ਉੱਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਲ (ਨਾਂ,ਇ) 1 ਸਰੀਰ ਦੇ ਇੱਕ ਰੋਗ ਕਾਰਨ ਪੁੜਪੁੜੀ ਤੋਂ ਉੱਠ ਕੇ ਅੱਖ ਤੱਕ ਜਾਣ ਵਾਲੀ ਪੀੜ ਦੀ ਤ੍ਰਾਟ 2 ਗੁੱਲੀ ਡੰਡਾ ਖੇਡਦੇ ਸਮੇਂ ਰਾਬ ’ਤੇ ਪਈ ਗੁੱਲੀ ਨੂੰ ਡੰਡੇ ਦੀ ਚੁੱਕ ਦੁਆਰਾ ਦੂਰ ਵਗਾਹ ਮਾਰਨ ਦੀ ਜੁਗਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉੱਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਲ [ਨਾਂਇ] ਪੁੜਪੜੀ ਤੋਂ ਉੱਠ ਕੇ ਅੱਖ ਤੱਕ ਜਾਣ ਦਾ ਇੱਕ ਰੋਗ , ਦਰਦ ਦੀ ਤ੍ਰਾਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉੱਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਲ. ਕਈ ਪੰਜਾਬੀ ਸਿਰਪੀੜ ਅਤੇ ਭੌਂਹਾਂ ਵਿੱਚ ਹੋਏ ਦਰਦ ਨੂੰ ਉੱਲ ਸਮਝਦੇ ਹਨ, ਪਰ ਉੱਲ ਨੇਤ੍ਰ ਰੋਗ ਦਾ ਇੱਕ ਭੇਦ ਹੈ, ਜਿਸ ਦਾ ਤਿੱਬੀ ਨਾਉਂ ਖ਼ੁਰਤੁਲਐ਼ਨ, ਡਾਕਟਰੀ Glaucoma, ਅਤੇ ਪ੍ਰਸਿੱਧ ਨਾਉਂ “ਸਬਜ਼ ਮੋਤੀਆਬਿੰਦ” ਹੈ.
ਜਦ ਅੱਖ ਦੀ ਧੀਰੀ ਵਿੱਚ ਰਤੂਬਤ ਅਧਿਕ ਪੈਦਾ ਹੁੰਦੀ ਹੈ ਤੇ ਰਚਦੀ ਘੱਟ ਹੈ, ਅਥਵਾ ਨੇਤ੍ਰ ਵਿੱਚ ਨਾਸੂਰ ਹੋ ਜਾਂਦਾ ਹੈ, ਜਾਂ ਅੱਖ ਦਾ ਮੋਤੀ ਕਿਸੇ ਸਦਮੇ ਕਰਕੇ ਠਿਕਾਣਿਓਂ ਹਿਲ ਜਾਂਦਾ ਹੈ, ਤਦ ਅੱਖ ਅੱਗੇ ਅੰਧੇਰਾ ਆਉਣ ਲਗਦਾ ਹੈ. ਡੇਲਾ ਕਰੜਾ ਹੋ ਜਾਂਦਾ ਹੈ, ਅੱਖ ਅਤੇ ਪੁੜਪੁੜੀ ਵਿੱਚ ਵਡੀ ਪੀੜ ਹੁੰਦੀ ਹੈ ਅਤੇ ਡੇਲੇ ਦੀ ਰੰਗਤ ਸੁਰਖ ਹੋ ਜਾਂਦੀ ਹੈ, ਦੀਵੇ ਦੇ ਚੁਫੇਰੇ ਲਾਲ ਘੇਰਾ ਨਜਰ ਪੈਂਦਾ ਹੈ ਅਤੇ ਅੱਖ ਜੜ੍ਹ ਜੇਹੀ ਹੋ ਜਾਂਦੀ ਹੈ.
