 1661 ਬਿ.,
(3) ਗੁਰੂ ਰਾਮਦਾਸ ਦੇ ਦਸਖ਼ਤਾਂ ਦੀ ਸਿੱਧੀ ਨਕਲ ,
(4) ਰਹਿਰਾਸ ਵਿਚ ਕੇਵਲ ‘ਸੋਦਰ ’ ਜੁੱਟ ਦੇ ਪੰਜ ਸ਼ਬਦਾਂ ਦੀ ਹੋਂਦ ,
(5) ਜੈਜਾਵੰਤੀ ਰਾਗ ਤੋਂ ਛੁਟ ਬਾਕੀ 30 ਰਾਗਾਂ ਵਿਚਲੀ ਬਾਣੀ ਅਤੇ ਅਜੋਕਾ ਬਾਣੀ ਕ੍ਰਮ ,
(6) ਰਾਗਮਾਲਾ ਦਾ ਅੰਤ ਉਤੇ ਹੋਣਾ,
(7) ਬੰਨੋ ਵਾਲੀ ਬੀੜ ਵਿਚਲੀ ਵਾਧੂ ਬਾਣੀ ਦਾ ਅਭਾਵ।
ਇਸ ਬੀੜ ਨੂੰ ਪ੍ਰਮਾਣਿਕ ਨ ਮੰਨਣ ਵਾਲੇ ਆਮ ਤੌਰ’ਤੇ ਉਹ ਵਿਦਵਾਨ ਹਨ ਜਿਨ੍ਹਾਂ ਨੂੰ ਇਹ ਬੀੜ ਵੇਖਣ ਦਾ ਅਵਸਰ ਨਹੀਂ ਮਿਲਿਆ, ਜਿਵੇਂ ਸਰਦਾਰ ਜੀ.ਬੀ.ਸਿੰਘ, ਡਾ. ਪਿਆਰ ਸਿੰਘ ਆਦਿ। ਬਸ ਸੁਣੀਆਂ-ਸੁਣਾਈਆਂ ਗੱਲਾਂ ਜਾਂ ਚਿੱਠੀਆਂ ਦੇ ਆਧਾਰ’ਤੇ ਹੀ ਫ਼ੈਸਲੇ ਦੇ ਦਿੱਤੇ ਅਤੇ ਕਈ ਪ੍ਰਕਾਰ ਦੇ ਪਾਠਾਂਤਰਾਂ ਵਲ ਸੰਕੇਤ ਵੀ ਕਰ ਦਿੱਤਾ। ਡਾ. ਪਿਆਰ ਸਿੰਘ ਨੇ ਹੋਰਨਾਂ ਵਿਦਵਾਨਾਂ ਦੇ ਆਧਾਰ’ਤੇ ਪੰਜ ਪ੍ਰਕਾਰ ਦੇ ਪਾਠਾਂਤਰਾਂ ਵਲ ਸੰਕੇਤ ਕੀਤਾ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਕਈ ਸ਼ੰਕੇ ਉਠਾਏ ਹਨ। ਪਰ ਹਨ ਤਾਂ ਇਹ ਸ਼ੰਕੇ ਹੀ, ਜਦ ਤਕ ਕੋਈ ਠੋਸ ਪ੍ਰਮਾਣ/ਤੱਥ ਸਾਹਮਣੇ ਨਹੀਂ ਆਉਂਦਾ, ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨੂੰ ਵੰਗਾਨਾ ਸਰਲ ਨਹੀਂ ਹੈ।
ਇਸ ਬੀੜ ਸੰਬੰਧੀ ਅਧਿਐਨ ਵਿਚ ਮਹੱਤਵਪੂਰਣ ਪ੍ਰਾਪਤੀ ਡਾ. ਗੁਰਿੰਦਰ ਸਿੰਘ ਮਾਨ ਦਾ ਸੰਨ 1993 ਈ. ਵਿਚ ਲਿਖਿਆ ਸ਼ੋਧ-ਪ੍ਰਬੰਧ (The Making of Sikh Scripture) ਹੈ ਜਿਸ ਉਤੇ ਉਸ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਪੀ-ਐਚ.ਡੀ. ਦੀ ਡਿਗਰੀ ਮਿਲੀ ਸੀ। ਇਸ ਖੋਜ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਡਾ. ਮਾਨ ਨੇ ਖ਼ੁਦ ਇਸ ਬੀੜ ਦਾ ਬੜੀ ਨੀਝ ਨਾਲ ਅਧਿਐਨ ਕੀਤਾ ਅਤੇ ਹਰ ਤੱਥ ਨੂੰ ਪ੍ਰਮਾਣ-ਪੁਸ਼ਟ ਕਰਕੇ ਉਤਰ ਪੱਖੀਆਂ ਦੀਆਂ ਮਾਨਤਾਵਾਂ ਦਾ ਖੰਡਨ ਕੀਤਾ ਅਤੇ ਯੁਕਤੀ-ਪੂਰਵਕ ਬੀੜ ਦੀ ਪ੍ਰਮਾਣਿਕਤਾ ਸਥਾਪਿਤ ਕੀਤੀ। ਇਹ ਪੁਸਤਕ ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਿਊਯਾਰਕ ਵਲੋਂ ਛਪ ਗਈ ਹੈ। ਇਸ ਦੇ ਪੰਜਾਬੀ ਵਿਚ ਪ੍ਰਕਾਸ਼ਨ ਨਾਲ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਦੇ ਦੂਰ ਹੋਣ ਦੀ ਸੰਭਾਵਨਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First