ਕਥਾ ਸਰਿਤ ਸਾਗਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਥਾ ਸਰਿਤ ਸਾਗਰ : ਸੰਸਕ੍ਰਿਤ ਸਾਹਿਤ ਵਿੱਚ ਕਥਾ-ਕਹਾਣੀਆਂ ਦਾ ਇੱਕ ਵਿਸ਼ਾਲ ਭੰਡਾਰ ਉਪਲਬਧ ਹੈ ਜਿਸ ਨੇ ਭਾਰਤੀ ਸਾਹਿਤ ਉੱਤੇ ਆਪਣਾ ਗਹਿਰਾ ਪ੍ਰਭਾਵ ਪਾਇਆ ਹੈ। ਭਾਰਤ ਦੀਆਂ ਤਿੰਨ ਮਹੱਤਵਪੂਰਨ ਧਾਰਮਿਕ ਸੰਪਰਦਾਵਾਂ ਜੈਨ, ਵੈਦਿਕ ਅਤੇ ਬੋਧ ਨੇ ਕਥਾ ਅਤੇ ਆਖਿਆਨਾਂ ਦਾ ਪ੍ਰਯੋਗ ਆਪਣੇ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਲਈ ਕੀਤਾ।
ਕਥਾ ਸਰਿਤ ਸਾਗਰ ਕਥਾ ਸਾਹਿਤ ਪਰੰਪਰਾ ਦਾ ਇੱਕ ਸ਼੍ਰੋਮਣੀ ਗ੍ਰੰਥ ਹੈ। ਇਸ ਨੂੰ ਕਸ਼ਮੀਰ ਦੇ ਪੰਡਤ ਸੋਮਦੇਵ ਭੱਟ ਨੇ ਤ੍ਰਿਗਰਤ ਜਾਂ ਕੁੱਲੂ-ਕਾਂਗੜਾ ਦੇ ਰਾਜਾ ਦੀ ਪੁੱਤਰੀ, ਕਸ਼ਮੀਰ ਦੇ ਰਾਜਾ ਅਨੰਦ ਦੀ ਰਾਣੀ ਸੂਰਯਮਤੀ ਦੇ ਮਨੋਰੰਜਨ ਲਈ 1063 ਅਤੇ 1081 ਦੇ ਵਿਚਕਾਰ ਲਿਖਿਆ। ਇਸ ਗ੍ਰੰਥ ਦੇ 2188 ਪਦ ਹਨ ਅਤੇ ਲੇਖਕ ਨੇ ਇਸ ਨੂੰ 124 ਤਰੰਗਾਂ ਵਿੱਚ ਵੰਡਿਆ ਹੈ। ਇਸ ਦਾ ਇੱਕ ਦੂਸਰਾ ਭਾਗ ਲੰਬਕਾਂ ਵਿੱਚ ਹੈ, ਜਿਨ੍ਹਾਂ ਦੀ ਸੰਖਿਆ 18 ਹੈ। ਇਹ ਗ੍ਰੰਥ ਆਪਣੇ ਵਰਤਮਾਨ ਰੂਪ ਵਿੱਚ ਅਨੇਕਾਂ ਛੋਟੀਆਂ ਵੱਡੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਸੋਮਦੇਵ ਨੇ ਇਸ ਨੂੰ ਕਥਾ ਰੂਪੀ ਨਦੀਆਂ ਦਾ ਸਾਗਰ ਕਿਹਾ ਹੈ। ਉਸ ਅਨੁਸਾਰ ਕਥਾ ਸਰਿਤ ਸਾਗਰ ਅਨੇਕਾਂ ਕਥਾਵਾਂ ਦੇ ਅੰਮ੍ਰਿਤ ਦੀ ਖਾਨ ਬ੍ਰਿਹਤ ਕਥਾ ਨਾਮਕ ਗ੍ਰੰਥ ਦਾ ਸਾਰ ਹੈ। ਬ੍ਰਿਹਤ ਕਥਾ ਪੈਸ਼ਾਚੀ ਭਾਸ਼ਾ ਦਾ ਗ੍ਰੰਥ ਸੀ ਜਿਸ ਦੀ ਰਚਨਾ ਗੁਣਾਡਯ (ਕਵੀ) ਨੇ ਸਾਤਵਾਹਨ ਰਾਜਿਆਂ ਦੇ ਸਮੇਂ ਪਹਿਲੀ ਦੂਸਰੀ ਸਦੀ ਦੇ ਲਗਪਗ ਕੀਤੀ। ਇਸ ਗ੍ਰੰਥ ਦਾ ਆਕਰਸ਼ਨ ਅਤੇ ਮਹੱਤਵ ਇਸ ਦੇ ਵੱਡਆਕਾਰੀ, ਸਾਹਸੀ ਅਤੇ ਰੁਮਾਂਚਕਾਰੀ ਕਥਾਵਾਂ ਨਾਲ ਭਰਪੂਰ ਹੋਣ ਕਰ ਕੇ ਹੈ।
ਸੋਮਦੇਵ ਦੁਆਰਾ ਰਚਿਤ ਕਥਾ ਸਰਿਤ ਸਾਗਰ ਬ੍ਰਿਹਤ ਕਥਾ ਦੇ ਵਿਕਾਸ ਦੀ ਅੰਤਿਮ ਕੜੀ ਹੈ। ਇਹ ਬ੍ਰਿਹਤ ਕਥਾ ਦਾ ਕਸ਼ਮੀਰੀ ਰੂਪ ਹੈ ਜਿਸ ਵਿੱਚੋਂ ਸੋਮਦੇਵ ਦੀ ਪ੍ਰਤਿਭਾਸ਼ਾਲੀ ਲੇਖਣੀ ਦੇ ਦਰਸ਼ਨ ਹੁੰਦੇ ਹਨ। ਅਸਲ ਵਿੱਚ ਸੰਸਕ੍ਰਿਤ ਵਿੱਚ ਅਨੇਕਾਂ ਅਜਿਹੇ ਆਧਾਰ ਗ੍ਰੰਥ ਮਿਲ ਜਾਂਦੇ ਹਨ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਬਾਅਦ ਦੇ ਅਨੇਕਾਂ ਸਾਹਿਤਕਾਰਾਂ ਨੇ ਅਨੂਪਮ ਸਾਹਿਤ ਰਚਿਆ। ਇਸ ਗ੍ਰੰਥ ਦੇ ਬਾਰੇ ਬਹੁਤ ਕੁਝ ਪ੍ਰਸੰਸਾਤਮਿਕ ਕਿਹਾ ਮਿਲਦਾ ਹੈ। ਉਧੋਤਨ ਸੂਰੀ ਦੁਆਰਾ ਵਿਰਚਿਤ ਕੁਵਲਯਮਾਲਕਤਾ (779) ਪ੍ਰਾਕ੍ਰਿਤ ਭਾਸ਼ਾ ਦਾ ਅਤਿ ਉੱਤਮ ਗ੍ਰੰਥ ਹੁਣੇ ਜਿਹੇ ਪ੍ਰਕਾਸ਼ ਵਿੱਚ ਆਇਆ ਹੈ। ਇਸ ਗ੍ਰੰਥ ਦੇ ਅਰੰਭ ਵਿੱਚ ਬ੍ਰਿਹਤ ਕਥਾ ਨੂੰ ‘ਵੱਡ ਕਥਾ’ ਕਿਹਾ ਗਿਆ ਹੈ।
