ਕਨ੍ਹੀਆ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਨ੍ਹੀਆ ਮਿਸਲ: ਸਿੱਖਾਂ ਦੀਆਂ 12 ਮਿਸਲਾਂ ਵਿਚੋਂ ਇਕ, ਜਿਸ ਦੀ ਸਥਾਪਨਾ ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਕਾਨ੍ਹਾ ਪਿੰਡ ਦੇ ਵਸਨੀਕ ਖ਼ੁਸ਼ਹਾਲ ਸਿੰਘ ਸੰਧੂ ਦੇ ਪੁੱਤਰ ਸ. ਜੈ ਸਿੰਘ ਨੇ ਕੀਤੀ ਸੀ। ਜੈ ਸਿੰਘ ਨੇ ਨਵਾਬ ਕਪੂਰ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਸੁਤੰਤਰ ਜੱਥਾ ਕਾਇਮ ਕੀਤਾ। ਇਸ ਦੇ ਜੱਥੇ ਦਾ ਨਾਂ ਇਸ ਦੇ ਪਿੰਡ ਦੇ ਨਾਂ ਉਤੇ ਪਿਆ। ਇਸ ਨੇ ਗੁਰਦਾਸਪੁਰ, ਬਟਾਲਾ , ਮੁਕੇਰੀਆਂ ਦੇ ਇਲਾਕੇ ਨੂੰ ਆਪਣੇ ਅਧੀਨ ਕੀਤਾ ਅਤੇ ਜੰਮੂ ਤਕ ਆਪਣੀ ਰਿਆਸਤ ਦਾ ਵਿਸਤਾਰ ਕੀਤਾ। ਸੰਨ 1748 ਈ. ਵਿਚ ਜਦੋਂ ਦਲ-ਖ਼ਾਲਸਾ ਦੀ ਸਥਾਪਨਾ ਹੋਈ ਤਾਂ ਇਸ ਦੇ ਜੱਥੇ ਨੂੰ ਮਿਸਲ ਬਣਾ ਕੇ ਤਰੁਣਾ ਦਲ ਦੇ ਅਧੀਨ ਰਖਿਆ ਗਿਆ। ਸੰਨ 1778 ਈ. ਵਿਚ ਇਸ ਨੇ ਸੁਕਰਚਕੀਆ ਮਿਸਲ ਦੇ ਸ. ਮਹਾਂ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ ਜੱਸਾ ਸਿੰਘ ਰਾਮਗੜ੍ਹੀਆਂ ਨੂੰ ਹਾਂਸੀ ਹਿਸਾਰ ਵਲ ਖਦੇੜਿਆ। ਪਰ ਸੰਨ 1785 ਈ. ਵਿਚ ਸ. ਮਹਾਂ ਸਿੰਘ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਪਹਾੜੀ ਰਾਜੇ ਸੰਸਾਰ ਚੰਦ ਕਟੋਚ ਦੀ ਸਹਾਇਤਾ ਨਾਲ ਜੈ ਸਿੰਘ ਦੀ ਰਾਜਧਾਨੀ ਅਚਲ ਬਟਾਲਾ ਉਤੇ ਹਮਲਾ ਕੀਤਾ। ਇਸ ਲੜਾਈ ਵਿਚ ਜੈ ਸਿੰਘ ਨੂੰ ਹਾਰ ਹੋਈ ਅਤੇ ਉਸ ਦਾ ਲੜਕਾ ਸ. ਗੁਰਬਖ਼ਸ਼ ਸਿੰਘ ਮਾਰਿਆ ਗਿਆ।

            ਗੁਰਬਖ਼ਸ਼ ਸਿੰਘ ਦੀ ਵਿਧਵਾ ਸਰਦਾਰਨੀ ਸਦਾ ਕੌਰ (ਵੇਖੋ) ਨੇ ਆਪਣੀ ਮਿਸਲ ਦੀ ਸਰਦਾਰੀ ਸੰਭਾਲੀ ਅਤੇ ਆਪਣੇ ਸਹੁਰੇ ਨਾਲ ਸਲਾਹ ਕਰਕੇ ਆਪਣੀ ਇਕਲੌਤੀ ਪੁੱਤਰੀ ਮਤਾਬ ਕੌਰ ਦਾ ਵਿਆਹ ਸ. ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਦਿੱਤਾ। ਨਾਬਾਲਗ਼ ਰਣਜੀਤ ਸਿੰਘ ਨੂੰ ਸਦਾ ਕੌਰ ਨੇ ਪੂਰੀ ਸਰਪ੍ਰਸਤੀ ਪ੍ਰਦਾਨ ਕੀਤੀ ਅਤੇ 7 ਜੁਲਾਈ 1799 ਈ. ਨੂੰ ਲਾਹੌਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਕਰਵਾਇਆ। 