ਓਪਰੇਟਿੰਗ ਸਿਸਟਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Operating System

ਓਪਰੇਟਿੰਗ ਸਿਸਟਮ (ਸੰਚਾਲਨ ਪ੍ਰਣਾਲੀ) ਪ੍ਰੋਗਰਾਮਾਂ ਦਾ ਇਕ ਅਜਿਹਾ ਸਮੂਹ ਹੈ ਜੋ ਵਰਤੋਂਕਾਰ (User) ਅਤੇ ਕੰਪਿਊਟਰ ਦਰਮਿਆਨ ਸਬੰਧ ਸਥਾਪਿਤ ਕਰਦਾ ਹੈ। ਇਹ ਕੰਪਿਊਟਰ ਦੇ ਵੱਖ-ਵੱਖ ਸਾਧਨਾਂ/ਵਸੀਲਿਆਂ (Resources) ਦਾ ਪ੍ਰਬੰਧ ਕਰਦਾ ਹੈ। ਇਹ ਇਕ ਕਿਸਮ ਦਾ ਸਿਸਟਮ ਸਾਫਟਵੇਅਰ ਹੁੰਦਾ ਹੈ। ਓਪਰੇਟਿੰਗ ਸਿਸਟਮ ਹਾਰਡਵੇਅਰ ਅਤੇ ਸਾਫਟਵੇਅਰ ਲਈ ਇਕ ਪ੍ਰਬੰਧਕੀ ਅਮਲੇ ਦਾ ਕੰਮ ਕਰਦਾ ਹੈ।

ਸਾਰੇ ਐਪਲੀਕੇਸ਼ਨ ਪ੍ਰੋਗਰਾਮਜ਼ ਕਿਸੇ ਨਾ ਕਿਸੇ ਓਪਰੇਟਿੰਗ ਸਿਸਟਮ ਦੀ ਵਰਤੋਂ ਕਰ ਕੇ ਆਪਣੇ ਸਰੋਤਾਂ ਜਾਂ ਸਾਧਨਾਂ ਦੀ ਵਰਤੋਂ ਕਰਦੇ ਹਨ। ਓਪਰੇਟਿੰਗ ਸਿਸਟਮ ਕੰਪਿਊਟਰ ਵਿੱਚ ਲੋਅਡ (Load) ਹੋਣ ਵਾਲਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ। ਇਹ ਸਿਸਟਮ ਨੂੰ ਬੂਟ (Boot) ਕਰਦਾ ਜਾਂ ਚਲਾਉਂਦਾ ਹੈ। ਇਸ ਤੋਂ ਬਿਨਾਂ ਕੰਪਿਊਟਰ ਨੂੰ ਚਲਾਉਣਾ ਸੰਭਵ ਨਹੀਂ। ਓਪਰੇਟਿੰਗ ਸਿਸਟਮ ਸੀਪੀਯੂ , ਮੈਮਰੀ , ਇਨਪੁਟ ਤੇ ਆਉਟਪੁਟ ਇਕਾਈਆਂ ਉੱਤੇ ਨਿਯੰਤਰਣ ਰੱਖਦਾ ਹੈ। ਇਹ ਕੰਪਿਊਟਰ ਤੋਂ ਬੜੀ ਕੁਸ਼ਲਤਾ ਨਾਲ ਕੰਮ ਲੈਣ ਲਈ ਜ਼ਿੰਮੇਵਾਰ ਹੁੰਦਾ ਹੈ।

