ਓਂਕਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਂਕਾਰ : ਨੂੰ ਆਮ ਤੌਰ ਤੇ ਸਿੱਖ ਧਾਰਮਿਕ ਲਿਖਤਾਂ ਵਿਚ ਓਅੰਕਾਰ ਕਰਕੇ ਲਿਖਿਆ ਜਾਂਦਾ ਹੈ। ਇਹ ਸ਼ਬਦ ਉਪਨਿਸ਼ਦਾਂ ਦੇ ਸ਼ਬਦ ਓਅੰਕਾਰ (ਓਮ+ਕਾਰ) ਤੋਂ ਲਿਆ ਗਿਆ ਹੈ ਜਿਸ ਦਾ ਮੂਲ ਰੂਪ ਵਿਚ ਓਮ ਸ਼ਬਦ ਨੂੰ ਲਿਖਣ ਜਾਂ ਉਚਾਰਨ ਨਾਲ ਸੰਬੰਧ ਹੈ। ਓਮ ਦੇ ਸਮਾਨਾਰਥ ਹੋਣ ਕਰਕੇ ਇਸ ਨੂੰ ਵੈਦਿਕ ਸਾਹਿਤ ਵਿਚ ਵਰਤਿਆ ਗਿਆ ਹੈ ਅਤੇ ਖਾਸ ਕਰਕੇ ਇਸ ਸਾਹਿਤ ਦੇ ਧਾਰਮਿਕ ਦਾਰਸ਼ਨਿਕ ਧਰਮ ਗ੍ਰੰਥਾਂ ਭਾਵ ਉਪਨਿਸ਼ਦਾਂ ਵਿਚ ਇਹ ਇਸੇ ਰੂਪ ਵਿਚ ਵਰਤਿਆ ਗਿਆ ਹੈ। ਇਸ ਨੂੰ ਇਕ ਸੁਹਜ ਮਹੱਤਵ ਦੇ ਪਵਿੱਤਰ ਸ਼ਬਦ ਦੇ ਰੂਪ ਵਿਚ ਅਤੇ ਉਸ ਬ੍ਰਹਮ ਦੇ ਸਭ ਤੋਂ ਪਵਿੱਤਰ ਨਾਵਾਂ ਵਜੋਂ ਵਰਤਿਆ ਗਿਆ ਹੈ ਜਿਹੜਾ ਸਰਬੋਤੱਮ ਅਤੇ ਇਕੋ ਇਕ ਹੋਂਦ ਹੈ; ਜੋ ਸੰਪੂਰਨ ਸਮੇਂ-ਸਥਾਨ ਵਿਚ ਮੌਜੂਦ ਹੈ ਅਤੇ ਦੇਵਤਿਆਂ ਸਮੇਤ ਸਾਰੇ ਬ੍ਰਹਿਮੰਡ ਦਾ ਸੋਮਾ ਹੈ।

    ਓਮ ਸ਼ਬਦ ਬ੍ਰਹਮ ਦਾ ਸਭ ਤੋਂ ਪਵਿੱਤਰ ਨਾਮ ਹੈ ਜੋ ਗੋਪਥ ਬ੍ਰਾਹਮਣ (1.24) ਅਨੁਸਾਰ ‘ਆਪ`-ਸਰਬ ਪਸਾਰੀ ਜਾਂ ‘ਆਵ` ਤੋਂ ਬਣਿਆ ਹੈ ਜਿਸ ਦਾ ਅਰਥ ਹੈ ਰੱਖਿਆ ਕਰਨਾ। ਇਹ ਇਕ ਅੱਖਰ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਵਿਚ ਸਭ ਤੋਂ ਵਧ ਸਹਾਇਕ ਸਿੱਧ ਹੁੰਦਾ ਕਿਹਾ ਜਾਂਦਾ ਹੈ। ਬ੍ਰਹਮਾ (ਅ) ਨੂੰ ਸ੍ਵਾਸ ਲੈਣ ਦੀ ਅਵਸਥਾ (ਪੂਰਕ) ਵਿਸ਼ਨੂੰ (ੳ) ਨੂੰ ਕੁੰਭਕ (ਸਵਾਸ ਭਰੀ ਰਖਣ ਦੀ ਅਵਸਥਾ) ਰੁਦਰ(ਮ) ਨੂੰ ਰੇਚਕ ਕਿਰਿਆ ਮੰਨਦੇ ਹੋਏ ਪ੍ਰਾਣਾਯਾਮ ਦੀ ਪ੍ਰਾਪਤੀ ਓਮ ਉਤੇ ਧਿਆਨ ਟਿਕਾ ਕੇ ਕੀਤੀ ਜਾ ਸਕਦੀ ਹੈ।

    ਤਿੰਨ ਧੁਨੀਆਂ ਅ ੳ ਮ (ਏ.ਯੂ.