ਐਮਨਾਬਾਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਐਮਨਾਬਾਦ : ਪਾਕਿਸਤਾਨ ਦੇ ਗੁਜਰਾਂਵਾਲਾ ਜਿਲੇ ਦਾ ਪੁਰਾਣਾ ਸ਼ਹਿਰ ਜੋ ਗੁਰੂ ਨਾਨਕ ਦੇਵ ਜੀ (1469-1539) ਕਰਕੇ ਸਨਮਾਨਯੋਗ ਹੈ। ਉਹਨਾਂ (ਗੁਰੂ ਜੀ) ਦੇ ਸਮੇਂ ਇਸ ਸ਼ਹਿਰ ਦਾ ਨਾਂ ਸਯੱਦਪੁਰ ਸੀ। ਭਾਈ ਬਾਲਾ ਜਨਮ ਸਾਖੀ ਅਨੁਸਾਰ ਸੁਲਤਾਨਪੁਰ ਛੱਡਣ ਤੋਂ ਬਾਅਦ ਅਤੇ ਆਪਣੀਆਂ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਜੀ, ਭਾਈ ਮਰਦਾਨੇ ਨਾਲ ਸਭ ਤੋਂ ਪਹਿਲਾਂ ਐਮਨਾਬਾਦ ਗਏ ਸਨ ਜਿੱਥੇ ਕਿੱਤੇ ਵਜੋਂ ਤਰਖਾਣ ਭਾਈ ਲਾਲੋ , ਗੁਰੂ ਜੀ ਦਾ ਸਿੱਖ ਬਣਿਆ ਸੀ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਜੀ ਦੇ ਇਕ ਸਲੋਕ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ (ਗੁਰੂ ਜੀ) ਉਸ ਸਮੇਂ ਐਮਨਾਬਾਦ ਵਿਚ ਸਨ ਜਦੋਂ 1521 ਵਿਚ ਬਾਬਰ ਨੇ ਇਸ ਸ਼ਹਿਰ ਵਿਚ ਲੁੱਟਮਾਰ ਕਰਕੇ ਤਬਾਹੀ ਮਚਾ ਦਿੱਤੀ ਸੀ। ਜਨਮ ਸਾਖੀਆਂ ਵਿਚ ਵੀ ਇਸ ਗੱਲ ਦਾ ਵੀ ਉਲੇਖ ਮਿਲਦਾ ਹੈ ਕਿ ਮੁਗ਼ਲ ਫ਼ੌਜਾਂ ਦੇ ਹਮਲੇ ਦੌਰਾਨ ਗੁਰੂ ਜੀ ਨੂੰ ਬੰਦੀ ਬਣਾਇਆ ਗਿਆ ਸੀ ਅਤੇ ਪੱਥਰ ਦੀ ਚੱਕੀ ਚਲਾਉਣ ਲਈ ਦਿੱਤੀ ਗਈ ਸੀ। ਐਮਨਾਬਾਦ ਉਸ ਸਮੇਂ ਸਿੱਖ ਰਾਜ ਦੇ ਅਧੀਨ ਆ ਗਿਆ ਸੀ ਜਦੋਂ 1760 ਦੇ ਦੌਰਾਨ ਸਰਦਾਰ ਚੜ੍ਹਤ ਸਿੰਘ ਸੁੱਕਰਚੱਕੀਆ ਨੇ ਇਸ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ ਸੀ।

    ਇਸ ਸ਼ਹਿਰ ਵਿਚ ਇਤਿਹਾਸਿਕ ਗੁਰਦੁਆਰੇ ਸਨ ਜਿਨ੍ਹਾਂ ਦਾ ਪ੍ਰਬੰਧ 28 ਫਰਵਰੀ 1922 ਤੋਂ 1947 ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਰਦੀ ਰਹੀ ਸੀ।