ਇਸ ਰੋਗ ਵਿੱਚ ਹਲਕਾ ਜੁਲਾਬ ਦੇਣਾ, ਪੁੜਪੁੜੀ ਤੇ ਜੋਕਾਂ ਲਾਉਣੀਆਂ, ਥੋੜੀ ਮਿਕਦਾਰ ਵਿੱਚ ਅਫੀਮ ਦੇਣੀ ਅਥਵਾ ਮਾਰਫੀਏ ਦੀ ਪਿਚਕਾਰੀ ਕਰਨੀ ਲਾਭਦਾਇਕ ਹੈ, ਪਰ ਸਭ ਤੋਂ ਚੰਗਾ ਇਹ ਹੈ ਕਿ ਕਿਸੇ ਲਾਇਕ ਡਾਕਟਰ ਤੋਂ ਅੱਖ ਦੇ ਅੰਬੀਆ ਪਰਦੇ ਦਾ ਉਪਰੇਸ਼ਨ ਕਰਵਾ ਦਿੱਤਾ ਜਾਵੇ, ਇਸ ਤੋਂ ਦਰਦ ਹਟ ਜਾਂਦਾ ਹੈ ਅਤੇ ਅੱਖ ਦੀ ਬਾਕੀ ਨਜਰ ਬਚ ਜਾਂਦੀ ਹੈ. ਉੱਲ ਦੇ ਰੋਗੀ ਨੂੰ ਅਚਾਰ ਚਟਨੀਆਂ ਗਰਮ ਮਸਾਲੇ ਮੈਥੁਨ ਧੁੱਪ ਵਿੱਚ ਫਿਰਨਾ ਅਤੇ ਸ਼ਰਾਬ ਆਦਿਕ ਤੋਂ ਬਹੁਤ ਬਚਣਾ ਲੋੜੀਏ. ਨਰਮ ਹਲਕੀ ਗਿਜਾ ਅਤੇ ਦੁੱਧ ਪੀਣਾ ਅੱਛਾ ਹੈ. ਜਦ ਅੰਤੜੀ ਵਿੱਚ ਥੋੜੀ ਮੈਲ ਭੀ ਰੁਕੇ ਉਸ ਦੇ ਤੁਰਤ ਖਾਰਿਜ ਕਰਨ ਦਾ ਜਤਨ ਕਰਨਾ ਚਾਹੀਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉੱਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉੱਲ : ਦਿਮਾਗ਼ ਦੀਆਂ ਟ੍ਰਾਈਜੈਮੀਨਲ (Trigeminal) ਜਾਂ ਤਿੰਨ-ਸ਼ਾਖੀਆਂ ਨਾੜੀਆਂ ਚਿਹਰੇ ਅਤੇ ਸਿਰ ਦੇ ਵਖ ਵਖ ਭਾਗਾਂ ਤੋਂ ਛੋਹ, ਤਾਪਮਾਨ ਅਤੇ ਪੀੜ ਆਦਿ, ਹਰ ਤਰ੍ਹਾਂ ਦੀਆਂ ਸੂਚਨਾਵਾਂ ਇਕੱਤਰ ਕਰਦੀਆਂ ਹਨ। ਉਪਰ ਦਸੇ ਅਨੁਸਾਰ ਹਰ ਇਕ ਟ੍ਰਾਇਜੈਮੀਨਲ ਨਾੜੀ ਦੀਆਂ ਤਿੰਨ ਸ਼ਾਖ਼ਾਵਾਂ ਹਨ। ਸਭ ਤੋਂ ਉਤਲੀ ਜਾਂ ਅੱਖ ਵਾਲੀ ਸ਼ਾਖ, ਅੱਖ, ਮੱਥੇ ਅਤੇ ਖੋਪਰੀ ਦੀ ਚਮੜੀ ਨਾਲ ਸੰਬੰਧਿਤ ਹੁੰਦੀ ਹੈ। ਸਰੀਰ ਦੀਆਂ ਹੋਰ ਨਾੜੀਆਂ ਦੇ ਮੁਕਾਬਲੇ ਤੇ ਇਸ ਨਾੜੀ ਰਾਹੀਂ ਦਿਮਾਗ਼ ਨੂੰ ਭੇਜੇ ਗਏ ਪੀੜ ਦੇ ਸੰਕੇਤ ਵਧੇਰੇ ਦੁਖਦਾਈ ਹੁੰਦੇ ਹਨ। ਇਸ ਤਰ੍ਹਾਂ ਰੋਗਾਂ ਨੂੰ ਜਲਦੀ ਲੱਭਣ ਵਿਚ ਸਹਾਇਤਾ ਮਿਲਦੀ ਹੈ। ਅੱਖ ਅਤੇ ਇਸ ਦੇ ਆਲੇ ਦੁਆਲੇ ਤੋਂ ਦੌਰਿਆਂ, ਚੀਸਾਂ, ਤਰਾਟਾਂ ਦੀ ਸਕਲ ਵਿਚ ਉਪਜਦੀ ਪੀੜ ਨੂੰ ‘ਉੱਲ’ ਕਿਹਾ ਜਾਂਦਾ ਹੈ।
ਉੱਲ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ :––
