ਓਮ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Om_ਓਮ: ਹਿੰਦੂਆਂ ਵਿਚ ਓਮ ਦਾ ਪਦ ਆਮ ਤੌਰ ਤੇ ਸਤਿਕਾਰਤ ਪਦ ਹੈ ਅਤੇ ਹਿੰਦੂ ਧਰਮ ਗ੍ਰ੍ਰੰਥਾਂ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਹਿੰਦੂ ਧਰਮ ਗ੍ਰੰਥਾਂ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਓਮ ਸ਼ਬਦ ਦਾ ਉਚਾਰਣ ਕੀਤਾ ਜਾਂਦਾ ਹੈ। ਮੈਕਡਾਨਲ ਦੀ ‘ਏ ਪ੍ਰੈਕਟੀਕਲ ਸੰਸਕ੍ਰਿਤ ਡਿਕਸ਼ਨਰੀ’ ਵਿਚ ਦੱਸਿਆ ਗਿਆ ਹੈ ਕਿ ਓਮ ਪਵਿੱਤਰ ਧੁਨੀ ਅਥਵਾ ਅਖਰ ਹੈ ਜਿਸ ਦੀ ਵਰਤੋਂ ਦੇਵ ਉਸਤਤੀ ਅਥਵਾ ਮੰਗਲ ਲਈ ਕੀਤੀ ਜਾਂਦੀ ਹੈ, ਪ੍ਰਾਰਥਨਾ ਦੇ ਅਰੰਭ ਵਿਚ ਅਤੇ ਵੇਦ ਬਾਣੀ ਦੇ ਪਾਠ ਦੇ ਅਰੰਭ ਅਤੇ ਅੰਤ ਵਿਚ ਕੀਤੀ ਜਾਂਦੀ ਹੈ; ਅਤੇ ਆਦਰਪੂਰਨ ਨਮਸਕਾਰ ਦੇ ਤੌਰ ਤੇ ਇਹ ਕਈ ਰਹੱਸਮਈ ਅਨੁਮਾਨਾਂ ਦਾ ਵਿਸ਼ਾ ਹੈ। ਮੋਨੀਅਰ ਵਿਲੀਅਮ ਦੀ ਸੰਸਕ੍ਰਿਤ-ਅੰਗਰੇਜ਼ੀ ਡਿਕਸ਼ਨਰੀ ਵਿਚ ਕਿਹਾ ਗਿਆ ਹੈ ਕਿ ਓਮ ਪਵਿੱਤਰ ਉਚਾਰਣ ਹੈ ਜੋ ਵੇਦਾਂ ਦੇ ਪਾਠ ਦੇ ਸ਼ੁਰੂ ਅਤੇ ਅੰਤ ਵਿਚ ਜਾਂ ਕਿਸੇ ਪ੍ਰਾਰਥਨਾ ਤੋਂ ਪਹਿਲਾਂ ਉਚਾਰਿਆ ਜਾਂਦਾ ਹੈ। ਓਮ ਨੂੰ ਸ਼ਗਨ- ਪੂਰਨ ਨਮਸਕਾਰ ਦਾ ਇਕ ਛੋਟਾ ਜਿਹਾ ਭਾਗ ਵੀ ਸਮਝਿਆ ਜਾਂਦਾ ਹੈ। ਓਮ ਨਾਲ ਉੱਚੀ ਆਤਮਕ ਜਾਂ ਰਹੱਸਮਈ ਪ੍ਰਭਾਵਕਤਾ ਜੁੜੀ ਹੋਈ ਹੈ। ਲੇਕਿਨ ਕਿਸੇ ਧਵਜ ਅਥਵਾ ਝੰਡੇ ਉਤੇ ਓਮ ਧਵਜ ਸ਼ਬਦ ਦੀ ਵਰਤੋਂ ਧਰਮ ਦਾ ਪ੍ਰਤੀਕ ਜਾਂ ਧਾਰਮਕ ਗੱਲ ਨਹੀਂ ਕਹੀ ਜਾ ਸਕਦੀ। (ਜਗਦੇਵ ਸਿੰਘ ਸਿਧਾਂਤੀ ਬਨਾਮ ਪਰਤਾਪ ਸਿੰਘ ਦੌਲਤਾ-ਏ ਆਈ ਆਰ 1965 ਐਸ ਸੀ 183)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਓਮ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਓਮ: ਵੇਖੋ ‘ਓਅੰਕਾਰ’