ਗੁਰਦੁਆਰਾ ਰੋੜੀ ਸਾਹਿਬ : ਸ਼ਹਿਰ ਦੇ ਉੱਤਰ ਪੱਛਮ ਵੱਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਗੁਰਦੁਆਰਾ ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ, ਜਿਥੇ ਪਰੰਪਰਾ ਅਨੁਸਾਰ, ਗੁਰੂ ਨਾਨਕ ਦੇਵ ਜੀ ਸ਼ਹਿਰ ਦੀ ਤਬਾਹੀ ਤੋਂ ਬਾਅਦ ਭਾਈ ਲਾਲੋ ਕੋਲ ਰਹੇ ਸਨ। ਜਿਵੇਂ ਕਿ ਭਾਈ ਗੁਰਦਾਸ ਦੀ ਵਾਰ (1.24) ਵਿਚ ਲਿਖਿਆ ਗਿਆ ਹੈ ਕਿ ਇਥੇ ਗੁਰੂ ਜੀ ਨੂੰ ਰੋੜੀ ਉਤੇ ਬੈਠਣਾ ਅਤੇ ਸੌਣਾ ਪਿਆ ਸੀ। ਇਹ ਸ਼ਹਿਰ ਦਾ ਪ੍ਰਮੁਖ ਗੁਰਦੁਆਰਾ ਸੀ। ਇਸਦੀ ਬਹੁ-ਮੰਜਲੀ ਇਮਾਰਤ ਨੂੰ 15 ਅਗਸਤ 1947 ਨੂੰ ਹੋਈ ਪੰਜਾਬ ਦੀ ਵੰਡ ਤੋਂ ਛੇਤੀ ਮਗਰੋਂ ਕੁਝ ਕੱਟੜਪੰਥੀਆਂ ਦੀ ਭੀੜ ਨੇ ਅੱਗ ਲਾ ਕੇ ਸਾੜ ਦਿੱਤਾ ਸੀ।

ਗੁਰਦੁਆਰਾ ਚੱਕੀ ਸਾਹਿਬ : ਸ਼ਹਿਰ ਦੇ ਅੰਦਰ ਬਣਿਆ ਹੋਇਆ ਹੈ। ਇਥੇ ਚੱਕੀ ਨੂੰ ਪਵਿੱਤਰ ਯਾਦਗਾਰ ਵਜੋਂ ਸਾਂਭ ਕੇ ਰੱਖਿਆ ਗਿਆ ਹੈ ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਹ ਉਹੀ ਚੱਕੀ ਹੈ ਜਿਹੜੀ ਗੁਰੂ ਨਾਨਕ ਜੀ ਨੇ ਆਪਣੇ ਥੋੜ੍ਹੇ ਸਮੇਂ ਦੀ ਗ੍ਰਿਫ਼ਤਾਰੀ ਦੇ ਸਮੇਂ ਚਲਾਈ ਸੀ।

ਗੁਰਦੁਆਰਾ ਖੂਹੀ ਭਾਈ ਲਾਲੋ : ਵੀ ਸ਼ਹਿਰ ਦੇ ਅੰਦਰ ਬਣਿਆ ਹੋਇਆ ਉਹ ਗੁਰਦੁਆਰਾ ਹੈ ਜਿਹੜਾ ਭਾਈ ਲਾਲੋ ਦੇ ਘਰ ਅਤੇ ਖੂਹੀ ਦੀ ਨਿਸ਼ਾਨਦੇਹੀ ਕਰਦਾ ਹੈ। ਇਥੇ ਹੀ ਗੁਰੂ ਨਾਨਕ ਜੀ ਭਾਈ ਲਾਲੋ ਨੂੰ ਪਹਿਲੀ ਵਾਰ ਮਿਲੇ ਸਨ।


ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ. ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਐਮਨਾਬਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

    ਐਮਨਾਬਾਦ : ਪੱਛਮੀ ਪਾਕਿਸਤਾਨ ਦੇ ਸ਼ਹਿਰ ਗੁਜਰਾਂ-ਵਾਲਾਂ ਤੋਂ 13ਕਿ. ਮੀ. ਦੂਰ ਦੱਖਣ-ਪੂਰਬ ਵੱਲ ਵਸਿਆ ਹੋਇਆ ਹੈ। ਆਖਦੇ ਹਨ ਕਿ ਮੁੱਢਲੇ ਕਸਬੇ ਨੂੰ ਰਾਜਾ ਸਾਲਵਾਹਨ, ਜੋ ਸਿਆਲਕੋਟ ਦਾ ਰਾਜਾ ਸੀ, ਨੇ ਆਬਾਦ ਕੀਤਾ ਸੀ। ਇਸ ਦਾ ਪੁਰਾਣਾ ਨਾਂ ਸੈਦਪੁਰ ਸੀ। ਇਸ ਥਾਂ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਭਾਈ ਲਾਲੋ ਨੂੰ ਮਿਲਣ ਜਾਇਆ ਕਰਦੇ ਸਨ। ਇਸ ਕਸਬੇ ਵਿਚ ਉਨ੍ਹਾਂ ਨੇ ਬਾਬਰ ਦਾ ਹਮਲਾ ਦੇਖਿਆ ਸੀ। ਗੁਰੂ ਨਾਨਕ ਜੀ ਨੂੰ ਮੁਗ਼ਲਾਂ ਦਾ ਕੈਦੀ ਬਣਨਾ ਪਿਆ ਸੀ। ਅਕਬਰ ਬਾਦਸ਼ਾਹ ਦੇ ਵੇਲੇ ਮੁਹੰਮਦ ਅਮੀਨ ਨੇ ਇਸ ਸ਼ਹਿਰ ਨੂੰ ਮੁੜ ਵਸਾਇਆ ਅਤੇ ਇਸ ਦਾ ਨਾਂ ਅਮੀਨਾ-ਆਬਾਦ ਰਖਿਆ ਜਿਸ ਤੋਂ ਵਿਗੜ ਕੇ ਇਹ ਐਮਨਾਬਾਦ ਬਣ ਗਿਆ। ਸੰਨ 1746 ਵਿਚ ਸਿੱਖਾਂ ਨੇ ਇਥੋਂ ਦੇ ਹਾਕਮ ਜਸਪਤ ਰਾਏ ਨੂੰ ਕਤਲ ਕਰ ਦਿੱਤਾ। ਉਸ ਦਾ ਭਰਾ ਦੀਵਾਨ ਲਖਪਤ ਰਾਏ ਲਾਹੌਰ ਵਿਚ ਮੁਗ਼ਲ ਵਾਇਸਰਾਏ ਦਾ ਦੀਵਾਨ ਸੀ, ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਸਿੱਖਾਂ ਤੋਂ ਲਿਆ। ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ ਹਜ਼ਾਰਾਂ ਸਿੱਖ ਕਤਲ ਕੀਤੇ।

ਕੁਝ ਦਿਨਾਂ ਮਗਰੋਂ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਦੇ ਕਬਜ਼ੇ ਵਿਚ ਆ ਗਿਆ। ਸੰਨ 1867 ਵਿਚ ਇਥੇ ਮਿਉਂਸਪਲ ਕਮੇਟੀ ਕਾਇਮ ਹੋ ਗਈ।

       32º0' ਉ. ਵਿਥ. ; 74º15' ਪੂ. ਲੰਬ.

     ਹ. ਪੁ. -ਸਿ. ਸ਼੍ਰਾ. ਵੈ. ਪਾਕਿ.; ਇੰਪ. ਗ. ਇੰਡ.; ਗੁਜਰਾਂਵਾਲਾ ਡਿਸਟ੍ਰਿਕਟ ਗਜ਼ਟੀਅਰ- 1883-84 -ਹਰੀ ਰਾਮ ਗੁਪਤਾ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.