(i) ਸੀਯੂਆਈ ਅਤੇ ਜੀਯੂਆਈ (CUI & GUI): ਸੀਯੂਆਈ ਦਾ ਪੂਰਾ ਨਾਮ ਹੈ- ਕਰੈਕਟਰ ਯੂਜ਼ਰ        ਇੰਟਰਫੇਸ (Character User Interface)। ਇਹ ਇਕ ਅਜਿਹਾ ਸਾਫਟਵੇਅਰ ਹੈ ਜਿਸ ਵਿੱਚ ਕਮਾਂਡਾਂ (ਹਦਾਇਤਾਂ) ਦੀ ਵਰਤੋਂ ਕਰਕੇ ਕੰਪਿਊਟਰ ਨਾਲ ਜੁੜਿਆ ਜਾ ਸਕਦਾ ਹੈ। ਇਸ ਵਿੱਚ ਵਰਤੋਂਕਾਰ ਕਮਾਂਡ     ਪਰਾਮਟ ਉੱਤੇ ਆਪਣੀਆਂ ਹਦਾਇਤਾਂ (Commands) ਟਾਈਪ ਕਰਦਾ ਹੈ। ਸੀਯੂਆਈ ਦੀ ਸਭ ਤੋਂ ਉੱਤਮ ਉਦਾਹਰਨ ਹੈ- ਡਾਸ (DOS)। ਇਹ ਵਰਤੋਂ ਵਿੱਚ ਕਠਿਨ ਹੁੰਦਾ ਹੈ ਕਿਉਂਕਿ ਇਸ ਵਿੱਚ ਵਰਤੋਂਕਾਰ ਨੂੰ ਕਮਾਂਡਾਂ ਯਾਦ ਰੱਖਣੀਆਂ ਪੈਂਦੀਆਂ ਹਨ। ਓਪਰੇਟਿੰਗ ਸਿਸਟਮ ਦੀ ਦੂਸਰੀ ਕਿਸਮ ਹੈ-ਜੀਯੂਆਈ। ਜੀਯੂਆਈ ਦਾ ਪੂਰਾ ਨਾਮ ਹੈ- ਗ੍ਰਾਫਿਕਸ ਯੂਜ਼ਰ ਇੰਟਰਫੇਸ। ਇਸ ਵਿੱਚ ਵਰਤੋਂਕਾਰ ਨੂੰ ਕਮਾਂਡਾਂ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ। ਇਸ ਵਿੱਚ ਨਾਂ ਤਾਂ ਕਮਾਂਡ ਪਰਾਮਟ ਹੁੰਦਾ ਹੈ ਤੇ ਨਾਂ ਹੀ ਕਮਾਂਡਾਂ ਵਰਤੀਆਂ ਜਾਂਦੀਆਂ ਹਨ। ਇਸ ਵਿੱਚ ਵੱਖ-ਵੱਖ ਮੀਨੂ (Menu) ਅਤੇ ਉਹਨਾਂ ਦੇ ਵਿਕਲਪ (Options) ਹੁੰਦੇ ਹਨ। ਇਹਨਾਂ ਮੀਨੂਆਂ ਨੂੰ ਮਾਊਸ ਦੇ ਕਲਿੱਕ ਰਾਹੀਂ ਚੁਣਿਆ ਅਤੇ ਲਾਗੂ ਕੀਤਾ ਜਾਂਦਾ ਹੈ।

(ii) ਓਪਰੇਟਿੰਗ ਸਿਸਟਮ ਦੀ ਲੋੜ (Need of Operating System): ਓਪਰੇਟਿੰਗ ਸਿਸਟਮ ਦੀ ਲੋੜ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਪੁਰਾਣੇ ਅਤੇ ਅਜੋਕੇ ਆਧੁਨਿਕ ਕੰਪਿਊਟਰਾਂ ਵਿਚਲੇ ਫ਼ਰਕ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ।