1. ਅੱਖ ਦਾ ਕੋਈ ਰੋਗ ਜਿਵੇਂ ਗਲਾਕੋਮਾ (glaucoma) ਅਰਥਾਤ ਕਾਲਾ ਮੋਤੀਆ ਅਤੇ ਧੀਰੀ ਆਦਿ ਦੀ ਸੋਜ; 2. ਮੀਗ੍ਰੇਨ (migraine) ਅਰਥਾਤ ਅੱਧੇ ਸਿਰ ਦੇ ਪੀੜ; 3. ਨਿਊਰੈਲਜੀਆ (neuralgia) ਅਰਥਾਤ ਨਾੜੀ ਦੇ ਵਿਚੋਂ ਉਤਪੰਨ ਹੋਈ ਪੀੜ; 4. ਨੱਕ ਅਤੇ ਦਿਮਾਗ਼ ਦੇ ਕਈ ਰੋਗ।
ਇਨ੍ਹਾਂ ਸਾਰਿਆਂ ਕਾਰਨਾਂ ਵਿਚੋਂ ਗਲਾਕੋਮਾ (ਕਾਲਾ ਮੋਤੀਆ) ਸਭ ਤੋਂ ਵਧੇਰੇ ਧਿਆਨ ਯੋਗ ਹੈ। ਇਹ ਰੋਗ ਅੱਖ ਦੇ ਅੰਦਰ ਪਾਣੀ ਦਾ ਦਬਾਉ ਵੱਧ ਜਾਣ ਕਾਰਨ ਦੋਰਿਆਂ ਦੀ ਸ਼ਕਲ ਵਿਚ ਪਰਗਟ ਹੁੰਦਾ ਹੈ। ਜਿਸ ਸਮੇਂ ਦਬਾਉ ਵਧਦਾ ਹੈ, ਉਸ ਸਮੇਂ ਅੱਖ ਅਤੇ ਪੁੜਪੁੜੀ ਵਿਚ ਪੀੜ ਹੁੰਦੀ ਹੈ ਜਾਂ ਉੱਲ ਪੈਂਦੀ ਹੈ। ਉੱਲ ਦੇ ਨਾਲ ਨਾਲ ਨਜ਼ਰ ਵੀ ਧੁੰਦਲੀ ਹੋ ਜਾਂਦੀ ਹੈ। ਜੇ ਸ਼ਾਮ ਦਾ ਸਮਾਂ ਹੋਵੇ ਤਾਂ ਬਿਜਲੀ ਦੀ ਰੋਸ਼ਨੀ ਦੇ ਦੁਆਲੇ ਸਤਰੰਗੀ ਪੀਂਘ ਜਿਹਾ ਚੱਕਰ ਵੀ ਦਿਖਾਈ ਦਿੰਦਾ ਹੈ। ਤੇਜ਼ ਦੌਰੇ ਦੀ ਹਾਲਤ ਵਿਚ ਸਖ਼ਤ ਉੱਲ ਪੈਂਦੀ ਹੈ। ਨਜ਼ਰ ਬਹੁਤ ਘੱਟ ਜਾਂਦੀ ਹੈ। ਜੀਅ ਕੱਚਾ ਹੋ ਕੇ ਉਲਟੀਆਂ ਆਉਂਦੀਆਂ ਹਨ ਅਤੇ ਰੋਗੀ ਨਿਢਾਲ ਹੋ ਜਾਂਦਾ ਹੈ।
ਉੱਲ ਕੁਦਰਤ ਦਾ ਕਿਸੇ ਦੀਰਘ ਰੋਗ ਵੱਲ ਇਸ਼ਾਰਾ ਹੋ ਸਕਦਾ ਹੈ। ਨਜ਼ਰ ਅਤੇ ਸਿਹਤ ਨੂੰ ਕਾਇਮ ਰੱਖਣ ਲਈ ਇਸ ਇਸ਼ਾਰੇ ਨੂੰ ਜਲਦੀ ਸਮਝਣਾ ਚਾਹੀਦਾ ਹੈ।
ਲੇਖਕ : ਦਲਜੀਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-10, ਹਵਾਲੇ/ਟਿੱਪਣੀਆਂ: no
ਉੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉੱਲ, ਇਸਤਰੀ ਲਿੰਗ : ੧. ਇਕ ਰੋਗ ਜਿਸ ਵਿਚ ਪੁੜਪੁੜੀ ਤੋਂ ਦਰਦ ਦੀ ਤਰਾਟ ਉਠ ਕੇ ਅੱਖ ਵਿਚ ਜਾਂਦੀ ਹੈ, (ਲਾਗੂ ਕਿਰਿਆ ਪੈਣਾ) ; ੨. ਰਾਬ ਤੋਂ ਗੁੱਲੀ ਨੂੰ ਡੰਡੇ ਦੀ ਅੜੇਸ ਨਾਲ ਉਠਾ ਕੇ ਵਗਾਹੁਣ ਦਾ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-28-03-01-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First