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no
ਓਮ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਓਮ : ਓਮ ਭਾਰਤ ਵਿਚ ਧਾਰਮਿਕ ਖੇਤਰ ਦਾ ਇਕ ਮਹੱਤਵਪੂਰਨ ਸੰਕਲਪ ਅਤੇ ਅਤਿਅੰਤ ਪਵਿੱਤਰ ਸ਼ਬਦ ਮੰਨਿਆ ਗਿਆ ਹੈ ਅਤੇ ਇਸ ਦਾ ਮੂਲ ਧਾਤੂ 'ਅਵ' ਹੈ ਜਿਸ ਨਾਲ ਪ੍ਰਤੇਯ 'ਮਨ' ਲਗਣ ਨਾਲ ਪੂਰਾ ਸ਼ਬਦ 'ਓਮ' ਬਣਦਾ ਹੈ। ਇਸ ਦੇ ਅਨੇਕਾਂ ਅਰਥ ਬਿਆਨ ਕੀਤੇ ਗਏ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 'ਓਮ' ਦੇ ਅਰਥ 'ਤ੍ਰਿਪਤ ਹੋਣਾ', 'ਰੱਖਿਆ ਕਰਨਾ', 'ਬਚਾਉਣਾ' ਆਦਿ ਹਨ। ਹੋਰ ਵਿਦਵਾਨਾਂ ਨੇ ਜਿਹੜੇ ਅਰਥ ਕੀਤੇ ਹਨ ਉਨ੍ਹਾਂ ਵਿਚੋਂ ਕੁਝ ਇਹ ਹਨ-ਗਤੀ, ਕ੍ਰਾਂਤੀ, ਪ੍ਰੀਤੀ, ਪ੍ਰਵੇਸ਼, ਸਵਰਣ, ਸਮੱਰਥਾ, ਅਨੁਰੋਧ, ਕਿਰਿਆ, ਇੱਛਾ, ਰੌਸ਼ਨੀ, ਅਵਪਤੀ, ਅਲਿੰਗਨ, ਹਿੰਸਾ ਦਾਨ, ਭਾਗ, ਵਿਧੀ ਆਦਿ। ਓਮ ਨੂੰ ਦਰਸਾਉਣ ਲਈ 'ਪ੍ਰਣੇਵ ਅਤੇ 'ਉਦਗੀਥ' ਸ਼ਬਦ ਵੀ ਵਰਤੇ ਜਾਂਦੇ ਹਨ। ਵਿੰਟਰਨਿਟਜ਼ ਅਨੁਸਾਰ ਸ਼ਬਦ 'ਓਮ' ਇਬਰਾਨੀ ਦੇ ਸ਼ਬਦ 'ਆਮੀਨ' ਨਾਲ ਆਵਾਜ਼ ਅਤੇ ਅਰਥ ਦੋਹਾਂ ਪੱਖਾਂ ਤੋਂ ਕਾਫ਼ੀ ਮਿਲਦਾ ਜੁਲਦਾ ਹੈ। ਓਮ ਸ਼ਬਦ ਦੇ ਮੂਲ ਬਾਰੇ ਯਕੀਨੀ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਕਿ ਇਸ ਦੀ ਵਰਤੋਂ ਆਮ ਲੋਕਾਂ ਅੰਦਰ ਮੌਜੂਦ ਹੋਵੇ। ਉਪਨਿਸ਼ਦਾਂ ਦੇ ਸਮੇਂ ਇਸ ਸ਼ਬਦ ਦੀ ਪਵਿੱਤਰਤਾ ਨੂੰ ਸਵੀਕਾਰ ਕੀਤਾ ਗਿਆ।
'ਓਮ' ਸ਼ਬਦ ਦਾ ਮਾਤ੍ਰਿਕ ਵਿਸ਼ਲੇਸ਼ਣ ਕਰਦਿਆਂ ਇਸ ਨੂੰ ਤਿੰਨ, ਸਾਢੇ ਤਿੰਨ, ਚਾਰ, ਸਾਢੇ ਚਾਰ ਅਤੇ ਕਈ ਵਾਰ ਇਸ ਤੋਂ ਵੱਧ ਮਾਤਰਾ ਦਾ ਵੀ ਮੰਨਿਆ ਜਾਂਦਾ ਹੈ ਪਰ ਮੁੱਖ ਵੰਡ ਤਿੰਨ ਮਾਤਰਾ ਦੀ ਹੀ ਹੈ। ਇਸ ਅਨੁਸਾਰ 'ਓਮ' ਨੂੰ ਉਕਾਰ, ਅਕਾਰ, ਅਤੇ ਮਕਾਰ ਭਾਗਾਂ ਵਿਚ ਵੰਡ ਕੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਤਿੰਨ ਦੇਵਤਿਆਂ ਜਾਂ ਤਿੰਨ ਸ਼ਕਤੀਆਂ ਨਾਲ ਸੰਕੇਤਕ ਕੀਤਾ ਗਿਆ ਹੈ।
ਭਾਰਤੀ ਧਾਰਮਿਕ ਅਤੇ ਦਾਰਸ਼ਨਿਕ ਗ੍ਰੰਥਾਂ ਵਿਚ 'ਓਮ' ਦੀ ਮਹੱਤਤਾ ਦਾ ਜ਼ਿਕਰ ਮਿਲਦਾ ਹੈ। ਵੇਦਾਂ ਆਦਿ ਧਰਮ ਪੁਸਤਕਾਂ ਦੇ ਆਰੰਭ ਅਤੇ ਅਖ਼ੀਰ ਵਿਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ-ਕਾਰਜ ਦੇ ਆਰੰਭ ਵਿਚ ਇਸ ਸ਼ਬਦ ਨੂੰ ਪਵਿੱਤਰ ਸਮਝ ਕੇ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇਕ ਆਮ ਵਿਸ਼ਵਾਸ ਹੈ ਕਿ ਹਜ਼ਾਰ ਵਾਰ ਇਸ ਦਾ ਜਾਪ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
'ਓਮ' ਤੋਂ ਸਾਰੀਆਂ ਮੁਢਲੀਆਂ ਆਵਾਜ਼ਾਂ ਨਿਕਲਦੀਆਂ ਹਨ ਤੇ ਬੀਜ ਮੰਤਰ ਬਣਦੇ ਹਨ। ਇਹ ਇਕ ਸ਼ਕਤੀਸ਼ਾਲੀ ਨਾਦ ਤੱਤ ਮੰਨਿਆ ਜਾਂਦਾ ਹੈ।
'ਓਮ' ਸ਼ਬਦ ਦਾ ਪ੍ਰਯੋਗ ਰਿਗਵੇਦ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਉਥੇ ਇਸ ਨੂੰ ਰੱਖਿਅਕ, ਮਿੱਤਰ, ਸਹਾਇਕ ਅਤੇ ਮਿਹਰਬਾਨ ਕਿਹਾ ਗਿਆ ਹੈ। ਯਜੁਰਵੇਦ ਵਿਚ ਇਸ ਨੂੰ ਸਰਵੋਤਮ ਅਤੇ ਆਕਾਸ਼ ਵਾਂਗ ਅਸੀਮ ਕਿਹਾ ਗਿਆ ਹੈ। ਬ੍ਰਾਹਮਣਾਂ ਵਿਚ 'ਓਮ' ਦੀਆਂ ਤਿੰਨ ਮਾਤਰਾਵਾਂ ਨੂੰ ਵੱਖ ਵੱਖ ਅਰਥਾਂ ਵਿਚ ਵੰਡ ਕੇ ਬਿਆਨ ਕੀਤਾ ਗਿਆ ਹੈ।