ਪੁਰਾਣੇ ਕੰਪਿਊਟਰ ਸਿਸਟਮ ਇਕ ਸਮੇਂ ਉੱਤੇ ਸਿਰਫ਼ ਇਕ ਪ੍ਰੋਗਰਾਮ ਦਾ ਹੀ ਪਾਲਨ (Execution)       ਕਰ ਸਕਦੇ ਸਨ ਅਰਥਾਤ ਸਿਰਫ਼ ਇਕ ਕੰਮ ਹੀ ਕਰਦੇ ਸਨ। ਜਦੋਂ ਪ੍ਰੋਸੈਸਰ ਕੋਲ ਬਹੁਤ ਜ਼ਿਆਦਾ ਕੰਮ ਇਕੱਠੇ ਹੋ ਜਾਂਦੇ ਸੀ ਤਾਂ ਪ੍ਰੋਸੈਸਰ ਕੰਮਾਂ (Processor) ਨੂੰ ਕ੍ਰਮਵਾਰ ਇਕ-ਇਕ ਕਰਕੇ ਪੁਗਾਉਂਦਾ ਸੀ। ਜੇਕਰ ਅੱਧਵਾਟਿਓਂ ਕਿਸੇ ਪ੍ਰੋਗਰਾਮ ਨੂੰ ਕੁਝ ਇਨਪੁਟ ਦੀ ਲੋੜ ਪੈਂਦੀ ਸੀ ਤਾਂ ਰਹਿੰਦੇ ਕੰਮ ਦਾ ਪਾਲਨ ਰੁਕ ਜਾਂਦਾ ਸੀ ਤੇ ਇਹ ਇਨਪੁਟ ਪ੍ਰਾਪਤ ਹੋਣ ਉਪਰੰਤ ਹੀ ਦੁਬਾਰਾ ਚਾਲੂ ਹੁੰਦਾ ਸੀ। ਇਨਪੁਟ ਪ੍ਰਾਪਤ ਕਰਨ ਉੱਤੇ ਲੱਗੇ ਸਮੇਂ ਦੌਰਾਨ ਸੀਪੀਯੂ ਜਾਂ ਪ੍ਰੋਸੈਸਰ ਬਿਲਕੁਲ ਵਿਹਲਾ ਰਹਿੰਦਾ ਸੀ। ਸੋ ਉਸ ਸਮੇਂ ਅਜਿਹੇ ਓਪਰੇਟਿੰਗ ਸਿਸਟਮ ਦੀ ਲੋੜ ਮਹਿਸੂਸ ਹੋਣ ਲੱਗੀ ਜੋ ਸੀਪੀਯੂ ਦੇ ਵਿਹਲੇ (Idle) ਸਮੇਂ ਨੂੰ ਘੱਟ    ਤੋਂ ਘੱਟ ਕਰ ਸਕੇ

ਅਜੋਕੇ ਆਧੁਨਿਕ ਕੰਪਿਊਟਰਾਂ ਵਿੱਚ ਓਪਰੇਟਿੰਗ ਸਿਸਟਮ ਵੀ ਆਧੁਨਿਕ ਕਿਸਮ ਦੇ ਆ ਗਏ ਹਨ। ਇਹ ਓਪਰੇਟਿੰਗ ਸਿਸਟਮ ਬਹੁਤ ਤੇਜ਼ ਰਫ਼ਤਾਰ ਨਾਲ ਕੰਮ ਕਰਦੇ ਹਨ ਤੇ ਸੀਪੀਯੂ ਨੂੰ ਘੱਟ ਤੋਂ ਘੱਟ ਵਿਹਲਾ ਰਹਿਣ ਦਿੰਦੇ ਹਨ। ਆਧੁਨਿਕ ਓਪਰੇਟਿੰਗ ਸਿਸਟਮ ਵਾਲੇ ਕੰਪਿਊਟਰ ਨੂੰ ਜੇਕਰ ਕੁਝ ਕੰਮ ਸਮੂਹਿਕ ਰੂਪ ਵਿੱਚ ਦੇ ਦਿੱਤੇ ਜਾਣ ਤਾਂ ਇਹ ਇਹਨਾਂ (ਕੰਮਾਂ) ਨੂੰ ਵਾਰੀ ਨਾਲ ਥੋੜ੍ਹਾ-ਥੋੜ੍ਹਾ ਸਮਾਂ ਵੰਡ ਕੇ ਦੇ ਦਿੰਦਾ ਹੈ। ਅਜਿਹੇ ਮੰਤਵ ਲਈ ਸਭਨਾਂ ਕੰਮਾਂ ਨੂੰ ਵਾਰੀ ਨਾਲ ਟਾਈਮ ਸਲਾਈਸ (Slice) ਜਾਰੀ ਕੀਤੀ ਜਾਂਦੀ ਹੈ। ਇਕ ਕੰਮ ਦੌਰਾਨ ਜੇਕਰ ਕਿਸੇ ਇਨਪੁਟ ਦੀ ਜ਼ਰੂਰਤ ਪੈ ਜਾਵੇ ਜਾਂ ਫਿਰ ਨਤੀਜਾ ਪੇਸ਼ ਕਰਨਾ ਹੋਵੇ ਤਾਂ ਉਦੋਂ ਸੀਪੀਯੂ ਵਿਹਲਾ ਨਹੀਂ ਰਹਿੰਦਾ ਸਗੋਂ ਅਗਲਾ ਕੰਮ ਪਕੜ ਲੈਂਦਾ ਹੈ। ਸੋ ਆਧੁਨਿਕ ਕੰਪਿਊਟਰਾਂ ਵਿੱਚ ਨਵੀਨਤਮ ਓਪਰੇਟਿੰਗ ਸਿਸਟਮਾਂ ਦੇ ਸਹਾਰੇ ਸੀਪੀਯੂ ਨੂੰ ਵੱਧ ਤੋਂ ਵੱਧ ਵਰਤ ਕੇ ਕੰਮਾਂ ਨੂੰ ਛੇਤੀ-ਛੇਤੀ ਕਰਵਾਇਆ ਜਾਂਦਾ ਹੈ। ਸੋ ਇਹ ਓਪਰੇਟਿੰਗ ਸਿਸਟਮ ਹੀ ਹੈ ਜੋ ਕੰਪਿਊਟਰ ਤੋਂ ਕੰਮ ਲੈਣ ਦੀ ਵਿਊਂਤ ਬਣਾਉਂਦਾ ਹੈ ਤੇ ਉਸ ਦੀ ਸਮਾਂ ਵੰਡ ਕਰਕੇ ਪੂਰਾ ਕਰਨ ਵਿੱਚ ਮਦਦ ਕਰਦਾ ਹੈ।

ਮੈਮਰੀ ਦੇ ਪ੍ਰਬੰਧ, ਕੰਮਾਂ ਦਾ ਰਾਖਵਾਂਕਰਨ ਕਰਨ ਅਤੇ ਇਨਪੁਟ ਜਾਂ ਆਉਟਪੁਟ ਕਾਰਜ ਕਰਨ ਲਈ ਓਪਰੇਟਿੰਗ ਸਿਸਟਮ ਦੀ ਲੋੜ ਪੈਂਦੀ ਹੈ।

(iii) ਮਹੱਤਵਪੂਰਨ ਓਪਰੇਟਿੰਗ ਸਿਸਟਮ (Important Operating Systems) : ਕੰਪਿਊਟਰ ਦੇ ਮਹੱਤਵਪੂਰਨ ਓਪਰੇਟਿੰਗ ਸਿਸਟਮਾਂ ਦੇ ਨਾਮ ਹੇਠਾਂ ਲਿਖੇ ਅਨੁਸਾਰ ਹਨ:

· ਡਾਸ (DOS)  

· OS/2

· ਮੈਕ ਓਪਰੇਟਿੰਗ ਸਿਸਟਮ

· ਵਿੰਡੋਜ਼ 95

· ਵਿੰਡੋਜ 98

· ਵਿੰਡੋਜ 2000

· ਵਿੰਡੋਜ ME

· ਵਿੰਡੋਜ XP

· ਵਿੰਡੋਜ XP 2000

· UNIX

· LINUX

· ਓਂਡਰਾਇਡ

· ਵਿੰਡੋਜ਼ 2003 ਸਰਵਰ

· ਵਿੰਡੋਜ਼ ਵਿਸਟਾ

· ਵਿੰਡੋਜ਼ 2007

· ਵਿੰਡੋਜ਼ 2008 ਆਦਿ    

(iv) ਓਪਰੇਟਿੰਗ ਸਿਸਟਮ ਦੇ ਕੰਮ (Functions of Operating System): ਓਪਰੇਟਿੰਗ ਸਿਸਟਮ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:

1. ਇਹ ਕੰਪਿਊਟਰ ਦੀ ਮੈਮਰੀ ਦਾ ਸਮੁੱਚਾ ਪ੍ਰਬੰਧ ਕਰਦਾ ਹੈ ਤੇ ਸਟੋਰੇਜ ਮੀਡੀਆ (Storage Media) ਨਾਲ ਤਾਲਮੇਲ ਸਥਾਪਿਤ ਕਰਦਾ ਹੈ।