ਗੁਣਾਡਯ ਕ੍ਰਿਤ ਮੂਲ ਬ੍ਰਿਹਤ ਕਥਾ ਹੁਣ ਪ੍ਰਾਪਤ ਨਹੀਂ। ਇਉਂ ਲੱਗਦਾ ਹੈ ਕਿ ਸੋਮਦੇਵ ਦੇ ਬਾਅਦ ਇਹ ਮਹਾਨ ਗ੍ਰੰਥ ਲੁਪਤ ਹੋ ਗਿਆ। ਵੱਖ-ਵੱਖ ਸਮਿਆਂ ਵਿੱਚ ਬ੍ਰਿਹਤ ਕਥਾ ਦੇ ਜਿਹੜੇ ਰੂਪਾਂਤਰ ਬਣੇ, ਉਹਨਾਂ ਵਿੱਚ ਚਾਰ ਹੁਣ ਤੱਕ ਪ੍ਰਾਪਤ ਹਨ। ਪਹਿਲਾ ਬੁੱਧਸਵਾਮੀ ਕ੍ਰਿਤ ਬ੍ਰਿਹਤ ਕਥਾ ਸਲੋਕ ਸੰਗ੍ਰਹਿ ਹੈ। ਇਸ ਦੀ ਰਚਨਾ ਸੰਸਕ੍ਰਿਤ ਵਿੱਚ ਲਗਪਗ ਪੰਜਵੀਂ ਸ਼ਤਾਬਦੀ ਵਿੱਚ ਹੋਈ। ਇਸ ਵਿੱਚ 28 ਸਰਗ ਹਨ ਪਰੰਤੂ ਇਹ ਗ੍ਰੰਥ ਅਪੂਰਨ ਰਿਹਾ। ਵਿਦਵਾਨ ਇਸ ਨੂੰ ਬ੍ਰਿਹਤ ਕਥਾ ਦਾ ਨੇਪਾਲੀ ਰੂਪ ਮੰਨਦੇ ਹਨ।
ਬੁੱਧਸਵਾਮੀ ਨੇ ਲਗਪਗ 100 ਸਾਲਾਂ ਦੇ ਵਿਚਕਾਰ ਹੀ ਬ੍ਰਿਹਤ ਕਥਾ ਦਾ ਇੱਕ ਪ੍ਰਾਕ੍ਰਿਤ ਸੰਸਕਰਨ ਜੈਨ ਪਰੰਪਰਾ ਵਿੱਚ ਸੰਘਦਾਸਗਣੀ ਨੇ ਵਾਸੂਦੇਵ ਹਿੰਡੀ ਦੇ ਨਾਂ ਹੇਠਾਂ ਤਿਆਰ ਕੀਤਾ। ਜਿੱਥੇ ਬ੍ਰਿਹਤ ਕਥਾ ਲੌਕਿਕ ਕਾਮਕਥਾ ਸੀ, ਉੱਥੇ ਸੰਘਦਾਸ ਨੇ ਵਾਸੂਦੇਵ ਹਿੰਡੀ ਨੂੰ ਧਰਮ ਕਥਾ ਦਾ ਰੂਪ ਦੇ ਦਿੱਤਾ ਅਤੇ ਜੈਨ ਧਰਮ ਨਾਲ ਸੰਬੰਧਿਤ ਕਿੰਨੇ ਹੀ ਪ੍ਰਸੰਗਾਂ ਨੂੰ ਇਸ ਵਿੱਚ ਸ਼ਾਮਲ ਕੀਤਾ।
ਕਥਾ ਸਰਿਤ ਸਾਗਰ ਵਿੱਚ ਆਪਣੇ ਨਾਂ ਦੇ ਅਨੁਰੂਪ 124 ਤਰੰਗਾਂ ਦਾ ਵਿਭਾਗ ਹੈ, ਉੱਥੇ ਹੀ ਇਸ ਦੇ 18 ਲੰਬਕ ਵੀ ਹਨ। ਇਹ ਲੰਬਕ ਸ਼ਬਦ ਆਪਣੇ ਮੂਲ ਸ੍ਰੋਤ ਵੱਲ ਸੰਕੇਤ ਕਰਦਾ ਹੈ। ਲੰਬਕ ਦਾ ਮੂਲ ਸੰਸਕ੍ਰਿਤ ਰੂਪ ਲੰਮਭਕ ਸੀ। ਇੱਕ ਵਿਆਹ ਦੁਆਰਾ ਇੱਕ ਇਸਤਰੀ ਦੀ ਪ੍ਰਾਪਤੀ ‘ਲੰਮਭ’ ਕਹਾਉਂਦੀ ਹੈ ਅਤੇ ਇਸੇ ਤਰ੍ਹਾਂ ਦੀ ਕਥਾ ਲਈ ਲੰਬਕ ਸ਼ਬਦ ਪ੍ਰਯੁਕਤ ਹੋਇਆ।
