ਉਚਾਰਨ ਸਥਾਨ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਉਚਾਰਨ ਸਥਾਨ: ਧੁਨੀ ਵਿਗਿਆਨ ਦੇ ਅੰਤਰਗਤ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਧੁਨੀਆਂ ਦੀ ਵੰਡ ਦੇ ਦੋ ਅਧਾਰ ਹਨ : (i) ਉਚਾਰਨ ਸਥਾਨ ਅਤੇ (ii) ਉਚਾਰਨ ਵਿਧੀ। ਧੁਨੀਆਂ ਦੀ ਇਹ ਵੰਡ ਪਰੰਪਰਕ ਹੈ। ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ ਅੰਗਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਨ ਅਤੇ (ii) ਉਚਾਰਨ ਸਥਾਨ। ਉਨ੍ਹਾਂ ਉਚਾਰਨ ਅੰਗਾਂ ਨੂੰ ਉਚਾਰਕ ਕਿਹਾ ਜਾਂਦਾ ਹੈ ਜੋ ਆਪਣੇ ਸਥਾਨ ਤੋਂ ਹੱਟ ਕੇ ਦੂਜੇ ਅੰਗ ਨਾਲ ਲਗਦੇ ਜਾਂ ਖਹਿੰਦੇ ਹਨ। ਉਚਾਰਕਾਂ ਦੇ ਘੇਰੇ ਵਿਚ ਹੇਠਲੇ ਬੁੱਲ੍ਹ ਅਤੇ ਜੀਭ ਨੂੰ ਰੱਖਿਆ ਜਾਂਦਾ ਹੈ। ਹੇਠਲਾ ਬੁੱਲ੍ਹ ਦੋ ਹੋਂਠੀ ਧੁਨੀਆਂ ਨੂੰ ਉਚਾਰਨ ਵੇਲੇ ਉਪਰਲੇ ਬੁੱਲ੍ਹ ਨਾਲ ਜਾ ਮਿਲਦਾ ਹੈ ਜਾਂ ਦੰਤ-ਹੋਂਠੀ ਉਚਾਰਨ ਵੇਲੇ ਹੇਠਲਾ ਬੁੱਲ੍ਹ ਉਪਰਲੇ ਦੰਦਾਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਜੀਭ ਦਾ ਸਿੱਧਾ ਪਾਸਾ, ਪੁੱਠਾ ਪਾਸਾ ਅਤੇ ਪਾਸੇ ਵੰਨੇ ਦੋਵੇਂ ਭਾਗ ਤਾਲੂ ਦੇ ਵੱਖਰੇ-ਵੱਖਰੇ ਥਾਵਾਂ ’ਤੇ ਟਕਰਾਉਂਦੇ, ਖਹਿੰਦੇ ਜਾਂ ਮਿਲਦੇ ਹਨ। ਇਸ ਪਰਕਿਰਿਆ ਰਾਹੀਂ ਧੁਨੀਆਂ ਪੈਦਾ ਹੁੰਦੀਆਂ ਹਨ। ਦੂਜੇ ਪਾਸੇ ਮੂੰਹ ਵਿਚਲੇ ਉਨ੍ਹਾਂ ਸਥਾਨਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ ਜਿੱਥੇ ਉਚਾਰਕ ਜਾ ਕੇ ਮਿਲਦੇ ਹਨ। ਉਚਾਰਕਾਂ ਅਤੇ ਉਚਾਰਨ ਸਥਾਨਾਂ ਦੇ ਅਧਾਰ ’ਤੇ ਧੁਨੀਆਂ ਨੂੰ ਸੀਮਤ ਵਰਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਹੋਂਠੀ, ਦੰਤ-ਹੋਂਠੀ, ਦੰਤੀ, ਤਾਲਵੀ, ਕੰਠੀ, ਉਲਟ-ਜੀਭੀ, ਸੁਰ-ਯੰਤਰੀ। ਉਪਰਲੇ ਬੁੱਲ੍ਹ ਅਤੇ ਦੰਦਾਂ ਤੋਂ ਲੈ ਕੇ ਕੋਮਲ ਤਾਲੂ ਤੱਕ ਮੂੰਹ ਦੇ ਉਪਰਲੇ ਹਿੱਸੇ ਅਤੇ ਵੱਖਰੇ-ਵੱਖਰੇ ਸਥਾਨਾਂ ’ਤੇ ਉਚਾਰਕ ਜਾ ਲਗਦੇ ਹਨ ਜਿਸ ਨਾਲ ਉਪਰੋਕਤ ਵਰਗ ਦੀਆਂ ਧੁਨੀਆਂ ਪੈਦਾ ਹੁੰਦੀਆਂ ਹਨ। ਜੇ ਉਚਾਰਨ ਸਥਾਨ ਉਪਰਲੇ ਦੰਦਾਂ ਦਾ ਪਿਛਲਾ ਹਿੱਸਾ ਹੈ ਤਾਂ ਜੀਭ ਦੀ ਨੋਕ ਪਿਛਲੇ ਪਾਸੇ ਨਾਲ ਲੱਗ ਕੇ ਦੰਤੀ ਵਰਗ ਦੀਆਂ ਧੁਨੀਆਂ ਪੈਦਾ ਕਰਦੀ ਹੈ। ਪੰਜਾਬੀ ਵਿਚ ਇਸ ਪਰਕਿਰਿਆ ਰਾਹੀਂ (ਤ, ਥ, ਦ, ਨ, ਲ, ਰ, ਸ) ਧੁਨੀਆਂ ਪੈਦਾ ਹੁੰਦੀਆਂ ਹਨ। ਦੋ ਹੋਂਠੀ ਧੁਨੀਆਂ ਦੇ ਉਚਾਰਨ ਵੇਲੇ ਹੇਠਲਾ ਬੁੱਲ੍ਹ ਉਚਾਰਕ ਹੈ ਅਤੇ ਉਪਰਲਾ ਬੁੱਲ੍ਹ ਉਚਾਰਨ ਸਥਾਨ। ਦੰਤ-ਹੋਂਠੀਂ ਧੁਨੀਆਂ ਦੇ ਉਚਾਰਨ ਵੇਲੇ ਹੇਠਲਾ ਬੁੱਲ੍ਹ ਉਚਾਰਕ ਹੈ ਅਤੇ ਉਪਰਲੇ ਦੰਦ ਉਚਾਰਨ ਸਥਾਨ ਵਜੋਂ ਕਾਰਜ ਕਰਦੇ ਹਨ। ਇਸੇ ਪਰਕਾਰ ਸਖ਼ਤ ਤਾਲੂ, ਕੋਮਲ ਤਾਲੂ ਅਤੇ ਸੁਰ-ਯੰਤਰ ਉਚਾਰਨ ਸਥਾਨ ਹਨ। ਇਹ ਉਚਾਰਨ ਸਥਾਨ ਜਦੋਂ ਉਚਾਰਕਾਂ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਵੱਖੋ-ਵੱਖਰੇ ਵਰਗਾਂ ਦੀਆਂ ਧੁਨੀਆਂ ਪੈਦਾ ਹੁੰਦੀਆਂ ਹਨ। ਉਚਾਰਨ ਸਥਾਨ ਦੇ ਪੱਖ ਤੇ ਕੇਵਲ ਵਿਅੰਜਨ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਜਦੋਂ ਕਿ ਸਵਰਾਂ ਦੇ ਉਚਾਰਨ ਵੇਲੇ ਉਚਾਰਨ ਸਥਾਨ ਦੀ ਥਾਂ ਉਚਾਰਨ ਵਿਧੀ ਨੂੰ ਅਧਾਰ ਬਣਾਇਆ ਜਾਂਦਾ ਹੈ ਕਿਉਂਕਿ ਸਵਰਾਂ ਦੇ ਉਚਾਰਨ ਵਿਚ ਉਚਾਰਕ ਅਤੇ ਉਚਾਰਨ ਸਥਾਨ ਆਪਸ ਵਿਚ ਮਿਲਦੇ ਜਾਂ ਖਹਿੰਦੇ ਨਹੀਂ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First