ਐਮ.) ਕ੍ਰਮਵਾਰ ਪਦਾਰਥਕ, ਸੂਖਮ ਅਤੇ ਉਤਪਤੀ ਦੇ ਕਾਰਨ ਹੋਣ ਦੀਆਂ ਪ੍ਰਤੀਕ ਮੰਨੀਆਂ ਗਈਆਂ ਹਨ (ਮਾਣਡ. ਉਪ.8.11)। ਇਸ ਵਿਆਖਿਆ ਵਿਚੋਂ ਤਿੰਨੋਂ ਹੋਂਦਾਂ ਪ੍ਰਕ੍ਰਿਤੀ, ਆਤਮਾ ਅਤੇ ਬ੍ਰਹਮ ਓਮ ਜਾਂ ਓਅੰਕਾਰ ਦੇ ਸਿਧਾਂਤ ਵਿਚ ਸੰਮਿਲਤ ਹਨ। ਇਹ ਤਿੰਨੋਂ ਧੁਨੀਆਂ ਬ੍ਰਹਮ ਦੇ ਤਿੰਨੋਂ ਪੱਖਾਂ ਨਾਲ ਇਕ-ਮਿਕ ਹਨ ਜੋ ਕ੍ਰਮਵਾਰ ਉਸ ਦੇ ਜਾਗਰਤ, ਸੁਪਨ ਅਤੇ ਸਖੋਪਤ ਅਵਸਥਾ ਦੀਆਂ ਪ੍ਰਤੀਕ ਹਨ। ਉਸ ਦੀ ਚੌਥੀ ਅਵਸਥਾ ਉਸ ਸਰਵ ਵਿਆਪਕ ਓਅੰਕਾਰ ਦੀ ਹੈ ਜੋ ਸਾਰੇ ਪਰੰਪਰਿਕ ਕਾਰ ਵਿਹਾਰਾਂ ਅਤੇ ਦ੍ਰਿਸ਼ਟ ਜਗਤ ਤੋਂ ਪਰੇ ਹੈ (ਮਾਣਡ ਉ. 9.12)। ਇਸ ਨਾਸ਼ਵਾਨ ਦ੍ਰਿਸ਼ਟ ਸੰਸਾਰ ਵਿਚ ਉਹ ਬ੍ਰਹਮ ‘ਇਕਾਕਸ਼ਰ` ਭਾਵ ਇਕੋ ਇਕ ਨਾ ਨਾਸ਼ ਹੋਣ ਵਾਲਾ (ਅਖਰ) ਹੈ (ਅਥਰਵਵੇਦ 5.28.8., ਗੀਤਾ 8.13)। ਉਪਨਿਸ਼ਦਾਂ ਦੇ ਰਿਸ਼ੀਆਂ ਅਨੁਸਾਰ ਇਹ ਸ਼ਬਦ ਓਮ ਪ੍ਰਣਵ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਪਰਮ ਤੱਤ ਦੀ ਅਨੁਭੂਤੀ ਵਿਚ ਵੀ ਸਹਾਈ ਸਿੱਧ ਹੁੰਦਾ ਹੈ(ਪ੍ਰ. ਉਪ. 5.5, ਸ਼ਵੇ ਉਪ 1.13.4, ਕਠ ਉਪ 1.2.17,। ਮੁੰਡਕ ਉਪਨਿਸ਼ਦ (II.2.3.4.) ਚਿੰਨ੍ਹ ਦੇ ਤੌਰ ਤੇ ਅਥਵਾ ਰੂਪਕ ਦੇ ਤੌਰ ਤੇ ਪ੍ਰਣਵ ਜਾਂ ਓਅੰਕਾਰ ਨੂੰ ਇਕ ਮਹਾਨ ਧਨੁਸ਼ (ਕਮਾਨ) ਦਸਦਾ ਹੈ ਜਿਹੜਾ ਆਤਮਾ ਰੂਪੀ ਤੀਰ ਨੂੰ ਸਿਮਰਨ ਨਾਲ ਤਿੱਖਾ ਕਰਕੇ ਅਖਰ ਬ੍ਰਹਮ ਰੂਪੀ ਨਿਸ਼ਾਨੇ ਤਕ ਪੁਚਾਉਣ ਵਿਚ ਸਹਾਇਤਾ ਕਰਦਾ ਹੈ। ਸ਼ਵੇਤਾਸ਼ਵਤਰ ਉਪਨਿਸ਼ਦ (1.13) ਅਨੁਸਾਰ ਵਿਸ਼ਵਵਿਆਪੀ ਜੋਤ ਨੂੰ ਓਅੰਕਾਰ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ ਜਿਵੇਂ ਅੱਗ ਦੇ ਰੂਪ ਨੂੰ ਬਾਲਣ ਰਾਹੀਂ ਜਾਣਿਆ ਜਾਂਦਾ ਹੈ। ਓਅੰਕਾਰ ਨੂੰ ਬ੍ਰਹਮ ਨਾਲ ਅਭੇਦ ਅਨੁਭਵ ਕਰਕੇ ਰਿਸ਼ੀ ਇਹ ਦਸਣਾ ਚਾਹੁੰਦੇ ਹਨ ਕਿ ਓਅੰਕਾਰ ਦਾ ਸਿਮਰਨ ਬ੍ਰਹਮ ਦਾ ਹੀ ਸਿਮਰਨ ਹੈ। ਮਾਣਡੂਕਯ ਉਪਨਿਸ਼ਦ ਓਮ ਨੂੰ “ਭੂਤ, ਵਰਤਮਾਨ ਅਤੇ ਭਵਿੱਖ” ਦੇ ਰੂਪ ਵਿਚ ਵੇਖਦਾ ਹੈ ਅਤੇ ‘ਜੋ ਇਹਨਾਂ ਤਿੰਨਾਂ ਤੋਂ ਪਰ੍ਹਾਂ ਹੈ ਉਹ ਵੀ ਓਮ ਹੀ ਹੈ।`