ਕਥਾ ਸਰਿਤ ਸਾਗਰ ਵਿੱਚ ਉੱਤਰ ਪੱਛਮ ਵੱਲ ਉਪਰਗਾਂਧਾਰ ਦੀ ਰਾਜਧਾਨੀ ਪੁਸ਼ਪਕਲਾਵਤੀ ਤੱਕ ਦਾ ਉਲੇਖ ਹੈ। ਇਸੇ ਗ੍ਰੰਥ ਵਿੱਚ ਦੀਪਾਂਤਰ ਦੇ ਮਲਯਪੁਰ ਦਾ ਵੀ ਉਲੇਖ ਹੈ ਜਿੱਥੋਂ ਦੇ ਰਾਜਾ ਦੀ ਪੁੱਤਰੀ ਮਲਯਵਤੀ ਦੇ ਨਾਲ ਵਿਕ੍ਰਮਾਦਿਤਯ ਨੇ ਵਿਆਹ ਕੀਤਾ ਸੀ।
ਕਥਾ ਸਰਿਤ ਸਾਗਰ ਅਲਫ਼ ਲੈਲਾ ਦੀਆਂ ਕਹਾਣੀਆਂ ਨਾਲੋਂ ਵੀ ਪ੍ਰਾਚੀਨਤਮ ਗ੍ਰੰਥ ਹੈ ਅਤੇ ਅਲਫ਼ ਲੈਲਾ ਦੀਆਂ ਅਨੇਕਾਂ ਕਹਾਣੀਆਂ ਦੇ ਮੂਲ ਇਸ ਵਿੱਚ ਮਿਲਦੇ ਹਨ। ਇਸ ਗ੍ਰੰਥ ਤੋਂ ਨਾ ਕੇਵਲ ਈਰਾਨੀ ਅਤੇ ਤੁਰਕੀ ਲੇਖਕਾਂ ਬਲਕਿ ਬੋਕੈਸ਼ੀਆ, ਚੌਸਰ, ਲਾ ਫੌਂਤੇਨ ਅਤੇ ਅਨੇਕਾਂ ਹੋਰ ਲੇਖਕਾਂ ਦੁਆਰਾ ਪੱਛਮੀ ਸੰਸਾਰ ਨੂੰ ਵੀ ਅਨੇਕਾਂ ਕਲਪਨਾਵਾਂ ਪ੍ਰਾਪਤ ਹੋਈਆਂ ਅਤੇ ਇਸ ਦੇ ਪ੍ਰਭਾਵ ਕਬੂਲੇ।
ਇਸ ਗ੍ਰੰਥ ਵਿੱਚ ਮਨੁੱਖੀ ਸੁਭਾਅ ਦੇ ਅਨੇਕਾਂ ਰੂਪਾਂ ਨੂੰ ਰੋਚਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ। ਸੋਮਦੇਵ ਨੇ ਇਸਤਰੀਆਂ ਦੇ ਸੁਭਾਅ ਦਾ ਵੀ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ। ਇਹ ਕਹਾਣੀਆਂ ਇੱਕ ਵਾਰ ਪੜ੍ਹ ਕੇ ਦੁਬਾਰਾ ਭੁਲਾਈਆਂ ਨਹੀਂ ਜਾ ਸਕਦੀਆਂ। ਲੇਖਕ ਦੀ ਕਥਾ ਵਿਸਤਾਰ ਸ਼ੈਲੀ ਅਤੇ ਫਿਰ ਕਥਾਵਾਂ ਦੇ ਸੰਯੋਜਨ ਦੀ ਸ਼ੈਲੀ ਲਾਜਵਾਬ ਹੈ। ਭਾਰਤੀ ਸਾਹਿਤ ਪਰੰਪਰਾ ਦਾ ਇਹ ਇੱਕ ਅਨਮੋਲ ਗ੍ਰੰਥ ਹੈ।
ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਕਥਾ ਸਰਿਤ ਸਾਗਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਥਾ ਸਰਿਤ ਸਾਗਰ : ਇਸ ਦਾ ਸ਼ਾਬਦਿਕ ਅਰਥ ਹੈ ਕਥਾਵਾਂ ਦੀਆਂ ਨਦੀਆਂ ਦਾ ਸਮੁੰਦਰ । ਕਸ਼ਮੀਰ ਦੇ ਸੋਮ ਦੇਵ ਭੱਟ ਨੇ ਕਥਾਵਾਂ ਦਾ ਇਕ ਪ੍ਰਸਿੱਧ ਸੰਗ੍ਰਹਿ ਤਿਆਰ ਕੀਤਾ ਜਿਸ ਨੂੰ ਬਾਰ੍ਹਵੀਂ ਈਸਵੀ ਦੇ ਆਰੰਭ ਵਿਚ ਇਕੱਠਾ ਕੀਤਾ ਗਿਆ ਸੀ। ਇਹ ਕਥਾਵਾਂ ਇਕ ਹੋਰ ਵੱਡੇ ਤੇ ਪ੍ਰਸਿੱਧ ‘ਬ੍ਰਿਹਤ ਕਥਾ’ ਨਾਂ ਦੇ ਗ੍ਰੰਥ ਵਿਚੋਂ ਲਈਆਂ ਗਈਆਂ ਹਨ। ਮੂਲ ਗ੍ਰੰਥ ਪ੍ਰਕਾਸ਼ਤ ਹੋ ਚੁਕਾ ਹੈ ਅਤੇ ਇਸ ਦੇ ਕੁਝ ਭਾਗ ਦਾ ਅਨੁਵਾਦ ਬ੍ਰਾਕਹਾਸ ਨੇ ਕੀਤਾ ਹੈ।
ਹ. ਪੁ. - ਹਿੰ. ਮਿ. ਕੋ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਥਾ ਸਰਿਤ ਸਾਗਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਥਾ ਸਰਿਤ ਸਾਗਰ : ਪੰਜਾਬ ਦੇ ਕਥਾ ਸਾਹਿਤ ਵਿਚ ਜਿਨ੍ਹਾਂ ਸੰਸਕ੍ਰਿਤ ਗ੍ਰੰਥਾਂ ਦਾ ਯੋਗਦਾਨ ਹੈ, ਕਥਾ ਸਰਿਤ ਸਾਗਰ ਉਨ੍ਹਾਂ ਵਿਚੋਂ ਇਕ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕਥਾਵਾਂ ਦੀਆਂ ਤਰੰਗਾਂ ਦਾ ਸਮੁੰਦਰ। ਇਸ ਗ੍ਰੰਥ ਵਿਚ ਹੌਂਸਲਾ, ਬਹਾਦਰੀ ਅਤੇ ਨੈਤਿਕਤਾ ਦੀ ਪ੍ਰੇਰਨਾ ਦੇਣ ਵਾਲੀਆਂ ਕਥਾਵਾਂ, ਪਰੀ ਕਥਾਵਾਂ ਅਤੇ ਪ੍ਰੇਮ ਕਹਾਣੀਆਂ ਦਰਜ ਹਨ ਜਿਨ੍ਹਾਂ ਵਿਚ ਮਧਕਾਲੀ ਸਮਾਜ ਦੀਆਂ ਅਨੇਕਾਂ ਰਵਾਇਤਾਂ ਅਤੇ ਰੂੜ੍ਹੀਆਂ ਸੁਰੱਖਿਅਤ ਹਨ। ਇਸ ਗ੍ਰੰਥ ਦਾ ਸੰਕਲਨ ਕਸ਼ਮੀਰ ਦੇ ਇਕ ਭੱਟ ਸੋਮਦੇਵ ਨੇ ਕੀਤਾ। ਉਸਨੇ ਖੁਦ ਇਹ ਮੰਨਿਆ ਹੈ ਕਿ ਇਸ ਗ੍ਰੰਥ ਦੀਆਂ ਕਥਾਵਾਂ ਗੁਣਾਂਡੇ ਦੇ ਪ੍ਰਸਿੱਧ ਗ੍ਰੰਥ ਬ੍ਰਿਹਤ ਕਥਾ ਵਿਚੋਂ ਲਈਆਂ ਗਈਆਂ ਹਨ।
ਬ੍ਰਿਹਤ ਕਥਾ ਗ੍ਰੰਥ ਗੁਣਾਂਡੇ ਦੀ ‘ਵਡ ਕਹਾ' ਨਾਮੀ ਇਕ ਵਡ ਆਕਾਰੀ ਰਚਨਾ ਦਾ ਹਿੱਸਾ ਹੀ ਹੈ। ਗੁਣਾਂਡੇ ਨੇ ਇਹ ਮੂਲ ਗ੍ਰੰਥ ਪਿਸ਼ਾਚੀ ਵਿਚ ਲਿਖਿਆ ਸੀ। ਦੰਦ ਕਥਾ ਅਨੁਸਾਰ ਇਹ ਕਥਾਵਾਂ ਵਚਿੱਤਰ ਢੰਗ ਨਾਲ ਸ਼ਿਵ ਜੀ ਤੋਂ ਗੁਣਾਂਡੇ ਤੱਕ ਪਹੁੰਚੀਆਂ। ਗੁਣਾਂਡੇ ਨੇ ਇਨ੍ਹਾਂ ਕਹਾਣੀਆਂ ਨੂੰ ਰੰਗ ਦੇ ਪਤਰਿਆਂ ਉਤੇ ਆਪਣੇ ਲਹੂ ਦੀ ਸਿਆਹੀ ਨਾਲ ਲਿਖਕੇ ਸਤਵਾਰ੍ਹਨ (ਸਲਵਾਨ) ਨੂੰ ਭੇਟ ਕੀਤਾ ਪਰ ਪਿਸ਼ਾਚੀ ਵਿਚ ਹੋਣ ਕਰਕੇ ਉਸਨੇ ਕਬੂਲ ਨਾ ਕੀਤੀਆਂ। ਨਿਰਾਸ਼ ਹੋ ਕੇ ਗੁਣਾਂਡੇ ਜੰਗਲ ਵਿਚ ਜਾ ਕੇ ਇਸ ਗ੍ਰੰਥ ਦਾ ਇਕ ਇਕ ਪੱਤਰਾ ਕਰਕੇ ਸਾੜਨ ਲਗਿਆ। ਸਤਵਾਹਨ ਨੂੰ ਜਦੋਂ ਖ਼ਬਰ ਹੋਈ ਤਾਂ ਉਸਨੇ ਮੌਕੇ ਤੇ ਪਹੁੰਚ ਕੇ ਇਕ ਲੱਖ ਸਲੋਕ ਜੋ ਅਜੇ ਅਗਨ ਭੇਟ ਨਹੀਂ ਸੀ ਹੋਏ ਬਚਾ ਲਏ। ਇਹ ਸਲੋਕ ਹੀ ਬ੍ਰਿਹਤ ਕਥਾ ਦੇ ਤੌਰ ਤੇ ਪ੍ਰਸਿੱਧ ਹੋਏ।