2. ਇਹ ਪ੍ਰੋਸੈਸਰ (Processor) ਦੁਆਰਾ ਕਰਵਾਏ ਜਾਣ ਵਾਲੇ ਕੰਮਾਂ ਦਾ ਪ੍ਰਬੰਧ ਕਰਦਾ ਹੈ ਤੇ ਉਹਨਾਂ ਦੀ ਦੇਖ-ਰੇਖ ਕਰਦਾ ਹੈ।

3. ਓਪਰੇਟਿੰਗ ਸਿਸਟਮ ਆਉਟਪੁਟ (ਜਿਵੇਂ- ਮੌਨੀਟਰ , ਪ੍ਰਿੰਟਰ ਆਦਿ) ਅਤੇ ਇਨਪੁਟ (ਜਿਵੇਂ ਕੀਬੋਰਡ , ਮਾਊਸ ਆਦਿ) ਦਾ ਪ੍ਰੋਸੈਸਰ ਨਾਲ ਅਤੇ ਆਪਸ ਵਿੱਚ ਤਾਲਮੇਲ ਬਣਾਉਂਦਾ ਹੈ।

4. ਇਹ ਫਾਈਲਾਂ ਅਤੇ ਫੋਲਡਰਾਂ ਦਾ ਉਚਿਤ ਪ੍ਰਬੰਧ ਕਰਦਾ ਹੈ। ਨਵੀਆਂ ਫਾਈਲਾਂ ਬਣਾਉਣਾ ਅਤੇ ਪੁਰਾਣੀਆਂ ਫਾਈਲਾਂ ਨੂੰ ਡਿਲੀਟ (Delete) ਕਰਨਾ ਇਸ ਦੇ ਮਹੱਤਵਪੂਰਨ ਕੰਮ ਹਨ।

5. ਇਹ ਫਾਈਲਾਂ ਅਤੇ ਫੋਲਡਰਾਂ ਨੂੰ ਇਕ ਸਟੋਰੇਜ ਮੀਡੀਆ ਤੋਂ ਦੂਸਰੇ ਵਿੱਚ ਕਾਪੀ (Copy) ਕਰਨ 'ਚ ਮਦਦ ਕਰਦਾ ਹੈ।

6. ਇਹ ਪ੍ਰੋਸੈਸਰ ਦੁਆਰਾ ਕਰਵਾਏ ਜਾਣ ਵਾਲੇ ਕਾਰਜਾਂ ਨੂੰ ਪਹਿਲ (Priority) ਦੇ ਅਧਾਰ 'ਤੇ ਕ੍ਰਮਬੱਧ ਕਰਦਾ ਹੈ।

7. ਇਹ ਕਿਸੇ ਗ਼ਲਤ ਕਮਾਂਡ ਦੇਣ ਸਮੇਂ ਜਾਂ ਕਮਾਂਡਾਂ ਦੀ ਦੁਰਵਰਤੋਂ ਕਰਨ ਸਮੇਂ ਤਰੁੱਟੀ ਸੁਨੇਹਾ (Error Message) ਪ੍ਰਦਰਸ਼ਿਤ ਕਰਦਾ ਹੈ।

8. ਇਹ ਕੰਪਾਈਲਰ , ਅਸੈਂਬਲਰ , ਯੁਟਿਲਿਟੀ ਪ੍ਰੋਗਰਾਮ ਅਤੇ ਹੋਰਨਾਂ ਸਾਫਟਵੇਅਰਜ ਦਾ ਵੱਖ-ਵੱਖ ਵਰਤੋਂਕਾਰਾਂ ਨਾਲ ਸਬੰਧ ਸਥਾਪਿਤ ਕਰਦਾ ਹੈ।

9. ਇਹ ਕੰਪਿਊਟਰ ਵਿਚਲੇ ਅੰਕੜਿਆਂ (Data) ਨੂੰ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ।

10. ਇਹ ਓਪਰੇਟਰ (ਵਰਤੋਂਕਾਰ) ਅਤੇ ਕੰਪਿਊਟਰ ਦਰਮਿਆਨ ਸੰਚਾਰ (Communication) ਦਾ       ਕੰਮ ਕਰਦਾ ਹੈ।