    ਸਿਧਾਂਤ ਰੂਪ ਵਿਚ ਇਕ ਗੈਰ ਸ਼ਖ਼ਸੀ ਅਤੇ ਭਾਵਵਾਚੀ ਬ੍ਰਹਮ ਦੀ ਸਰਵੇਸ਼ਵਰਵਾਦੀ ਧਾਰਨਾ ਸਰਬੋਤਮ ਆਤਮਾ ਨੂੰ ਅਕਸਰ ਓਮ ਜਾਂ ਓਅੰਕਾਰ ਨਾਲ ਇਕ ਸਮਝਿਆ ਜਾਂਦਾ ਹੈ ਅਤੇ ਬਹੁਦੇਵਵਾਦੀ ਸਿੱਧਾਂਤ ਜਿਸ ਵਿਚ ਵਿਅਕਤੀ ਰੂਪੀ ਦੇਵਤਿਆਂ ਜਿਵੇਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਹੋਂਦ ਦਾ ਸਿਧਾਂਤ ਹੈ ਦੇ ਨਾਲ ਨਾਲ ਇਹ ਸਿਧਾਂਤ ਹਮੇਸ਼ਾ ਹੀ ਚਲਦਾ ਰਿਹਾ ਹੈ। ਕ੍ਰਿਆਸ਼ੀਲ ਅਤੇ ਪ੍ਰਤੀਕ੍ਰਿਆਸ਼ੀਲ ਇਹ ਦੋਵੇਂ ਸਿਧਾਂਤ ਹਨ ਜੋ ਹਿੰਦੁਸਤਾਨ ਦੀ ਲੰਮੀ ਧਰਮ-ਦਾਰਸ਼ਨਿਕ ਪਰੰਪਰਾ ਵਿਚ ਇਕ ਦੂਸਰੇ ਦੇ ਪੂਰਕ ਵੀ ਬਣੇ ਰਹੇ ਹਨ।

    ਗੁਰੂ ਨਾਨਕ ਦੇਵ ਜੀ ਨੇ ਇਕ ਪਰਮਾਤਮਾ ਤੇ ਜ਼ੋਰ ਦਿੰਦੇ ਹੋਏ ਅਤੇ ਹਿੰਦੁਸਤਾਨ ਵਿਚ ਪ੍ਰਚਲਿਤ ਬਹੁਦੇਵਵਾਦ ਵੱਲ ਧਿਆਨ ਨ ਦਿੰਦੇ ਹੋਏ ਸਰਬ ਸ਼ਕਤੀਮਾਨ ਪਰਮਾਤਮਾ ਬਾਰੇ ਮੂਲ ਮੰਤਰ ਵਿਚ ਓਅੰਕਾਰ ਤੋਂ ਪਹਿਲਾਂ ਇਕ ਲਗਾ ਕੇ ਇਸ ਨੂੰ ੴਅੰਕਾਰ ਬਣਾ ਦਿੱਤਾ। ਇਸ ਤਰ੍ਹਾਂ ਓਅੰਕਾਰ ਦੇ ਅਰੰਭ ਵਿਚ ਇਕ ਲਗਾਣ ਨਾਲ ਸਿੱਖ ਧਰਮ ਵਿਚ ਇਸ ਦੀ ਰਹਸਾਤਮਿਕ ਮਹੱਤਤਾ ਵੱਧ ਜਾਂਦੀ ਹੈ। ਮੂਲਮੰਤਰ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਮੌਜੂਦ ਹੋਣ ਦੇ ਨਾਲ ਨਾਲ ਇਸ ਦੇ ਸ਼ੁਰੂ ਵਿਚ ਓਅੰਕਾਰ ਬ੍ਰਹਮ ਦੇ ਨਿਰਗੁਣ ਸਰੂਪ ਤੇ ਜ਼ੋਰ ਦਿੰਦਾ ਹੈ। ਇਸ ਫਾਰਮੂਲੇ ਵਿਚ ਇਕ ਨੂੰ ਬੀਜ ਮੰਤਰ ਕਿਹਾ ਜਾਂਦਾ ਹੈ ਜਿਥੋਂ ਸਿੱਖ ਧਰਮ ਦਾ ਸਾਰਾ ਤਾਣਾ-ਬਾਣਾ ਪੈਦਾ ਹੋਇਆ ਹੈ ਅਤੇ ਜਿਹੜਾ ਬਹੁਦੇਵਵਾਦ ਜਾਂ ਇਕ ਦੇਵਵਾਦ ਦੇ ਨਾਂ ਨਾਲ ਜਾਣੀ ਜਾਂਦੀ ਧਾਰਨਾ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਇਹ ਇਕ ਹੀ ਸਰਬ ਸ਼ਕਤੀਮਾਨ ਦਾ ਅਸਲ ਬਿੰਬ ਹੈ ਭਾਵ ਸ਼ੁੱਧ ਸਰੂਪ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਪਰਵਾਨ ਕੀਤਾ ਗਿਆ ਹੈ। ਇਕ ਮਹਾਨ ਵਿਦਵਾਨ ਅਤੇ ਕਵੀ ਭਾਈ ਗੁਰਦਾਸ ਇਕ ਦਾ ਓਅੰਕਾਰ ਨਾਲ ਸੰਬੰਧ ਦਸਦੇ ਹੋਏ ਲਿਖਦੇ ਹਨ: ਏਕਾ ਏਕੰਕਾਰ ਲਿਖਿ ਦੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ- ਰਚਨਾਕਾਰ ਨੇ ਪਹਿਲਾਂ ‘ਇਕ` ਪਰਗਟ ਕੀਤਾ ਅਤੇ ਉਸ ਤੋਂ ਬਾਅਦ ਉਸ ਦੇ ਲਾਗੇ ਊੜਾ (ਓਅੰਕਾਰ) ਸਥਾਪਿਤ ਕੀਤਾ(ਵਾਰਾਂ 3.15)।

    ਉਪਰੋਕਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੰਖਿਆ ਇਕ(1) ਓਅੰਕਾਰ ਦੇ ਨਾਲ 1 ਇਸ ਤੱਥ ਤੇ ਜ਼ੋਰ ਦਿੰਦਾ ਹੈ ਕਿ ਉਹ ਪਰਮਾਤਮਾ ਨਿਰਗੁਣ, ਸਰਬ ਸ਼ਕਤੀਮਾਨ ਅਤੇ ਅਨੰਤਰੂਪ ਵਿਚ ਪਾਰਗਾਮੀ ਹੈ ਜਿਸ ਨੂੰ ਸਿੱਖ ਧਰਮ ਵਿਗਿਆਨ ਵਿਚ ਪਾਰਬ੍ਰਹਮ ਕਰਕੇ ਵੀ ਜਾਣਿਆ ਜਾਂਦਾ ਹੈ। ਸਰਬ ਸ਼ਕਤੀਮਾਨ ਦੇ ਨਾਵਾਂ ਵਿਚ ਮੁੱਖ ਤੌਰ ਤੇ ‘ਇਕ ਓਅੰਕਾਰ` ਹੈ ਜੋ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਸਮੇਂ ਅੰਮ੍ਰਿਤ ਅਭਿਲਾਖੀ ਅੰਮ੍ਰਿਤ ਛਕਣ ਵੇਲੇ ਬਾਰ ਬਾਰ ਉਚਾਰਨ ਕਰਦਾ ਹੈ।

    ਦਾਰਸ਼ਨਿਕ ਪੱਧਰ ਤੇ ਇਕ ਓਅੰਕਾਰ ਅਤੇ ਓਅੰਕਾਰ ਵਿਚਕਾਰ ਅੰਤਰ ਪਾਇਆ ਜਾਂਦਾ ਹੈ। ਇਕ ਓਅੰਕਾਰ ਕਿਉਂਕਿ ਸਰਬ ਸ੍ਰੇਸ਼ਟ ਸ਼ਕਤੀ ਦਾ ਨਿਰਗੁਣ ਸਰੂਪ ਹੈ, ਓਅੰਕਾਰ ਪਰਮਾਤਮਾ ਦਾ ਸਰਗੁਣ ਸਰੂਪ ਹੈ ਜਿਸ ਦੀ ਭਗਤੀ ਅਤੇ ਪੂਜਾ ਕੀਤੀ ਜਾਂਦੀ ਹੈ। ਸਿੱਖ ਧਰਮ ਵਿਚ ਸਰਬ ਸ੍ਰੇਸ਼ਟ ਸ਼ਕਤੀ ਦੇ ਸਰਗੁਣ ਅਤੇ ਨਿਗਰੁਣ ਦੋਵੇਂ ਰੂਪ ਮਿਲਦੇ ਹਨ। ਪਰਮਾਤਮਾ ਦੇ ਦੋਵੇਂ ਰੂਪਾਂ ਵਿਚ ਕੋਈ ਅੰਤਰ ਨਹੀਂ ਕੀਤਾ ਗਿਆ- ਸਰਗੁਣ ਰੂਪ ਨੂੰ ਕਿਸੇ ਦੇਵੀ ਦੇਵਤੇ ਜਾਂ ਹੋਰ ਕਿਸੇ ਸ਼ਕਤੀ ਰਾਹੀਂ ਨਹੀਂ ਦਰਸਾਇਆ ਗਿਆ। ਸੁਖਮਨੀ ਵਿਚ ਇਹਨਾਂ ਦੋਵਾਂ ਰੂਪਾਂ ਉਤੇ ਜ਼ੋਰ ਦਿੱਤਾ ਗਿਆ ਹੈ (ਗੁ.ਗ੍ਰੰ. 287,290)। ਗੁਰਬਾਣੀ ਵਿਚ ਕਈ ਥਾਵਾਂ ਤੇ ਬਿੰਬਾਂ ਅਤੇ ਉਪਮਾਵਾਂ ਰਾਹੀਂ ਸਰਬਸ੍ਰੇਸ਼ਟ ਪਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਪਹਿਲੂ ਉਤੇ ਜ਼ੋਰ ਦਿੱਤਾ ਗਿਆ ਹੈ। ਮਹਾਂ ਕਵੀ ਸੰਤੋਖ ਸਿੰਘ ਆਪਣੀ ਰਚਨਾ ਟੀਕਾ ਗਰਬ ਗੰਜਨੀ ਵਿਚ ਇਸ ਗੱਲ ਉਤੇ ਜ਼ੋਰ ਦਿੰਦੇ ਹੋਏ ਲਿਖਦੇ ਹਨ ਕਿ ਓਅੰਕਾਰ ਸ਼ਰਬ ਸ਼ਕਤੀਮਾਨ ਦਾ ਕਰਤਾਰੀ ਪਹਿਲੂ ਹੋਣ ਕਰਕੇ ਮਾਇਆ ਸਹਿਤ ਬ੍ਰਹਮ ਰੂਪ ਹੈ। ਰਾਮਕਲੀ ਦੱਖਣੀ ਓਅੰਕਾਰ ਬਾਣੀ ਵਿਚ ਕਰਤਾ ਪੁਰਖ ਨੂੰ ਓਅੰਕਾਰ ਦੇ ਤੌਰ ਤੇ ਦੇਖਿਆ ਗਿਆ ਹੈ। ਗੁਰੂ ਅਮਰ ਦਾਸ ਜੀ ਆਪਣੀ ਬਾਣੀ ਮਾਰੂ ਸੋਲਹੇ (18) ਵਿਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ: “ਓਅੰਕਾਰ ਸਭ ਸ੍ਰਿਸ਼ਟਿ ਉਪਾਈ” (ਗੁ.ਗ੍ਰੰ. 1061) ਅਰਥਾਤ ਓਅੰਕਾਰ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਭਾਈ ਗੁਰਦਾਸ ਵਾਰ ਸੈਂਤੀ ਦੀ ਪਉੜੀ ਪਹਿਲੀ ਵਿਚ ਓਅੰਕਾਰ ਨੂੰ ਇਕ ਕਰਤਾ ਦੇ ਤੌਰ ਤੇ ਪੇਸ਼ ਕਰਦੇ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਅੱਗੇ ਜਾ ਕੇ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਇਕ ਓਅੰਕਾਰ ਨੇ ਸ਼ਿਵ ਅਤੇ ਸ਼ਕਤੀ ਮੇਲ ਕੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਕ ਓਅੰਕਾਰ ਦੀ ਤੁਲਨਾ ਅਖੰਡ ਪ੍ਰਕਾਸ਼ਿਤ ਸੂਰਜ ਨਾਲ ਅਤੇ ਇਸ ਪ੍ਰਗਟ ਸੰਸਾਰ ਦੀ ਤਾਰਿਆਂ ਨਾਲ ਤੁਲਨਾ ਕੀਤੀ ਗਈ ਹੈ। ਵਾਰ 26.2 ਵਿਚ ਇਕ ਓਅੰਕਾਰ ਤੋਂ ਪੈਦਾ ਹੋਣ ਵਾਲੀ ਧੁੰਨੀ ਤੋਂ ਓਅੰਕਾਰ ਭਾਵ ਸਰਗੁਣ ਪੈਦਾ ਹੋਇਆ ਦਸਿਆ ਗਿਆ ਹੈ। ਵਾਰ 29.19 ਵਿਚ ਭਾਈ ਗੁਰਦਾਸ ਸਰਬ ਸ੍ਰੇਸ਼ਟ ਸ਼ਕਤੀ ਦੇ ਤਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹਨ। ਇਹ ਤਿੰਨੇ ਗੁਣ ਹਨ: ਨਿਰੰਕਾਰ, ਇਕ ਓਅੰਕਾਰ (ਏਕੰਕਾਰ) ਅਤੇ ਓਅੰਕਾਰ। ਨਿਰੰਕਾਰ ਸੁੰਨ ਸਮਾਧੀ ਅਵਸਥਾ ਵਿਚ ਹੋਣ ਕਰਕੇ ਇਕ ਓਅੰਕਾਰ ਅਤੇ ਓਅੰਕਾਰ ਨੂੰ ਨਿਰੰਕਾਰ ਬ੍ਰਹਮ ਦੀਆਂ ਸਥੂਲ ਅਵਸਥਾਵਾਂ ਸਮਝਣਾ ਚਾਹੀਦਾ ਹੈ ਜਿਨ੍ਹਾਂ ਵਿਚ ਅਤੇ ਜਿਨ੍ਹਾਂ ਰਾਹੀਂ ਉਹ ਨਿਰੰਕਾਰ ਬ੍ਰਹਮ ਇਸ ਬ੍ਰਹਿਮੰਡ ਦੀ ਰਚਨਾ ਕਰਦਾ ਹੈ। ਭਾਈ ਗੁਰਦਾਸ ਦੀ ਇਹ ਵਿਆਖਿਆ ਗੁਰੂ ਨਾਨਕ ਦੀ ਵਾਰ ਆਸਾ ਦੀ ਵਿਆਖਿਆ ਨਾਲ ਮੇਲ ਖਾਂਦੀ ਹੈ ਜਿਥੇ ਗੁਰੂ ਨਾਨਕ ਇਸ ਦੀ ਵਿਆਖਿਆ ਕਰਦੇ ਹੋਏ ਦਸਦੇ ਹਨ- ‘ਆਪੀ ਨੇ (ਨਿਰੰਕਾਰ) ਆਪੁ ਸਾਜਿਓ (ਏਕੰਕਾਰ-ਇਕ ਓਅੰਕਾਰ) ਆਪੀ ਨੇ ਰਚਿਓ ਨਾਉ (ਓਅੰਕਾਰ)। ਦੁਯੀ ਕੁਦਰਤਿ ਸਾਜੀਐ (ਓਅੰਕਾਰ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ) ਕਰਿ ਆਸਣੁ ਡਿਠੋ ਚਾਉ ਅਰਥਾਤ ਉਹ ਨਿਰੰਕਾਰ ਓਅੰਕਾਰ ਰੂਪ ਵਿਚ ਸ੍ਰਿਸ਼ਟੀ ਵਿਚ ਬਿਰਾਜਮਾਨ ਹੋ ਕੇ ਬੜੇ ਚਾਉ ਨਾਲ ਇਸ ਦੀ ਦੇਖ ਭਾਲ ਕਰਦਾ ਹੈ। ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਅਫੁਰ ਬ੍ਰਹਮ ਦੇ ਤਿੰਨੇ ਪਹਿਲੂ ਅਰਥਾਤ ਨਿਰੰਕਾਰ, ਏਕੰਕਾਰ (ਇਕ ਓਅੰਕਾਰ) ਅਤੇ ਓਅੰਕਾਰ ਇਹ ਕਹਿ ਕੇ ਕਰਤਾ ਦੇ ਰੂਪ ਵਿਚ ਉਲੀਕੇ ਗਏ ਹਨ ‘ਓਅੰਕਾਰ ਸਭ ਸਿਸ੍ਰਟਿ ਉਪਾਈ` (ਗੁ. ਗ੍ਰੰ. 1061) ‘ਨਿਰੰਕਾਰਿ ਆਕਾਰ ਉਪਾਇਆ॥` (ਗੁ.ਗ੍ਰੰ.1065), ਅਤੇ ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ (ਗੁ.ਗ੍ਰੰ. 821)। ਵਾਰਾਂ (18.12) ਵਿਚ ਵੀ ਭਾਈ ਗੁਰਦਾਸ ਨੇ ਓਅੰਕਾਰ ਨੂੰ ਇਕ ਕਰਤਾ ਦੇ ਰੂਪ ਵਿਚ ਪੇਸ਼ ਕੀਤਾ ਹੈ।ਓਅੰਕਾਰ ਤੋਂ ਭਿੰਨਤਾ ਦਿਖਾਉਣ ਲਈ ਨਿਰੰਕਾਰ ਅਤੇ ਨਿਰਾਧਾਰ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਸੁਖਮਨੀ (ਗੁ. ਗ੍ਰੰ. 276, 284) ਅਨੁਸਾਰ ਰਚਨਾ ਦੇ ਅੰਤ ਉਪਰੰਤ ਕੇਵਲ ਸਰਬ ਸ੍ਰੇਸ਼ਟ ਪਰਮਾਤਮਾ (ਇਕ ਓਅੰਕਾਰ) ਹੀ ਰਹਿ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਉਸਤਤਿ ਵਿਚ ਪਰਮਾਤਮਾ ਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਹਨ, ਪ੍ਰਣਵੋ ਆਦਿ ਏਕੰਕਾਰਾ॥

    ਉਪਰੋਕਤ ਚਰਚਾ ਤੋਂ ਇਕ ਓਅੰਕਾਰ ਦੀ ਮਹਤਤਾ ਸਪਸ਼ਟ ਹੋ ਜਾਂਦੀ ਹੈ ਕਿਉਂਕਿ ਓਅੰਕਾਰ ਸ਼ਬਦ ਨਿਰਸੰਦੇਹ ਉਪਨਿਸ਼ਦ ਸਾਹਿਤ ਤੋਂ ਲਿਆ ਗਿਆ ਹੈ ਪਰੰਤੂ ਇਸ ਦਾ ਅਰਥ ਅਤੇ ਸੰਕਲਪ ਉਪਨਿਸ਼ਦਾਂ ਤੋਂ ਬਿਲਕੁਲ ਭਿੰਨ ਹੈ।