ਇਸ ਗ੍ਰੰਥ ਦੇ ਅਧਾਰ ਤੇ ਦੋ ਗ੍ਰੰਥ ਰਚੇ ਗਏ, ਕਸ਼ਮਿੰਦਰ ਰਚਿਤ ਬ੍ਰਿਹਤ ਕਥਾ ਮੰਜਰੀ ਅਤੇ ਕਥਾ ਸਰਿਤ ਸਾਗਰ। ਕਥਾ ਸਰਿਤ ਸਾਗਰ, ਬ੍ਰਿਹਤ ਕਥਾ ਮੰਜਰੀ ਨਾਲੋਂ ਭਾਸ਼ਾ ਤੇ ਸ਼ੈਲੀ ਪੱਖੋਂ ਪ੍ਰਪੱਕ ਹੋਣ ਦੇ ਨਾਲ ਨਾਲ ਆਕਾਰ ਵਿਚ ਵੀ ਤਿੰਨ ਗੁਣਾ ਹੈ। ਇਸ ਦੇ 22000 ਸਲੋਕ ਹਨ ਅਤੇ 124 ਭਾਗਾਂ ਜਾਂ ਤਰੰਗਾਂ ਵਿਚ ਵੰਡਿਆ ਹੋਇਆ ਹੈ। ਸੋਮਦੇਵ ਨੇ ਇਹ ਗ੍ਰੰਥ ਕਸ਼ਮੀਰ ਦੇ ਰਾਜੇ ਅਨੰਤ ਦੀ ਰਾਣੀ ਸੂਰਯਾਵਤੀ ਦੇ ਮਨੋਰੰਜਨ ਲਈ ਲਿਖਿਆ। ਕਈ ਸੰਕਟਾਂ ਤੋਂ ਦੁਖੀ ਹੋ ਕੇ ਅਨੰਤ ਨੇ 1081 ਈ. ਵਿਚ ਆਤਮਘਾਤ ਕਰ ਲਿਆ ਸੀ। ਉਸਦੀ ਪਤਨੀ ਚਿਖਾ ਉਤੇ ਚੜ੍ਹ ਕੇ ਸਤੀ ਹੋ ਗਈ। ਇਸ ਲਈ ਇਸ ਗ੍ਰੰਥ ਨੂੰ 1070 ਈ. ਦੇ ਨੇੜੇ ਤੇੜੇ ਦੀ ਰਚਨਾ ਮੰਨਿਆ ਜਾਂਦਾ ਹੈ।
ਇਸ ਵਿਚ ਰਿਗਵੇਦ ਅਤੇ ਮਹਾਂਭਾਰਤ ਦੀਆਂ ਕਈ ਕਥਾਵਾਂ ਲੋਕ-ਕਹਾਣੀਆਂ ਦੇ ਰੂਪ ਵਿਚ ਮਿਲਦੀਆਂ ਹਨ। ‘ਪੰਚਤੰਤਰ' ਅਤੇ ‘ਬੇਤਾਲ ਪਚੀਸੀ' ਦੀਆਂ ਕਈ ਕਥਾਵਾਂ ਵੀ ਕੁਝ ਅੰਤਰ ਨਾਲ ਦਿੱਤੀਆਂ ਗਈਆਂ ਹਨ। ਇਸ ਵਿਚ ਕੁਝ ਮੌਲਿਕ ਕਥਾਵਾਂ ਵੀ ਹਨ। ਕਈ ਕਥਾਵਾਂ ਮਿਸਰ ਦੇ ਸ੍ਰੀ ਪਤਰਾਂ ਉਪਰ ਲਿਖੀਆਂ ਕਥਾਵਾਂ ਨਾਲ ਮਿਲਦੀਆਂ ਜੁਲਦੀਆਂ ਹਨ। ਇਸ ਗ੍ਰੰਥ ਦੀ ਇਕ ਕਥਾ ਤੇ ਅਧਾਰਤ ‘ਮੁੜ ਚੂਹੀ ਦੀ ਚੂਹੀ' ਲੋਕ ਕਹਾਣੀ ਪੰਜਾਬ ਵਿਚ ਆਮ ਪ੍ਰਚੱਲਤ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-03-58-32, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First