ਏਮਨਾਬਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਨਾਬਾਦ. ਜਿਲਾ ਗੁੱਜਰਾਂਵਾਲਾ ਦੀ ਤਸੀਲ ਵਿੱਚ ਇੱਕ ਨਗਰ, ਜੋ ਗੁੱਜਰਾਂਵਾਲੇ ਤੋਂ ਅੱਠ ਮੀਲ ਪੂਰਵ ਦੱਖਣ ਹੈ. ਇਸ ਦਾ ਪਹਿਲਾ ਨਾਉਂ ‘ਸੈਦਪੁਰ’ ਸੀ. ਸ਼ੇਰਸ਼ਾਹ ਨੇ ਇਸ ਨੂੰ ਤਬਾਹ ਕਰਕੇ ਨਵੀਂ ਆਬਾਦੀ ਦਾ ਨਾਉਂ ਸ਼ੇਰਗੜ੍ਹ ਰੱਖਿਆ. ਫੇਰ ਮੁਹੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਸ਼ੇਰਗੜ੍ਹ ਦਾ ਨਾਉਂ ਬਦਲ ਕੇ ਏਮਨਾਬਾਦ ਥਾਪਿਆ. ਸ਼੍ਰੀ ਗੁਰੂ ਨਾਨਕ ਦੇਵ ਸੈਦਪੁਰ ਵਿੱਚ ਭਾਈ ਲਾਲੋ ਤਖਾਣ ਸਿੱਖ ਦੇ ਘਰ ਕੁਝ ਕਾਲ ਵਿਰਾਜੇ ਹਨ. ਦੇਖੋ, ਆਵਨਿ ਅਠਤਰੈ ਅਤੇ ਭਾਗੂ ਮਲਿਕ।

    ਕਿਤਨੇ ਵਿਦ੍ਵਾਨਾਂ ਦਾ ਖ਼ਿਆਲ ਹੈ ਕਿ ਸੰਮਤ ੧੫੭੮ ਵਿੱਚ ਗੁਰੂ ਨਾਨਕ ਦੇਵ ਨੇ ਜਦ ਬਾਬਰ ਤੋਂ ਸੈਦਪੁਰ ਦੇ ਵਸਨੀਕਾਂ ਨੂੰ ਗੁਲਾਮੀ ਤੋਂ ਛੁਡਵਾਕੇ ਜੰਗੀ ਕਾਨੂਨ ਤੋਂ ਅਮਾਨ ਦਿਵਾਈ, ਤਦ ਤੋਂ ਇਸ ਦਾ ਨਾਉਂ ਏਮਨਾਬਾਦ  ਹੋ ਗਿਆ ਹੈ. ਏਮਨਾਬਾਦ ਰੇਲਵੇ ਸਟੇਸ਼ਨ ਤੋਂ ਇਹ ਨਗਰ ੩ ਮੀਲ ਪੂਰਵ ਹੈ. ਏਮਨਾਬਾਦ ਵਿੱਚ ਇਹ ਗੁਰੁਦ੍ਵਾਰੇ ਹਨ:—

    (ੳ) ਖੂਹੀ ਭਾਈ ਲਾਲੋ ਕੀ. ਭਾਈ ਲਾਲੋ ਦੇ ਮਕਾਨ ਵਿੱਚ ਜੋ ਖੂਹੀ ਸੀ, ਇਸ ਦਾ ਜਲ ਗੁਰੂ ਨਾਨਕ ਦੇਵ ਛਕਦੇ ਅਤੇ ਇਸਨਾਨ ਲਈ ਵਰਤਦੇ ਰਹੇ.

    (ਅ) ਚੱਕੀ ਸਾਹਿਬ. ਉਹ ਚੱਕੀ ਇੱਥੇ ਰੱਖੀ ਹੋਈ ਹੈ, ਜੋ ਸੈਦਪੁਰ ਦੇ ਕਤਲਾਮ ਵੇਲੇ ਆਮ ਕੈਦੀਆਂ ਵਿੱਚ ਫੜੇ ਗਏ ਗੁਰੂ ਨਾਨਕ ਦੇਵ ਨੂੰ ਦਾਣਾ ਪੀਹਣ ਲਈ ਦਿੱਤੀ ਗਈ ਸੀ. ਅਤੇ ਜਗਤਗੁਰੂ ਨੇ ਬਾਦਸ਼ਾਹ ਤੋਂ ਸਾਰੇ ਕੈਦੀ ਛੁਡਵਾਏ ਸਨ. ਇਸ ਅਸਥਾਨ ਨੂੰ ੧੪ ਘੁਮਾਉਂ ਜ਼ਮੀਨ ਹੈ. ਮੇਲਾ ਵੈਸਾਖੀ ਨੂੰ ਲਗਦਾ ਹੈ.1

    (ੲ) ਰੋੜੀ ਸਾਹਿਬ. ਸ਼ਹਿਰ ਤੋਂ ਦੱਖਣ ਪੱਛਮ ਅੱਧ ਮੀਲ ਪੁਰ ਗੁਰੁਦ੍ਵਾਰਾ ਹੈ. ਇਸ ਥਾਂ ਗੁਰੂ ਨਾਨਕ ਦੇਵ ਰੋੜਾਂ ਦੇ ਆਸਨ ਤੇ ਵਿਰਾਜਕੇ ਧ੍ਯਾਨਪਰਾਇਣ ਹੁੰਦੇ ਸਨ. ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਹਜ਼ਾਰ ਰੁਪਯੇ ਸਾਲਾਨਾ ਜਾਗੀਰ ਹੈ, ਅਤੇ ਗੁਰੁਦ੍ਵਾਰੇ ਨੂੰ ੯ ਮੁਰੱਬੇ ਜ਼ਮੀਨ ਭੀ ਹੈ. ਦਰਬਾਰ ਅਤੇ ਰਿਹਾਇਸ਼ੀ ਮਕਾਨ ਸੁੰਦਰ ਬਣੇ ਹੋਏ ਹਨ. ਵੈਸਾਖੀ ਅਤੇ ਕੱਤਕ ਦੀ ਪੂਰਣਮਾਸੀ ਨੂੰ ਮੇਲਾ ਲਗਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਏਮਨਾਬਾਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਏਮਨਾਬਾਦ, ਪੁਲਿੰਗ : ਇਕ ਸ਼ਹਿਰ ਦਾ ਨਾਉਂ ਜੋ ਜ਼ਿਲ੍ਹਾ ਗੁਜਰਾਂਵਾਲਾ ਵਿਚ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-12-20-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.