11. ਇਹ ਹਾਰਡਵੇਅਰ ਅਤੇ ਸਾਫਟਵੇਅਰ ਐਪਲੀਕੇਸ਼ਨਾਂ ਦਰਮਿਆਨ ਇਕ ਪੁਲ ਦਾ ਕੰਮ ਕਰਦਾ ਹੈ।

12. ਓਪਰੇਟਿੰਗ ਸਿਸਟਮ ਗ਼ੈਰ ਪ੍ਰਵਾਣਿਤ ਵਰਤੋਂਕਾਰ ਨੂੰ ਕੰਪਿਊਟਰ ਵਰਤਣ ਤੋਂ ਮਨਾਹੀ ਕਰਦਾ ਹੈ।

13. ਆਧੁਨਿਕ ਓਪਰੇਟਿੰਗ ਸਿਸਟਮ ਵਰਤੋਂਕਾਰ ਨੂੰ ਖੇਤਰੀ ਭਾਸ਼ਾਵਾਂ ਵਿੱਚ ਕੰਮ ਕਰਨ ਲਈ ਸੁਖਾਵਾਂ      ਵਾਤਾਵਰਨ ਮੁਹੱਈਆ ਕਰਵਾਉਂਦੇ ਹਨ।

(v) ਓਪਰੇਟਿੰਗ ਸਿਸਟਮ ਦੀਆਂ ਕਿਸਮਾਂ (Types of Operating System): ਬਣਤਰ ਜਾਂ ਰੂਪ-ਰੇਖਾ (Configuration) ਦੇ ਅਧਾਰ ਉੱਤੇ ਓਪਰੇਟਿੰਗ ਸਿਸਟਮ ਦਾ ਹੇਠਾਂ ਲਿਖੇ ਭਾਗਾਂ ਵਿੱਚ ਵਰਗੀਕਰਨ ਕੀਤਾ ਜਾ ਸਕਦਾ ਹੈ:

1. ਸਿੰਗਲ ਯੂਜ਼ਰ (Single User) ਓਪਰੇਟਿੰਗ ਸਿਸਟਮ

2. ਬੈਚ (Batch) ਓਪਰੇਟਿੰਗ ਸਿਸਟਮ

3. ਟਾਈਮ ਸ਼ੇਅਰਿੰਗ (Time Sharing) ਓਪਰੇਟਿੰਗ ਸਿਸਟਮ

4. ਵਰਚੂਅਲ ਸਟੋਰੇਜ (Virtual Storage) ਓਪਰੇਟਿੰਗ ਸਿਸਟਮ

5. ਰੀਅਲ ਟਾਈਮ (Real Time) ਓਪਰੇਟਿੰਗ ਸਿਸਟਮ

6. ਮਲਟੀ ਪ੍ਰੋਸੈਸਿੰਗ (Multiprocessing) ਓਪਰੇਟਿੰਗ ਸਿਸਟਮ

7. ਵਰਚੂਅਲ ਮਸ਼ੀਨ (Virtual Machine) ਓਪਰੇਟਿੰਗ ਸਿਸਟਮ


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਓਪਰੇਟਿੰਗ ਸਿਸਟਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Operating System

ਇਸ ਦਾ ਸੰਖੇਪ ਨਾਮ ਹੈ- ਓਐਸ (OS)। ਇਹ ਪ੍ਰੋਗਰਾਮਾਂ ਦਾ ਅਜਿਹਾ ਸਮੂਹ ਹੈ ਜੋ ਕੰਪਿਊਟਰ ਦੇ ਵੱਖ-ਵੱਖ ਸਰੋਤਾਂ (Resources) ਨੂੰ ਨਿਯੰਤਰਿਤ ਕਰਦਾ ਹੈ ਅਤੇ ਵਰਤੋਂਕਾਰ ਨੂੰ ਕੰਪਿਊਟਰ ਨਾਲ ਜੋੜਦਾ ਹੈ। ਕੁਝ ਮਹੱਤਵਪੂਰਨ ਓਪਰੇਟਿੰਗ ਸਿਸਟਮ ਹਨ- ਡੌਸ , ਵਿੰਡੋਜ਼ , ਯੂਨੀਕਸ , ਲੀਨੇਕਸ ਆਦਿ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.