    ਇਕ ਓਅੰਕਾਰ ਦਾ ਇਹ ਸੰਕਲਪ ਜਿਸ ਨੂੰ ਏਕੰਕਾਰ ਗੁਰੂ ਗ੍ਰੰਥ ਵਿਚ (153,276,608,736,838) ਵੀ ਲਿਖਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਇਕ ਪਵਿੱਤਰ ੴ ਰਾਹੀਂ ਦਰਸਾਇਆ ਗਿਆ ਹੈ ਸਿੱਖ ਧਰਮ ਅਤੇ ਧਰਮ ਵਿਗਿਆਨ ਦਾ ਮੁੱਢਲਾ ਸਿਧਾਂਤ ਹੈ। ਇਹ ਪ੍ਰਤੀਕ ਮੂਲਮੰਤਰ ਦੇ ਅਰੰਭ ਵਿਚ ਆਉਂਦਾ ਹੈ ਅਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪੁ ਅਤੇ ਸਾਰੇ ਰਾਗਾਂ ਦੇ ਅਰੰਭ ਵਿਚ ਅੰਕਿਤ ਹੈ। ਮੂਲਮੰਤਰ ਇਕ ਓਅੰਕਾਰ ਦੇ ਸਿਧਾਂਤ ਨੂੰ ਸਪਸ਼ਟ ਰੂਪ ਵਿਚ ਉਜਾਗਰ ਕਰਦਾ ਹੈ ਜੋ ਕੇਵਲ ਤੇ ਕੇਵਲ ਸਰਬ ਸ਼ਕਤੀਮਾਨ ਹੈ, ਅੰਤਿਮ ਸੱਚ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਅਤੇ ਸਵੈ ਉਤਪੰਨ ਹੈ। ਉਸ ਪਰਮਾਤਮਾ ਦੀ ਵਿਆਖਿਆ ਕਰਦੇ ਹੋਏ ਮੂਲਮੰਤਰ ਵਿਚ ਉਸਦੇ ਲਈ ਕੁਝ ਨਕਾਰਾਤਮਿਕ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ। ਉਸਨੂੰ ਨਿਰਭਉ (ਬਿਨਾਂ ਭੈ ਜਾਂ ਡਰ ਦੇ) ਨਿਰਵੈਰ (ਬਿਨਾਂ ਕਿਸੇ ਨਾਲ ਵੈਰ ਭਾਵ ਦੇ) ਅਕਾਲ ਮੂਰਤਿ (ਸਦੀਵੀ ਸੱਚ) ਅਤੇ ਅਜੂਨੀ (ਜੋ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ) ਕਿਹਾ ਗਿਆ ਹੈ।

    ਓਅੰਕਾਰ ਦਾ ਉਪਰੋਕਤ ਸੰਕਲਪ ਗੁਰੂ ਗ੍ਰੰਥ ਸਾਹਿਬ ਵਿਚ ਵਿਆਖਿਆਤਮਿਕ ਅਤੇ ਪਵਿੱਤਰ ਰੂਪ ਵਿਚ ਵਰਨਿਤ ਕੀਤਾ ਗਿਆ ਹੈ ਜੋ ਲਗਾਤਾਰ ਸਮਾਜਿਕ ਅਤੇ ਧਾਰਮਿਕ ਤੌਰ ਤੇ ਸਮੇਂ ਦੀ ਮੰਗ ਅਨੁਸਾਰ ਸਰਬ ਸ਼ਕਤੀਮਾਨ ਇਕ ਹੀ ਪਰਮਾਤਮਾ ਦੀ ਹੋਂਦ ਤੇ ਜ਼ੋਰ ਦਿੰਦਾ ਹੈ। ਬੇਅੰਤ ਰਚਨਾ ਜਾਂ ਜੀਵਾਂ ਦੀ ਅਨੇਕਤਾ ਜਿਸ ਵਿਚ ਜੀਵ ਤੇ ਨਿਰਜੀਵ ਦੋਵੇਂ ਹਨ ਉਸ ਪਰਮਾਤਮਾ ਦੀ ਰਚਨਾ ਹੋਣ ਕਰਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਅਨੇਕ` ਅਤੇ ‘ਸਰਗੁਣ` ਬਿਆਨ ਕੀਤਾ ਗਿਆ ਹੈ; ਉਂਜ ਉਸ ਨੂੰ ਮੁੱਖ ਤੌਰ ਤੇ ਨਿਰਗੁਣ ਤਸੱਵਰ ਕਰਕੇ ਬਿਆਨ ਕੀਤਾ ਗਿਆ ਹੈ।