11 ਅਪ੍ਰੈਲ 1801 ਈ. ਨੂੰ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਵਿਚ ਆਪਣਾ ਪੂਰਾ ਸਹਿਯੋਗ ਦਿੱਤਾ। ਉਸ ਤੋਂ ਬਾਦ ਅੰਮ੍ਰਿਤਸਰ , ਚਿਨਿਓਟ, ਕਸੂਰ , ਕਾਂਗੜਾ, ਹਜ਼ਾਰਾ, ਅਟਕ ਆਦਿ ਉਤੇ ਕੀਤੀਆਂ ਮੁਹਿੰਮਾਂ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਵਿਚ ਭਾਗ ਲਿਆ। ਪਰ ਕਈ ਕਾਰਣਾਂ ਕਰਕੇ ਦੋਹਾਂ ਵਿਚ ਨ ਨਿਭ ਸਕੀ। ਦੋਹਾਂ ਵਿਚ ਵਿਥ ਪੈਣ ਦਾ ਮੁਖ ਕਾਰਣ ਸੀ ਮਹਾਰਾਜੇ ਦਾ ਦੂਜੀ ਰਾਣੀ ਤੋਂ ਪੈਦਾ ਹੋਏ ਖੜਕ ਸਿੰਘ ਨੂੰ ਆਪਣਾ ਜਾਨਸ਼ੀਨ ਬਣਾਉਣਾ। ਆਪਣੇ ਆਪ ਨੂੰ ਸੁਤੰਤਰ ਰੂਪ ਵਿਚ ਰਾਣੀ ਪ੍ਰਤਿਸ਼ਠਿਤ ਕਰਵਾਉਣ ਲਈ ਸਦਾ ਕੌਰ ਨੇ ਅੰਗ੍ਰੇਜ਼ ਅਧਿਕਾਰੀ ਸਰ ਚਾਰਲੈਸ ਮੈਟਕਾਫ਼ ਨਾਲ ਸੰਪਰਕ ਕੀਤਾ। ਮਹਾਰਾਜੇ ਨੇ ਸਦਾ ਕੌਰ ਨੂੰ ਕੈਦ ਕਰਕੇ ਉਸ ਦੀ ਰਿਆਸਤ ਉਤੇ ਕਬਜ਼ਾ ਕਰ ਲਿਆ ਅਤੇ ਖ਼ਜ਼ਾਨਾ ਜ਼ਬਤ ਕਰ ਲਿਆ। ਬਟਾਲਾ ਕੰਵਰ ਸ਼ੇਰ ਸਿੰਘ ਨੂੰ ਜਾਗੀਰ ਵਜੋਂ ਦੇ ਦਿੱਤਾ ਅਤੇ ਬਾਕੀ ਰਿਆਸਤ ਦਾ ਪ੍ਰਬੰਧਕ ਸ. ਦੇਸਾ ਸਿੰਘ ਮਜੀਠੀਆ ਨੂੰ ਥਾਪਿਆ। ਸਦਾ ਕੌਰ ਦੀ ਨਜ਼ਰਬੰਦੀ ਦੀ ਅਵਸਥਾ ਵਿਚ ਸੰਨ 1832 ਈ. ਵਿਚ ਮ੍ਰਿਤੂ ਹੋ ਗਈ

            ਕਨ੍ਹੀਆ ਮਿਸਲ ਦੀ ਦੂਜੀ ਸ਼ਾਖਾ ਦਾ ਸਰਦਾਰ ਹਕੀਕਤ ਸਿੰਘ ਸਿਧੂ ਸੀ ਜੋ ਕਾਨ੍ਹਾ ਪਿੰਡ ਦੇ ਨੇੜੇ ਝੁਲਕਾ ਪਿੰਡ ਦਾ ਜੰਮ-ਪਲ ਸੀ ਅਤੇ ਜੈ ਸਿੰਘ ਦਾ ਹਰ ਮੁਹਿੰਮ ਵਿਚ ਸਾਥੀ ਰਿਹਾ ਸੀ। ਉਸ ਨੇ ਕਲਾਨੌਰ, ਅਦਾਲਤਗੜ੍ਹ, ਪਠਾਨਕੋਟ ਆਦਿ ਕਸਬਿਆਂ ਉਤੇ ਕਬਜ਼ਾ ਕਰ ਲਿਆ। ਹਕੀਕਤ ਸਿੰਘ ਦੀ ਸੰਨ 1782 ਈ. ਵਿਚ ਮੌਤ ਹੋ ਗਈ। ਉਸ ਦੇ ਨਾਬਾਲਗ ਲੜਕੇ ਜੈਮਲ ਸਿੰਘ ਨੇ ਮਿਸਲ ਦੇ ਆਪਣੇ ਹਿੱਸੇ ਦੀ ਸਰਦਾਰੀ ਸੰਭਾਲੀ ਅਤੇ ਫਤਹਿਗੜ੍ਹ ਵਿਚ ਕਿਲ੍ਹੇ ਦੀ ਉਸਾਰੀ ਕਰਵਾਈ। ਉਸ ਦੀ ਲੜਕੀ ਚੰਦ ਕੌਰ ਦੀ ਸ਼ਾਦੀ ਕੁੰਵਰ ਖੜਕ ਸਿੰਘ ਨਾਲ ਹੋਈ। ਸੰਨ 1812 ਈ. ਵਿਚ ਜੈਮਲ ਸਿੰਘ ਦੀ ਮ੍ਰਿਤੂ ਹੋ ਗਈ। ਉਸ ਦੀ ਨਰੀਨਾ ਔਲਾਦਹੋਣ ਕਾਰਣ ਉਸ ਦੀ ਸਾਰੀ ਰਿਆਸਤ ਅਤੇ ਖ਼ਜ਼ਾਨੇ ਨੂੰ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਿਆ ਅਤੇ ਕੁੰਵਰ ਖੜਕ ਸਿੰਘ ਨੂੰ ਉਸ ਦਾ ਪ੍ਰਸ਼ਾਸਕ ਬਣਾਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.