ਉਗਦੀਆਂ ਫ਼ਸਲਾਂ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Growing crops_ਉਗਦੀਆਂ ਫ਼ਸਲਾਂ: ਮਨੁੱਖ ਦੁਆਰਾ ਬੀਜੀਆਂ ਉਗਦੀਆਂ ਫ਼ਸਲਾਂ ਕੁਝ ਸੂਰਤਾਂ ਵਿਚ ਨਿਜੀ ਚੀਜ਼ਾਂ ਹੁੰਦੀਆਂ ਹਨ ਅਤੇ ਹੋਰਨਾਂ ਸੂਰਤਾਂ ਵਿਚ ਜ਼ਮੀਨ ਜਾਇਦਾਦ ਦਾ ਹਿੱਸਾ ਹੁੰਦੀਆਂ ਹਨ। ਬੀਜ ਪਾਉਣ ਦੇ ਸਮੇਂ ਤੋਂ ਹੀ ਫ਼ਸਲ ਨੂੰ ਉਗਦੀ ਫ਼ਸਲ ਸਮਝਿਆ ਜਾਂਦਾ ਹੈ। ਉਸ ਸਮੇਂ ਬੀਜ ਵਖਰੀ ਚੀਜ਼ ਨਹੀਂ ਹੁੰਦਾ ਅਤੇ ਜ਼ਮੀਨ ਜਾਇਦਾਦ ਦਾ ਹਿੱਸਾ ਬਣ ਜਾਂਦਾ ਹੈ ਅਤੇ ਜੇ ਜ਼ਮੀਨ ਉਦੋਂ ਹੀ ਵੇਚ ਦਿੱਤੀ ਜਾਵੇ ਤਾਂ ਬੀਜ ਵੀ ਉਸ ਦੇ ਨਾਲ ਮੁੰਤਕਿਲ ਹੋ ਜਾਂਦਾ ਹੈ।
ਜੇ ਬਿਜਾਈ ਭੋਂ ਦੇ ਮਾਲਕ ਦੁਆਰਾ ਕੀਤੀ ਗਈ ਹੋਵੇ ਤਾਂ ਉਹ ਜ਼ਮੀਨ ਜਾਇਦਾਦ ਦਾ ਹਿੱਸਾ ਹੁੰਦੀ ਹੈ, ਪਰ ਜੇ ਫ਼ਸਲ ਵੇਚ ਦਿੱਤੀ ਜਾਵੇ ਤਾਂ ਨਿੱਜੀ ਚੀਜ਼ ਬਣ ਜਾਂਦੀ ਹੈ, ਲੇਕਿਨ ਉਦੋਂ ਜਦੋਂ ਉਹ ਵਾਢੀ ਦੇ ਯੋਗ ਹੋਵੇ ਅਤੇ ਵਿਕਰੀ ਵਿਚ ਉਨ੍ਹਾਂ ਦਾ ਕਟਿਆ ਅਤੇ ਲਿਜਾਇਆ ਜਾਣਾ ਚਿਤਵਿਆ ਗਿਆ ਹੋਵੇ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਮਨੁੱਖ ਦੀ ਮਿਹਨਤ ਨਾਲ ਬੀਜੀ ਗਈ ਫ਼ਸਲ ਨਿੱਜੀ ਚੀਜ਼ ਹੁੰਦੀ ਹੈ ਜਦ ਕਿ ਰੁਖ , ਫਲ , ਘਾਹ ਅਤੇ ਕੁਦਰਤੀ ਉਪਜ ਭੋਂ ਦਾ ਹੀ ਭਾਗ ਸਮਝਿਆ ਜਾਂਦਾ ਹੈ। ਪੱਕੀ ਫ਼ਸਲ ਨਿੱਜੀ ਚੀਜ਼ ਹੁੰਦੀ ਹੈ, ਪਰ ਜਦੋਂ ਉਸ ਦੇ ਪੱਕਣ ਤੋਂ ਪਹਿਲਾਂ ਮਾਲਕ ਭੋਂ ਮੁੰਤਕਿਲ ਕਰ ਦੇਵੇ ਤਾਂ ਫ਼ਸਲ ਦੀ ਮਾਲਕੀ ਵੀ ਭੋਂ ਦੇ ਨਾਲ ਹੀ ਨਵੇਂ ਮਾਲਕ ਨੂੰ ਮਿਲ ਜਾਂਦੀ ਹੈ।
ਇਸ ਵਿਚ ਸ਼ਕ ਨਹੀਂ ਕਿ ਸਾਧਾਰਨ ਖੰਡ ਐਕਟ, 1897 ਦੀ ਧਾਰਾ 3 (26) ਅਨੁਸਾਰ ‘ਭੋਂ, ਭੋਂ ਤੋਂ ਉਪਜਣ ਵਾਲੇ ਫ਼ਾਇਦੇ ਅਤੇ ਉਹ ਚੀਜ਼ਾਂ ਜੋ ਧਰਤੀ-ਬਧ ਹਨ ਜਾਂ ਧਰਤੀ-ਬੱਧ ਕਿਸੇ ਸਥਾਈ ਚੀਜ਼ ਨਾਲ ਜੁੜੀਆਂ ਹੋਈਆਂ ਹਨ ਉਹ ਅਚੁੱਕਵੀਂ ਸੰਪਤੀ ਹਨ।’’ ਇਸ ਤਰ੍ਹਾਂ ਉਗਦੀ ਫ਼ਸਲ ਵੀ ਅਚੁੱਕਵੀ ਸੰਪਤੀ ਹੈ। ਪਰ ਇਸ ਪਰਿਭਾਸ਼ਾ ਦਾ ਦੀਵਾਨੀ ਜ਼ਾਬਤਾ ਸੰਘਤਾ ਦੀ ਧਾਰਾ 2 (13) ਵਿਚ ਦਿੱਤੀ ਪਰਿਭਾਸ਼ਾ ਦੁਆਰਾ ਅਧਿਲੰਘਣ ਹੋ ਜਾਂਦਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ‘‘ਚੁੱਕਵੀਂ ਸੰਪਤੀ ਵਿਚ ਉਗਦੀਆਂ ਫ਼ਸਲਾਂ ਸ਼ਾਮਲ ਹਨ।’’ ਇਸ ਲਈ ਦੀਵਾਨੀ ਜ਼ਾਬਤਾ ਸੰਘਤਾ ਦੇ ਪ੍ਰਯੋਜਨਾਂ ਲਈ ਉਗਦੀਆਂ ਫ਼ਸਲਾਂ ਚੁੱਕਵੀ ਸੰਪਤੀ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First