    ਸਿੱਖ ਧਰਮ ਵਿਚ ਨਿਰਗੁਣ ਅਫੁਰ ਬ੍ਰਹਮ ਜਦੋਂ ਸਫੁਰ ਹੁੰਦਾ ਹੈ ਤਾਂ ਆਪਣਾ ਰੂਪ ਬਦਲੇ ਬਿਨਾਂ ਉਹ ਆਪਣੀ ਕਰਤਾਰੀ ਸ਼ਕਤੀ ਓਅੰਕਾਰ ਨੂੰ ਉਤੇਜਿਤ ਕਰਦਾ ਹੈ ਜਿਹੜੀ ਹੁਣ ਤਕ ਉਸ ਵਿਚ ਮੌਜੂਦ ਸੀ ਪਰ ਅਪ੍ਰਗਟ (ਗੁਪਤ) ਸੀ ਅਤੇ ਇਸ ਕਰਤਾ ਪੁਰਖ ਦੇ ਰੂਪ ਵਿਚ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਉਹ ਇਸ ਕਿਸਮ ਦਾ ਨਿਰੰਕਾਰ ਨਹੀਂ ਹੈ ਜਿਹੜਾ ਸਾਧਾਰਨ ਸਥੂਲ ਰੂਪ ਵਿਚ ਸਾਕਾਰ ਹੁੰਦਾ ਹੈ ਬਲਕਿ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਦੀ ਦਿੱਬ ਕਰਤਾਰੀ ਸ਼ਕਤੀ ਦੇ ਤੌਰ ਤੇ ਬਿਆਨ ਕੀਤਾ ਗਿਆ ਹੈ। ਭਾਰਤੀ ਦਰਸ਼ਨ ਅਤੇ ਧਰਮ ਸ਼ਾਸਤਰੀ ਵਿਚਾਰ ਵਿਚ ‘ਅਵ` ਨੂੰ ਓਮ ਦੀ ਮੂਲ ਧਾਤੂ ਮੰਨਿਆ ਗਿਆ ਹੈ ਅਤੇ ਇਸ ਦੇ ਬਚਾਉ ਵਾਲੇ ਪੱਖ ਉਤੇ ਜ਼ੋਰ ਦਿੱਤਾ ਗਿਆ ਹੈ ਜਦੋਂ ਕਿ ਸਿੱਖ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਇਸਦੀ ਦਿੱਬ ਕਰਤਾ ਸ਼ਕਤੀ ਨੂੰ ਬਿਆਨ ਕੀਤਾ ਗਿਆ ਹੈ।

    ਓਅੰਕਾਰ ਜਾਂ ਬ੍ਰਹਮ ਦੇ ਬਰਾਬਰ ਸਮਝੇ ਜਾਂਦੇ ਹੋਰ ਸ਼ਬਦ ‘ਸਤ` ਅਤੇ ‘ਸਤਯ` ਅਤੇ ‘ਸੱਚ` ਧਾਰਮਿਕ ਅਤੇ ਸਮਾਜਿਕ ਤੌਰ ਤੇ ਇਕਮੁੱਠ ਸਮਾਜ ਦੀ ਮੁੱਢਲੀ ਲੋੜ ਸਮਝੀ ਗਈ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਪਹਿਲ ਦੇ ਆਧਾਰ ਤੇ ਲਿਆ ਹੈ।


ਲੇਖਕ : ਧ.ਕ.ਗ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਓਂਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਓਂਕਾਰ, ਪੁਲਿੰਗ : ੧. ‘ਓਮ’ ਅੱਖਰ; ੨. ਵਾਹਿਗੁਰੂ, ਈਸ਼ਵਰ, ਪਰਮਾਤਮਾ, ਬ੍ਰਹਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-11-57-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.