ਉਪਨਿਸ਼ਦਾਂ ਵਿਚ 'ਓਮ' ਨੂੰ ਰਹੱਸਮਈ ਰੂਪ ਵਿਚ ਕਲਪਦਿਆਂ ਧਾਰਮਿਕ ਸਾਧਨਾਂ ਦਾ ਮਾਧਿਅਮ ਅਤੇ ਦੈਵੀ ਸ਼ਕਤੀ ਨਾਲ ਭਰਪੂਰ ਗੰਭੀਰ ਚਿੰਤਨ ਕਰਨ ਯੋਗ ਸਮਝਿਆ ਗਿਆ ਹੈ। ਛਾਂਦੋਗਿਯ ਉਪਨਿਸ਼ਦ ਅਨੁਸਾਰ ਸਾਰੇ ਜੀਵਾਂ ਦਾ ਸਾਰ ਧਰਤੀ ਹੈ। ਧਰਤੀ ਦਾ ਸਾਰ ਪਾਣੀ, ਪਾਣੀ ਦਾ ਸਾਰ ਬਨਸਪਤੀ, ਬਨਸਪਤੀ ਦਾ ਸਾਰ ਮਨੁੱਖ, ਮਨੁੱਖ ਦਾ ਸਾਰ ਉਸ ਦੀ ਭਾਸ਼ਾ, ਭਾਸ਼ਾ ਦਾ ਸਾਰ ਰਿਗਵੇਦ, ਰਿਗਵੇਦ ਦਾ ਸਾਰ ਸਮਵੇਦ, ਸਾਮਵੇਦ ਦਾ ਸਾਰ ਉਦਗੀਣ ਅਰਥਾਤ 'ਓਮ' ਹੈ ਜੋ ਸਾਰੇ ਸਾਰਾਂ ਤੋਂ ਉੱਤਮ ਹੈ। ਮਾਂਡੂਕ ਅਨੁਸਾਰ 'ਓਮ' ਇਕ ਕਮਾਨ ਹੈ ਜਿਸ ਵਿਚੋਂ ਆਤਮਾ ਦਾ ਤੀਰ ਨਿਕਲ ਕੇ ਬ੍ਰਹਮ ਰੂਪੀ ਨਿਸ਼ਾਨੇ ਵਿਚ ਜਾ ਸਮਾਉਂਦਾ ਹੈ।
ਇਹ ਹਿੰਦੂ ਧਰਮ ਵਿਚ ਵਿਸ਼ਾਲ, ਗਹਿਰ ਤੇ ਗੰਭੀਰ ਸੰਕਲਪ ਹੈ। ਗੁਰਬਾਣੀ ਵਿਚ 'ਓਮ' ਨੂੰ ਓਨਮ, ਓਅੰਕਾਰ ਰੂਪਾਂ ਵਿਚ ਵੀ ਵਰਤਿਆ ਗਿਆ ਹੈ।
ਲੇਖਕ : ਡਾ. ਜਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-12-03-49, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 21; ਐਨ. ਰਿ. ਐਥਿ 9: 490
ਓਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਓਮ, ਪੁਲਿੰਗ : ੧. ‘ਓਂ’ ਅੱਖਰ ਜੋ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਲਿਖਤਾਂ ਦੇ ਪਹਿਲਾਂ ਲਿਖਿਆ ਜਾਂਦਾ ਹੈ; ੨. ਪਾਰਬ੍ਰਹਮ, ਪਰਮੇਸ਼ਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-04-29-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First